10 ਸਾਲ ਪਹਿਲਾਂ ਜਾਣਬੁੱਝ ਕੇ ਕੀਤੀ ਗਲਤੀ ਲਈ ਅਖਤਰ ਨੇ ਗਾਂਗੁਲੀ ਤੋਂ ਮੰਗੀ ਮੁਆਫੀ (Video)

10/16/2019 3:18:04 PM

ਨਵੀਂ ਦਿੱਲੀ : ਭਾਰਤੀ ਕ੍ਰਿਕਟ ਕੰਟ੍ਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਨਵੇਂ ਪ੍ਰਧਾਨ ਸੌਰਵ ਗਾਂਗੁਲੀ ਹੋਣਗੇ। 23 ਅਕਤੂਬਰ ਨੂੰ ਆਫੀਸ਼ਿਅਲ ਤੌਰ 'ਤੇ ਇਸ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ 'ਤੇ ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਤੂਫਾਨੀ ਗੇਂਦਬਾਜ਼ ਸ਼ੋਇਬ ਅਖਤਰ ਨੇ ਵੀ ਗਾਂਗੁਲੀ ਨੂੰ ਵਧਾਈਆਂ ਦਿੱਤੀਆਂ। ਅਖਤਰ ਨੇ ਆਪਣੇ ਯੂ. ਟਿਊਬ ਚੈਨਲ 'ਤੇ ਹਾਲ ਹੀ 'ਚ ਨਾ ਸਿਰਫ ਸੌਰਵ ਦੀ ਅਗਵਾਈ ਦੀ ਸ਼ਲਾਘਾ ਕੀਤੀ ਸਗੋਂ 10 ਸਾਲ ਪੁਰਾਣੀ ਗਲਤੀ ਲਈ ਭਾਰਤੀ ਕ੍ਰਿਕਟ ਦੇ ਸਾਬਕਾ ਕਪਤਾਨ ਤੋਂ ਮੁਆਫੀ ਵੀ ਮੰਗੀ।

ਦਰਅਸਲ, ਅਖਤਰ ਨੇ ਆਪਣੇ ਯੂ. ਟਿਊਬ ਚੈਨਲ 'ਤੇ ਖੁਲਾਸਾ ਕੀਤਾ ਕਿ 10 ਸਾਲ ਪਹਿਲਾਂ ਮੌਹਾਲੀ ਵਿਚ ਖੇਡੇ ਗਏ ਵਨ ਡੇ ਮੈਚ ਵਿਚ ਉਸ ਨੇ ਜਾਣਬੁੱਝ ਕੇ ਸੌਰਵ ਗਾਂਗੁਲੀ ਦੀਆਂ ਪਸਲੀਆਂ 'ਤੇ ਗੇਂਦ ਮਾਰੀ ਸੀ। ਹੁਣ ਇਸ ਘਟਨਾ ਦੇ 10 ਸਾਲ ਤੋਂ ਬਾਅਦ ਅਖਤਰ ਨੇ ਗਾਂਗੁਲੀ ਤੋਂ ਮੁਆਫੀ ਮੰਗੀ ਹੈ। ਇਹੀ ਨਹੀਂ ਅਖਤਰ ਨੇ ਪਹਿਲਾਂ ਹੋਈਆਂ ਹੋਰ ਗਲਤੀਆਂ ਲਈ ਵੀ ਮੁਆਫੀ ਮੰਗੀ। ਅਖਤਰ ਨੇ ਕਿਹਾ, ਮੈਂ ਸੌਰਵ ਨੂੰ ਜਲਦੀ ਆਊਟ ਕਰਨ ਲਈ ਇਸ ਤਰ੍ਹਾਂ ਕੀਤਾ ਸੀ। ਇਸ ਬਾਰੇ ਮੇਰੀ ਵਸੀਮ ਅਕਰਮ ਨਾਲ ਵੀ ਗੱਲ ਹੋਈ ਸੀ। ਵਸੀਮ ਨੇ ਕਿਹਾ ਸੀ ਕਿ ਸੌਰਵ ਕਟ ਚੰਗਾ ਖੇਡਦੇ ਹਨ ਅਤੇ ਸ਼ਾਨਦਾਰ ਡ੍ਰਾਈਵ ਮਾਰਨ 'ਚ ਵੀ ਐਕਸਪਰਟ ਹਨ। ਇਸ ਲਈ ਉਸਦੀ ਰਿਬਸ 'ਤੇ ਗੇਂਦ ਮਾਰੀ ਜਾਵੇ ਅਤੇ ਉਸ ਨੂੰ ਫਸਾਇਆ ਜਾਵੇ।''

ਵੀਡੀਓ ਵਿਚ ਅਖਤਰ ਨੇ ਇਹ ਵੀ ਕਿਹਾ ਕਿ ਇਹ ਕਹਿਣਾ ਗਲਤ ਹੈ ਕਿ ਸੌਰਵ ਮੇਰੀ ਗੇਂਦਬਾਜ਼ੀ ਤੋਂ ਡਰਦੇ ਸੀ। ਸੌਰਵ ਬਸ ਮੈਨੂੰ ਹੁੱਕ ਅਤੇ ਪੁਲ ਨਹੀਂ ਕਰ ਸਕਦੇ ਸੀ। ਜੇਕਰ ਉਹ ਮੇਰੇ ਤੋਂ ਡਰਦੇ ਹੁੰਦੇ ਤਾਂ ਮੇਰੇ ਖਿਲਾਫ ਕਦੇ ਓਪਨ ਨਾ ਕਰਦੇ। ਉਹ ਹਮੇਸ਼ਾ ਇਕ ਲੀਡਰ ਦੀ ਤਰ੍ਹਾਂ ਮੇਰਾ ਸਾਹਮਣਾ ਕਰਦੇ ਸਨ। ਸੌਰਵ ਹਮੇਸ਼ਾ ਕਹਿੰਦੇ ਸੀ ਕਿ ਜੇਕਰ ਮੈਂ ਅਖਤਰ ਦਾ ਸਾਹਮਣਾ ਨਹੀਂ ਕਰਾਂਗਾ ਤਾਂ ਮੇਰੀ ਟੀਮ ਕਿਵੇਂ ਕਰੇਗੀ। ਅਖਤਰ ਨੇ ਸੌਰਵ ਦੀ ਸ਼ਲਾਘਾ ਕਰਦਿਆਂ ਇਹ ਵੀ ਕਿਹਾ ਕਿ ਜੇਕਰ ਉਸ ਦੌਰ 'ਚ ਸੌਰਵ ਵਰਗਾ ਲੀਡਰ ਟੀਮ ਇੰਡੀਆ ਨੂੰ ਨਹੀਂ ਮਿਲਦਾ ਤਾਂ ਸ਼ਾਇਦ ਭਾਰਤੀ ਟੀਮ ਕਦੇ ਪਾਕਿਸਤਾਨ ਨੂੰ ਹਰਾਉਣ ਦਾ ਦਮ ਨਾ ਰੱਖਦੀ। ਸੌਰਵ ਨੇ ਭਾਰਤੀ ਟੀਮ ਨੂੰ ਡਿਫੈਂਸਿਵ ਤੋਂ ਅਟੈਕਿੰਗ ਟੀਮ ਬਣਾਇਆ।