ਜ਼ਿੰਬਾਬਵੇ ਦੇ ਮੈਚ ਅਧਿਕਾਰੀ ਨਾਇਰ ''ਤੇ 20 ਸਾਲ ਦੀ ਪਾਬੰਦੀ

03/28/2018 1:26:27 AM

ਹਰਾਰੇ— ਕੌਮਾਂਤਰੀ ਕ੍ਰਿਕਟ ਪ੍ਰੀਸ਼ਦ ਨੇ ਜ਼ਿੰਬਾਬਵੇ 'ਚ ਘਰੇਲੂ ਕ੍ਰਿਕਟ ਮੈਚ ਅਧਿਕਾਰੀ ਰਾਜਨ ਨਾਇਰ ਨੂੰ ਇਕ ਕੌਮਾਂਤਰੀ ਮੈਚ 'ਚ ਫਿਕਸਿੰਗ ਕਰਾਉਣ ਦੀ ਕੋਸ਼ਿਸ਼ ਕਾਰਨ 20 ਸਾਲ ਲਈ ਕ੍ਰਿਕਟ ਦੀਆਂ ਗਤੀਵਿਧੀਆਂ ਤੋਂ ਪਾਬੰਦੀਸ਼ੁਦਾ ਕਰ ਦਿੱਤਾ ਹੈ।
ਇਹ ਘਟਨਾ ਪਿਛਲੇ ਸਾਲ ਅਕਤੂਬਰ ਦੀ ਹੈ, ਜਦੋਂ ਨਾਇਰ ਨੇ ਜ਼ਿੰਬਾਬਵੇ ਦੇ ਕਪਤਾਨ ਗ੍ਰੀਮ ਕ੍ਰੇਮਰ ਨਾਲ ਮੈਚ ਫਿਕਸਿੰਗ ਕਰਨ ਲਈ ਸੰਪਰਕ ਕੀਤਾ ਸੀ ਤੇ ਇਸ ਦੇ ਬਦਲੇ 30 ਹਜ਼ਾਰ ਅਮਰੀਕੀ ਡਾਲਰ ਦਿਵਾਉਣ ਦਾ ਵਾਅਦਾ ਕੀਤਾ ਸੀ। ਕ੍ਰੇਮਰ ਨੇ ਤੁਰੰਤ ਇਸ ਮਾਮਲੇ ਦੀ ਜਾਣਕਾਰੀ ਆਈ. ਸੀ. ਸੀ. ਨੂੰ ਦਿੱਤੀ ਸੀ, ਜਿਸ ਨੇ ਫਿਰ ਇਸ ਦੀ ਜਾਂਚ ਕਰਾਈ। 
ਹਰਾਰੇ ਮੈਟਰੋਪਾਲਿਟਨ ਕ੍ਰਿਕਟ ਸੰਘ ਦੇ ਖਜ਼ਾਨਚੀ ਤੇ ਮਾਰਕੀਟਿੰਗ ਨਿਰਦੇਸ਼ ਡਾਇਰੈਕਟਰ ਨਾਇਰ ਨੇ ਵੀ ਆਪਣੇ ਵਿਰੁੱਧ ਸਾਰੇ ਦੋਸ਼ਾਂ ਨੂੰ ਸਵੀਕਾਰ ਕੀਤਾ ਸੀ। ਨਾਇਰ ਨੂੰ ਵਿਸ਼ਵ ਪੱਧਰੀ ਸੰਸਥਾ ਨੇ ਇਸ ਮਾਮਲੇ ਦੀ ਜਾਂਚ ਕਰਦਿਆਂ ਪਿਛਲੀ 16 ਜਨਵਰੀ ਨੂੰ ਅਸਥਾਈ ਤੌਰ 'ਤੇ ਸਸਪੈਂਡ ਕਰ ਦਿੱਤਾ ਸੀ ਤੇ ਉਸ 'ਤੇ 20 ਸਾਲ ਦੀ ਪਾਬੰਦੀ ਵੀ ਇਸੇ ਮਿਤੀ ਤੋਂ ਸ਼ੁਰੂ ਹੋਵੇਗੀ।