AIFF ਨੇ FC ਪੁਣੇ ਸਿਟੀ ਦੇ ਕੋਚ ''ਤੇ ਲੱਗੀ ਅੰਤਰਿਮ ਮੁਅੱਤਲੀ ਹਟਾਈ

03/11/2018 11:08:29 AM

ਨਵੀਂ ਦਿੱਲੀ, (ਬਿਊਰੋ)— ਸਰਬ ਭਾਰਤੀ ਫੁੱਟਬਾਲ ਮਹਾਸੰਘ (ਏ.ਆਈ.ਐੱਫ.ਐੱਫ.) ਦੀ ਅਨੁਸ਼ਾਸਨ ਕਮੇਟੀ ਨੇ ਅੱਜ ਇੰਡੀਅਨ ਸੁਪਰ ਲੀਗ ਫ੍ਰੈਂਚਾਈਜ਼ੀ ਐੱਫ.ਪੀ. ਪੁਣੇ ਸਿਟੀ ਦੇ ਕੋਚ ਰਾਂਕੋ ਪੋਪੋਵਿਚ 'ਤੇ ਲਗੀ ਮੁਅੱਤਲੀ ਅਸਥਾਈ ਤੌਰ 'ਤੇ ਹਟਾ ਦਿੱਤੀ ਹੈ। 

ਅਨੁਸ਼ਾਸਨ ਕਮੇਟੀ ਦੇ ਪ੍ਰਧਾਨ ਊਸ਼ਾਨਾਥ ਬੈਨਰਜੀ ਨੇ ਸੋਧੇ ਹੋਏ ਅੰਤਰਿਮ ਹੁਕਮ 'ਚ ਕਿਹਾ, ''ਫੇਅਰ ਪਲੇਅ ਦੇ ਹਿੱਤ 'ਚ ਅਤੇ ਐੱਫ.ਸੀ. ਪੁਣੇ ਸਿਟੀ ਦੇ ਆਗਾਮੀ ਸੈਮੀਫਾਈਨਲ ਮੈਚ ਨੂੰ ਦੇਖਦੇ ਹੋਏ, ਪੋਪੋਵਿਚ 'ਤੇ ਲੱਗੀ ਅੰਤਰਿਮ ਮੁਅੱਤਲੀ ਨੂੰ ਅਸਥਾਈ ਤੌਰ 'ਤੇ ਹਟਾਇਆ ਜਾਂਦਾ ਹੈ ਬਸ਼ਰਤੇ ਐੱਫ.ਸੀ. ਪੁਣੇ ਸਿਟੀ ਲਿਖਤੀ 'ਚ ਦੋਵੇ ਕਿ ਪੋਪੋਵਿਚ ਵੱਲੋਂ ਕੋਈ ਅਨੁਸ਼ਾਸਨਹੀਨਤਾ ਨਹੀਂ ਹੋਵੇਗੀ ਅਤੇ ਨਾਲ ਹੀ 16 ਮਾਰਚ 2018 ਨੂੰ ਅੰਤਿਮ ਫੈਸਲੇ ਤੱਕ ਸ਼ਿਕਾਇਤ ਦੀ ਕੋਈ ਗੁੰਜਾਇਸ਼ ਨਹੀਂ ਹੋਵੇਗੀ।'' 

ਇਸ ਸੋਧੇ ਹੋਏ ਫੈਸਲੇ ਦੇ ਬਾਅਦ ਪੁਣੇ ਸਿਟੀ ਦੇ ਕੋਚ ਨੂੰ ਬੈਂਗਲੁਰੂ ਦੇ ਸ਼੍ਰੀ ਕਾਂਤੀਵਰਵਾ ਸਟੇਡੀਅਮ 'ਚ ਐਤਵਾਰ ਨੂੰ ਬੈਂਗਲੁਰੂ ਐੱਫ.ਸੀ. ਦੇ ਖਿਲਾਫ ਸੈਮੀਫਾਈਨਲ ਦੇ ਦੂਜੇ ਪੜਾਅ ਦੇ ਦੌਰਾਨ ਮੈਦਾਨ 'ਤੇ ਮੌਜੂਦ ਰਹਿਣ ਦੀ ਇਜਾਜ਼ਤ ਮਿਲੇਗੀ।