ਮੈਚ ਹਾਰਨ ਤੋਂ ਬਾਅਦ ਕਪਤਾਨ ਵਿਲੀਅਮਸਨ ਨੇ ਦਿੱਤਾ ਵੱਡਾ ਬਿਆਨ

06/27/2019 1:43:24 AM

ਸਪੋਰਟਸ ਡੈੱਕਸ— ਪਾਕਿਸਤਾਨ ਵਿਰੁੱਧ ਖੇਡੇ ਗਏ ਵਿਸ਼ਵ ਕੱਪ ਮੈਚ 'ਚ ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਮੈਚ ਹਾਰਨ ਤੋਂ ਬਾਅਦ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਕਿਹਾ ਕਿ ਪਾਕਿਸਤਾਨ ਨੇ ਵਧੀਆ ਗੇਂਦਬਾਜ਼ੀ ਕੀਤੀ ਜਿਸ ਨੇ ਸਾਡੇ ਲਈ ਮੁਸ਼ਕਿਲਾਂ ਪੈਦਾ ਕੀਤੀਆਂ।


ਵਿਲੀਅਮਸਨ ਨੇ ਕਿਹਾ ਕਿ ਅਸੀਂ ਪਾਕਿਸਤਾਨ ਨੂੰ ਵਧੀਆ ਚੁਣੌਤੀ ਦਿੱਤੀ ਸੀ। ਉਨ੍ਹਾਂ ਨੇ ਨੀਸ਼ਮ ਤੇ ਗ੍ਰੈਂਡਹੋਮ ਦੀ ਸ਼ਲਾਘਾ ਵੀ ਕੀਤੀ ਜਿਨ੍ਹਾਂ ਨੇ ਚੁਣੌਤੀਪੂਰਨ ਦੌੜਾਂ ਬਣਉਣ 'ਚ ਮਦਦ ਕੀਤੀ। ਸ਼ੁਰੂਆਤ 'ਚ ਵਿਕਟਾਂ ਹਾਸਲ ਹੋਈਆਂ ਪਰ ਬਾਬਰ ਤੇ ਹਾਰਿਸ ਦੀ ਸਾਂਝੇਦਾਰੀ ਸ਼ਾਨਦਾਰ ਸੀ। ਉਨ੍ਹਾਂ ਨੇ ਅੱਗੇ ਕਿਹਾ ਕਿ ਸਾਨੂੰ ਲੱਗਾ ਕਿ ਪਿੱਚ ਪਹਿਲੀ ਪਾਰੀ ਦੀ ਤਰ੍ਹਾਂ ਹੀ ਰਹੇਗੀ ਪਰ ਪਾਕਿਸਤਾਨ ਨੇ ਵਧੀਆ ਬੱਲੇਬਾਜ਼ੀ ਕੀਤੀ। ਸੈਂਟਰ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਹ ਵਰਲਡ ਕਲਾਸ ਪ੍ਰਫਾਰਮਰ ਹੈ ਪਰ ਸ਼ਾਨਦਾਰ ਗੇਂਦਬਾਜ਼ੀ ਦੇ ਬਾਵਜੂਦ ਵਿਕਟਾਂ ਨਹੀਂ ਮਿਲਦੀਆਂ ਤੇ ਸਾਨੂੰ ਪਤਾ ਹੈ ਕਿ ਕਈ ਬਾਰ ਇਸ ਤਰ੍ਹਾਂ ਹੁੰਦਾ ਹੈ।


ਜ਼ਿਕਰਯੋਗ ਹੈ ਕਿ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਦੀ ਖਤਰਨਾਕ ਗੇਂਦਬਾਜ਼ੀ ਅਤੇ ਬਾਬਰ ਆਜ਼ਮ ਦੇ ਵਨ ਡੇ ਵਿਚ 10ਵੇਂ ਸੈਂਕੜੇ ਦੀ ਮਦਦ ਨਾਲ ਪਾਕਿਸਤਾਨ ਨੇ ਨਿਊਜ਼ੀਲੈਂਡ ਦੇ ਜੇਤੂ ਅਭਿਆਨ 'ਤੇ ਰੋਕ ਲਾ ਕੇ 6 ਵਿਕਟਾਂ ਨਾਲ ਜਿੱਤ ਦਰਜ ਕੀਤੀ। ਇਸ ਦੇ ਨਾਲ ਹੀ ਉਸ ਨੇ ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ। ਸ਼ਾਹੀਨ ਨੇ 10 ਓਵਰਾਂ ਵਿਚ 28 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ ਤੇ ਨਿਊਜ਼ੀਲੈਂਡ ਨੂੰ 6 ਵਿਕਟਾਂ 'ਤੇ 237 ਦੌੜਾਂ 'ਤੇ ਰੋਕਣ ਵਿਚ ਅਹਿਮ ਭੂਮਿਕਾ ਨਿਭਾਈ।

Gurdeep Singh

This news is Content Editor Gurdeep Singh