ਟੀਮ ਇੰਡੀਆ 'ਚ ਧਮਾਲ ਮਚਾਉਣ ਲਈ ਤਿਆਰ ਪੰਜਾਬ ਦਾ ਸ਼ੁਭਮਨ, ਦੱ. ਅਫਰੀਕਾ ਖਿਲਾਫ ਮਿਲੀ ਜਗ੍ਹਾ

03/09/2020 12:42:49 PM

ਚੰਡੀਗੜ੍ਹ : ਭਾਰਤ-ਦੱਖਣੀ ਅਫਰੀਕਾ ਵਿਚਾਲੇ ਹੋਣ ਵਾਲੀ 3 ਮੈਚਾਂ ਦੀ ਵਨ ਡੇ ਸੀਰੀਜ਼ ਦੇ ਲਈ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਹੈ। ਖਾਸ ਗੱਲ ਇਹ ਹੈ ਕਿ ਟੀਮ ਵਿਚ ਪੰਜਾਬ ਦੇ ਕ੍ਰਿਕਟਰ ਸ਼ੁਭਮਨ ਗਿੱਲ ਨੂੰ ਵੀ ਜਗ੍ਹਾ ਮਿਲੀ ਹੈ। ਹਾਲ ਹੀ 'ਚ ਨਿਊਜ਼ੀਲੈਂਡ ਦੌਰੇ 'ਤੇ ਗਈ ਟੀਮ ਇੰਡੀਆ-ਏ ਵੱਲੋਂ ਸ਼ੁਭਮਨ ਗਿੱਲ ਨੇ ਅਜੇਤੂ 204 ਦੌੜਾਂ ਦੀ ਪਾਰੀ ਖੇਡੀ ਸੀ।

ਪਿਤਾ ਲਖਵਿੰਦਰ ਸਿੰਘ ਨੇ ਦੱਸਿਆ ਕਿ ਸ਼ੁਭਮਨ ਗਿੱਲ ਹੁਣ ਪੂਰੀ ਤਰ੍ਹਾਂ ਕੌਮਾਂਤਰੀ ਮੈਚ ਖੇਡਣ ਲਈ ਤਿਆਰ ਹੈ। ਉਸ ਨੂੰ ਖੁਦ ਨੂੰ ਸਾਬਤ ਕਰਨ ਲਈ ਸਿਰਫ ਇਕ ਮੌਕੇ ਦੀ ਭਾਲ ਸੀ। ਅਜਿਹੇ 'ਚ ਹੁਣ ਉਸ ਨੂੰ ਆਪਣੀ ਬੈਸਟ ਦੇਣ ਹੋਵੇਗਾ ਤਾਂ ਜੋ ਉਹ ਭਾਰਤੀ ਕ੍ਰਿਕਟ ਵਿਚ ਆਪਣੀ ਜਗ੍ਹਾ ਪੱਕੀ ਕਰ ਸਕੇ। ਉੱਥੇ ਹੀ ਕੋਚ ਸੁਖਵਿੰਦਰ ਟਿੰਕੂ ਨੇ ਕਿਹਾ ਕਿ ਉਹ ਲੰਬੀ ਕ੍ਰਿਕਟ ਖੇਡਣ ਲਈ ਬਣਿਆ ਹੈ। ਉਸ ਨੂੰ ਆਪਣੀ ਕ੍ਰਿਕਟ 'ਤੇ ਧਿਆਨ ਦੇਣਾ ਚਾਹੀਦਾ ਹੈ, ਜਿਸ ਨਾਲ ਉਹ ਸੀਰੀਜ਼ ਵਿਚ ਬਿਹਤਰੀਨ ਪ੍ਰਦਰਸ਼ਨ ਕਰ ਸਕੇ।

12 ਤਾਰੀਖ ਤੋਂ ਸ਼ੁਰੂ ਹੋਵੇਗੀ ਸੀਰੀਜ਼
ਦੱਖਣੀ ਅਫਰੀਕਾ ਦੇ ਭਾਰਤ ਦੌਰੇ 'ਤੇ ਦੋਵੇਂ ਟੀਮਾਂ 3 ਮੈਚਾਂ ਦੀ ਵਨ ਡੇ ਸੀਰੀਜ਼ ਖੇਡਣਗੀਆਂ। ਸੀਰੀਜ਼ ਦਾ ਪਹਿਲਾ ਮੈਚ 12 ਮਾਰਚ ਨੂੰ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਸਟੇਡੀਅਮ ਵਿਚ ਖੇਡਿਆ ਜਾਵੇਗਾ। ਟੀਮ ਆਪਣਾ ਦੂਜਾ ਮੈਚ 15 ਮਾਰਚ ਨੂੰ ਲਖਨਊ ਵਿਚ ਅਤੇ ਤੀਜਾ ਮੈਚ ਕੋਲਕਾਤਾ ਵਿਚ ਖੇਡੇਗੀ।

ਦੱਸ ਦਈਏ ਕਿ ਕੁਝ ਦਿਨ ਪਹਿਲਾਂ ਟੀਮ ਇੰਡੀਆ ਦੇ ਸਟਾਰ ਸਪਿਨਰ ਹਰਭਜਨ ਸਿੰਘ ਨੇ ਬੀ. ਸੀ. ਸੀ. ਆਈ. 'ਤੇ ਸ਼ੁਭਮਨ ਗਿੱਲ ਦਾ ਕਰੀਅਰ ਖਰਾਬ ਕਰਨ ਦਾ ਦੋਸ਼ ਲਗਾਇਆ ਸੀ। ਕਿਉਂਕਿ ਸ਼ੁਭਮਨ ਗਿੱਲ ਨੂੰ ਨਿਊਜ਼ੀਲੈਂਡ ਖਿਲਾਫ ਟੈਸਟ ਮੈਚਾਂ ਦੀ ਸੀਰਜ਼ ਲਈ ਤਾਂ ਚੁਣਿਆ ਪਰ ਉਸ ਬਾਹਰ ਹੀ ਬਿਠਾ ਕੇ ਰੱਖਿਆ ਗਿਆ। ਜਿਸ ਤੋਂ ਬਾਅਦ ਹਰਭਜਨ ਨੇ ਸਿੱਧਾ ਬੀ. ਸੀ. ਸੀ. ਆਈ. ਦੀ ਚੋਣ ਕਮੇਟੀ 'ਤੇ ਉਂਗਲ ਚੁੱਕਦਿਆਂ ਕਿਹਾ ਸੀ ਕਿ ਇਕ ਹੁਨਰਮੰਦ ਨੌਜਵਾਨ ਕ੍ਰਿਕਟਰ ਨਾਲ ਅਜਿਹਾ ਰਵੱਈਆ ਉਸ ਦਾ ਕਰੀਅਰ ਖਤਮ ਕਰ ਸਕਦਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਸ਼ੁਭਮਨ ਗਿੱਲ ਨੂੰ ਦੱਖਣੀ ਅਫਰੀਕਾ ਖਿਲਾਫ ਆਗਾਮੀ ਸੀਰੀਜ਼ ਦੀ ਪਲੇਇੰਗ ਇਲੈਵਨ ਵਿਚ ਜਗ੍ਹਾ ਮਿਲਦੀ ਹੈ ਜਾਂ ਉਸ ਨੂੰ ਫਿਰ ਬਾਹਰ ਹੀ ਬੈਠਣਾ ਪਵੇਗਾ।