ਕੀ ਯੋਗੀ ਭਾਜਪਾ ਵਲੋਂ ਕੀਤੇ ਚੋਣ ਵਾਅਦੇ ਪੂਰੇ ਕਰ ਸਕਣਗੇ

03/22/2017 7:29:24 AM

''ਦੇਸ਼ ਮੇਂ ਮੋਦੀ, ਪ੍ਰਦੇਸ਼ ਮੇਂ ਯੋਗੀ''—ਇਹ ਇਕ ਨਵਾਂ ਨਾਅਰਾ ਹੈ, ਜੋ ਦੇਸ਼ ਦੇ ਸਭ ਤੋਂ ਵੱਡੀ ਆਬਾਦੀ ਵਾਲੇ ਸੂਬੇ ਉੱਤਰ ਪ੍ਰਦੇਸ਼ ''ਚ ਗੋਰਖਨਾਥ ਮੱਠ ਦੇ ਮੁਖੀ ਯੋਗੀ ਆਦਿੱਤਿਆਨਾਥ ਦੇ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣ ''ਤੇ ਸੁਣਾਈ ਦਿੱਤਾ। 
ਭਾਜਪਾ (ਅਸਲ ''ਚ ਆਰ. ਐੱਸ. ਐੱਸ.-ਵਿਹਿਪ) ਵਲੋਂ ਯੋਗੀ ਦੀ ਚੋਣ ਯੂ. ਪੀ. ਦੀ ਜਿੱਤ ਨੂੰ ਹਿੰਦੂਵਾਦ ਦੇ ਪੱਖ ''ਚ ਵੋਟਿੰਗ ਵਜੋਂ ਪ੍ਰਭਾਸ਼ਿਤ ਕਰਦੀ ਹੈ, ਜਦਕਿ ਅਧਿਕਾਰਤ ਵਾਅਦਾ ਵਿਕਾਸ ਦਾ ਸੀ। ਦਿਲਚਸਪ ਗੱਲ ਹੈ ਕਿ ਆਪਣੇ ਪ੍ਰਚੰਡ ਹਿੰਦੂਵਾਦੀ ਤੇਵਰਾਂ ਲਈ ਜਾਣੇ ਜਾਂਦੇ ਯੋਗੀ ਨੇ ਵੀ ਅਹੁਦਾ ਸੰਭਾਲਣ ਤੋਂ ਛੇਤੀ ਹੀ ਬਾਅਦ ਇਹ ਰਾਗ ਅਲਾਪਣਾ ਸ਼ੁਰੂ ਕਰ ਦਿੱਤਾ ਕਿ ''''ਸਭ ਦਾ ਸਾਥ, ਸਭ ਦਾ ਵਿਕਾਸ ਮੇਰੀ ਮੁੱਖ ਤਰਜੀਹ ਹੋਵੇਗੀ।'''' 
ਆਸ਼ਾਵਾਦੀਆਂ ਦਾ ਕਹਿਣਾ ਹੈ ਕਿ ਯੋਗੀ ਨੂੰ ਇਕ ਮੌਕਾ ਦਿੱਤਾ ਜਾਣਾ ਚਾਹੀਦਾ ਹੈ, ਜਦਕਿ ਨਿਰਾਸ਼ਾਵਾਦੀਆਂ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਅਗਵਾਈ ਹੇਠ ਯੂ. ਪੀ. ਹਿੰਦੂਵਾਦ ਦੇ ਰਾਹ ''ਤੇ ਬਹੁਤ ਅੱਗੇ ਵਧ ਜਾਵੇਗਾ। ਵਿਕਾਸ ਦੀਆਂ ਗੱਲਾਂ ਕਰਦਿਆਂ ਕੀ ਉਹ ਨਰਿੰਦਰ ਮੋਦੀ ਵਾਂਗ ਹੀ ਹਿੰਦੂਵਾਦ ਦਾ ਸੰਖ ਵੀ ਆਪਣੇ ਝੋਲੇ ''ਚ ਪਾ ਕੇ ਨਹੀਂ ਚੱਲਣਗੇ। 
ਜਿਥੇ ਯੂ. ਪੀ. ਦੀ ਜਿੱਤ ਦਾ ਸਿਹਰਾ ਬਿਨਾਂ ਸ਼ੱਕ ਮੋਦੀ ਨੂੰ ਹੀ ਜਾਂਦਾ ਹੈ, ਉਥੇ ਹੀ ਬਹੁਗਿਣਤੀ ਹਿੰਦੂ ਵੋਟਾਂ ਨੂੰ ਭਾਜਪਾ ਦੇ ਪੱਖ ਵਿਚ ਮਜ਼ਬੂਤ ਕਰਨ ਵਿਚ ਯੋਗੀ ਨੇ ਵੀ ਅਹਿਮ ਭੂਮਿਕਾ ਨਿਭਾਈ ਸੀ। ਚੋਣ ਮੁਹਿੰਮ ਦੌਰਾਨ ਉਹ ਹਿੰਦੂਵਾਦ ਦੇ ਸਭ ਤੋਂ ਅਸਰਦਾਰ ਅਤੇ ਜਾਣੇ-ਪਛਾਣੇ ''ਪੋਸਟਰ ਬੁਆਏ'' ਸਨ, ਜਿਨ੍ਹਾਂ ਨੇ ਸੈਂਕੜੇ ਰੈਲੀਆਂ ਨੂੰ ਸੰਬੋਧਨ ਕੀਤਾ ਸੀ। ਉਨ੍ਹਾਂ ਦਾ ਪੂਰਬੀ ਯੂ. ਪੀ. ਦੇ 10 ਜ਼ਿਲਿਆਂ ''ਚ ਫੈਲੀਆਂ 65 ਵਿਧਾਨ ਸਭਾ ਸੀਟਾਂ ''ਤੇ ਪੂਰਾ ਦਬਦਬਾ ਹੈ ਤੇ 2014 ਦੀਆਂ ਚੋਣਾਂ ਵਿਚ ਉਨ੍ਹਾਂ ਨੇ ਆਪਣੀ ਸੰਸਦੀ ਸੀਟ 3 ਲੱਖ ਵੋਟਾਂ ਦੇ ਭਾਰੀ ਫਰਕ ਨਾਲ ਜਿੱਤੀ ਸੀ। 
ਜਦੋਂ ਤੋਂ ਉਨ੍ਹਾਂ ਨੇ ਸਰਗਰਮ ਸਿਆਸਤ ''ਚ ਕਦਮ ਰੱਖਿਆ ਹੈ, ਉਨ੍ਹਾਂ ਦੇ ਸਮਰਥਕ ਸਿਰਫ ਇਕ ਹੀ ਨਾਅਰਾ ਲਾਉਂਦੇ ਹਨ, ''ਗੋਰਖਪੁਰ ਮੇਂ ਰਹਿਨਾ ਹੈ, ਤੋ ਯੋਗੀ-ਯੋਗੀ ਕਹਿਨਾ ਹੈ।'' ਪੰਜ ਵਾਰ ਸੰਸਦ ਮੈਂਬਰ ਬਣੇ ਯੋਗੀ ਆਦਿੱਤਿਆਨਾਥ ਨੂੰ ਮੁੱਖ ਮੰਤਰੀ ਬਣਾ ਕੇ ਭਾਜਪਾ ਨੇ ਬੁਲੰਦ ਆਵਾਜ਼ ''ਚ ਇਹ ਸੰਦੇਸ਼ ਦਿੱਤਾ ਹੈ ਕਿ ਉਹ ਹਿੰਦੂਵਾਦ ਦੇ ਏਜੰਡੇ ਨੂੰ ਅੱਗੇ ਵਧਾਉਣਾ ਚਾਹੁੰਦੀ ਹੈ। 
ਯੋਗੀ ਮੁੱਖ ਤੌਰ ''ਤੇ ਮੋਦੀ ਦੇ ਮੁਕਾਬਲੇ ਸੰਘ ਅਤੇ ਵਿਹਿਪ ਦੀ ਵਿਸ਼ੇਸ਼ ਪਸੰਦ ਹਨ। ਇਸ ਦਾ ਭਾਵ ਇਹ ਹੈ ਕਿ ਉਨ੍ਹਾਂ ਦੇ ਏਜੰਡੇ ''ਤੇ ਰਾਮ ਮੰਦਿਰ ਸਭ ਤੋਂ ਉਪਰ ਹੈ। 
ਯੋਗੀ ਦੇ ਚੋਣ ਪ੍ਰਚਾਰ ਵਿਚ ''ਲਵ ਜੇਹਾਦ'', ''ਰਾਮ ਮੰਦਿਰ'' ਅਤੇ ''ਕੈਰਾਨਾ ਕਸਬੇ'' ਦਾ ਮਾਮਲਾ ਸਭ ਤੋਂ ਮੁੱਖ ਮੁੱਦੇ ਸਨ ਅਤੇ ਇਹੋ ਉਹ ਮੁੱਦੇ ਹਨ, ਜਿਨ੍ਹਾਂ ਨੂੰ ਕਥਿਤ ਉਦਾਰਵਾਦੀ ਤੇ ਸੈਕੁਲਰਿਸਟ ਚਿਮਟੇ ਨਾਲ ਵੀ ਛੂਹਣ ਲਈ ਤਿਆਰ ਨਹੀਂ। ਯੋਗੀ ਨੇ ਵਾਰ-ਵਾਰ ਕਿਹਾ ਹੈ ਕਿ ਰਾਮ ਮੰਦਿਰ ਉਨ੍ਹਾਂ ਲਈ ਨਿੱਜੀ ਤੌਰ ''ਤੇ ਬਹੁਤ ਅਹਿਮ ਮੁੱਦਾ ਹੈ। ਹੁਣ ਤਾਂ ਉਨ੍ਹਾਂ ਨੂੰ 325 ਤੋਂ ਵੀ ਜ਼ਿਆਦਾ ਵਿਧਾਇਕਾਂ ਦਾ ਸਮਰਥਨ ਹਾਸਿਲ ਹੈ ਤਾਂ ਵਿਹਿਪ ਵਲੋਂ ਉਤਸ਼ਾਹਿਤ ਕੀਤੇ ਜਾਣ ''ਤੇ ਉਹ ਸ਼ਾਇਦ ਹੋਰ ਵੀ ਦਲੇਰੀ ਨਾਲ ਅੱਗੇ ਕਦਮ ਵਧਾਉਣਗੇ। 
ਯੋਗੀ ਆਦਿੱਤਿਆਨਾਥ ਨੇ ਜੇਕਰ 2019 ਦੀਆਂ ਲੋਕ ਸਭਾ ਚੋਣਾਂ ਵਿਚ ਜ਼ਿਕਰਯੋਗ ਕਾਰਗੁਜ਼ਾਰੀ ਦਿਖਾਉਣੀ ਹੈ ਤਾਂ ਅਗਲੇ 2 ਸਾਲਾਂ ਦੌਰਾਨ ਉਨ੍ਹਾਂ ਨੂੰ ਕਾਫੀ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਯੂ. ਪੀ. ਇਸ ਮਾਮਲੇ ਵਿਚ ਅਹਿਮ ਹੈ ਕਿਉਂਕਿ 2014 ''ਚ ਇਸ ਨੇ 80 ''ਚੋਂ 71 ਸੀਟਾਂ ਭਾਜਪਾ ਦੀ ਝੋਲੀ ''ਚ ਪਾਈਆਂ ਸਨ ਤੇ ਵਿਧਾਨ ਸਭਾ ਚੋਣਾਂ ਵਿਚ ਵੀ ਇਸ ਨੂੰ ਸਭ ਤੋਂ ਮੋਹਰੀ ਪਾਰਟੀ ਬਣਾਇਆ।
ਅਜਿਹਾ ਕੋਈ ਸਬੂਤ ਮੌਜੂਦ ਨਹੀਂ ਕਿ ਮੋਦੀ ਦੇ ਵਿਕਾਸ ਦੇ ਏਜੰਡੇ ਨੂੰ ਲਾਗੂ ਕਰਨ ਲਈ ਯੋਗੀ ਹੀ ਆਦਰਸ਼ ਵਿਕਾਸ ਪੁਰਸ਼ ਹਨ। ਉਨ੍ਹਾਂ ਨੂੰ ਕੋਈ ਪ੍ਰਸ਼ਾਸਨਿਕ ਤਜਰਬਾ ਨਹੀਂ ਹੈ। ਹੁਣ ਉਨ੍ਹਾਂ ਸਾਹਮਣੇ 2 ਹੀ ਰਾਹ ਹਨ—ਜਾਂ ਤਾਂ ਵਿਕਾਸ ਦੇ ਰਾਹ ''ਤੇ ਅੱਗੇ ਵਧਣ ਜਾਂ ਫਿਰ ਹਿੰਦੂਵਾਦ ਦਾ ਏਜੰਡਾ ਅਪਣਾਉਣ ਤੇ ਵੋਟਰਾਂ ਦਾ ਇਸ ਤੋਂ ਵੀ ਜ਼ਿਆਦਾ ਧਰੁਵੀਕਰਨ ਕਰਨ। 
ਪਿਛਲੇ 3 ਸਾਲਾਂ ਤੋਂ ਭਾਜਪਾ ''ਲਵ ਜੇਹਾਦ'' ਦਾ ਮੁੱਦਾ ਉਠਾਉਂਦਿਆਂ ਮੁਸਲਿਮ ਨੌਜਵਾਨਾਂ ''ਤੇ ਦੋਸ਼ ਲਾ ਰਹੀ ਹੈ ਕਿ ਉਹ ਆਪਣੀ ਪਛਾਣ ਬਦਲ ਕੇ ਜਾਂ ਲੁਕੋ ਕੇ ਹਿੰਦੂ ਕੁੜੀਆਂ ਨੂੰ ਝੂਠੇ ਵਾਅਦਿਆਂ ਨਾਲ ਆਪਣੇ ਪ੍ਰੇਮ ਜਾਲ ''ਚ ਫਸਾਉਂਦੇ ਹਨ। ਯੂ. ਪੀ. ਦੀਆਂ ਚੋਣਾਂ ਦੌਰਾਨ ਉਹ ਵਾਰ-ਵਾਰ ਇਹ ਵਾਅਦਾ ਦੁਹਰਾਉਂਦੇ ਰਹੇ ਹਨ ਕਿ ''ਲਵ ਜੇਹਾਦ'' ਦੀ ਚੁਣੌਤੀ ਨਾਲ ਨਜਿੱਠਣ ਲਈ ਉਹ ਇਕ ''ਰੋਮੀਓ ਸਕੁਐਡ'' ਬਣਾਉਣਗੇ। ਕੀ ਸੱਤਾ ਦੀਆਂ ਜ਼ਿੰਮੇਵਾਰੀਆਂ ਕਾਰਨ ਉਹ ਕੁਝ ਸੰਜਮ ਤੋਂ ਕੰਮ ਲੈਣਗੇ? 
ਯੂਨੀਫਾਰਮ ਸਿਵਲ ਕੋਡ ਅਤੇ ਤੀਹਰੇ ਤਲਾਕ ਨੂੰ ਲੈ ਕੇ ਸੁਪਰੀਮ ਕੋਰਟ ''ਚ ਲੜਾਈ ਚੱਲ ਰਹੀ ਹੈ। ਸੂਬਾ ਸਰਕਾਰ ਇਸ ਮਾਮਲੇ ''ਚ ਕੁਝ ਜ਼ਿਆਦਾ ਨਹੀਂ ਕਰ ਸਕਦੀ ਪਰ ਮੋਦੀ ਨੇ ਚੋਣ ਮੁਹਿੰਮ ਦੌਰਾਨ ਵਾਅਦਾ ਜ਼ਰੂਰ ਕੀਤਾ ਹੈ। ਯੂ. ਪੀ. ਦੀ ਜਿੱਤ ਤੋਂ ਬਾਅਦ ਆਪਣੀ ਪਹਿਲੀ ਇੰਟਰਵਿਊ ''ਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਇਸ ਸੰਬੰਧ ਵਿਚ ਛੇਤੀ ਹੀ ਫੈਸਲਾ ਲਿਆ ਜਾਵੇਗਾ। ਧਰਮ ਪਰਿਵਰਤਨ ਬਾਰੇ ਯੋਗੀ ਦੇ ਆਪਣੇ ਵਿਚਾਰ ਕੀ ਮੋਦੀ ਦੇ ਵਿਕਾਸ ਏਜੰਡੇ ਨੂੰ ਵੀ ਧੁੰਦਲਾ ਨਹੀਂ ਕਰ ਦੇਣਗੇ? ਉਨ੍ਹਾਂ ਨੇ ਇਕ ਵਾਰ ਕਿਹਾ ਸੀ, ''''ਜੇ ਕੋਈ ਵੀ ਸਰਕਾਰ (ਮਿਸਾਲ ਦੇ ਤੌਰ ''ਤੇ ਯੂ. ਪੀ. ਸਰਕਾਰ) ਇਹ ਚਾਹੇ ਕਿ ਉਹ ਧਰਮ ਪਰਿਵਰਤਨ ''ਤੇ ਪਾਬੰਦੀ ਲਾਏਗੀ ਤਾਂ ਉਸ ਨੂੰ ਸਮਰਥਨ ਵੀ ਮਿਲ ਜਾਵੇਗਾ।''''
ਚੋਣ ਮੁਹਿੰਮ ਦੌਰਾਨ ਯੋਗੀ ਸਮੇਤ ਭਾਜਪਾ ਆਗੂਆਂ ਨੇ ਯੂ. ਪੀ. ਵਿਚ ਨਾਜਾਇਜ਼ ਢੰਗ ਨਾਲ ਚੱਲ ਰਹੇ ਬੁੱਚੜਖਾਨਿਆਂ ਦਾ ਮੁੱਦਾ ਉਠਾਇਆ ਸੀ ਤੇ ਭਾਜਪਾ ਨੇ ਦੋਸ਼ ਲਾਇਆ ਸੀ ਕਿ ਪੱਛਮੀ ਯੂ. ਪੀ. ਦੇ ਕੈਰਾਨਾ ਕਸਬੇ ਤੋਂ ਹਿੰਦੂ ਸਮੂਹਿਕ ਤੌਰ ''ਤੇ ਪਲਾਇਨ ਕਰ ਗਏ ਹਨ ਕਿਉਂਕਿ 2012-13 ਤੋਂ ਲੈ ਕੇ ਉਥੇ ਲਗਾਤਾਰ ਫਿਰਕੂ ਟਕਰਾਅ ਚੱਲ ਰਹੇ ਹਨ। ਕੀ ਇਸ ਸੰਬੰਧ ਵਿਚ ਯੋਗੀ ਕੋਈ ਕਾਰਵਾਈ ਕਰਨਗੇ? 
ਚੋਣ ਮੁਹਿੰਮ ਦੌਰਾਨ ਜੋ ਹੋਰ ਮੁੱਦੇ ਉੱਭਰੇ, ਉਹ ਸਨ ਔਰਤਾਂ ਦੀ ਸੁਰੱਖਿਆ, ਅਮਨ-ਕਾਨੂੰਨ ਦੀ ਸਥਿਤੀ, ਜੱਚਾ-ਬੱਚਾ ਮੌਤ ਦਰ, ਸਿਹਤ ਸੰਭਾਲ, ਸਿੱਖਿਆ ਆਦਿ। ਸਭ ਤੋਂ ਪਹਿਲਾਂ ਯੋਗੀ ਨੂੰ ਵਧੀਆ ਗਵਰਨੈਂਸ ਯਕੀਨੀ ਬਣਾਉਣੀ ਪਵੇਗੀ। ਭਾਜਪਾ ਦੇ ਚੋਣ ਮਨੋਰਥ ਪੱਤਰ ਵਿਚ ਵੀ ਗਵਰਨੈਂਸ ਅਤੇ ਅਮਨ-ਕਾਨੂੰਨ ਦੇ ਮਾਮਲੇ ਵਿਚ ਵਾਅਦੇ ਕੀਤੇ ਗਏ ਸਨ।
ਹਿੰਦੂਆਂ-ਮੁਸਲਮਾਨਾਂ ਵਿਚਾਲੇ ਕੋਈ ਟਕਰਾਅ ਹੁੰਦਾ ਹੈ ਤਾਂ ਉਸ ਨਾਲ ਸਮਾਜਿਕ ਨਫਰਤ ਹੋਰ ਵੀ ਵਧ ਜਾਵੇਗੀ, ਜਿਸ ਨਾਲ ਸਮਾਜਿਕ ਤਾਲਮੇਲ ਨੂੰ ਠੇਸ ਲੱਗੇਗੀ। ਯੋਗੀ ਦਾ ਅਕਸ ਇਕ ਅਜਿਹੇ ਤਾਕਤਵਰ ਤੇ ਬਾਹੂਬਲੀ ਨੇਤਾ ਵਾਲਾ ਹੈ, ਜੋ ਯੂ. ਪੀ. ਵਿਚ ਅਮਨ-ਕਾਨੂੰਨ ਦੀ ਸਥਿਤੀ ਨਾਲ ਚੰਗੀ ਤਰ੍ਹਾਂ ਨਜਿੱਠ ਸਕਦਾ ਹੈ। 
ਅਗਲੀ ਸਮੱਸਿਆ ਹੈ ਰੋਜ਼ਗਾਰਾਂ ਦੀ ਸਿਰਜਣਾ ਦੀ। ਪਾਰਟੀ ਦੇ ਚੋਣ ਮਨੋਰਥ ਪੱਤਰ ਵਿਚ ਕਿਹਾ ਗਿਆ ਹੈ ਕਿ ''''ਭਾਜਪਾ ਸਰਕਾਰ ਅਗਲੇ 5 ਸਾਲਾਂ ਦੌਰਾਨ 70 ਲੱਖ ਨੌਕਰੀਆਂ ਅਤੇ ਸਵੈ-ਰੋਜ਼ਗਾਰ ਦੇ ਮੌਕੇ ਪੈਦਾ ਕਰੇਗੀ। ਨਵੇਂ ਉਦਯੋਗ ਸਥਾਪਿਤ ਕਰਨ ਦੇ ਉਦੇਸ਼ ਨਾਲ ਇਕ ਹਜ਼ਾਰ ਕਰੋੜ ਰੁਪਏ ਨਾਲ ਇਕ ''ਸਟਾਰਟ-ਅਪ ਵੈਂਚਰ ਕੈਪੀਟਲ ਫੰਡ'' ਕਾਇਮ ਕੀਤਾ ਜਾਵੇਗਾ, ਜੋ ਨੌਜਵਾਨਾਂ ਲਈ ਰੋਜ਼ਗਾਰ ਵੀ ਪੈਦਾ ਕਰੇਗਾ।'''' ਕੀ ਯੋਗੀ ਅਜਿਹਾ ਕੁਝ ਕਰ ਸਕਣਗੇ? 
ਜਿਥੋਂ ਤਕ ਖੇਤੀ ਖੇਤਰ ਲਈ ਕਰਜ਼ਾ ਮੁਆਫੀ ਦੇ ਮਾਮਲੇ ਦਾ ਸਵਾਲ ਹੈ, ਚੋਣ ਮਨੋਰਥ ਪੱਤਰ ਵਿਚ ਇਹ ਵੀ ਵਾਅਦਾ ਕੀਤਾ ਗਿਆ ਹੈ। ਮੋਦੀ ਨੇ ਕਿਹਾ ਸੀ ਕਿ ਨਵੇਂ ਬਣਨ ਵਾਲੇ ਮੁੱਖ ਮੰਤਰੀ ਵਲੋਂ ਸਭ ਤੋਂ ਪਹਿਲਾ ਫੈਸਲਾ ਕਰਜ਼ਾ ਮੁਆਫੀ ਦਾ ਹੀ ਲਿਆ ਜਾਵੇਗਾ। ਚੋਣ ਮਨੋਰਥ ਪੱਤਰ ਵਿਚ ਇਹ ਵੀ ਵਾਅਦਾ ਕੀਤਾ ਗਿਆ ਹੈ ਕਿ ਛੋਟੇ ਤੇ ਸਰਹੱਦੀ ਕਿਸਾਨਾਂ ਲਈ ਸਾਰੇ ਖੇਤੀ ਕਰਜ਼ੇ ਮੁਆਫ ਕਰ ਦਿੱਤੇ ਜਾਣਗੇ ਤੇ ਭਵਿੱਖ ਵਿਚ ਉਨ੍ਹਾਂ ਨੂੰ ਵਿਆਜ ਰਹਿਤ ਕਰਜ਼ੇ ਦਿੱਤੇ ਜਾਣਗੇ। ਇਸ ਤੋਂ ਇਲਾਵਾ ਬਿਜਲੀ ਦੀ 24 ਘੰਟੇ ਸਪਲਾਈ ਅਤੇ ਗਰੀਬੀ ਦੀ ਰੇਖਾ ਤੋਂ ਹੇਠਾਂ ਰਹਿਣ ਵਾਲਿਆਂ ਲਈ ਮੁਫਤ ਬਿਜਲੀ ਦਾ ਵੀ ਵਾਅਦਾ ਕੀਤਾ ਗਿਆ ਹੈ। 
ਇਸ ਤੋਂ ਵੀ ਇਕ ਕਦਮ ਅੱਗੇ ਵਧਦਿਆਂ ਭਾਜਪਾ ਨੇ ਦੇਸ਼ ਦੇ ਇਸ ਸਭ ਤੋਂ ਵੱਡੇ ਗੰਨਾ ਉਤਪਾਦਕ ਸੂਬੇ ਨੂੰ ਗੰਨੇ ਦੀ ਫਸਲ ਵਿਕਣ ਤੋਂ ਬਾਅਦ 14 ਦਿਨਾਂ ਅੰਦਰ ਭੁਗਤਾਨ ਕੀਤੇ ਜਾਣ ਦਾ ਵਾਅਦਾ ਕੀਤਾ ਹੈ ਤੇ ਨਾਲ ਹੀ ਮਿੱਲ ਮਾਲਕਾਂ ਤੇ ਬੈਂਕਾਂ ਨਾਲ ਵੀ ਤਾਲਮੇਲ ਬਣਾਇਆ ਜਾਵੇਗਾ ਤਾਂ ਕਿ ਗੰਨਾ ਉਤਪਾਦਕ ਕਿਸਾਨਾਂ ਦੇ ਪੁਰਾਣੇ ਬਕਾਏ ਭੁਗਤਾਏ ਜਾ ਸਕਣ। ਇਨ੍ਹਾਂ ਸਾਰੇ ਵਾਅਦਿਆਂ ਨੂੰ ਪੂਰਾ ਕਰਨ ਦੀ ਲੋੜ ਹੈ ਪਰ ਇਸ ਦੇ ਲਈ ਪੈਸਾ ਵੀ ਚਾਹੀਦਾ ਹੈ। 
ਅਜੇ ਇਹ ਦੱਸ ਸਕਣਾ ਸਮੇਂ ਤੋਂ ਪਹਿਲਾਂ ਵਾਲੀ ਗੱਲ ਹੋਵੇਗੀ ਕਿ ਯੋਗੀ ਕਿਹੜੇ-ਕਿਹੜੇ ਕੰਮ ਕਰਨਗੇ। ਇਸ ਲਈ ਉਦਾਰਵਾਦੀਆਂ ਨੂੰ ਉਨ੍ਹਾਂ ਵਲੋਂ ਵਿਕਾਸ ਨੂੰ ਤਰਜੀਹ ਦੇ ਦਿੱਤੇ ਵਚਨ ''ਤੇ ਸਵਾਲ ਨਹੀਂ ਉਠਾਉਣੇ ਚਾਹੀਦੇ। ਯੋਗੀ ਆਪਣੇ ਮੱਠ ਦੇ ਸਫਲ ਮੁਖੀ ਸਿੱਧ ਹੋਏ ਹਨ ਤੇ ਕੇਂਦਰ ਸਰਕਾਰ ਦੇ ਨਿਰਦੇਸ਼ਨ ਹੇਠ ਉਹ ਸ਼ਾਇਦ ਇਸ ਤੋਂ ਵੀ ਵਧੀਆ ਕਾਰਗੁਜ਼ਾਰੀ ਦਿਖਾਉਣਗੇ। ਇਸ ਲਈ ਸਾਡਾ ਉਦੇਸ਼ ਵਾਕ ਫਿਲਹਾਲ ਤਾਂ ਇਹੋ ਹੋਣਾ ਚਾਹੀਦਾ ਹੈ—''ਤੇਲ ਦੇਖੋ, ਤੇਲ ਦੀ ਧਾਰ ਦੇਖੋ''।