22 ਛੱਕੇ, 17 ਚੌਕੇ... ਵੈਸਟਇੰਡੀਜ਼ ਦੇ ਧਾਕੜ ਨੇ ਟੀ-20 ''ਚ ਲਗਾਇਆ ਦੋਹਰਾ ਸੈਂਕੜਾ, ਬਣਾਇਆ ਵੱਡਾ ਸਕੋਰ

10/06/2022 1:57:55 PM

ਅਟਲਾਂਟਾ : ਜਦੋਂ ਕਿਸੇ ਬੱਲੇਬਾਜ਼ ਦਾ ਬੱਲਾ ਚਲਦਾ ਹੈ ਤਾਂ ਨਾ ਸਿਰਫ਼ ਚੌਕੇ-ਛੱਕਿਆਂ ਦੀ ਝੜੀ ਲਗਦੀ ਹੈ ਸਗੋਂ ਦੌੜਾਂ ਦਾ ਵੀ ਪਹਾੜ ਖੜ੍ਹਾ ਹੋ ਜਾਂਦਾ ਹੈ। ਟੀ-20 ਕ੍ਰਿਕਟ 'ਚ ਇਨ੍ਹੀਂ ਦਿਨੀਂ ਕਈ ਧਮਾਕੇਦਾਰ ਪਾਰੀਆਂ ਦੇਖਣ ਨੂੰ ਮਿਲ ਰਹੀਆਂ ਹਨ ਪਰ ਵਿੰਡੀਜ਼ ਕ੍ਰਿਕਟ ਟੀਮ ਦੇ ਆਲਰਾਊਂਡਰ ਰਹਿਕੀਮ ਕਾਰਨਵਾਲ ਦੀ ਇਕ ਪਾਰੀ ਨੇ ਸਾਰਿਆਂ ਦਾ ਦਿਲ ਜਿੱਤ ਲਿਆ। ਕਾਰਨਵਾਲ ਇਸ ਸਮੇਂ ਅਮਰੀਕਾ ਵਿੱਚ ਚੱਲ ਰਹੇ ਅਟਲਾਂਟਾ ਓਪਨ ਟੀ-20 ਕ੍ਰਿਕਟ ਟੂਰਨਾਮੈਂਟ ਵਿੱਚ ਖੇਡ ਰਿਹਾ ਹੈ। ਇੱਥੇ ਉਸ ਨੇ ਬੁੱਧਵਾਰ ਨੂੰ ਅਟਲਾਂਟਾ ਫਾਇਰ ਲਈ ਖੇਡਦੇ ਹੋਏ ਸਕੁਆਇਰ ਡਰਾਈਵ ਦੇ ਖਿਲਾਫ ਤੂਫਾਨੀ ਦੋਹਰਾ ਸੈਂਕੜਾ ਲਗਾਇਆ।

22 ਛੱਕੇ, 17 ਚੌਕੇ...

6 ਫੁੱਟ 5 ਇੰਚ ਲੰਬੇ ਇਸ ਕੈਰੇਬੀਆਈ ਬੱਲੇਬਾਜ਼ ਨੇ 77 ਗੇਂਦਾਂ 'ਚ 205 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਦੌਰਾਨ ਉਨ੍ਹਾਂ ਨੇ 22 ਛੱਕੇ ਅਤੇ 17 ਚੌਕੇ ਲਗਾਏ ਭਾਵ ਉਸ ਨੇ 200 ਦੌੜਾਂ ਸਿਰਫ਼ ਬਾਊਂਡਰੀ ਰਾਹੀਂ ਹੀ ਬਣਾਈਆਂ। ਇਸ ਤਰ੍ਹਾਂ ਉਸ ਨੇ 266.23 ਦੀ ਸਟ੍ਰਾਈਕ ਰੇਟ ਨਾਲ ਅਜੇਤੂ 205 ਦੌੜਾਂ ਬਣਾਈਆਂ। ਕਾਰਨਵਾਲ ਨੇ ਪਾਰੀ ਦੀ ਆਖਰੀ ਗੇਂਦ 'ਤੇ ਛੱਕਾ ਲਗਾ ਕੇ ਦੋਹਰਾ ਸੈਂਕੜਾ ਪੂਰਾ ਕੀਤਾ। ਇਸ ਤੋਂ ਪਹਿਲਾਂ ਉਸ ਨੇ 43 ਗੇਂਦਾਂ 'ਤੇ ਸੈਂਕੜਾ ਪੂਰਾ ਕੀਤਾ ਸੀ। ਉਸ ਦੀ ਪਾਰੀ ਦੀ ਮਦਦ ਨਾਲ ਅਟਲਾਂਟਾ ਫਾਇਰ ਨੇ ਨਿਰਧਾਰਤ 20 ਓਵਰਾਂ ਵਿੱਚ 1 ਵਿਕਟ ਗੁਆ ਕੇ 326 ਦੌੜਾਂ ਬਣਾਈਆਂ।

ਇਹ ਵੀ ਪੜ੍ਹੋ : ਸ਼੍ਰੀਜੇਸ਼ ਤੇ ਸਵਿਤਾ ਨੇ ਜਿੱਤਿਆ ਸਰਵਸ੍ਰੇਸ਼ਠ ਗੋਲਕੀਪਰ ਦਾ ਐਵਾਰਡ

ਕਾਰਨਵਾਲ ਤੋਂ ਇਲਾਵਾ ਸਟੀਵਨ ਟੇਲਰ ਨੇ 18 ਗੇਂਦਾਂ 'ਚ 294.44 ਦੀ ਸਟ੍ਰਾਈਕ ਰੇਟ ਨਾਲ 53 ਦੌੜਾਂ ਬਣਾਈਆਂ, ਜਿਸ 'ਚ 5 ਛੱਕੇ ਅਤੇ 5 ਚੌਕੇ ਸ਼ਾਮਲ ਸਨ। ਇਸ ਦੇ ਨਾਲ ਹੀ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ ਸਮੀ ਅਸਲਮ ਨੇ 29 ਗੇਂਦਾਂ 'ਤੇ 53 ਦੌੜਾਂ ਬਣਾਈਆਂ, ਜਿਸ 'ਚ 7 ਚੌਕੇ ਅਤੇ 3 ਛੱਕੇ ਸ਼ਾਮਲ ਸਨ। ਵੱਡੇ ਟੀਚੇ ਦਾ ਪਿੱਛਾ ਕਰਦਿਆਂ ਸਕੁਆਇਰ ਡਰਾਈਵ ਦੀ ਟੀਮ 20 ਓਵਰਾਂ ਵਿੱਚ 8 ਵਿਕਟਾਂ ਗੁਆ ਕੇ ਸਿਰਫ਼ 154 ਦੌੜਾਂ ਹੀ ਬਣਾ ਸਕੀ ਅਤੇ ਅਟਲਾਂਟਾ ਫਾਇਰ 172 ਦੌੜਾਂ ਨਾਲ ਜਿੱਤ ਗਈ। ਜਸਟਿਨ ਡਿਲ ਨੇ 3.50 ਦੀ ਪ੍ਰਭਾਵਸ਼ਾਲੀ ਇਕੌਨਮੀ ਦਰ ਨਾਲ 4 ਓਵਰਾਂ ਦੇ ਆਪਣੇ ਕੋਟੇ ਵਿੱਚੋਂ ਸਿਰਫ਼ 14 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ।

ਬਾਊਂਡਰੀ ਤੋਂ ਬਣਾਉਂਦੇ ਹਨ ਜ਼ਿਆਦਾ ਦੌੜਾਂ 

ਖਾਸ ਗੱਲ ਇਹ ਹੈ ਕਿ ਕਾਰਨਵਾਲ ਸਿਰਫ ਬਾਊਂਡਰੀ ਦੇ ਜ਼ਰੀਏ ਹੀ ਦੌੜਾਂ ਬਣਾਉਣ 'ਚ ਵਿਸ਼ਵਾਸ ਰੱਖਦੇ ਹਨ। ਆਪਣੇ ਭਾਰੀ ਵਜ਼ਨ ਕਾਰਨ ਉਹ ਦੌੜਦੇ ਨਹੀਂ, ਪਰ ਖੜ੍ਹੇ ਹੋ ਕੇ ਲੰਬੇ ਸ਼ਾਟ ਖੇਡਣ ਦੀ ਉਸ ਦੀ ਯੋਗਤਾ ਕਿਸੇ ਵੀ ਗੇਂਦਬਾਜ਼ ਦੀ ਲੈਂਥ ਨੂੰ ਵਿਗਾੜਨ ਲਈ ਕਾਫੀ ਹੈ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


 

Tarsem Singh

This news is Content Editor Tarsem Singh