ਇਹ ਕੌਣ ਹੈ 87 ਸਾਲਾ ਕ੍ਰਿਕਟ ਫੈਨ, ਮੈਚ ਤੋਂ ਬਾਅਦ ਵਿਰਾਟ ਤੇ ਰੋਹਿਤ ਵੀ ਮਿਲਣ ਪਹੁੰਚੇ

07/03/2019 2:52:17 AM

ਬਰਮਿੰਘਮ— ਮੰਗਲਵਾਰ ਨੂੰ ਆਈ. ਸੀ. ਸੀ. ਵਿਸ਼ਵ ਕੱਪ 2019 'ਚ ਭਾਰਤ ਨੇ ਬੰਗਲਾਦੇਸ਼ 28 ਦੌੜਾਂ ਨਾਲ ਹਰਾ ਕੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ। ਰੋਹਿਤ ਸ਼ਰਮਾ (104) ਦੇ ਰਿਕਾਰਡ ਸੈਂਕੜੇ ਤੇ ਉਸ ਦੀ ਲੋਕੇਸ਼ ਰਾਹੁਲ (77) ਨਾਲ ਪਹਿਲੀ ਵਿਕਟ ਲਈ 180 ਦੌੜਾਂ ਦੀ ਧਮਾਕੇਦਾਰ ਸਾਂਝੇਦਾਰੀ ਤੋਂ ਬਾਅਦ ਜਸਪ੍ਰੀਤ ਬੁਮਰਾਹ ਤੇ ਹਾਰਦਿਕ ਪੰਡਯਾ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਭਾਰਤ ਨੇ ਰੋਹਿਤ ਸ਼ਰਮਾ ਦੇ ਸੈਂਕੜੇ ਤੇ ਲੋਕੇਸ਼ ਰਾਹੁਲ ਦੇ ਅਰਧ ਸੈਂਕੜੇ ਦੀ ਬਦੌਲਤ 50 ਓਵਰਾਂ ਵਿਚ 9 ਵਿਕਟਾਂ 'ਤੇ 314 ਦੌੜਾਂ ਦਾ ਵੱਡਾ ਸਕੋਰ ਬਣਾਇਆ ਸੀ। ਇਸ ਦੇ ਜਵਾਬ ਵਿਚ ਬੰਗਲਾਦੇਸ਼ ਦੀ ਟੀਮ 48 ਓਵਰਾਂ ਵਿਚ 286 ਦੌੜਾਂ 'ਤੇ ਹੀ ਢੇਰ ਹੋ ਗਈ। ਬੰਗਲਾਦੇਸ਼ ਦੀ ਟੀਮ ਸੈਮੀਫਾਈਨਲ ਦੀ ਦੌੜ 'ਚੋਂ ਬਾਹਰ ਹੋ ਗਈ।


ਇਸ ਸ਼ਾਨਦਾਰ ਮੈਚ ਨੂੰ ਦੇਖਣ ਆਏ ਫੈਨਸ ਨਾਲ ਸਟੇਡੀਅਮ ਪੂਰਾ ਭਰਿਆ ਹੋਇਆ ਸੀ ਪਰ ਸਿਰਫ ਇਕ ਹੀ ਫੈਨ ਇਸ ਤਰ੍ਹਾ ਦਾ ਸੀ ਜੋ ਚਰਚਾ 'ਚ ਸੀ। ਅਸੀਂ ਗੱਲ ਕਰ ਰਹੇ ਹਾਂ 87 ਸਾਲਾ ਭਾਰਤੀ ਕ੍ਰਿਕਟ ਫੈਨ ਚਾਰੂਲਤਾ ਪਟੇਲ ਦੀ ਜੋ ਇਸ ਮੈਚ 'ਚ ਭਾਰਤੀ ਟੀਮ ਨੂੰ ਸਪੋਰਟ ਕਰਦੀ ਨਜ਼ਰ ਆਈ। ਮੈਚ ਖਤਮ ਹੋਣ ਤੋਂ ਬਾਅਦ ਭਾਰਤੀ ਕਪਤਾਨ ਵਿਰਾਟ ਕੋਹਲੀ ਤੇ ਟੀਮ ਦੇ ਉਪ ਕਪਤਾਨ ਰੋਹਿਤ ਸ਼ਰਮਾ ਵੀ ਉਸ ਨੂੰ ਮਿਲਣ ਪਹੁੰਚੇ ਤੇ ਉਨ੍ਹਾਂ ਨੂੰ ਗਲੇ ਵੀ ਲਗਾਇਆ ਨਾਲ ਹੀ ਸ਼ੁੱਭਕਾਮਨਾਵਾਂ ਦਿੱਤੀਆਂ।


ਮੈਚ ਤੋਂ ਬਾਅਦ ਚਾਰੂਲਤਾ ਪਟੇਲ ਨੇ ਦੱਸਿਆ ਕਿ ਉਹ ਕਈ ਸਾਲਾ ਤੋਂ ਕ੍ਰਿਕਟ ਦੇਖ ਰਹੀ ਹੈ ਜਦੋਂ ਉਹ ਅਫਰੀਕਾ 'ਚ ਰਹਿੰਦੀ ਸੀ। ਪਹਿਲਾਂ ਉਹ ਟੀ. ਵੀ. 'ਤੇ ਮੈਚ ਦੇਖਿਆ ਕਰਦੀ ਸੀ ਕਿਉਂਕਿ ਉਸ ਸਮੇਂ ਕੰਮ ਕਰਦੀ ਸੀ ਪਰ ਹੁਣ ਰਿਟਾਇਰ ਹੋ ਗਈ ਹਾਂ ਇਸ ਲਈ ਹੁਣ ਮੈਦਾਨ 'ਚ ਜਾ ਕੇ ਕ੍ਰਿਕਟ ਦੇਖਣਾ ਪਸੰਦ ਕਰਦੀ ਹਾਂ। ਜ਼ਿਕਰਯੋਗ ਹੈ ਕਿ ਇਸ ਕ੍ਰਿਕਟ ਗਰਾਊਂਡ 'ਤੇ ਖੇਡੇ ਗਏ ਮੈਚ ਦੀਆਂ ਸਾਰੀਆਂ 24,500 ਸੀਟਾਂ ਭਰੀਆਂ ਸਨ। ਇਸ ਮੈਚ ਨੂੰ ਦੇਖਣ ਦੇ ਲਈ ਭਾਰਤੀ ਫੈਨਸ ਜ਼ਿਆਦਾ ਸਨ।

Gurdeep Singh

This news is Content Editor Gurdeep Singh