ਕੀ ਯੋਗੀ ਬਦਲਣਗੇ ਯੂ. ਪੀ. ਦਾ ''ਚਿਹਰਾ''

03/20/2017 6:48:51 AM

ਜਿਵੇਂ ਹੀ ਯੂ. ਪੀ. ਦੇ ਮੁੱਖ ਮੰਤਰੀ ਦੇ ਅਹੁਦੇ ਲਈ ਯੋਗੀ ਆਦਿੱਤਿਆਨਾਥ ਦੇ ਨਾਂ ਦਾ ਐਲਾਨ ਹੋਇਆ, ਟੀ. ਵੀ. ਚੈਨਲਾਂ ''ਤੇ ਬੈਠੇ ਕੁਝ ਟਿੱਪਣੀਕਾਰਾਂ ਨੇ ਇਸ ਖ਼ਬਰ ''ਤੇ ਨਾਰਾਜ਼ਗੀ ਪ੍ਰਗਟਾਈ। ਉਨ੍ਹਾਂ ਦਾ ਕਹਿਣਾ ਸੀ ਕਿ ਯੋਗੀ ਸਮਾਜ ਵਿਚ ਫੁੱਟ-ਪਾਊ ਸਿਆਸਤ ਕਰਨਗੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਕਾਸ ਦੇ ਏਜੰਡੇ ਨੂੰ ਨੁਕਸਾਨ ਪਹੁੰਚਾਉਣਗੇ। 
ਇਹ ਸੋਚ ਸਰਾਸਰ ਗਲਤ ਹੈ। ਵਿਕਾਸ ਦਾ ਏਜੰਡਾ ਹੋਵੇ ਜਾਂ ਕੁਸ਼ਲ ਪ੍ਰਸ਼ਾਸਨ, ਉਸ ਦੀ ਪਹਿਲੀ ਸ਼ਰਤ ਇਹ ਹੈ ਕਿ ਰਾਜਨੇਤਾ ਚਰਿੱਤਰਵਾਨ ਹੋਣਾ ਚਾਹੀਦਾ ਹੈ। ਸਿਆਸਤ ਵਿਚ ਅੱਜਕਲ ਸਭ ਤੋਂ ਵੱਡਾ ਸੰਕਟ ਚਰਿੱਤਰ ਦਾ ਹੈ ਅਤੇ ਚਰਿੱਤਰਵਾਨ ਰਾਜਨੇਤਾ ਲੱਭਿਆਂ ਨਹੀਂ ਲੱਭਦੇ। 
21 ਸਾਲ ਦੀ ਉਮਰ ਵਿਚ ਹੀ ਧਰਮ ਅਤੇ ਸਮਾਜ ਲਈ ਘਰ-ਬਾਰ ਛੱਡਣ ਵਾਲਾ ਕੋਈ ਨੌਜਵਾਨ ਕੁਝ ਮਜ਼ਬੂਤ ਇਰਾਦੇ ਲੈ ਕੇ ਹੀ ਨਿਕਲਦਾ ਹੈ। ਯੋਗੀ ਆਦਿੱਤਿਆਨਾਥ ਨੇ ਆਪਣੇ ਸ਼ੁੱਧ ਸਾਤਵਿਕ ਆਚਰਣ ਅਤੇ ਬ੍ਰਹਮਚਾਰੀ ਬਣ ਕੇ ਆਪਣੇ ਚਰਿੱਤਰਵਾਨ ਹੋਣ ਦਾ ਸਮੁੱਚਾ ਸਬੂਤ ਦੇ ਦਿੱਤਾ ਹੈ।
ਪੰਜ ਵਾਰ ਲੋਕ ਸਭਾ ਚੋਣਾਂ ਜਿੱਤ ਕੇ ਉਨ੍ਹਾਂ ਨੇ ਆਪਣੀ ਲੀਡਰਸ਼ਿਪ ਸਮਰੱਥਾ ਨੂੰ ਵੀ ਸਥਾਪਤ ਕਰ ਦਿੱਤਾ ਹੈ। ਗੋਰਖਨਾਥ ਪੰਥ ਦੀ ਇਸ ਗੱਦੀ ਦਾ ਇਤਿਹਾਸ ਰਿਹਾ ਹੈ ਕਿ ਇਸ ''ਤੇ ਬੈਠਣ ਵਾਲੇ ਸੰਤ ਚਰਿੱਤਰਵਾਨ, ਲਗਨ ਵਾਲੇ ਅਤੇ ਦੇਸ਼ਭਗਤ ਰਹੇ ਹਨ। ਇੰਨੀ ਵੱਡੀ ਗੱਦੀ ਦੇ ਮਹੰਤ ਹੋ ਕੇ ਵੀ ਯੋਗੀ ਆਦਿੱਤਿਆਨਾਥ ''ਤੇ ਕਦੇ ਕੋਈ ਦੋਸ਼ ਨਹੀਂ ਲੱਗੇ। 
ਅੱਜ ਸਿਆਸਤ ਦੀ ਦੂਜੀ ਸਮੱਸਿਆ ਹੈ ਵਧਦਾ ਪਰਿਵਾਰਵਾਦ ਅਤੇ ਕੋਈ ਵੀ ਸਿਆਸੀ ਪਾਰਟੀ ਇਸ ਤੋਂ ਅਛੂਤੀ ਨਹੀਂ। ਚਾਹੇ ਕੋਈ ਕਿੰਨੇ ਵੀ ਦਾਅਵੇ ਕਰੇ ਪਰ ਹਰੇਕ ਪਾਰਟੀ ਦਾ ਨੇਤਾ ਆਪਣੇ ਪਰਿਵਾਰ ਨੂੰ ਸਿਆਸਤ ਵਿਚ ਅੱਗੇ ਵਧਾਉਣ ''ਚ ਹੀ ਲੱਗਾ ਰਹਿੰਦਾ ਹੈ ਅਤੇ ਆਮ ਲੋਕਾਂ ਨੂੰ ਅਣਡਿੱਠ ਕਰ ਦਿੰਦਾ ਹੈ। 
ਮੋਦੀ ਅਤੇ ਯੋਗੀ ਆਦਿੱਤਿਆਨਾਥ ਵਰਗੇ ਲੋਕ ਵਿਰਲੇ ਹੀ ਹੁੰਦੇ ਹਨ, ਜੋ ਸਿਆਸਤ ਦੇ ਸਰਵਉੱਚ ਪੱਧਰ ''ਤੇ ਪਹੁੰਚ ਕੇ ਵੀ ਆਪਣੇ ਪਰਿਵਾਰ ਲਈ ਕੁਝ ਨਹੀਂ ਕਰਦੇ ਕਿਉਂਕਿ ਉਹ ਤਾਂ ਪਰਿਵਾਰ ਨੂੰ ਪਹਿਲਾਂ ਹੀ ਬਹੁਤ ਪਿੱਛੇ ਛੱਡ ਆਏ ਹਨ। ਉਨ੍ਹਾਂ ਲਈ ਸਮਾਜ, ਰਾਸ਼ਟਰ ਅਤੇ ਧਰਮ ਹੀ ਸਭ ਕੁਝ ਹੁੰਦਾ ਹੈ। 
ਯੂ. ਪੀ. ਨੂੰ ਦਹਾਕਿਆਂ ਬਾਅਦ ਇਕ ਅਜਿਹੀ ਲੀਡਰਸ਼ਿਪ ਮਿਲੀ ਹੈ, ਜੋ ਚਰਿੱਤਰਵਾਨ ਹੈ, ਵਿਚਾਰਵਾਨ ਹੈ, ਆਸਥਾਵਾਨ ਹੈ ਅਤੇ ਜਿਸ ਦੇ ਪਰਿਵਾਰਵਾਦ ਵਿਚ ਫਸਣ ਦੀ ਕੋਈ ਗੁੰਜਾਇਸ਼ ਹੀ ਨਹੀਂ, ਇਸ ਲਈ ਇਹ ਕਹਿਣਾ ਸਰਾਸਰ ਗਲਤ ਹੈ ਕਿ ਯੋਗੀ ਆਦਿੱਤਿਆਨਾਥ ਦੇ ਆਉਣ ਨਾਲ ਵਿਕਾਸ ਦਾ ਏਜੰਡਾ ਪਿੱਛੇ ਚਲਿਆ ਜਾਵੇਗਾ। 
ਇਹ ਸਹੀ ਹੈ ਕਿ ਯੂ. ਪੀ. ਦੇ ਪ੍ਰਸ਼ਾਸਨ ਵਿਚ ਭਾਰੀ ਭ੍ਰਿਸ਼ਟਾਚਾਰ ਹੈ, ਚਾਹੇ ਉਹ ਪੁਲਸ ੋਹੋਵੇ, ਆਮ ਪ੍ਰਸ਼ਾਸਨ ਹੋਵੇ ਜਾਂ ਨਿਆਂ ਪਾਲਿਕਾ। ਯੋਗੀ ਜੀ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਇਹੋ ਹੈ। ਉਨ੍ਹਾਂ ਨੂੰ ਬਸਤੀਵਾਦੀ ਮਾਨਸਿਕਤਾ ਵਾਲੀ ਪ੍ਰਸ਼ਾਸਨਿਕ ਪ੍ਰਣਾਲੀ ਨੂੰ ਤੋੜਨਾ ਪਵੇਗਾ ਅਤੇ ''ਰਾਜਰਿਸ਼ੀ'' ਦੀ ਭੂਮਿਕਾ ਵਿਚ ਆਉਣਾ ਪਵੇਗਾ। ਚਾਣੱਕਿਆ ਨੇ ਕਿਹਾ ਹੈ ਕਿ ਜਿਸ ਦੇਸ਼ ਦਾ ਰਾਜਾ ਮਹੱਲਾਂ ਵਿਚ ਰਹਿੰਦਾ ਹੈ, ਉਸ ਦੀ ਪਰਜਾ ਝੌਂਪੜੀਆਂ ਵਿਚ ਰਹਿੰਦੀ ਹੈ ਅਤੇ ਜਿਸ ਦੇਸ਼ ਦਾ ਰਾਜਾ ਝੌਂਪੜੀ ਵਿਚ ਰਹਿੰਦਾ ਹੈ, ਉਸ ਦੀ ਪਰਜਾ ਮਹੱਲਾਂ ਵਿਚ ਰਹਿੰਦੀ ਹੈ। 
ਯੋਗੀ ਆਦਿੱਤਿਆਨਾਥ ਨੇ ਪਹਿਲਾਂ ਹੀ ਇਸ ਦੇ ਸੰਕੇਤ ਦੇ ਦਿੱਤੇ ਹਨ ਕਿ ਉਹ ਖ਼ੁਦ ਅਤੇ ਆਪਣੇ ਮੰਤਰੀ ਮੰਡਲ ਨੂੰ ਕਿਸੇ ਰਾਜੇ ਵਾਂਗ ਨਹੀਂ, ਸਗੋਂ ਪਰਜਾ ਦੇ ਸੇਵਕ ਵਜੋਂ ਦੇਖਣਾ ਚਾਹੁਣਗੇ। 
ਜਿਥੋਂ ਤਕ ਪ੍ਰਸ਼ਾਸਨਿਕ ਪ੍ਰਣਾਲੀ ਨੂੰ ਬਦਲਣ ਦਾ ਸਵਾਲ ਹੈ, ਉਸ ਦੇ ਲਈ ਸਖ਼ਤ ਇਰਾਦੇ ਦੀ ਲੋੜ ਹੈ। ਯੋਗੀ ਜੀ ਦਾ ਇਤਿਹਾਸ ਰਿਹਾ ਹੈ ਕਿ ਉਹ ਆਪਣੇ ਵਚਨਾਂ ''ਤੇ ਅਟੱਲ ਰਹਿੰਦੇ ਹਨ, ਭਾਵ ਜੋ ਠਾਣ ਲਿਆ, ਉਹ ਕਰਕੇ ਰਹਿਣਗੇ। ਫਿਰ ਨਾ ਤਾਂ ਉਨ੍ਹਾਂ ਨੂੰ ਵਿਕਾਊ ਮੀਡੀਆ ਦੀ ਪ੍ਰਵਾਹ ਹੁੰਦੀ ਹੈ ਅਤੇ ਨਾ ਹੀ ਅਖੌਤੀ ਧਰਮ ਨਿਰਪੱਖੀਆਂ ਦੀ। 
ਰਹੀ ਗੱਲ ਘੱਟ ਗਿਣਤੀਆਂ ਦੀ, ਤਾਂ ਇਹ ਸ਼ਬਦ ਹੀ ਫੁੱਟ-ਪਾਊ ਹੈ। ਜਦੋਂ ਸੰਵਿਧਾਨ ਵਿਚ ਸਾਰਿਆਂ ਨੂੰ ਬਰਾਬਰ ਅਧਿਕਾਰ ਮਿਲੇ ਹੋਏ ਹਨ ਤਾਂ ਫਿਰ ਕੌਣ ਬਹੁਗਿਣਤੀ ਅਤੇ ਕੌਣ ਘੱਟ ਗਿਣਤੀ। ਯੋਗੀ ਜੀ ਨੂੰ ਅਜਿਹੇ ਫੈਸਲੇ ਲੈਣੇ ਪੈਣਗੇ, ਜਿਨ੍ਹਾਂ ਨਾਲ ਸਮਾਜ ਵਿਚ ਬਰਾਬਰੀ ਆਵੇ ਅਤੇ ਘੱਟ ਗਿਣਤੀਵਾਦ ਦੀ ਡਰਾਮੇਬਾਜ਼ੀ ਬੰਦ ਹੋਵੇ। ਜਿਹੜੇ ਬਹੁਗਿਣਤੀ ਮੁਸਲਮਾਨ ਆਪਣੇ ਕਾਰੋਬਾਰ ਵਿਚ ਲੱਗੇ ਹੋਏ ਹਨ, ਉਨ੍ਹਾਂ ਨੂੰ ਇਸ ਨਾਲ ਕੋਈ ਫਰਕ ਨਹੀਂ ਪਵੇਗਾ ਕਿਉਂਕਿ ਉਹ ਤਾਂ ਪਹਿਲਾਂ ਹੀ ਰਾਸ਼ਟਰ ਦੀ ਮੁੱਖ ਧਾਰਾ ਵਿਚ ਹਨ ਪਰ ਜੋ ਮੁਸਲਮਾਨ ਅੱਤਵਾਦ ਦੀ ਟੋਪੀ ਪਹਿਨ ਕੇ ਗਊ ਹੱਤਿਆ, ਦੇਹ ਵਪਾਰ, ਤਸਕਰੀ ਅਤੇ ਨਸ਼ੀਲੀਆਂ ਦਵਾਈਆਂ ਦੇ ਕਾਰੋਬਾਰ ਵਿਚ ਲੱਗੇ ਹੋਏ ਹਨ, ਉਨ੍ਹਾਂ ''ਤੇ ਸ਼ਿਕੰਜਾ ਜ਼ਰੂਰ ਕੱਸਿਆ ਜਾਵੇਗਾ। 
ਯੂ. ਪੀ. ਨੂੰ ਸੰਤੁਲਿਤ ਅਤੇ ਸਹੀ ਵਿਕਾਸ ਦੀ ਲੋੜ ਹੈ। ਇਸ ਦੇ ਲਈ ਡੂੰਘੀ ਸਮਝ, ਗੰਭੀਰ ਸੋਚ, ਕ੍ਰਾਂਤੀਕਾਰੀ ਵਿਚਾਰਾਂ ਤੇ ਠੋਸ ਲੀਡਰਸ਼ਿਪ ਦੀ ਲੋੜ ਹੈ। ਜ਼ਰੂਰੀ ਨਹੀਂ ਕਿ ਰਾਜਾ ਸਰਵਗੁਣ ਸੰਪੰਨ ਹੋਵੇ, ਉਸ ਦੀ ਯੋਗਤਾ ਤਾਂ ਇਸ ਗੱਲ ਵਿਚ ਹੈ ਕਿ ਉਹ ਇਕ ਜੌਹਰੀ ਵਾਂਗ ਹੋਵੇ ਅਤੇ ਗੁਣਾਂ ਦਾ ਧਾਰਨੀ ਹੋਵੇ ਅਤੇ ਉਸ ਪ੍ਰਤਿਭਾ ਨੂੰ ਪਛਾਣਨ ਦੀ ਸਮਰੱਥਾ ਰੱਖਦਾ ਹੋਵੇ, ਜਿਸ ਨਾਲ ਉਹ ਲੋੜੀਂਦੇ ਟੀਚੇ ਪ੍ਰਾਪਤ ਕਰ ਸਕੇ। ਯੋਗੀ ਜੀ ਨੇ ਜੇਕਰ ਅਜਿਹਾ ਰਾਹ ਫੜਿਆ ਤੇ ਸਹੀ ਬੰਦਿਆਂ ਨੂੰ ਆਪਣੀ ਟੀਮ ਵਿਚ ਲੈ ਕੇ ਯੂ. ਪੀ. ਦੇ ਵਿਕਾਸ ਦਾ ਰਾਹ ਤਿਆਰ ਕੀਤਾ ਤਾਂ ਬਿਨਾਂ ਸ਼ੱਕ ਉਹ ਮੋਦੀ ਦੇ ਵਿਕਾਸ ਦੇ ਏਜੰਡੇ ਨੂੰ ਬਹੁਤ ਅੱਗੇ ਤਕ ਲੈ ਕੇ ਜਾਣਗੇ। 
ਲੱਗਦੇ ਹੱਥ ਪੰਜਾਬ ਬਾਰੇ ਵੀ ਚਰਚਾ ਕਰ ਲੈਣੀ ਚਾਹੀਦੀ ਹੈ। ਅਕਾਲੀ ਦਲ ਦੇ ਪਰਿਵਾਰਵਾਦ ਤੋਂ ਤੰਗ ਆ ਕੇ ਸੂਬੇ ਦੇ ਲੋਕਾਂ ਨੇ ਕੈਪ. ਅਮਰਿੰਦਰ ਸਿੰਘ ਨੂੰ ਗੱਦੀ ਸੌਂਪ ਦਿੱਤੀ ਤੇ ਸਿਆਸਤ ਦੇ ਬਹੁਰੂਪੀਏ ਅਰਵਿੰਦ ਕੇਜਰੀਵਾਲ ਨੂੰ ਨਕਾਰ ਦਿੱਤਾ। ਇਸ ਕਾਲਮ ਵਿਚ ਅਸੀਂ ਪਿਛਲੇ 5 ਸਾਲਾਂ ਤੋਂ ਲਗਾਤਾਰ ਲਿਖਦੇ ਆ ਰਹੇ ਹਾਂ ਕਿ ਕੇਜਰੀਵਾਲ ਦੀ ਸਿਆਸਤ ਸਿਰਫ ਆਪਣੇ ''ਤੇ ਕੇਂਦ੍ਰਿਤ ਹੈ, ਭਾਵ ''ਹਾਥੀ ਦੇ ਦੰਦ ਖਾਣ ਲਈ ਹੋਰ ਤੇ ਦਿਖਾਉਣ ਲਈ ਹੋਰ''।
ਪਰ ਇਸ ਦਾ ਮਤਲਬ ਇਹ ਵੀ ਨਹੀਂ ਕਿ ਕੈਪਟਨ ਸਾਹਿਬ ਨੂੰ ਮਨਮਰਜ਼ੀ ਨਾਲ ਸੱਤਾ ਚਲਾਉਣ ਦਾ ਅਧਿਕਾਰ ਮਿਲ ਗਿਆ ਹੈ। ਉਹ ਵੀ ਦੇਖ ਰਹੇ ਹਨ ਕਿ ਦੇਸ਼ ਵਿਚ ਸਿਆਸਤ ਦੀ ਦਸ਼ਾ ਤੇ ਦਿਸ਼ਾ ਬਦਲ ਰਹੀ ਹੈ। ਅਜਿਹੀ ਸਥਿਤੀ ਵਿਚ ਜੇ ਉਨ੍ਹਾਂ ਨੇ ਲੋਕਾਂ ਨੂੰ ਸਾਹਮਣੇ ਰੱਖ ਕੇ ਪਾਰਦਰਸ਼ਿਤਾ ਨਾਲ ਠੋਸ ਕੰਮ ਨਾ ਕੀਤੇ ਤਾਂ ਅਗਲੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 
ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਮੋਦੀ ਦੀ ਹਨੇਰੀ ਦਰਮਿਆਨ ਉਹ ਆਪਣਾ ਦੀਵਾ ਇਸ ਤਰ੍ਹਾਂ ਜਗਾ ਕੇ ਰੱਖਣਗੇ ਕਿ ਪੰਜਾਬ ਦੇ ਵੋਟਰਾਂ ਨੂੰ ਨਿਰਾਸ਼ਾ ਨਾ ਹੋਵੇ।