ਲਾਕਡਾਊਨ ਦੌਰਾਨ ਵਾਨੂਆਤੂ ''ਚ ਖੇਡਿਆ ਗਿਆ ਕ੍ਰਿਕਟ ਮੁਕਾਬਲਾ

04/26/2020 12:36:55 PM

ਨਵੀਂ ਦਿੱਲੀ : ਬੀਤੀ ਰਾਤ ਪਿਆ ਮੀਂਹ ਵੀ ਵਾਨੂਆਤੂ ਨੂੰ ਕੋਰੋਨਾ ਵਾਇਰਸ ਮਹਾਮਾਰੀ ਵਿਚਾਲੇ ਲਾਈਵ ਕ੍ਰਿਕਟ ਮੈਚ ਕਰਵਾਉਣ ਤੋਂ ਨਹੀਂ ਰੋਕ ਸਕਿਆ। ਕੋਵਿਡ-19 ਮਹਾਮਾਰੀ ਕਾਰਨ ਜਿੱਥੇ ਪੂਰੀ ਦੁਨੀਆ ਵਿਚ ਖੇਡ ਪ੍ਰਤੀਯੋਗਿਤਾਵਾਂ ਦਾ ਆਯੋਜਨ ਬੰਦ ਹੈ, ਉੱਥੇ ਹੀ ਸ਼ਨੀਵਾਰ ਨੂੰ ਵਾਨੂਆਤੂ ਵਿਚ ਮਹਿਲਾ ਘਰੇਲੂ ਕ੍ਰਿਕਟ ਲੀਗ ਦਾ ਫਾਈਨਲ ਖੇਡਿਾ ਗਿਆ। ਦੱਖਣੀ ਪ੍ਰਸ਼ਾਂਤ ਖੇਤਰ ਦਾ ਇਹ ਟਰੌਪੀਕਲ ਆਈਲੈਂਡ ਸ਼ਾਇਦ ਇਕਲੌਤੀ ਜਗ੍ਹਾ ਹੈ, ਜਿੱਥੇ ਇਸ ਸਮੇਂ ਮੁਕਾਬਲੇਬਾਜ਼ੀ ਕ੍ਰਿਕਟ ਦੀ ਮੇਜ਼ਬਾਨੀ ਕੀਤੀ ਗਈ। 

ਵਾਨੂਆਤੂ ਕ੍ਰਿਕਟ ਸੰਘ ਦੇ ਮੁੱਖ ਕਾਰਜਕਾਰੀ ਸ਼ੇਨ ਡੇਟਜ ਨੇ ਵੀ ਇਸ ਮੈਚ ਨੂੰ ਦੇਖਣ ਲਈ ਸੱਦਾ ਦਿੱਤਾ ਸੀ ਤੇ ਵਾਨੂਆਤੂ ਕ੍ਰਿਕਟ ਦੇ ਫੇਸਬੁੱਕ ਪੇਜ਼ ਤੇ ਵੱਖ-ਵੱਖ ਸਮੇਂ 'ਤੇ 3000 ਤੋਂ ਵੱਖ ਲੋਕਾਂ ਨੇ ਇਸ ਨੂੰ ਦੇਖਿਆ ਹੈ। ਇਸ ਵਿਚ ਪੁਰਸ਼ਾਂ ਦਾ 10 ਓਵਰਾਂ ਦਾ ਪ੍ਰਦਰਸ਼ਨੀ ਮੈਚ ਤੇ ਮਹਿਲਾ ਟੀ-20 ਫਾਈਨਲ ਖੇਡਿਆ ਗਿਆ, ਜਿਸ ਵਿਚ ਮੇਲੇ ਬੁਲਸ ਨੇ ਜਿੱਤ ਹਾਸਲ ਕੀਤੀ। ਹਾਲਾਂਕਿ ਮੀਂਹ ਦੀ ਵਜ੍ਹਾ ਨਾਲ ਸ਼ਾਰਕਸ ਵਿਚਾਲੇ ਸੈਮੀਫਾਈਨਲ ਮੁਕਾਬਲਾ ਨਹੀਂ ਖੇਡਿਆ ਜਾ ਸਕਿਆ।

ਡੇਟਜ ਨੇ ਸ਼ੁੱਕਰਵਾਰ ਨੂੰ ਕਿਹਾ ਸੀ, ''ਇਸ ਸਮੇਂ ਦੁਨੀਆ ਭਰ ਵਿਚ ਸਿਰਫ ਇਹ ਹੀ ਇਕਲੌਤਾ ਖੇਡ ਟੂਰਨਾਮੈਂਟ ਚੱਲ ਰਿਹਾ ਹੈ, ਜਿਹੜੀ ਲਾਕਡਾਊਨ ਵਿਚ ਹੈ, ਅਸੀਂ ਉਨ੍ਹਾਂ ਸਾਰਿਆਂ ਨੂੰ ਥੋੜੀ ਜਿਹੀ ਕ੍ਰਿਕਟ ਦਿਖਾ ਸਕਦੇ ਹਾਂ।'' ਇਸ ਮੈਚ ਲਈ ਅਧਿਕਾਰੀਆਂ ਨੇ 4 ਕੈਮਰੇ ਵੀ ਲਗਾਏ ਤੇ ਕੁਮੈਂਟਰੀ ਵੀ ਕੀਤੀ ਗਈ। ਇਕ-ਦੋ ਮਿੰਟ ਲਈ ਖੇਡ ਰੁਕੀ ਵੀ, ਕਿਉਂਕਿ ਬੱਚੇ ਮੈਦਾਨ ਵਿਚ ਵੜ੍ਹ ਗਏ ਸੀ ਤੇ ਜ਼ਿਆਦਾ ਸੁਰੱਖਿਆ ਕਰਮਚਾਰੀ ਵੀ ਮੌਜੂਦ ਨਹੀਂ ਸਨ। ਵਾਨੂਆਤੂ ਵਿਚ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਚੌਕਸੀ ਦੇ ਤੌਰ 'ਤੇ ਪਿਛਲੇ ਮਹੀਨੇ ਦੇ ਅੱਧ ਵਿਚ ਲਾਕਡਾਊਨ ਹੋਇਆ ਸੀ ਤੇ ਫਿਰ ਇੱਥੇ 6 ਅਪ੍ਰੈਲ ਤੋਂ ਭਿਆਨਕ ਤੂਫਾਨ ਵੀ ਆ ਗਿਆ ਸੀ। ਸੀਮਾਵਾਂ ਬੰਦ ਕਰਨ ਨਾਲ ਉੱਥੇ ਕੋਵਿਡ-19 ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ।

Ranjit

This news is Content Editor Ranjit