ਅਫਰੀਦੀ ਨੇ ਭਾਰਤ ਖਿਲਾਫ ਉਗਲਿਆ ਜ਼ਹਿਰ, ਜਾਣੋ ਕੀ ਕਿਹਾ

09/14/2019 1:38:16 PM

ਨਵੀਂ ਦਿੱਲੀ : ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਭਾਰਤ ਖਿਲਾਫ ਜ਼ਹਿਰ ਉਗਲਣ ਤੋਂ ਬਾਜ਼ ਨਹੀਂ ਆ ਰਹੇ। ਸ਼ੁੱਕਰਵਾਰ ਨੂੰ ਇਮਰਾਨ ਖਾਨ ਨੇ ਪੀ. ਓ. ਕੇ. ਦੇ ਮੁਜ਼ਫਰਾਬਾਦ ਵਿਚ ਕਸ਼ਮੀਰ 'ਏਕਤਾ' ਰੈਲੀ ਨੂੰ ਸੰਬੋਧਤ ਕਰ ਭਾਰਤ ਖਿਲਾਫ ਰੱਜ ਕੇ ਜੁਮਲੇਬਾਜ਼ੀ ਕੀਤੀ। ਇਮਰਾਨ ਨੇ ਇਸ ਗੱਲ 'ਤੇ ਜ਼ੋਰ ਕੀਤਾ ਕਿ ਕਸ਼ਮੀਰ ਮਾਨਵਤਾ ਦਾ ਮੁੱਦਾ ਹੈ। ਇਮਰਾਨ ਦਾ ਸਾਥ ਦੇਣ ਵਿਚ ਪਾਕਿ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਫਰੀਦੀ ਵੀ ਉੱਥੇ ਪਹੁੰਚੇ। ਅਫਰੀਦੀ ਨੇ ਇਮਰਾਨ ਖਾਨ ਦਾ ਸਾਥ ਦੇਣ 'ਚ ਕੋਈ ਕਸਰ ਨਾ ਛੱਡੀ।

ਇੱਥੇ ਅਫਰੀਦੀ ਨੇ ਇਕ ਤਜ਼ਰਬੇਕਾਰ ਪਾਕਿਸਤਾਨੀ ਰਾਜਨੇਤਾ ਦੀ ਤਰ੍ਹਾਂ ਲੋਕਾਂ ਨੂੰ ਸੰਬੋਧਤ ਕੀਤਾ, ਜਿਨ੍ਹਾਂ ਦਾ ਕੰਮ ਲੋਕਾਂ ਨੂੰ ਵਰਗਲਾਨਾ ਹੁੰਦਾ ਹੈ। ਅਫਰੀਦੀ ਨੇ ਪੂਰੀ ਤਰ੍ਹਾਂ ਇਮਰਾਨ ਖਾਨ ਦੇ ਸ਼ਬਦਾਂ ਦਾ ਇਸਤੇਮਾਲ ਕੀਤਾ ਅਤੇ ਕਸ਼ਮੀਰ ਦੇ ਮਾਮਲੇ 'ਤੇ ਆਪਣੇ ਪੀ. ਐੱਮ. ਦੀ ਸ਼ਲਾਘਾ ਦੇ ਕਸੀਦੇ ਪੜਨ 'ਚ ਕੋਈ ਕਸਰ ਨਾ ਛੱਡੀ। ਅਫਰੀਦੀ ਨੇ ਲੋਕਾਂ ਨੂੰ ਇਕੱਠੇ ਹੋਣ ਦੀ ਅਪੀਲ ਕੀਤੀ। ਅਫਰੀਦੀ ਨੇ ਕਿਹਾ ਕਿ ਮੁਸਲਮਾਨਾਂ ਨਾਲ ਹੀ ਅਜਿਹਾ ਕਿਉਂ ਹੁੰਦਾ ਹੈ।

ਅਫਰੀਦੀ ਨੇ ਕਿਹਾ ਕਿ ਗੱਲ ਕਸ਼ਮੀਰ ਦੀ ਨਹੀਂ ਹੈ। ਉਸ ਨੇ ਤਾਂ ਇੱਥੇ ਤਕ ਕਹਿ ਦਿੱਤਾ ਕਿ ਦੁਨੀਆ ਦੇ ਕਿਸੇ ਕੋਨੇ ਵਿਚ ਜੁਲਮ ਹੋਵੇਗਾ, ਅਸੀਂ ਪਾਕਿਸਤਾਨੀ, ਅਸੀਂ ਮੁਸਲਮਾਨ ਜ਼ੁਲਮ ਵਿਰੁੱਧ ਆਵਾਜ਼ ਚੁੱਕਾਂਗੇ। ਇਸ ਤੋਂ ਬਾਅਦ ਅਫਰੀਦੀ ਨੇ ਲੋਕਾਂ ਨੂੰ ਇਕੱਠੇ ਹੋਣ ਦੀ ਅਪੀਲ ਕਰਦਿਆਂ ਡਰਾਇਆ, 'ਜੇਕਰ ਅਸੀਂ ਇਕ ਨਾ ਹੋਏ ਤਾਂ ਇਹ ਲੋਕ ਇੰਝ ਹੀ ਜ਼ੁਲਮ ਕਰਦੇ ਰਹਿਣਗੇ'।