ਅਹਿਮਾਦਾਬਾਦ ਟੈਸਟ ''ਚ ਅਕਸ਼ਰ ਨੇ ਬਣਾਏ ਕਈ ਰਿਕਾਰਡ, ਦਿੱਗਜ਼ ਗੇਂਦਬਾਜ਼ਾਂ ਨੂੰ ਛੱਡਿਆ ਪਿੱਛੇ

02/26/2021 2:20:47 PM

ਨਵੀਂ ਦਿੱਲੀ (ਬਿਊਰੋ): ਭਾਰਤ ਨੇ ਅਹਿਮਦਾਬਾਦ ਵਿਚ ਖੇਡੀ ਗਈ ਸੀਰੀਜ ਦੇ ਤੀਜੇ ਟੈਸਟ ਮੈਚ ਵਿਚ ਇੰਗਲੈਂਡ ਨੂੰ 10 ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਦੀ ਜਿੱਤ ਦੇ ਹੀਰੋ ਸਪਿਨਰ ਅਕਸ਼ਰ ਪਟੇਲ ਰਹੇ। 11 ਵਿਕਟਾਂ ਲੈਣ ਵਾਲੇ ਅਕਸ਼ਰ ਨੂੰ ਮੈਨ ਆਫ ਦੀ ਮੈਚ ਦਾ ਪੁਰਸਕਾਰ ਮਿਲਿਆ। ਇਸ ਦੇ ਨਾਲ ਅਕਸ਼ਰ ਪਟੇਲ ਡੇ-ਨਾਈਟ ਮੈਚ ਵਿਚ 11 ਵਿਕਟਾਂ ਲੈਣ ਵਾਲੇ ਪਹਿਲੇ ਗੇਂਦਬਾਜ਼ ਬਣ ਗਏ ਹਨ।

ਅਕਸ਼ਰ ਪਟੇਲ ਨੇ ਪਹਿਲੀ ਪਾਰੀ ਵਿਚ 38 ਦੌੜਾਂ ਦੇ ਕੇ 6 ਵਿਕਟਾਂ ਹਾਸਲ ਕੀਤੀਆਂ। ਦੂਜੀ ਪਾਰੀ ਵਿਚ ਪਟੇਲ ਨੇ 32 ਰਨ ਦੇ ਕੇ ਪੰਜ ਵਿਕਟਾਂ ਲਈਆਂ। ਅਕਸ਼ਰ ਪਟੇਲ ਤੋਂ ਪਹਿਲਾਂ ਡੇ-ਨਾਈਟ ਮੈਚ ਵਿਚ ਸਭ ਤੋਂ ਵਧੀਆ ਗੇਂਦਬਾਜ਼ੀ ਦਾ ਰਿਕਾਰਡ ਆਸਟ੍ਰੇਲੀਆ ਦੇ ਪੈਟ ਕਮਿਨਸ ਦੇ ਨਾਮ ਸੀ। ਉਹਨਾਂ ਨੇ ਬ੍ਰਿਸਬੇਨ ਵਿਚ ਸ਼੍ਰੀਲੰਕਾ ਖ਼ਿਲਾਫ਼ 62 ਦੌੜਾਂ ਦੇ ਕੇ 10 ਵਿਕਟਾਂ ਲਈਆਂ ਸਨ। ਉੱਥੇ ਵੈਸਟ ਇੰਡੀਜ਼ ਦੇ ਦੇਵੇਂਦਰ ਬਿਸ਼ੂ ਨੇ ਦੁਬਈ ਵਿਚ ਪਾਕਿਸਤਾਨ ਖ਼ਿਲਾਫ਼ 174 ਦੌੜਾਂ ਦੇ ਕੇ 10 ਵਿਕਟਾਂ ਲਈਆਂ ਸਨ। ਇਸ ਦੇ ਇਲਾਵਾ ਅਕਸ਼ਰ ਇੰਗਲੈਂਡ ਖ਼ਿਲਾਫ਼ ਦੋਹਾਂ ਪਾਰੀਆਂ ਵਿਚ 5 ਵਿਕਟਾਂ ਲੈਣ ਵਾਲੇ ਸਿਰਫ ਤੀਜੇ ਭਾਰਤੀ ਗੇਂਦਬਾਜ਼ ਹਨ। ਉਹਨਾਂ ਤੋਂ ਪਹਿਲਾਂ ਲਕਸ਼ਮਣ ਸ਼ਿਵਾਰਾਮਾਕ੍ਰਿਸ਼ਨਨ ਰਵੀਚੰਦਰਨ ਅਸ਼ਵਿਨ ਨੇ ਵੀ ਇਹ ਕਾਰਨਾਮਾ ਕੀਤਾ ਹੈ। ਅਕਸ਼ਰ ਪਟੇਲ ਦੂਜੇ ਭਾਰਤੀ ਗੇਂਦਬਾਜ਼ ਹਨ ਜਿਹਨਾਂ ਨੇ ਆਪਣੇ ਕਰੀਅਰ ਦੇ ਪਹਿਲੇ ਦੋ ਟੈਸਟ ਮੈਚਾਂ ਵਿਚ 3 ਵਾਰ ਪੰਜ ਵਿਕਟਾਂ ਲੈਣ ਦਾ ਕਾਰਨਾਮਾ ਕਰ ਦਿਖਾਇਆ ਹੈ। ਉਹਨਾਂ ਤੋਂ ਪਹਿਲਾਂ ਨਰੇਂਦਰ ਹਿਰਵਾਨੀ ਨੇ ਵੀ ਇਹ ਕਾਰਨਾਮਾ ਕੀਤਾ ਸੀ।

ਇੱਥੇ ਦੱਸ ਦਈਏ ਕਿ ਅਕਸ਼ਰ ਪਟੇਲ ਨੇ ਆਪਣੇ ਟੈਸਟ ਕਰੀਅਰ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਹੁਣ ਤੱਕ ਖੇਡੇ ਗਏ ਦੋ ਟੈਸਟ ਮੈਚਾਂ ਵਿਚ ਉਹ 18 ਵਿਕਟਾਂ ਲੈ ਚੁੱਕੇ ਹਨ। ਉਹਨਾਂ ਨੇ ਚੇਨੱਈ ਵਿਚ ਇੰਗਲੈਂਡ ਖ਼ਿਲਾਫ਼ ਸੀਰੀਜ ਦੇ ਦੂਜੇ ਟੈਸਟ ਮੈਚ ਵਿਚ ਡੇਬਊ ਕੀਤਾ ਸੀ। ਇਸ ਮੈਚ ਵਿਚ ਅਕਸ਼ਰ ਪਟੇਲ ਨੇ 7 ਵਿਕਟਾਂ ਲਈਆਂ ਸਨ।ਪਹਿਲੀ ਪਾਰੀ ਵਿਚ ਉਹਨਾਂ ਨੇ 2 ਤੇ ਦੂਜੀ ਪਾਰੀ ਵਿਚ 5 ਵਿਕਟਾਂ ਲਈਆਂ ਸਨ। ਹੁਣ ਤੱਕ ਖੇਡੇ ਗਏ ਦੋ ਟੈਸਟ ਮੈਚਾਂ ਵਿਚ ਅਕਸ਼ਰ ਪਟੇਲ ਦਾ ਔਸਤ 9.44 ਹੈ। ਉਹਨਾਂ ਦੀ ਸਟ੍ਰਾਇਕ ਦਰ 25.8 ਹੈ। ਉਹ ਵਰਲਡ ਕ੍ਰਿਕਟ ਵਿਚ ਸਭ ਤੋਂ ਚੰਗੀ ਗੇਂਦਬਾਜ਼ੀ ਔਸਤ ਅਤੇ ਸਟ੍ਰਾਇਕ ਦਰ ਨਾਲ ਵਿਕਟ (15 ਤੋਂ ਵੱਧ ਵਿਕਟ ਲੈਣ ਵਾਲੇ ਗੇਂਦਬਾਜ਼) ਲੈਣ ਵਾਲੇ ਗੇਂਦਬਾਜ਼ ਬਣ ਗਏ ਹਨ। 

Vandana

This news is Content Editor Vandana