ਧੋਨੀ ਨੇ ਸ਼ਾਇਦ ਆਪਣਾ ਆਖਰੀ ਮੈਚ ਖੇਡ ਲਿਆ, ਆਕਾਸ਼ ਚੋਪੜਾ ਨੇ ਦਿੱਤਾ ਵੱਡਾ ਬਿਆਨ

04/13/2020 2:49:51 PM

ਸਪੋਰਟਸ ਡੈਸਕ : ਸਾਬਕਾ ਭਾਰਤੀ ਕ੍ਰਿਕਟਰ ਆਕਾਸ਼ ਚੋਪੜਾ ਨੇ ਐਤਵਾਰ ਨੂੰ ਕਿਹਾ ਕਿ ਉਸ ਨੂੰ ਲਗਦਾ ਹੈ ਕਿ ਮਹਿੰਦਰ ਸਿੰਘ ਧੋਨੀ ਚੁੱਪ-ਚਾਪ ਭਾਰਤੀ ਕ੍ਰਿਕਟ ਤੋਂ ਦੂਰ ਹੋ ਗਏ ਹਨ। ਪਾਕਿਸਤਾਨ ਦੇ ਸਾਬਕਾ ਕਪਤਾਨ ਰਮੀਜ ਰਾਜਾ ਦੇ ਨਾਲ ਯੂ. ਟਿਊਬ ਚਰਚਾ ਦੌਰਾਨ ਚੋਪੜਾ ਨੇ ਕਿਹਾ ਕਿ ਧੋਨੀ ਨੇ ਸ਼ਾਇਦ ਭਾਰਤ ਦੇ ਆਪਣਾ ਆਖਰੀ ਕੌਮਾਂਤਰੀ ਮੁਕਾਬਲਾ ਖੇਡ ਲਿਆ ਹੈ। 

ਜ਼ਿਕਰਯੋਗ ਹੈ ਕਿ ਧੋਨੀ ਨੇ ਪਿਛਲੇ ਸਾਲ ਜੁਲਾਈ ਵਿਚ 50 ਓਵਰਾਂ ਦੇ ਵਰਲਡ ਕੱਪ ਵਿਚ ਨਿਊਜ਼ੀਲੈਂਡ ਖਿਲਾਫ ਸੈਮੀਫਾਈਨਲ ਤੋਂ ਬਾਅਦ ਕੋਈ ਕੌਮਾਂਤਰੀ ਮੁਕਾਬਲਾ ਨਹੀਂ ਖੇਡਿਆ ਹੈ। ਚੋਪੜਾ ਨੇ ਕਿਹਾ ਕਿ ਲੱਗਭਗ ਹਰ ਕੋਈ ਇਹ ਸੋਚਦਾ ਹੈ ਕਿ ਧੋਨੀ ਆਈ. ਪੀ.ਐੱਲ. ਚੰਗਾ ਕਰਦੇ ਹਨ ਤਾਂ ਭਾਰਤੀ ਟੀਮ ਵਿਚ ਵਾਪਸੀ ਕਰ ਸਕਦੇ ਹਨ ਪਰ ਮੈਨੂੰ ਨਿਜੀ ਤੌਰ ’ਤੇ ਅਜਿਹਾ ਲਗਦਾ ਹੈ ਕਿ ਮੈਨਚੈਸਟਰ ਵਿਚ ਨਿਊਜ਼ੀਲੈਂਡ ਖਿਲਾਫ ਮੈਚ ਭਾਰਤ ਦੇ ਲਈ ਉਸ ਦਾ ਆਖਰੀ ਮੁਕਾਬਲਾ ਸੀ। ਉਸ ਨੇ ਕਿਹਾ ਕਿ ਤਦ ਤੋਂ ਲੈ ਕੇ ਹੁਣ ਤਕ ਉਸ ਨੇ ਖੁਦ ਨੂੰ ਟੀਮ ਦੇ ਲਈ ਉਪਲੱਬਧ ਨਹੀਂ ਕਰਾਇਆ ਹੈ। ਧੋਨੀ ਨੂੰ ਬਾਹਰ ਨਹੀਂ ਕੀਤਾ ਗਿਆ। ਮੈਨੂੰ ਲਗਦਾ ਹੈ ਕਿ ਉਸ ਨੇ ਆਪਣਾ ਮੰਨ ਬਣਾ ਲਿਆ ਹੈ ਕਿ ਉਹ ਹੁਣ ਭਾਰਤ ਦੇ ਲਈ ਨਹੀਂ ਖੇਡਣਗੇ।

ਚੋਪੜਾ ਨੇ ਅੱਗੇ ਕਿਹਾ ਕਿ ਧੋਨੀ ਅਜੇ ਵੀ ਭਾਰਤ ਦੇ ਲਈ ਖੇਡ ਸਕਦੇ ਹਨ, ਜੇਕਰ ਉਸ ਨੂੰ ਬੀ. ਸੀ. ਸੀ. ਆਈ. ਪ੍ਰਧਾਨ ਸੌਰਵ ਗਾਂਗੁਲੀ, ਕੋਚ ਰਵੀ ਸ਼ਾਸਤਰੀ ਜਾਂ ਵਿਰਾਟ ਕੋਹਲੀ ਵੱਲੋਂ ਟੀ-20 ਵਰਲਡ ਕੱਪ ਵਿਚ ਟੀਮ ਦੀ ਮਦਦ ਲਈ ਸੱਦਾ ਭੇਜਿਆ ਜਾਵੇ। ਉਸ ਨੇ ਕਿਹਾ, ‘‘ਬਸ਼ਰਤੇ ਸੌਰਵ ਗਾਂਗੁਲੀ, ਵਿਰਾਟ ਕੋਹਲੀ ਜਾਂ ਰਵੀ ਸ਼ਾਸਤਰੀ ਫੋਨ ਚੁੱਕ ਕੇ ਧੋਨੀ ਨੂੰ ਟੀ-20 ਵਰਲਡ ਕੱਪ ਦੇ ਲਈ ਟੀਮ ਦੀ ਮਦਦ ਕਰਨ ਨੂੰ ਕਹਿਣ। ਜੇਕਰ ਉਹ ਚਾਹੁੰਦੇ ਹਨ ਕਿ ਧੋਨੀ ਵਰਲਡ ਕੱਪ ਖੇਡੇ ਤਾਂ ਸ਼ਾਇਦ ਉਹ ਵਾਪਸ ਆ ਜਾਵੇ।’’

ਆਕਾਸ਼ ਨੇ ਕਿਹਾ, ‘‘ਜੇਕਰ ਅਜਿਹਾ ਨਹੀਂ ਹੁੰਦਾ ਤਾਂ ਮੇਰੀ ਰਾਏ ਵਿਚ ਧੋਨੀ ਨੇ ਆਪਣਾ ਮੰਨ ਪੱਕਾ ਕਰ ਲਿਆ ਹੈ ਕਿ ਉਹ ਨਹੀਂ ਖੇਡਣਗੇ। ਉਸ ਨੂੰ ਫੇਅਰਵੈਲ ਮੈਚ ਨਹੀਂ ਚਾਹੀਦਾ। ਉਹ ਚੁੱਪ-ਚਾਪ ਆਇਆ ਅਤੇ ਚੁੱਪ-ਚਾਪ ਚਲਾ ਜਾਵੇਗਾ। ਉਸ ਨੂੰ ਵੱਡੀ ਵਿਦਾਈ ਨਹੀਂ ਚਾਹੀਦੀ। ਉਹ ਇਸ ਤਰ੍ਹਾਂ ਦੇ ਖਿਡਾਰੀ ਨਹੀਂ ਹਨ। ਉਸ ਨੂੰ ਸ਼ੋਰ-ਸ਼ਰਾਬਾ ਪਸੰਦ ਨਹੀਂ ਹੈ। ਜੇਕਰ ਟੀ-20 ਵਰਲਡ ਕੱਪ ਅੱਗੇ ਲਈ ਮੁਲਤਵੀ ਕੀਤਾ ਜਾਂਦਾ ਹੈ ਤਾਂ ਮੈਂ ਨਹੀਂ ਸਮਝਦਾ ਕਿ ਧੋਨੀ ਭਾਰਤੀ ਟੀਮ ਦੀ ਜਰਸੀ ’ਚ ਦੋਬਾਰਾ ਨਹੀਂ ਦਿਸਣਗੇ।’’

Ranjit

This news is Content Editor Ranjit