'ਫਾਦਰ ਆਫ ਮਾਰਡਨ ਫੁੱਟਬਾਲ' ਏਬੇਨੇਜ਼ਰ ਕਾਬ ਲਈ ਗੂਗਲ ਨੇ ਬਣਾਇਆ ਖਾਸ ਡੂਡਲ

08/16/2018 10:54:22 AM

ਨਵੀਂ ਦਿੱਲੀ— 'ਫਾਦਰ ਆਫ ਮਾਰਡਨ ਫੁੱਟਬਾਲ' ਭਾਵ ਮਾਰਡਨ ਫੁੱਟਬਾਲ ਦੇ ਪਿਤਾ ਮੰਨੇ ਜਾਣ ਵਾਲੇ ਏਬੇਨੇਜ਼ਰ ਕਾਬ ਮਾਰਲੇ ਦੀ ਯਾਦ 'ਚ ਗੂਗਲ ਨੇ ਖਾਸ ਡੂਡਲ ਬਣਾਇਆ। ਵੀਰਵਾਰ ਨੂੰ ਗੂਗਲ ਨੇ ਡੂਡਲ ਰਾਹੀਂ ਮਾਰਲੇ ਨੂੰ ਸ਼ਰਧਾਂਜਲੀ ਦਿੱਤੀ। ਏਬੇਨੇਜ਼ਰ ਦਾ ਜਨਮ 16 ਅਗਸਤ 1831 ਨੂੰ ਹੋਇਆ ਸੀ। ਉਨ੍ਹਾਂ ਨੂੰ ਬਚਪਨ ਤੋਂ ਹੀ ਖੇਡਾਂ ਦਾ ਬਹੁਤ ਸ਼ੌਕ ਸੀ। ਉਨ੍ਹਾਂ ਦੇ ਪਿਤਾ ਇਕ ਮੰਤਰੀ ਸਨ। ਇੰਗਲੈਂਡ ਦੇ ਹਲ 'ਚ ਜੰਮੇ ਮਾਰਲੇ ਨੇ ਕਾਨੂੰਨ ਦੀ ਪੜ੍ਹਾਈ ਕੀਤੀ ਸੀ।

ਗੂਗਲ ਦੇ ਡੂਡਲ 'ਚ ਇਕ ਫੁੱਟਬਾਲ ਮੈਦਾਨ ਦਿਖਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਇਕ ਕੁਰਸੀ 'ਤੇ ਬੈਠੇ ਹੋਏ ਫੁੱਟਬਾਲ ਦੇ ਨਿਯਮ ਲਿਖਦੇ ਹੋਏ ਦਿਖਾਇਆ ਗਿਆ ਹੈ। ਲੰਡਨ 'ਚ ਮਾਰਲੇ ਨੇ ਬਾਰਨਸ ਫੁੱਟਬਾਲ ਕਲੱਬ ਜੁਆਇਨ ਕਰ ਲਿਆ ਅਤੇ ਫਿਰ ਉਨ੍ਹਾਂ ਨੂੰ ਲੱਗਾ ਕਿ ਇਸ ਖੇਡ ਨੂੰ ਕੁਝ ਨਵੇਂ ਨਿਯਮਾਂ ਅਤੇ ਸਟ੍ਰਕਚਰ ਦੇ ਨਾਲ ਜ਼ਿਆਦਾ ਬਿਹਤਰ ਕੀਤਾ ਜਾ ਸਕਦਾ ਹੈ। ਮਾਰਲੇ ਨੇ ਪਹਿਲੀ ਵਾਰ 1863 'ਚ ਫੁੱਟਬਾਲ ਲਈ ਆਪਣੇ ਨਿਯਮ ਬਣਾਏ ਪਰ ਉਨ੍ਹਾਂ ਤੋਂ ਪਹਿਲਾਂ ਫੁੱਟਬਾਲ ਕਾਫੀ ਲੋਕਪ੍ਰਿਯ ਹੋ ਚੁੱਕਾ ਸੀ।