ਭਾਰਤ ਦੇ 5 ਅਜਿਹੇ ਕ੍ਰਿਕਟਰ ਜਿਨ੍ਹਾਂ ਨੂੰ ਨਹੀਂ ਮਿਲਿਆ ਵਿਦਾਈ ਮੈਚ ਖੇਡਣ ਦਾ ਮੌਕਾ

05/21/2020 11:11:19 AM

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ’ਚ ਕਈ ਅਜਿਹੇ ਦਿੱਗਜ ਖਿਡਾਰੀ ਹੋਏ ਹਨ ਜਿਨ੍ਹਾਂ ਨੇ ਆਪਣੀ ਪਰਫਾਰਮੈਂਸ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਹੈ। ਉਨ੍ਹਾਂ ਨੇ ਆਪਣੇ ਕਰੀਅਰ ’ਚ ਕਈ ਅਜਿਹੀਆਂ ਮੈਚ ਜਿਤਾਊ ਪਾਰੀਆਂ ਖੇਡੀਆਂ ਹਨ ਜਿਨਾਂ ਨੂੰ ਲੋਕ ਕਦੇ ਵੀ ਨਹੀਂ ਭੁੱਲ ਸਕਦੇ ਹਨ। ਭਾਰਤੀ ਕ੍ਰਿਕਟ ’ਚ ਕੁਝ ਅਜਿਹੇ ਵੀ ਕ੍ਰਿਕਟਰ ਹੋਏ ਹਨ ਜਿਨ੍ਹਾਂ ਨੇ ਆਪਣੀ ਪਰਫਾਰਮੈਂਸ ਦੇ ਦਮ ’ਤੇ ਕ੍ਰਿਕਟ ਜਗਤ ਦੇ ਮਹਾਨ ਕ੍ਰਿਕਟਰਾਂ ਦੀ ਸੂਚੀ ’ਚ ਆਪਣਾ ਨਾਂ ਤਾਂ ਦਰਜ ਕਰਵਾਇਆ ਹੈ ਪਰ ਕਰੀਅਰ ਦੇ ਅਖੀਰਲੇ ਸਮੇਂ ’ਚ ਤਕਕੀਬਨ ਟੀਮ ਤੋਂ ਬਾਹਰ ਹੀ ਰਹੇ ਅਤੇ ਇੱਥੋਂ ਤਕ ਕਿ ਆਪਣੇ ਕਰੀਅਰ ਦਾ ਫੇਅਰਵੈਲ ਮੈਚ ਖੇਡਣ ਦਾ ਮੌਕਾ ਤਕ ਨਹੀਂ ਮਿਲ ਸਕਿਆ। ਭਾਰਤੀ ਕ੍ਰਿਕਟ ਬੋਰਡ ਨੇ ਸਚਿਨ ਤੇਂਦੁਲਕਰ ਅਤੇ ਆਸ਼ੀਸ਼ ਨੇਹਿਰਾ ਜਿਹੇ ਖਿਡਾਰੀਆਂ ਨੂੰ ਫੇਅਰਵੇਲ ਮੈਚ ਖੇਡਣ ਦਾ ਮੌਕਾ ਦਿੱਤਾ ਪਰ ਉਥੇ ਹੀ ਕੁਝ ਅਜਿਹੇ ਖਿਡਾਰੀ ਵੀ ਸਨ ਜਿਨ੍ਹਾਂ ਨੂੰ ਫੇਅਰਵੈਲ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ। ਆਓ ਜਾਣਦੇ ਹਾਂ ਉਨ੍ਹਾਂ 5 ਦਿੱਗਜ ਖਿਡਾਰੀਆਂ ਦੇ ਬਾਰੇ ’ਚ ਜਿਨ੍ਹਾਂ ਨੂੰ ਫੇਅਰਵੈਲ ਮੈਚ ਖੇਡਣ ਤਕ ਦਾ ਮੌਕਾ ਨਹੀਂ ਮਿਲਿਆ।ਯੁਵਰਾਜ ਸਿੰਘ 
ਭਾਰਤ ਦੇ ਸਿੱਕਸਰ ਕਿੰਗ ਯੁਵਰਾਜ ਸਿੰਘ ਅਜਿਹੇ ਕ੍ਰਿਕਟਰ ਰਹੇ ਜਿਨ੍ਹਾਂ ਨੂੰ ਫੇਅਰਵੇਲ ਮੈਚ ਖੇਡਣ ਦਾ ਮੌਕਾ ਮਿਲਣਾ ਚਾਹੀਦਾ ਸੀ ਪਰ ਖ਼ਰਾਬ ਫ਼ਾਰਮ ਦੇ ਕਾਰਨ ਟੀਮ ਤੋਂ ਬਾਹਰ ਹੋਏ ਅਤੇ ਫਿਰ ਵਾਪਸ ਟੀਮ ’ਚ ਨਹੀਂ ਆ ਸਕੇ। ਇਹੀ ਕਾਰਨ ਰਿਹਾ ਕਿ ਉਨ੍ਹਾਂ ਨੂੰ ਫੇਅਰਵੈਲ ਮੈਚ ਨਹੀਂ ਮਿਲਿਆ। ਯੁਵੀ ਭਾਰਤ ਦੇ 2007 ਟੀ-20 ਵਰਲਡ ਕੱਪ ਅਤੇ 2011 ਵਰਲਡ ਕੱਪ ਜੇਤੂ ਟੀਮ ਦਾ ਹਿੱਸਾ ਰਹੇ ਅਤੇ ਆਪਣੀ ਪਰਫਾਰਮੈਂਸ ਨਾਲ ਭਾਰਤ ਨੂੰ ਵਿਸ਼ਵ ਜੇਤੂ ਬਣਾਉਣ ’ਚ ਅਹਿਮ ਭੂਮਿਕਾ ਨਿਭਾਈ ਸੀ। 2011 ਵਰਲਡ ਕੱਪ ਦੌਰਾਨ ਯੁਵੀ ਕੈਂਸਰ ਨਾਲ ਵੀ ਪ੍ਰੇਸ਼ਾਨ ਰਹੇ ਪਰ ਇਸ ਤੋਂ ਬਾਅਦ ਵੀ ਜਦੋਂ ਉਹ ਕੈਂਸਰ ਨੂੰ ਹਰਾ ਕੇ ਪਰਤੇ ਤਾਂ ਉਨ੍ਹਾਂ ਦਾ ਕਰੀਅਰ ਚੰਗਾ ਨਹੀਂ ਰਿਹਾ। ਜਿਸਦੇ ਕਾਰਨ ਟੀਮ ਤੋਂ ਅੰਦਰ-ਬਾਹਰ ਹੁੰਦੇ ਰਹੇ। ਯੁਵੀ ਨੇ ਭਾਰਤੀ ਟੀਮ ਲਈ ਵਨ-ਡੇ ’ਚ 304 ਮੈਚ ਅਤੇ ਟੈਸਟ ’ਚ 40 ਮੈਚ, ਟੀ-20 ’ਚ ਕੁਲ 58 ਮੈਚ ਖੇਡੇ। ਸਾਲ 2019 ’ਚ ਯੁਵਰਾਜ ਨੇ ਕ੍ਰਿਕਟ ਤੋਂ ਸੰਨਿਆਸ ਦਾ ਫੈਸਲਾ ਕਰ ਲਿਆ ਸੀ।

ਵਰਿੰਦਰ ਸਹਿਵਾਗ
ਭਾਰਤ ਦੇ ਧਾੱਕੜ ਬੱਲਬਾਜ਼ੇ ਵਰਿੰਦਰ ਸਹਿਵਾਗ ਨੂੰ ਵੀ ਰਿਟਾਇਰਮੈਂਟ ਨਾਲ ਪਹਿਲਾਂ ਫੇਅਰਵੇਲ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ। ਸਹਿਵਾਗ ਵੀ ਯੁਵਰਾਜ ਸਿੰਘ ਦੀ ਹੀ ਤਰ੍ਹਾਂ ਭਾਰਤ ਦੇ 2 ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਰਹੇ ਸਨ। ਸਹਿਵਾਗ 2007 ਵਰਲਡ ਟੀ-20 ਅਤੇ ਫਿਰ 2011 ਵਰਲਡ ਕੱਪ ਦੀ ਜੇਤੂ ਟੀਮ ਦੇ ਮੈਂਬਰ ਰਹੇ ਸਨ। ਵਰਿੰਦਰ ਸਹਿਵਾਗ ਦੇ ਸਾਹਮਣੇ ਆਉਂਦੇ ਹੀ ਗੇਂਦਬਾਜ਼ਾਂ ਦੀ ਲੈਅ ਅਤੇ ਰਫ਼ਤਾਰ ਦੋਵੇਂ ਵਿਗੜ ਜਾਂਦੀ ਸੀ। ਸਹਿਵਾਗ ਦੇ ਨਾਂ ਟੈਸਟ ਕ੍ਰਿਕਟ ’ਚ ਭਾਰਤ ਵਲੋਂ ਸਭ ਤੋਂ ਵੱਡੀ ਪਾਰੀ ਖੇਡਣ ਦਾ ਰਿਕਾਰਡ ਦਰਜ ਹੈ। ਸਹਿਵਾਗ ਨੇ ਸਾਲ 2008 ’ਚ ਚੇਂਨਈ ਟੈਸਟ ’ਚ ਦੱਖਣੀ ਅਫਰੀਕਾ ਖਿਲਾਫ 319 ਦੌੜਾਂ ਦੀ ਪਾਰੀ ਖੇਡੀ ਸੀ। ਸਹਿਵਾਗ ਭਾਰਤ ਦੇ ਇਕਲੌਤੇ ਅਜਿਹੇ ਟੈਸਟ ਕ੍ਰਿਕਟਰ ਹਨ ਜਿਨ੍ਹਾਂ ਨੇ ਆਪਣੇ ਕਰੀਅਰ ’ਚ ਦੋ ਵਾਰ ਤਿਹਰਾ ਸੈਂਕੜਾ ਬਣਾਇਆ ਹੈ। ਉਨ੍ਹਾਂ ਨੇ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ 2013 ’ਚ ਖੇਡਿਆ ਸੀ। ਬੀ. ਸੀ. ਸੀ. ਆਈ. ਨੇ ਉਨ੍ਹਾਂ ਨੂੰ 2015 ’ਚ ਦਿੱਲੀ ਦੇ ਫਿਰੋਜ਼ਸ਼ਾਹ ਕੋਟਲਾ ਮੈਦਾਨ ’ਤੇ ਫੇਅਰਵੈਲ ਸਪੀਚ ਦੇਣ ਲਈ ਬੁਲਾਇਆ ਸੀ। ਉਨ੍ਹਾਂ ਦੇ ਕ੍ਰਿਕਟ ਕਰੀਅਰ ਦੀਆਂ ਉਪਲੱਬਧੀਆਂ ਲਈ ਉਨ੍ਹਾਂ ਨੂੰ ਇਕ ਟਰਾਫੀ ਵੀ ਸਨਮਾਨ ਦੇ ਤੌਰ ’ਤੇ ਦਿੱਤੀ ਸੀ। ਸਹਿਵਾਗ ਨੇ ਆਪਣੇ ਕਰੀਅਰ ’ਚ 104 ਟੈਸਟ ਮੈਚਾਂ ਖੇਡ ਕੇ 23 ਟੈਸਟ ਸੈਂਕੜੇ ਅਤੇ 32 ਅਰਧ ਸੈਂਕੜਿਆਂ ਦੇ ਨਾਲ 8586 ਦੌੜਾਂ ਬਣਾਈਆਂ ਹਨ।

ਗੌਤਮ ਗੰਭੀਰ
ਭਾਰਤੀ ਕ੍ਰਿਕਟ ਟੀਮ ਨੇ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੂੰ ਵੀ ਇਸ ਗੱਲ ਹਮੇਸ਼ਾ ਮਲਾਲ ਰਹੇਗਾ ਕਿ ਉਨ੍ਹਾਂ ਨੂੰ ਵੀ ਆਪਣੇ ਕ੍ਰਿਕਟ ਕਰਿਅਰ ਦਾ ਆਖਰੀ ਫੇਅਰਵੈਲ ਮੈਚ ਖੇਡਣ ਨੂੰ ਨਹੀਂ ਮਿਲਿਆ। 2011 ਦਾ ਵਰਲਡ ਕੱਪ ਫਾਇਨਲ ਮੈਚ ਸ਼੍ਰੀਲੰਕਾ ਨੂੰ ਹਰਾ ਕੇ ਜਿੱਤਿਆ ਸੀ ਉਸ ਇਤਿਹਾਸਿਕ ਮੈਚ ’ਚ ਗੰਭੀਰ ਨੇ 97 ਦੌੜਾਂ ਦੀ ਇਕ ਮਜ਼ਬੂਤ ਪਾਰੀ ਖੇਡੀ ਸੀ। ਗੰਭੀਰ ਦੀ ਇਸ ਸ਼ਾਨਦਾਰ ਪਾਰੀ ਦੀ ਬਦੌਲਤ ਭਾਰਤੀ ਟੀਮ ਵਰਲਡ ਕੱਪ ਦਾ ਫਾਈਨਲ ਮੈਚ ਜਿੱਤਣ ’ਚ ਸਫਲ ਰਹੀ ਸੀ। 2007 ਵਰਲਡ ਟੀ-20 ’ਚ ਵੀ ਗੰਭੀਰ ਦੀ ਬੱਲੇਬਾਜ਼ੀ ਕਮਾਲ ਦੀ ਰਹੀ ਸੀ ਪਰ ਇਸ ਸਭ ਤੋਂ ਬਾਅਦ ਵੀ ਗੰਭੀਰ ਆਪਣਾ ਫੇਅਰਵੈਲ ਮੈਚ ਨਹੀਂ ਖੇਡ ਸਕੇ। ਕਰੀਅਰ ਦੇ ਅਖੀਰ ’ਚ ਜਦੋਂ ਗੰਭੀਰ ਦੀ ਫ਼ਾਰਮ ਖ਼ਰਾਬ ਹੋਈ ਤਾਂ ਟੀਮ ਤੋਂ ਬਾਹਰ ਹੋਏ। ਟੀਮ ਤੋਂ ਬਾਹਰ ਹੋਣ ਦੇ ਬਾਅਦ ਗੰਭੀਰ ਨੇ ਆਈ. ਪੀ. ਐੱਲ. ’ਚ ਸ਼ਾਨਦਾਰ ਪਰਫਾਰਮੈਂਸ ਜਾਰੀ ਰੱਖੀ।

ਵੀ. ਵੀ. ਐੱਸ ਲਕਸ਼ਮਣ
ਵੀ. ਵੀ. ਐੱਸ ਲਕਸ਼ਮਣ ਜਿਵੇਂ ਮਹਾਨ ਬੱਲੇਬਾਜ਼ ਨੂੰ ਵੀ ਰਿਟਾਇਰਮੈਂਟ ਲਈ ਫੇਅਰਵੈਲ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ। ਸਾਲ 2001 ’ਚ ਕੋਲਕਾਤਾ ਟੈਸਟ ’ਚ ਲਕਸ਼ਮਣ ਨੇ 281 ਦੌੜਾਂ ਦੀ ਇਤਿਹਾਸਿਕ ਪਾਰੀ ਖੇਡੀ ਸੀ ਉਹ ਟੈਸਟ ਕ੍ਰਿਕਟ ਦੇ ਇਤਿਹਾਸ ਦੀ ਸਭ ਤੋਂ ਬਿਹਤਰੀਨ ਪਾਰੀਆਂ ’ਚੋਂ ਇਕ ਮੰਨੀ ਜਾਂਦੀ ਹੈ। ਲਕਸ਼ਮਣ ਨੇ ਨੌਜਵਾਨ ਖਿਡਾਰੀਆਂ ਨੂੰ ਜ਼ਿਆਦਾ ਮੌਕਾ ਦੇਣ ਲਈ ਹੀ ਆਪਣੇ ਆਪ ਨੂੰ ਕ੍ਰਿਕਟ ਤੋਂ ਵੱਖ ਕਰ ਲਿਆ ਸੀ। ਸਾਲ 2012 ’ਚ ਲਕਸ਼ਮਣ ਨੇ ਆਖਰੀ ਟੈਸਟ ਮੈਚ ਭਾਰਤ ਲਈ ਖੇਡਿਆ ਸੀ। ਉਨ੍ਹਾਂ ਦੇ ਨਾਮ ਟੈਸਟ ’ਚ ਕੁਲ 17 ਸੈਂਕੜੇ ਅਤੇ ਵਨ-ਡੇ ’ਚ 6 ਸੈਂਕੜੇ ਦਰਜ ਹਨ।

ਜ਼ਹੀਰ ਖਾਨ
ਭਾਰਤ ਦੇ ਮਹਾਨ ਤੇਜ਼ ਗੇਂਦਬਾਜ਼ਾਂ ਚੋਂ ਇਕ ਜ਼ਹੀਰ ਖਾਨ ਨੂੰ ਵੀ ਆਪਣੇ ਕ੍ਰਿਕਟ ਕਰੀਅਰ ਦਾ ਫੇਅਰਵੈਲ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ। ਜ਼ਹੀਰ ਨੇ ਆਪਣੇ ਕਰੀਅਰ ’ਚ 92 ਟੈਸਟ ਅਤੇ 200 ਵਨ-ਡੇ ਮੈਚ ਖੇਡੇ। ਕਪਿਲ ਦੇਵ ਤੋਂ ਬਾਅਦ ਟੈਸਟ ’ਚ ਭਾਰਤ ਵਲੋਂ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਤੇਜ਼ ਗੇਂਦਬਾਜ਼ ਵੀ ਹਨ। ਇਸ ਤੋਂ ਇਲਾਵਾ 2011 ਵਰਲਡ ਕੱਪ ’ਚ ਭਾਰਤੀ ਟੀਮ ਨੂੰ ਜਿੱਤ ਮਿਲੀ ਸੀ ਤਾਂ ਉਸ ਜਿੱਤ ’ਚ ਜ਼ਹੀਰ ਨੇ ਆਪਣੀ ਗੇਂਦਬਾਜ਼ੀ ਨਾਲ ਅਹਿਮ ਭੂਮਿਕਾ ਨਿਭਾਈ ਸੀ। 2011 ਵਰਲਡ ਕੱਪ ’ਚ ਜ਼ਹੀਰ ਨੇ ਕੁੱਲ 21 ਵਿਕਟਾਂ ਹਾਸਲ ਕਰ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਤੇਜ਼ ਗੇਂਦਬਾਜ਼ ਬਣੇ ਸਨ। ਜ਼ਹੀਰ ਨੇ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ 2014 ’ਚ ਨਿਊਜ਼ੀਲੈਂਡ ਖਿਲਾਫ ਖੇਡਿਆ ਸੀ।

Davinder Singh

This news is Content Editor Davinder Singh