ਅਖਤਰ ਵੱਲੋਂ ਦਿੱਤੇ ਪੈਸੇ ਇਕੱਠੇ ਕਰਨ ਵਾਲੇ ਸੁਝਾਅ ’ਤੇ ਬੋਲੇ ਕਪਿਲ- ਭਾਰਤ ਕੋਲ ਬਹੁਤ ਪੈਸਾ ਹੈ

04/09/2020 4:38:37 PM

ਨਵੀਂ ਦਿੱਲੀ : ਮਹਾਨ ਕ੍ਰਿਕਟਰ ਕਪਿਲ ਦੇਵ ਨੇ ਵੀਰਵਾਰ ਨੂੰ ਸ਼ੋਇਬ ਅਖਤਰ ਦੇ ਕੋਵਿਡ 19 ਮਹਾਮਾਰੀ ਦੇ ਲਈ ਪੈਸੇ ਇਕੱਠੇ ਕਰਨ ਦੇ ਮੱਦੇਨਜ਼ਰ ਭਾਰਤ ਅਤੇ ਪਾਕਿਸਤਾਨ ਵਿਚਾਲੇ 3 ਮੈਚਾਂ ਦੀ ਵਨ ਡੇ ਸੀਰੀਜ਼ ਦੇ ਸੁਝਾਅ ਨੂੰ ਖਾਰਜ ਕਰਦਿਆਂ ਕਿਹਾ ਕਿ ਭਾਰਤ ਨੂੰ ਪੈਸਿਆਂ ਦੀ ਜ਼ਰੂਰਤ ਨਹੀਂ ਹੈ ਅਤੇ ਕ੍ਰਿਕਟ ਮੈਚ ਦੇ ਲਈ ਜ਼ਿੰਦਗੀਆਂ ਨੂੰ ਜੋਖਮ ’ਚ ਲੈਣ ਦੀ ਜ਼ਰੂਰਤ ਨਹੀਂ ਹੈ। ਅਖਤਰ ਨੇ ਬੁੱਧਵਾਰ ਨੂੰ ਪੀ. ਟੀ. ਆਈ. ਨਾਲ ਗੱਲ ਕਰਦਿਆਂ ਬੰਦ ਸਟੇਡੀਅਮ ਵਿਚ ਸੀਰੀਜ਼ ਕਰਾਉਣ ਦੇ ਪੇਸ਼ਕਸ਼ ਦਿੱਤੀ ਸੀ ਅਤੇ ਕਪਿਲ ਨੇ ਕਿਹਾ ਕਿ ਇਹ ਸੰਭਵ ਨਹੀਂ ਹੈ। 

ਕਪਿਲ ਦੇਵ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ, ‘‘ਅਖਤਰ ਦੀ ਆਪਣੀ ਰਾਏ ਹੈ ਪਰ ਸਾਨੂੰ ਪੈਸੇ ਇਕੱਠੇ ਕਰਨ ਦੀ ਜ਼ਰੂਰਤ ਨਹੀਂ ਹੈ। ਸਾਡੇ ਕੋਲ ਧਨ ਹੈ। ਸਾਡੇ ਲਈ ਇਸ ਸਮੇਂ ਇਕ ਹੀ ਚੀਜ਼ ਅਹਿਮ ਹੈ ਕਿ ਸਾਡਾ ਪ੍ਰਸ਼ਾਸਨ ਮਿਲ ਕੇ ਇਸ ਸੰਕਟ ਨਾਲ ਕਿਵੇਂ ਨਜਿੱਠਦਾ ਹੈ। ਮੈਂ ਟੀ. ਵੀ. ’ਤੇ ਸਿਆਸਤਦਾਨਾਂ ਵੱਲੋਂ ਇਕ-ਦੂਜੇ ’ਤੇ ਦੋਸ਼ ਲਾਉਣਾ ਕਾਫੀ ਦੇਖ ਰਿਹਾ ਹਾਂ ਅਤੇ ਇਹ ਵੀ ਰੁਕਣਾ ਚਾਹੀਦਾ ਹੈ। ਵੈਸੇ ਵੀ ਬੀ. ਸੀ. ਸੀ. ਆਈ. ਨੇ ਇਸ ਮਹਾਮਾਰੀ ਦੇ ਲਈ ਕਾਫੀ ਵੱਡੀ ਰਾਸ਼ੀ (51 ਕਰੋੜ ਰੁਪਏ) ਦਾਨ ਦਿੱਤੀ ਹੈ ਅਤੇ ਜੇਕਰ ਜ਼ਰੂਰਤ ਪੈਂਦੀ ਹੈ ਤਾਂ ਉਹ ਇਸ ਤੋਂ ਵੀ ਜ਼ਿਆਦਾ ਦਾਨ ਦੇ ਸਕਦੀ ਹੈ। ਬੀ. ਸੀ. ਸੀ. ਆਈ. ਨੂੰ ਇਸ ਤਰ੍ਹਾਂ ਪੈਸੇ ਇਕੱਠੇ ਕਰਨ ਦੀ ਜ਼ਰੂਰਤ ਨਹੀਂ ਹੈ।’’

ਵਰਲਡ ਕੱਪ ਜੇਤੂ ਟੀਮ ਦੇ ਸਾਬਕਾ ਕਪਤਾਨ ਨੇ ਕਿਹਾ ਕਿ ਹਾਲਾਤ ਦੇ ਇੰਨੀ ਜਲਦੀ ਆਮ ਹੋਣ ਦੀ ਸੰਭਾਵਨਾ ਨਹੀਂ ਹੈ ਅਤੇ ਕ੍ਰਿਕਟ ਮੈਚ ਆਯੋਜਿਤ ਕਰਨ ਦਾ ਮਤਲਬ ਹੈ ਕਿ ਆਪਣੇ ਕ੍ਰਿਕਟਰਾਂ ਨੂੰ ਜੋਖਮ ’ਚ ਪਾਉਣਾ , ਜਿਸ ਦੀ ਸਾਨੂੰ ਜ਼ਰੂਰਤ ਨਹੀਂ ਹੈ। ਅਗਲੇ 6 ਮਹੀਨੇ ਤਕ ਕ੍ਰਿਕਟ ਮਾਇਨੇ ਨਹੀਂ ਰੱਖਦੀ। ਇਸ ਸਮੇਂ ਧਿਆਨ ਸਿਰਫ ਜ਼ਿੰਦਗੀਆਂ ਬਚਾਉਣ ’ਤੇ ਅਤੇ ਗਰੀਬਾਂ ਦੀ ਦੇਖਭਾਲ ਕਰਨ ’ਤੇ ਹੋਣਾ ਚਾਹੀਦੈ, ਜਿਨ੍ਹਾਂ ਨੂੰ ਲਾਕਡਾਊਨ ’ਚ ਕਾਫੀ ਮੁਸ਼ਕਿਲ ਹੋ ਰਹੀ ਹੈ। ਜਦੋਂ ਚੀਜ਼ਾਂ ਆਮ ਹੋ ਜਾਣਗੀਆਂ ਤਾਂ ਕ੍ਰਿਕਟ ਵੀ ਸ਼ੁਰੂ ਹੋ ਜਾਵੇਗੀ। ਖੇਡ ਦੇਸ਼ ਤੋਂ ਵੱਡੀ ਨਹੀਂ ਹੋ ਸਕਦੀ।

Ranjit

This news is Content Editor Ranjit