ਭਾਰਤ ਦੇ 2 ਅਜਿਹੇ ਖਿਡਾਰੀ ਜਿਨ੍ਹਾਂ ਨੇ ਹਾਰ ਦੇ ਬਾਵਜੂਦ ਆਪਣੇ ਪ੍ਰਦਰਸ਼ਨ ਨਾਲ ਜਿੱਤਿਆ ਸਭ ਦਾ ਦਿਲ

02/10/2020 4:03:32 PM

ਨਵੀਂ ਦਿੱਲੀ : ਅਵਿਸ਼ੇਕ ਦਾਸ (40 ਦੌੜਾਂ ਦੇ ਕੇ 3 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਤੋਂ ਬਾਅਦ ਓਪਨਰ ਪਰਵੇਜ਼ ਹੁਸੈਨ ਏਮੋਨ ਦੀ 47 ਦੌੜਾਂ ਦੀ ਦਮਦਾਰ ਪਾਰੀ ਅਤੇ ਕਪਤਾਨ ਅਕਬਰ ਅਲੀ ਦੀ ਅਜੇਤੂ 43 ਦੌੜਾਂ ਦੀ ਜ਼ਿੰਮੇਵਾਰੀ ਭਰੀ ਪਾਰੀ ਦੇ ਦਮ 'ਤੇ ਬੰਗਲਾਦੇਸ਼ ਨੇ ਸਾਬਕਾ ਚੈਂਪੀਅਨ ਭਾਰਤ ਨੂੰ ਐਤਵਾਰ ਡਕਵਰਥ ਲੁਈਸ ਨਿਯਮ ਦੇ ਤਹਿਤ 3 ਵਿਕਟਾਂ ਨਾਲ ਹਰਾ ਕੇ ਪਹਿਲੀ ਵਾਰ ਆਈ. ਸੀ. ਸੀ. ਅੰਡਰ-19 ਵਰਲਡ ਕੱਪ ਕ੍ਰਿਕਟ ਟੂਰਨਾਮੈਂਟ ਜਿੱਤਿਆ ਹੈ।

ਬੰਗਲਾਦੇਸ਼ ਨੇ ਆਪਣੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ 'ਤੇ ਭਾਰਤ ਨੂੰ 47.2 ਓਵਰਾਂ ਵਿ 177 ਦੌੜਾਂ 'ਤੇ ਰੋਕ ਦਿੱਤਾ ਅਤੇ ਮੀਂਹ ਕਾਰਨ 170 ਦੌੜਾਂ ਦੇ ਸੋਧੇ ਟੀਚੇ ਨੂੰ 42.1 ਓਵਰਾਂ ਵਿਚ 7 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਬੰਗਲਾਦੇਸ਼ ਦੇ ਖਿਡਾਰੀਆਂ ਨੇ ਇਸ ਤੋਂ ਬਾਅਧ ਮੈਦਾਨ 'ਚ ਪਹਿਲੀ ਵਾਰ ਵਰਲਡ ਚੈਂਪੀਅਨ ਬਣਨ ਦਾ ਜਸ਼ਨ ਮਨਾਇਆ।

ਯਸ਼ਸਵੀ ਜੈਸਵਾਲ ਬਣੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼
ਇਸ ਟੂਰਨਾਮੈਂਟ ਵਿਚ ਭਾਰਤੀ ਬੱਲੇਬਾਜ਼ ਯਸ਼ਸਵੀ ਜੈਸਵਾਲ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਰਹੇ ਅਤੇ ਉਸ ਨੇ 6 ਮੈਚੰ ਵਿਚ 133.33 ਦੀ ਔਸਤ ਨਾਲ ਕੁਲ 400 ਦੌੜਾਂ ਬਣਾਈਆਂ। ਫਾਈਨਲ ਮੁਕਾਬਲੇ ਵਿਚ ਵੀ ਉਸ ਨੇ 88 ਦੌੜਾਂ ਦੀ ਪਾਰੀ ਖੇਡੀ। ਉਸ ਨੇ ਇਸ ਟੂਰਨਾਮੈਂਟ ਵਿਚ ਇਕ ਸੈਂਕੜਾ ਅਤੇ 4 ਅਰਧ ਸੈਂਕੜੇ ਲਾਏ। ਇਸ ਦੌਰਾਨ ਉਸ ਨੇ 39 ਚੌਕੇ ਅਤੇ 10 ਛੱਕੇ ਵੀ ਲਾਏ। ਉਹ ਭਾਰਤ ਵੱਲੋਂ ਵੀ ਇਸ ਟੂਰਨਾਮੈਂਟ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਇਕਲੌਤੇ ਬੱਲੇਬਾਜ਼ ਰਹੇ।

ਰਵੀ ਬਿਸ਼ਨੋਈ ਨੇ ਹਾਸਲ ਕੀਤੀਆਂ ਸਭ ਤੋਂ ਵੱਧ ਵਿਕਟਾਂ

ਬੰਗਲਾਦੇਸ਼ ਖਿਲਾਫ ਫਾਈਨਲ ਵਿਚ ਟੀਮ ਇੰਡੀਆ ਦੀ ਵਾਪਸੀ ਕਰਾਉਣ ਵਾਲੇ ਫਿਰਕੀ ਗੇਂਦਬਾਜ਼ ਰਵੀ ਬਿਸ਼ਨੋਈ ਨੇ ਆਪਣੀ ਗੁਗਲੀ ਅਤੇ ਸਟੀਕ ਗੇਂਦਬਾਜ਼ੀ ਨਾਲ ਪੂਰੇ ਟੂਰਨਾਮੈਂਟ ਵਿਚ ਬੱਲੇਬਾਜ਼ਾਂ ਨੂੰ ਕਾਫੀ ਪਰੇਸ਼ਾਨ ਕੀਤਾ ਅਤੇ ਵਿਕਟਾਂ ਹਾਸਲ ਕੀਤੀਆਂ। ਉਸ ਨੇ ਟੂਰਨਾਮੈਂਟ ਵਿਚ 3 ਵਾਰ 4 ਵਿਕਟਾਂ ਵੀ ਆਪਣੇ ਨਾਂ ਕੀਤੀਆਂ। ਬਿਸ਼ਨੋਈ ਨੇ ਪੂਰੇ ਟੂਰਨਾਮੈਂਟ ਦੌਰਾਨ 6 ਮੈਚਾਂ ਵਿਚ ਸਭ ਤੋਂ ਵੱਧ 17 ਵਿਕਟਾਂ ਲਈਆਂ ਅਤੇ ਟੂਰਨਾਮੈਂਟ ਵਿਚ ਸਭ ਤੋਂ ਵੱਧ ਵਿਕਟਾਂ ਹਾਸਲ ਕਰਨ ਵਾਲੇ ਗੇਂਦਬਾਜ਼ ਬਣੇ। ਫਾਈਨਲ ਮੁਕਾਬਲੇ ਵਿਚ ਵੀ ਉਸ ਨੇ ਸਭ ਤੋਂ ਵੱਧ 4 ਵਿਕਟਾਂ ਲਈਆਂ।