IPL ਸਟੇਡੀਅਮ 'ਚ ਦਰਸ਼ਕਾਂ ਦਾ ਸੁਆਗਤ ਕਰਨ ਲਈ ਤਿਆਰ, 25 ਫ਼ੀਸਦੀ ਲੋਕਾਂ ਨੂੰ ਮਿਲੀ ਇਜਾਜ਼ਤ

03/23/2022 2:57:11 PM

ਨਵੀਂ ਦਿੱਲੀ (ਭਾਸ਼ਾ)- ਮੁੰਬਈ ਵਿਚ ਸ਼ਨੀਵਾਰ ਤੋਂ ਸ਼ੁਰੂ ਹੋ ਰਹੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਵਿਚ ਇਸ ਸਾਲ ਦਰਸ਼ਕ ਸਟੇਡੀਅਮ ਵਿਚ ਬੈਠ ਕੇ ਮੈਚਾਂ ਦਾ ਆਨੰਦ ਲੈ ਸਕਣਗੇ। ਆਯੋਜਕਾਂ ਨੇ ਬੁੱਧਵਾਰ ਨੂੰ ਦੱਸਿਆ ਕਿ ਸਟੇਡੀਅਮ ਦੀ ਕੁੱਲ ਸਮਰਥਾ ਦੇ 25 ਫ਼ੀਸਦੀ ਦਰਸ਼ਕਾਂ ਨੂੰ ਪ੍ਰਵੇਸ਼ ਦੀ ਇਜਾਜ਼ਤ ਮਿਲ ਗਈ ਹੈ। ਮੌਜੂਦਾ ਚੈਂਪੀਅਨ ਚੇਨਈ ਸੁਪਰ ਕਿੰਗਜ਼ ਸ਼ਨੀਵਾਰ ਨੂੰ ਵਾਨਖੇੜੇ ਸਟੇਡੀਅਮ ਵਿਚ ਆਈ.ਪੀ.ਐੱਲ. 2022 ਦੇ ਪਹਿਲੇ ਮੈਚ ਵਿਚ ਕੋਲਕਾਤਾ ਨਾਈਟ ਰਾਈਡਰਜ਼ ਨਾਲ ਭਿੜੇਗੀ।

ਆਈ.ਪੀ.ਐੱਲ. ਦੀ ਇਕ ਰਿਲੀਜ਼ ਵਿਚ ਕਿਹਾ ਗਿਆ ਹੈ, 'ਇਹ ਮੈਚ ਇਕ ਮਹੱਤਵਪੂਰਨ ਮੌਕਾ ਹੋਵੇਗਾ, ਕਿਉਂਕਿ ਮਹਾਮਾਰੀ ਕਾਰਨ ਸੰਖੇਪ ਅੰਤਰਾਲ ਦੇ ਬਾਅਦ ਆਈ.ਪੀ.ਐੱਲ. ਪ੍ਰਸ਼ੰਸਕਾਂ ਦਾ ਸਟੇਡੀਅਮ ਵਿਚ ਫਿਰ ਤੋਂ ਸਵਾਗਤ ਕਰੇਗਾ'। ਰਿਲੀਜ਼ ਅਨੁਸਾਰ, 'ਮੁੰਬਈ, ਨਵੀਂ ਮੁੰਬਈ ਅਤੇ ਪੁਣੇ ਦੇ ਸਟੇਡੀਅਮਾਂ ਵਿਚ ਮੈਚ ਖੇਡੇ ਜਾਣਗੇ, ਜਿਸ ਵਿਚ ਕੋਵਿਡ-19 ਪ੍ਰੋਟੋਕੋਲ ਦੇ ਅਨੁਸਾਰ ਸਟੇਡੀਅਮ ਦੀ ਸਮਰੱਥਾ ਦੇ 25 ਫ਼ੀਸਦੀ ਦਰਸ਼ਕ ਸਟੇਡੀਅਮ ਵਿਚ ਬੈਠ ਕੇ ਮੈਚ ਦੇਖ ਸਕਣਗੇ।' IPL ਦੀਆਂ 2 ਨਵੀਆਂ ਟੀਮਾਂ ਲਖਨਊ ਸੁਪਰ ਜਾਇੰਟਸ ਅਤੇ ਗੁਜਰਾਤ ਟਾਈਟਨਸ ਦੇ ਨਾਲ ਇਸ ਸੀਜ਼ਨ ਵਿਚ ਕੁੱਲ 74 ਮੈਚ ਹੋਣਗੇ। ਲੀਗ ਪੜਾਅ ਲਈ ਟਿਕਟਾਂ ਦੀ ਆਨਲਾਈਨ ਵਿਕਰੀ ਬੁੱਧਵਾਰ ਤੋਂ ਸ਼ੁਰੂ ਹੋ ਗਈ ਹੈ।

cherry

This news is Content Editor cherry