ਮੈਚ ਹਾਰਨ ਤੋਂ ਬਾਅਦ ਵਿਜੇ ਸ਼ੰਕਰ ਨੇ ਬੱਲੇਬਾਜ਼ੀ ਨੂੰ ਲੈ ਕੇ ਦਿੱਤਾ ਵੱਡਾ ਬਿਆਨ

02/11/2019 1:58:40 PM

ਹੈਮਿਲਟਨ : ਭਾਰਤੀ ਕ੍ਰਿਕਟ ਟੀਮ ਦੇ ਆਲਰਾਊਂਡਰ ਵਿਜੇ ਸ਼ੰਕਰ ਨੇ ਐਤਵਾਰ ਨੂੰ ਕਿਹਾ ਕਿ ਤੀਜੇ ਨੰਬਰ 'ਤੇ ਬੱਲੇਬਾਜ਼ੀ ਲਈ ਉਤਾਰਿਆ ਜਾਣਾ ਉਸ ਦੇ ਲਈ ਹੈਰਾਨੀ ਭਰਿਆ ਸੀ। ਆਸਟਰੇਲੀਆ ਅਤੇ ਨਿਊਜ਼ੀਲੈਂਡ ਦੇ ਪਹਿਲੇ ਦੌਰੇ ਤੋਂ ਬਾਅਦ ਉਹ ਆਪਣੇ ਪ੍ਰਦਰਸ਼ਨ ਵਿਚ ਸੁਧਾਰ ਕਰ ਕੇ ਭਾਰਤ ਪਰਤਣਗੇ। ਸ਼ੰਕਰ ਨੇ ਨਿਊਜ਼ੀਲੈਂਡ ਵਿਰੁੱਧ 3 ਟੀ-20 ਕੌਮਾਂਤਰੀ ਮੈਚਾਂ ਵਿਚੋਂ 2 'ਚ ਤੀਜੇ ਨੰਬਰ 'ਤੇ ਬੱਲੇਬਾਜ਼ੀ ਕੀਤੀ। ਉਸ ਨੇ ਆਖਰੀ ਮੈਚ ਵਿਚ 28 ਗੇਂਦਾਂ ਵਿਚ 43 ਦੌੜਾਂ ਅਤੇ ਸੀਰੀਜ਼ ਦੇ ਪਹਿਲੇ ਮੈਚ ਵਿਚ 23 ਦੌੜਾਂ ਬਣਾਈਆਂ। ਉਸ ਨੇ ਵਨ ਡੇ ਵਿਚ ਡੈਬਿਯੂ ਆਸਟਰੇਲੀਆ ਵਿਰੁੱਧ ਮੈਲਬੋਰਨ ਵਿਚ ਕੀਤਾ ਸੀ ਅਤੇ ਨਿਊਜ਼ੀਲੈਂਡ ਵਿਰੁੱਧ ਉਹ 3 ਵਨ ਡੇ ਅਤੇ 3 ਟੀ-20 ਖੇਡੇ ਸੀ। 28 ਸਾਲਾ ਇਸ ਖਿਡਾਰੀ ਨੇ ਹਾਲਾਂਕਿ ਵਿਸ਼ਵ ਕੱਪ 'ਚ ਖੇਡਣ ਦੀ ਦਾਅਵੇਦਾਰੀ ਪੇਸ਼ ਕਰਨ ਲਈ ਕੋਈ ਸ਼ਾਨਦਾਰ ਪ੍ਰਦਰਸ਼ਨ ਨਹੀਂ ਕੀਤਾ ਪਰ ਉਸ ਨੇ ਆਲਰਾਊਂਡਰ ਹੋਣ ਦੇ ਹੁਨਰ ਤੋਂ ਸਭ ਨੂੰ ਪ੍ਰਭਾਵਿਤ ਜ਼ਰੂਰ ਕੀਤਾ ਹੈ।

ਸ਼ੰਕਰ ਨੇ ਨਿਊਜ਼ੀਲੈਂਡ ਵਿਰੁੱਧ ਟੀ-20 ਸੀਰੀਜ਼ ਹਾਰਨ ਤੋਂ ਬਾਅਦ ਕਿਹਾ ਕਿ ਉਹ ਬੱਲੇਬਾਜ਼ੀ ਕ੍ਰਮ ਵਿਚ ਉੱਪਰ ਖੇਡਣਾ ਪਸੰਦ ਕਰਨਗੇ। ਉਸ ਨੇ ਤੀਜੇ ਟੀ-20 ਵਿਚ 4 ਦੌੜਾਂ ਨਾਲ ਹਾਰਨ ਤੋਂ ਬਾਅਦ ਕਿਹਾ, ''ਇਹ ਮੇਰੇ ਲਈ ਬਹੁਤ ਹੈਰਾਨੀ ਦੀ ਗੱਲ ਸੀ, ਜਦੋਂ ਮੈਨੂੰ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਨ ਲਈ ਕਿਹਾ ਗਿਆ। ਇਹ ਵੱਡੀ ਚੀਜ਼ ਹੈ। ਮੈਂ ਇਸ ਹਾਲਾਤ 'ਚ ਖੇਡਣ ਲਈ ਤਿਆਰ ਸੀ। ਜੇਕਰ ਤੁਸੀਂ ਭਾਰਤ ਵਰਗੀ ਟੀਮ ਲਈ ਖੇਡ ਰਹੇ ਹੋ ਤਾਂ ਤੁਹਾਨੂੰ ਹਰ ਚੀਜ਼ ਲਈ ਤਿਆਰ ਰਹਿਣਾ ਚਾਹੀਦਾ ਹੈ। ਨਿਊਜ਼ੀਲੈਂਡ ਅਤੇ ਆਸਟਰੇਲੀਆ ਵਿਰੁੱਧ ਇਨ੍ਹਾਂ ਦੋਵਾਂ ਲੜੀਆਂ ਵਿਚ ਮੈਨੂੰ ਕਾਫੀ ਕੁਝ ਸਿੱਖਣ ਨੂੰ ਮਿਲਿਆ ਹੈ। ਮੈਂ ਭਾਵੇਂ ਹੀ ਗੇਂਦਬਾਜ਼ੀ ਨਾ ਕੀਤੀ ਹੋਵੇ ਪਰ ਮੈਂ ਵੱਖ-ਵੱਖ ਹਾਲਾਤਾਂ ਵਿਚ ਗੇਂਦਬਾਜ਼ੀ ਕਰਨਾ ਸਿੱਖਿਆ। ਬੱਲੇਬਾਜ਼ੀ ਵਿਚ ਵਿਰਾਟ ਕੋਹਲੀ, ਰੋਹਿਤ ਸ਼ਰਮਾ ਅਤੇ ਮਹਿੰਦਰ ਸਿੰਘ ਧੋਨੀ ਵਰਗੇ ਸੀਨੀਅਰ ਖਿਡਾਰੀਆਂ ਨੂੰ ਦੇਖਣ ਨਾਲ ਮੈਂ ਕਾਫੀ ਕੁਝ ਸਿੱਖਿਆ।''