ਦੱ. ਅਫਰੀਕੀ ਟੀਮ ਦੇ ਖਰਾਬ ਪ੍ਰਦਰਸ਼ਨ 'ਤੇ ਭੜਕੇ ਅਖਤਰ, ਕਿਹਾ- ਕਪਤਾਨੀ ਤੇ ਪ੍ਰਦਰਸ਼ਨ ਦੋਵੇਂ ਖਰਾਬ

10/14/2019 1:43:01 PM

ਸਪੋਰਟਸ ਡੈਸਕ : ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਸ਼ੋਇਬ ਅਖਤਰ ਦਾ ਮੰਨਣਾ ਹੈ ਕਿ ਪੁਣੇ ਟੈਸਟ ਵਿਚ ਦੱਖਣੀ ਅਫਰੀਕਾ ਟੀਮ ਨੇ ਕਾਫੀ ਜ਼ਿਆਦਾ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ ਹੈ। ਨਾਲ ਹੀ ਉਸ ਨੇ ਭਾਰਤੀ ਟੀਮ ਨੂੰ ਵੀ ਘਰ ਵਿਚ ਲਗਾਤਾਰ 11 ਟੈਸਟ ਸੀਰੀਜ਼ ਜਿੱਤਣ 'ਤੇ ਵਧਾਈ ਦਿੱਤੀ ਹੈ।

ਦਰਅਸਲ, ਅਖਤਰ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਟਵੀਟ ਕਰਦਿਆਂ ਲਿਖਿਆ, ''ਦੱਖਣੀ ਅਫਰੀਕਾ ਦਾ ਪ੍ਰਦਰਸ਼ਨ ਬੇਹੱਦ ਨਿਰਾਸ਼ਾਜਨਕ, ਪਹਿਲਾਂ ਵਨ ਡੇ ਵਰਲਡ ਕੱਪ ਵਿਚ ਅਸਫਲਤਾ, ਹੁਣ ਟੈਸਟ ਕ੍ਰਿਕਟ ਵਿਚ ਵੀ ਉਸਦਾ ਪ੍ਰਦਰਸ਼ਨ ਹੇਠਾਂ ਜਾ ਰਿਹਾ ਹੈ। ਮੈਂ ਉਨ੍ਹਾਂ ਕੋਲ ਸਮਰੱਥਾ ਵੀ ਨਹੀਂ ਦੇਖਦਾ। ਕਪਤਾਨੀ ਅਤੇ ਪ੍ਰਦਰਸ਼ਨ ਦੋਵੇਂ ਬਹੁਤ ਖਰਾਬ ਹਨ। ਅਖਤਰ ਨੇ ਅੱਗੇ ਕਿਹਾ, ''ਭਾਰਤੀ ਟੀਮ ਨੂੰ ਘਰ ਵਿਚ ਲਗਾਤਾਰ 11 ਟੈਸਟ ਸੀਰੀਜ਼ ਜਿੱਤਣ ਦੀ ਵਧਾਈ। ਘਰ ਵਿਚ 11 ਟੈਸਟ ਸੀਰੀਜ਼ ਜਿੱਤਣਾ ਬਹੁਤ ਵੱਡੀ ਉਪਲੱਬਧੀ ਹੈ। ਭਾਰਤ ਨੂੰ ਵਧਾਈ।''

ਤੁਹਾਨੂੰ ਦੱਸ ਦਈਏ ਕਿ ਭਾਰਤ ਨੂੰ ਇਸ ਜਿੱਤ ਨਾਲ 40 ਅੰਕ ਮਿਲੇ ਹਨ ਅਤੇ ਹਣ ਉਸ ਦੇ 200 ਅੰਕ ਹੋ ਗਏ ਹਨ। ਟੈਸਟ ਚੈਂਪੀਅਨਸ਼ਿਪ ਵਿਚ 200 ਅੰਕਾਂ ਦਾ ਅੰਕੜਾ ਛੂਹਣ ਵਾਲੀ ਭਾਰਤ ਪਹਿਲੀ ਟੀਮ ਬਣ ਗਈ ਹੈ। ਭਾਰਤ ਨੇ ਦੱਖਣੀ ਅਫਰੀਕਾ ਨੂੰ ਦੂਜੀ ਪਾਰੀ ਵਿਚ 67.2 ਓਵਰਾਂ ਵਿਚ 189 ਦੌੜਾਂ 'ਤੇ ਢੇਰ ਕਰ ਦੂਜਾ ਟੈਸਟ ਪਾਰੀ ਅਤੇ 137 ਦੌੜਾਂ ਨਾਲ ਜਿੱਤ ਲਿਆ।