ਪਿਛਲੇ ਪੰਜ ਸਾਲ ਦੇ ਮੈਡਲ ਜੇਤੂ 1807 ਖਿਡਾਰੀਆਂ ਨੂੰ ਨਗਦ ਰਾਸ਼ੀ ਨਾਲ ਕੀਤਾ ਜਾਵੇਗਾ ਸਨਮਾਨਤ

08/27/2023 6:19:10 PM

ਚੰਡੀਗੜ੍ਹ- ਖੇਡਾਂ ਤੇ ਖਿਡਾਰੀਆਂ ਪੱਖੀ ਮਾਹੌਲ ਸਿਰਜਣ ਲਈ ਨਿਰੰਤਰ ਯਤਨਸ਼ੀਲ ਪੰਜਾਬ ਸਰਕਾਰ ਹੁਣ ਪਿਛਲੇ ਪੰਜ ਸਾਲਾਂ ਦੇ ਨਗਦ ਇਨਾਮ ਰਾਸ਼ੀ ਤੋਂ ਸੱਖਣੇ ਖਿਡਾਰੀਆਂ ਨੂੰ ਕੌਮੀ ਖੇਡ ਦਿਵਸ ਮੌਕੇ ਤੋਹਫ਼ਾ ਦੇਣ ਜਾ ਰਹੀ ਹੈ। ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਉਤੇ ਖੇਡ ਵਿਭਾਗ ਵੱਲੋਂ 2017 ਤੋਂ ਹੁਣ ਤੱਕ ਨਗਦ ਇਨਾਮ ਰਾਸ਼ੀ ਤੋਂ ਵਾਂਝੇ ਰਹੇ ਸਟੇਟ ਤੋਂ ਲੈ ਕੇ ਕੌਮਾਂਤਰੀ ਪੱਧਰ ਤੱਕ ਮੈਡਲ ਜੇਤੂ 1807 ਖਿਡਾਰੀਆਂ ਦੀ ਸੂਚੀ ਤਿਆਰ ਕਰ ਲਈ ਗਈ ਹੈ। ਮੁੱਖ ਮੰਤਰੀ 29 ਅਗਸਤ ਨੂੰ ਬਠਿੰਡਾ ਵਿਖੇ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਸੀਜ਼ਨ-2 ਦੇ ਉਦਘਾਟਨੀ ਸਮਾਰੋਹ ਮੌਕੇ ਇਨ੍ਹਾਂ 1807 ਖਿਡਾਰੀਆਂ ਨੂੰ ਕੁੱਲ 5.94 ਕਰੋੜ ਰੁਪਏ ਦੀ ਇਨਾਮ ਰਾਸ਼ੀ ਨਾਲ ਸਨਮਾਨਤ ਕਰਨਗੇ।

ਇਹ ਵੀ ਪੜ੍ਹੋ : B'Day Special: ਇਸ ਖ਼ਤਰਨਾਕ ਬੀਮਾਰੀ ਨਾਲ ਲੜ ਕੇ ਵਿਸ਼ਵ ਚੈਂਪੀਅਨ ਬਣੇ 'ਦਿ ਗ੍ਰੇਟ ਖਲੀ'

ਅੱਜ ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਦੇ ਧਿਆਨ ਵਿੱਚ ਆਇਆ ਸੀ ਕਿ ਸੂਬੇ ਵਿੱਚ ਬਹੁਤ ਖਿਡਾਰੀ ਅਜਿਹੇ ਸਨ ਜਿਨ੍ਹਾਂ ਨੂੰ ਮੈਡਲ ਜਿੱਤਣ ਦੇ ਬਾਵਜੂਦ ਪਿਛਲੇ ਪੰਜ ਸਾਲਾਂ ਤੋਂ ਨਗਦ ਇਨਾਮ ਰਾਸ਼ੀ ਨਹੀਂ ਮਿਲੀ। ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਨਿਰਦੇਸ਼ ਦਿੱਤੇ ਗਏ ਕਿ ਖੇਡ ਵਿਭਾਗ ਇਨ੍ਹਾਂ ਖਿਡਾਰੀਆਂ ਦੀ ਸੂਚੀ ਤਿਆਰ ਕਰਕੇ ਇਨ੍ਹਾਂ ਦਾ ਬਣਦਾ ਹੱਕ ਦੇਵੇ। ਖੇਡ ਵਿਭਾਗ ਵੱਲੋਂ ਸਾਲ 2017 ਤੋਂ ਹੁਣ ਤੱਕ ਅਜਿਹੇ 1807 ਖਿਡਾਰੀਆਂ ਦੀ ਸੂਚੀ ਤਿਆਰ ਕੀਤੀ ਗਈ ਹੈ ਜਿਨ੍ਹਾਂ ਦੀ ਕੁੱਲ ਇਨਾਮ ਰਾਸ਼ੀ 5,94,45,400 (5.94 ਕਰੋੜ) ਰੁਪਏ ਬਣਦੀ ਹੈ। ਇਹ ਖਿਡਾਰੀ ਸੂਬਾ, ਕੌਮੀ ਤੇ ਕੌਮਾਂਤਰੀ ਮੁਕਾਬਲਿਆਂ ਵਿੱਚ ਤਮਗ਼ੇ ਜਿੱਤ ਕੇ ਸੂਬੇ ਦਾ ਨਾਮ ਰੌਸ਼ਨ ਕਰ ਚੁੱਕੇ ਹਨ। 

ਖੇਡ ਮੰਤਰੀ ਨੇ ਕਿਹਾ ਕਿ ਹੁਣ ਇਨ੍ਹਾਂ ਖਿਡਾਰੀਆਂ ਨੂੰ ਕੌਮੀ ਖੇਡ ਦਿਵਸ ਮੌਕੇ 29 ਅਗਸਤ ਨੂੰ ਬਠਿੰਡਾ ਵਿਖੇ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਸੀਜ਼ਨ-2 ਦੇ ਉਦਘਾਟਨੀ ਸਮਾਰੋਹ ਮੌਕੇ ਮੁੱਖ ਮੰਤਰੀ ਨਗਦ ਇਨਾਮ ਰਾਸ਼ੀ ਨਾਮ ਸਨਮਾਨਤ ਕਰਨਗੇ। ਉਨ੍ਹਾਂ ਕਿਹਾ ਕਿ ਖੇਡ ਵਿਭਾਗ ਵੱਲੋਂ ਨਵੀਂ ਖੇਡ ਨੀਤੀ ਬਣਾਈ ਗਈ ਹੈ ਅਤੇ ਅਗਲੇ ਸਾਲਾਂ ਵਿੱਚ ਕਿਸੇ ਵੀ ਖਿਡਾਰੀ ਨੂੰ ਉਸ ਦਾ ਬਣਦਾ ਮਾਣ-ਸਨਮਾਨ ਤੁਰੰਤ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਪੰਜਾਬ ਦੇ ਇਸ ਨੌਜਵਾਨ ਨੇ ਤੋੜ 'ਤਾ Bruce Lee ਦਾ ਰਿਕਾਰਡ, ਗਿਨੀਜ਼ ਵਰਲਡ ਰਿਕਾਰਡ 'ਚ ਨਾਂ ਹੋਇਆ ਦਰਜ

ਮੀਤ ਹੇਅਰ ਨੇ ਨਗਦ ਇਨਾਮ ਰਾਸ਼ੀ ਨਾਲ ਸਨਮਾਨਤ ਕੀਤੇ ਜਾਣ ਵਾਲੇ 1807 ਖਿਡਾਰੀਆਂ ਦੇ ਵੇਰਵੇ ਜਾਰੀ ਕਰਦਿਆਂ ਦੱਸਿਆ ਕਿ 2017-18 ਸਾਲ ਦੇ 997 ਖਿਡਾਰੀਆਂ ਨੂੰ 1.58 ਕਰੋੜ ਰੁਪਏ, 2018-19 ਦੇ 135 ਖਿਡਾਰੀਆਂ ਨੂੰ 47.96 ਲੱਖ ਰੁਪਏ, 2019-20 ਦੇ 287 ਖਿਡਾਰੀਆਂ ਨੂੰ 1.75 ਕਰੋੜ ਰੁਪਏ, 2020-21 ਦੇ 51 ਖਿਡਾਰੀਆਂ ਨੂੰ 19.05 ਲੱਖ ਰੁਪਏ, 2021-22 ਦੇ 203 ਖਿਡਾਰੀਆਂ ਨੂੰ 1.32 ਕਰੋੜ ਰੁਪਏ ਅਤੇ ਪਿਛਲੇ ਸਾਲ ਹੋਈਆਂ 36ਵੀਆਂ ਕੌਮੀ ਖੇਡਾਂ ਵਿੱਚ ਸਰਵਿਸਜ਼ ਵੱਲੋਂ ਮੈਡਲ ਜਿੱਤਣ ਵਾਲੇ 10 ਖਿਡਾਰੀਆਂ ਨੂੰ 41 ਲੱਖ ਰੁਪਏ। ਇਸ ਤਰ੍ਹਾਂ ਕੁੱਲ 1807 ਖਿਡਾਰੀਆਂ ਨੂੰ 5,94,45,400 (5.94 ਕਰੋੜ) ਰੁਪਏ ਨਾਲ ਸਨਮਾਨਿਆ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh