ਯੂ. ਜੀ. ਸੀ. ਨੂੰ ਨਵੇਂ ਚੇਅਰਮੈਨ ਦੀ ਉਡੀਕ

12/11/2017 8:30:07 AM

ਯੂਨੀਵਰਸਿਟੀ ਗਰਾਂਟਸ ਕਮਿਸ਼ਨ (ਯੂ. ਜੀ. ਸੀ.) ਦੇ ਚੇਅਰਮੈਨ ਵੇਦ ਪ੍ਰਕਾਸ਼ ਦੇ ਰਿਟਾਇਰ ਹੋਣ ਦੇ 9 ਮਹੀਨਿਆਂ ਬਾਅਦ ਵੀ ਮਨੁੱਖੀ ਸੋਮਿਆਂ ਦਾ ਵਿਕਾਸ ਮੰਤਰਾਲਾ (ਐੱਚ. ਆਰ. ਡੀ.) ਉਨ੍ਹਾਂ ਦੇ ਉੱਤਰਾਧਿਕਾਰੀ ਨੂੰ ਨਿਯੁਕਤ ਕਰਨ 'ਚ ਅਸਮਰੱਥ ਰਿਹਾ ਹੈ। ਅਸਲ 'ਚ ਸੂਤਰਾਂ ਦਾ ਕਹਿਣਾ ਹੈ ਕਿ ਮੰਤਰਾਲੇ ਨੇ ਹੁਣ ਉਸ ਖੋਜ ਅਤੇ ਚੋਣ (ਐੱਸ. ਸੀ. ਐੱਸ.) ਕਮੇਟੀ ਨੂੰ ਹੀ ਰੱਦ ਕਰ ਦਿੱਤਾ ਹੈ, ਜਿਸ ਨੂੰ ਇਸ ਸਾਲ ਦੇ ਸ਼ੁਰੂ ਵਿਚ ਗਠਿਤ ਕੀਤਾ ਗਿਆ ਸੀ। ਇਸ ਨੂੰ ਚੇਅਰਮੈਨ ਦੇ ਅਹੁਦੇ ਲਈ ਯੋਗ ਨਾਂ ਸੁਝਾਉਣ ਲਈ ਗਠਿਤ ਕੀਤਾ ਗਿਆ ਪਰ ਦੱਸਿਆ ਜਾ ਰਿਹਾ ਹੈ ਕਿ ਕਮੇਟੀ ਯੂ. ਜੀ. ਸੀ. ਚੇਅਰਮੈਨ ਦੇ ਅਹੁਦੇ ਲਈ ਕੋਈ ਢੁੱਕਵਾਂ ਨਾਂ ਦੱਸਣ ਵਿਚ ਅਸਫਲ ਰਹੀ ਹੈ। 
ਇਸ ਸਾਲ ਅਪ੍ਰੈਲ ਵਿਚ ਵੇਦ ਪ੍ਰਕਾਸ਼ ਦੀ ਰਿਟਾਇਰਮੈਂਟ ਤੋਂ ਤੁਰੰਤ ਬਾਅਦ ਮੰਤਰਾਲੇ ਨੇ ਕਮੇਟੀ ਦੀ ਸਥਾਪਨਾ ਕੀਤੀ ਸੀ, ਜਿਸ ਨੇ ਜੂਨ ਵਿਚ 4 ਨਾਵਾਂ ਨੂੰ ਚੁਣਿਆ ਸੀ ਅਤੇ ਅੰਤਿਮ ਮਨਜ਼ੂਰੀ ਲਈ ਉਨ੍ਹਾਂ ਨੂੰ ਮੰਤਰਾਲੇ ਕੋਲ ਭੇਜ ਦਿੱਤਾ ਗਿਆ ਸੀ ਪਰ ਪੂਰਾ ਮਾਮਲਾ ਮੰਤਰਾਲੇ ਵਿਚ ਠੰਡੇ ਬਸਤੇ 'ਚ ਚਲਾ ਗਿਆ।
ਇਸੇ ਦੌਰਾਨ ਕਮਿਸ਼ਨ ਦੇ ਮੈਂਬਰਾਂ 'ਚੋਂ ਇਕ ਵੀ. ਐੱਸ. ਚੌਹਾਨ, ਉਦੋਂ ਤੋਂ ਕਾਰਜਕਾਰੀ ਚੇਅਰਮੈਨ ਦੇ ਤੌਰ 'ਤੇ ਕਾਰਜਭਾਰ ਸੰਭਾਲ ਰਹੇ ਹਨ। ਇਸੇ ਦੌਰਾਨ ਐੱਚ. ਆਰ. ਡੀ. ਮੰਤਰਾਲੇ ਨੇ ਉਨ੍ਹਾਂ ਨੂੰ ਸੇਵਾ-ਵਿਸਤਾਰ ਵੀ ਪ੍ਰਦਾਨ ਕਰ ਦਿੱਤਾ ਸੀ ਪਰ ਚੌਹਾਨ, ਜੋ ਯੂ. ਜੀ. ਸੀ. ਦੇ ਮੈਂਬਰ ਦੇ ਰੂਪ ਵਿਚ ਆਪਣੀ ਦੂਜੀ ਮਿਆਦ ਦੀਆਂ ਸੇਵਾਵਾਂ ਦੇ ਰਹੇ ਹਨ, ਇਸ ਮਹੀਨੇ ਦੇ ਅਖੀਰ ਤਕ ਰਿਟਾਇਰ ਹੋਣ ਜਾ ਰਹੇ ਹਨ। ਇਸ ਦਾ ਮਤਲਬ ਇਹ ਹੈ ਕਿ ਜੇਕਰ ਸਰਕਾਰ 31 ਦਸੰਬਰ ਤੋਂ ਪਹਿਲਾਂ ਇਕ ਨਿਯਮਿਤ ਚੇਅਰਮੈਨ ਨੂੰ ਨਿਯੁਕਤ ਨਹੀਂ ਕਰਦੀ ਤਾਂ ਯੂ. ਜੀ. ਸੀ. ਇਕ ਵਾਰ ਫਿਰ ਤੋਂ 'ਬੇਸਹਾਰਾ' ਹੋ ਜਾਵੇਗੀ। 
ਸ਼ੰਘਾਈ ਵੱਲ ਵਧਦੇ ਕਦਮ : ਇਸ ਸਾਲ (ਪਾਕਿਸਤਾਨ ਦੇ ਨਾਲ) ਸ਼ੰਘਾਈ ਕੋਆਪ੍ਰੇਸ਼ਨ ਆਰਗੇਨਾਈਜ਼ੇਸ਼ਨ (ਐੱਸ. ਸੀ. ਓ.) ਵਿਚ ਭਾਰਤ ਦੀ ਮੈਂਬਰਸ਼ਿਪ ਨੂੰ ਰਸਮੀ ਤੌਰ 'ਤੇ ਮਨਜ਼ੂਰੀ ਪ੍ਰਦਾਨ ਕਰ ਦਿੱਤੀ ਗਈ। ਮੁਕੰਮਲ ਮੈਂਬਰ ਬਣਨ ਤੋਂ ਬਾਅਦ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ 30 ਨਵੰਬਰ ਅਤੇ 1 ਦਸੰਬਰ ਨੂੰ ਸੋਚੀ, ਰੂਸ ਵਿਚ ਐੱਸ. ਸੀ. ਓ. ਮੁਖੀਆਂ ਦੀ ਪ੍ਰੀਸ਼ਦ ਦੀ 16ਵੀਂ ਬੈਠਕ ਵਿਚ ਹਿੱਸਾ ਲਿਆ।  ਹੁਣ 2 ਭਾਰਤੀ ਵਿਦੇਸ਼ ਸੇਵਾ (ਆਈ. ਐੱਫ. ਐੱਸ.) ਅਧਿਕਾਰੀ, 2005 ਬੈਚ ਦੇ ਆਨੰਦ ਪ੍ਰਕਾਸ਼ ਅਤੇ 2012 ਬੈਚ ਦੇ ਕ੍ਰਿਸ਼ਣ ਕੇ. ਨੂੰ 3 ਸਾਲਾਂ ਲਈ ਐੱਸ. ਸੀ. ਓ. ਸਕੱਤਰੇਤ ਬੀਜਿੰਗ ਵਿਚ ਨਿਯੁਕਤ ਕੀਤਾ ਗਿਆ ਹੈ। ਉਥੇ ਪ੍ਰਕਾਸ਼ ਸਲਾਹਕਾਰ (ਪ੍ਰਥਮ ਸਕੱਤਰ/ਸਲਾਹਕਾਰ ਪੱਧਰ) ਹੋਣਗੇ, ਉਥੇ ਹੀ ਕ੍ਰਿਸ਼ਣ ਕੇ. ਨੂੰ ਅਟੈਚੀ (ਦੂਜੇ ਸਕੱਤਰ ਪੱਧਰ) ਦੇ ਰੂਪ ਵਿਚ ਨਿਯੁਕਤ ਕੀਤਾ ਗਿਆ ਹੈ। 
ਪਰ ਐੱਸ. ਸੀ. ਓ. ਵਿਚ ਭਾਰਤੀ ਹਿੱਸੇਦਾਰੀ ਜਿੰਨੀ ਆਸਾਨ ਦਿਸਦੀ ਹੈ, ਓਨੀ ਆਸਾਨ ਨਹੀਂ ਹੈ। ਭਾਰਤ ਦੇ ਨਾਲ-ਨਾਲ ਪਾਕਿਸਤਾਨ ਨੂੰ ਆਸਤਾਨਾ ਸਿਖਰ ਸੰਮੇਲਨ 'ਚ ਇਕ ਮੁਕੰਮਲ ਮੈਂਬਰ ਦੇ ਰੂਪ 'ਚ ਸਵੀਕਾਰ ਕੀਤਾ ਗਿਆ ਸੀ ਅਤੇ ਉਸ ਨੇ ਵੀ ਐੱਸ. ਸੀ. ਓ. ਮੁਖੀਆਂ ਦੀ ਪ੍ਰੀਸ਼ਦ ਦੀ 16ਵੀਂ ਬੈਠਕ 'ਚ ਹਿੱਸਾ ਲਿਆ। ਇਸ ਤੋਂ ਇਲਾਵਾ ਚੀਨ ਸ਼ੰਘਾਈ ਸਹਿਯੋਗ ਸੰਗਠਨ ਦਾ ਮੁੱਖ ਚਾਲਕ ਹੈ। ਐੱਸ. ਸੀ. ਓ. 'ਚ ਪਾਕਿਸਤਾਨ ਦੀ ਮੌਜੂਦਗੀ ਅਤੇ ਚੀਨ ਦੀ ਪ੍ਰਭੂਸੱਤਾ ਸੰਗਠਨ ਵਿਚ ਭਾਰਤ ਨੂੰ ਇਕ ਸਹਾਇਕ ਦੀ ਭੂਮਿਕਾ ਲਈ ਸੀਮਤ ਕਰ ਦਿੰਦੀ ਹੈ। ਅਜਿਹੀ ਸਥਿਤੀ 'ਚ ਐੱਸ. ਸੀ. ਓ. ਵਿਚ ਸਰਗਰਮੀ ਵਧਾਉਣ ਲਈ ਮੋਦੀ ਸਰਕਾਰ ਨੂੰ ਹਰ ਕਦਮ ਧਿਆਨ ਨਾਲ ਅੱਗੇ ਵਧਾਉਣਾ ਪਵੇਗਾ ਅਤੇ ਇਕ ਬੇਹੱਦ ਮਹੀਨ ਕੂਟਨੀਤਕ ਲਾਈਨ 'ਤੇ ਚੱਲਣਾ ਪਵੇਗਾ। 
2 ਸਾਨ੍ਹਾਂ ਦੀ ਲੜਾਈ 'ਚ ਫਸ ਗਏ 2 ਬਾਬੂ : ਜਦੋਂ ਨੇਤਾ ਲੜਾਈ ਕਰਦੇ ਹਨ ਤਾਂ ਅਕਸਰ ਇਹ ਹੁੰਦਾ ਹੈ ਕਿ ਕ੍ਰਾਸ ਫਾਇਰ 'ਚ ਬਾਬੂ ਸ਼ਿਕਾਰ ਬਣ ਜਾਂਦੇ ਹਨ। ਤ੍ਰਿਣਮੂਲ ਨੇਤਾ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਨਾਲ ਆਪਣੇ ਵਿਰੋਧ ਤੋਂ ਬਾਅਦ ਭਾਜਪਾ ਵਿਚ ਚਲੇ ਜਾਣ ਵਾਲੇ ਮੁਕੁਲ ਰਾਏ ਹੁਣ ਆਪਣੀ ਪਹਿਲੀ ਸਰਵੇ-ਸਰਵਾ ਅਤੇ ਸਿਆਸੀ ਆਕਾ 'ਤੇ ਨਿਸ਼ਾਨਾ ਸਾਧਣ ਦਾ ਕੋਈ ਮੌਕਾ ਨਹੀਂ ਛੱਡਦੇ। ਹੁਣ ਜਦਕਿ ਰਾਏ ਮੁੱਖ ਤੌਰ 'ਤੇ ਤ੍ਰਿਣਮੂਲ ਦੇ ਸੰਸਦ ਮੈਂਬਰ ਅਤੇ ਮਮਤਾ ਦੇ ਭਤੀਜੇ ਅਭਿਸ਼ੇਕ ਨੂੰ ਨਿਸ਼ਾਨਾ ਬਣਾ ਰਹੇ ਹਨ ਅਤੇ ਉਨ੍ਹਾਂ ਦੀ ਪ੍ਰਤੀਕਿਰਿਆ ਦਾ ਸਾਹਮਣਾ ਪੱਛਮੀ ਬੰਗਾਲ ਸਰਕਾਰ ਦੇ 2 ਸੀਨੀਅਰ ਆਈ. ਏ. ਐੱਸ. ਅਧਿਕਾਰੀਆਂ ਨੂੰ ਕਰਨਾ ਪੈ ਰਿਹਾ ਹੈ। 
ਸੂਤਰਾਂ ਮੁਤਾਬਿਕ ਰਾਏ ਨੇ ਹਾਲ ਹੀ ਵਿਚ ਗ੍ਰਹਿ ਸਕੱਤਰ ਅੱਤਰੀ ਭੱਟਾਚਾਰੀਆ ਅਤੇ ਐੱਮ. ਐੱਸ. ਐੱਮ. ਈ. ਵਿਭਾਗ ਦੇ ਅਡੀਸ਼ਨਲ ਮੁੱਖ ਸਕੱਤਰ ਰਾਜੀਵ ਸਿਨ੍ਹਾ 'ਤੇ ਝੂਠ ਬੋਲਣ ਅਤੇ ਸਿਆਸੀ ਸਰਗਰਮੀਆਂ 'ਚ ਸ਼ਾਮਿਲ ਹੋਣ ਦੇ ਦੋਸ਼ ਲਾਉਂਦੇ ਹੋਏ ਜ਼ੁਬਾਨੀ ਗੋਲੀਬਾਰੀ ਕਰ ਦਿੱਤੀ। ਇਸ ਤੋਂ ਇਲਾਵਾ ਇਸ ਸਬੰਧ 'ਚ ਜਾਰੀ ਕੀਤੇ ਗਏ ਪੱਤਰ ਦੀ ਕਾਪੀ ਪ੍ਰਸੋਨਲ ਅਤੇ ਟ੍ਰੇਨਿੰਗ ਵਿਭਾਗ ਦੇ ਰਾਜ ਮੰਤਰੀ ਜਤਿੰਦਰ ਸਿੰਘ ਨੂੰ ਕੁਲਹਿੰਦ ਸੇਵਾ ਆਚਰਣ ਨਿਯਮਾਂ ਦੀ ਉਲੰਘਣਾ ਦੇ ਤਹਿਤ 2 ਅਧਿਕਾਰੀਆਂ ਵਿਰੁੱਧ ਜਾਂਚ ਦੀ ਮੰਗ ਵੀ ਕਰ ਦਿੱਤੀ। 
ਇਹ ਇਕ ਸਿਆਸੀ ਲੜਾਈ ਹੋ ਸਕਦੀ ਹੈ ਪਰ ਜਾਣਕਾਰਾਂ ਨੂੰ ਡਰ ਹੈ ਕਿ ਕ੍ਰਾਸ ਫਾਇਰ ਵਿਚ ਫਸੇ ਇਨ੍ਹਾਂ 2 ਬਾਬੂਆਂ ਨੂੰ ਕਾਫੀ ਤੇਜ਼ ਸੇਕ ਦਾ ਸਾਹਮਣਾ ਕਰਨਾ ਪੈ ਸਕਦਾ ਹੈ।