ਕੀ ਫਿਲਮ ਅਭਿਨੇਤਾ ਰਜਨੀਕਾਂਤ ਨੇਤਾ ਬਣਨਗੇ

05/24/2017 7:24:52 AM

ਕੀ ਤਮਿਲ ਸੁਪਰਸਟਾਰ ਆਖਿਰ ਸਿਆਸਤ ''ਚ ਆਉਣਗੇ? ਤਾਮਿਲਨਾਡੂ ''ਚ ਇਹ ਅਟਕਲਾਂ ਜ਼ੋਰਾਂ ''ਤੇ ਹਨ ਕਿ ਬਹੁਤ ਹੀ ਤਜਰਬੇਕਾਰ ਅਤੇ ਹੰਢੇ ਹੋਏ ਅਭਿਨੇਤਾ ਰਜਨੀਕਾਂਤ ਛੇਤੀ ਹੀ ਨਾਟਕੀ ਢੰਗ ਨਾਲ ਸਿਆਸੀ ਅਖਾੜੇ ''ਚ ਕੁੱਦ ਸਕਦੇ ਹਨ। ਅਸਲ ''ਚ ਇਹ ਹਿਸਾਬ ਰੱਖਣਾ ਮੁਸ਼ਕਿਲ ਹੋ ਗਿਆ ਹੈ ਕਿ ਪਿਛਲੇ 21 ਸਾਲਾਂ ਦੌਰਾਨ ਅਜਿਹੀਆਂ ਅਟਕਲਾਂ ਲਾਈਆਂ ਜਾ ਚੁੱਕੀਆਂ ਹਨ ਕਿਉਂਕਿ ਹਰ ਵਾਰ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਉਨ੍ਹਾਂ ''ਤੇ ਡੋਰੇ ਪਾਉਂਦੀਆਂ ਰਹੀਆਂ ਹਨ। 
ਕੀ ਫਿਲਮ ਸਟਾਰ ਰਜਨੀਕਾਂਤ ਨੇਤਾ ਬਣਨਗੇ? ਇਸ ਸਵਾਲ ਨੂੰ ਲੈ ਕੇ ਪਿਛਲੇ ਹਫਤੇ ਤੋਂ ਉਦੋਂ ਨਵੇਂ ਸਿਰਿਓਂ ਜਨੂੰਨ ਪੈਦਾ ਹੋ ਗਿਆ ਸੀ, ਜਦੋਂ ਰਜਨੀਕਾਂਤ 8 ਸਾਲਾਂ ਦੇ ਲੰਬੇ ਅਰਸੇ ਬਾਅਦ ਆਪਣੇ ਚਹੇਤਿਆਂ ਵਲੋਂ ਆਯੋਜਿਤ ਇਕ ਪ੍ਰੋਗਰਾਮ ''ਚ ਗਏ ਅਤੇ ਉਨ੍ਹਾਂ ਕਿਹਾ :
''''ਮਨੁੱਖ ਨੇ ਜ਼ਿੰਦਗੀ ''ਚ ਕੀ ਕਰਨਾ ਹੈ, ਇਹ ਫੈਸਲਾ ਭਗਵਾਨ ਦੇ ਹੱਥ ਹੈ। ਫਿਲਹਾਲ ਭਗਵਾਨ ਦੀ ਇਹੋ ਇੱਛਾ ਹੈ ਕਿ ਮੈਂ ਅਭਿਨੇਤਾ ਹੀ ਬਣਿਆ ਰਹਾਂ ਤੇ ਆਪਣੀ ਇਸ ਜ਼ਿੰਮੇਵਾਰੀ ਨੂੰ ਨਿਭਾਉਂਦਾ ਰਹਾਂ। ਜੇ ਭਗਵਾਨ ਨੇ ਚਾਹਿਆ ਤਾਂ ਭਵਿੱਖ ''ਚ ਮੈਂ ਸਿਆਸਤ ''ਚ ਆਵਾਂਗਾ। ਜੇ ਮੈਂ ਸਿਆਸਤ ''ਚ ਜਾਂਦਾ ਹਾਂ ਤਾਂ ਈਮਾਨਦਾਰੀ ਤੇ ਸੱਚਾਈ ਨਾਲ ਕੰਮ ਕਰਾਂਗਾ ਅਤੇ ਉਨ੍ਹਾਂ ਲੋਕਾਂ ਨੂੰ ਮੂੰਹ ਨਹੀਂ ਲਾਵਾਂਗਾ, ਜਿਹੜੇ ਸਿਰਫ ਪੈਸਾ ਬਣਾਉਣ ਲਈ ਸਿਆਸਤ ''ਚ ਆਏ ਹਨ।''''
ਰਜਨੀਕਾਂਤ ਦੇ ਸਿਆਸਤ ''ਚ ਆਉਣ ਬਾਰੇ ਪਹਿਲੀ ਵਾਰ ਗੰਭੀਰ ਚਰਚਾ 1996 ''ਚ ਛਿੜੀ ਸੀ, ਜਦੋਂ ਉਨ੍ਹਾਂ ਨੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਪੀ. ਵੀ. ਨਰਸਿਮ੍ਹਾ ਰਾਓ ਨਾਲ ਮੁਲਾਕਾਤ ਕੀਤੀ ਸੀ। ਰਜਨੀਕਾਂਤ ਨੇ ਬੇਸ਼ੱਕ ਸਿਆਸਤ ਵਿਚ ਆਉਣ ''ਚ ਝਿਜਕ ਦਿਖਾਈ, ਫਿਰ ਵੀ ਉਨ੍ਹਾਂ ਨੇ ਡੀ. ਐੱਮ. ਕੇ. ਦੀ ਅਗਵਾਈ ਵਾਲੇ ਮੋਰਚੇ ਦੀ ਇਹ ਬਿਆਨ ਦੇ ਕੇ ਸਹਾਇਤਾ ਕੀਤੀ ਸੀ ਕਿ ''''ਜੇਕਰ ਜੈਲਲਿਤਾ ਦੁਬਾਰਾ ਸੱਤਾ ''ਚ ਆ ਜਾਂਦੀ ਹੈ ਤਾਂ ਰੱਬ ਵੀ ਤਾਮਿਲਨਾਡੂ ਨੂੰ ਨਹੀਂ ਬਚਾ ਸਕੇਗਾ।''''
ਹਾਲ ਹੀ ''ਚ ਰਜਨੀਕਾਂਤ ਨੇ ਕਿਹਾ ਕਿ ''''ਲੱਗਭਗ 21 ਸਾਲ ਪਹਿਲਾਂ ਮੈਂ ਇਕ ਸਿਆਸੀ ਹਾਦਸੇ ''ਚ ਸ਼ਾਮਿਲ ਸੀ। ਉਦੋਂ ਕੁਝ ਕਾਰਨਾਂ ਕਰ ਕੇ ਮੈਂ ਇਕ ਸਿਆਸੀ ਗੱਠਜੋੜ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਸੀ ਤੇ ਤਾਮਿਲਨਾਡੂ ਦੇ ਲੋਕਾਂ, ਮੇਰੇ ਚਹੇਤਿਆਂ ਨੇ ਉਸ ਗੱਠਜੋੜ ਦੀ ਜਿੱਤ ਯਕੀਨੀ ਬਣਾਈ ਸੀ। ਇਹੋ ਵਜ੍ਹਾ ਹੈ ਕਿ ਮੈਂ ਇਹ ਐਲਾਨ ਕਰਦਾ ਰਹਿੰਦਾ ਹਾਂ ਕਿ ਮੇਰੇ ਲਈ ਹਰ ਵਾਰ ਕਿਸੇ ਪਾਰਟੀ ਦਾ ਸਮਰਥਨ ਕਰਨਾ ਜ਼ਰੂਰੀ ਨਹੀਂ।''''
ਇਸ ''ਚ ਕੋਈ ਸ਼ੱਕ ਨਹੀਂ ਕਿ ਰਜਨੀਕਾਂਤ ਸਮੇਂ-ਸਮੇਂ ''ਤੇ ਸਿਆਸੀ ਬਿਆਨਬਾਜ਼ੀ ਕਰਦੇ ਰਹਿੰਦੇ ਹਨ। ਸੰਨ 2004 ''ਚ ਉਨ੍ਹਾਂ ਨੇ ਇਸ ਭਰੋਸੇ ਤੋਂ ਬਾਅਦ ਭਾਜਪਾ-ਅੰਨਾ ਡੀ. ਐੱਮ. ਕੇ. ਗੱਠਜੋੜ ਦਾ ਸਮਰਥਨ ਕੀਤਾ ਸੀ ਕਿ ਉਹ ਤਾਮਿਲਨਾਡੂ ''ਚ ਪੀਣ ਵਾਲੇ ਪਾਣੀ ਦਾ ਸੰਕਟ ਹੱਲ ਕਰਨਗੇ। ਜਦੋਂ ਪੀ. ਐੱਮ. ਕੇ. ਦੇ ਨੇਤਾ ਅੰਬੂਮਣੀ ਰਾਮਦਾਸ ਨੇ ਫਿਲਮੀ ਪਰਦੇ ''ਤੇ ਉਨ੍ਹਾਂ ਵਲੋਂ ਸਿਗਰਟਨੋਸ਼ੀ ਕਰਨ ਵਿਰੁੱਧ ਮੁਹਿੰਮ ਚਲਾਈ ਤਾਂ ਰਜਨੀਕਾਂਤ ਨੂੰ ਉਨ੍ਹਾਂ ਨਾਲ ਦੋ-ਦੋ ਹੱਥ ਕਰਨੇ ਪਏ। 
2014 ''ਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਦੋਂ ਨਰਿੰਦਰ ਮੋਦੀ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਤਾਂ ਅਜਿਹਾ ਪ੍ਰਭਾਵ ਪੈਦਾ ਹੋਇਆ ਕਿ ਜਿਵੇਂ ਰਜਨੀਕਾਂਤ ਨੇ ਭਾਜਪਾ ''ਤੇ ਮੋਹਰ ਲਾ ਦਿੱਤੀ ਹੈ। ਆਖਿਰ ਦੱਖਣ ਭਾਰਤ ''ਚ ਐੱਮ. ਜੀ. ਰਾਮਚੰਦਰਨ, ਜੈਲਲਿਤਾ, ਐੱਨ. ਟੀ. ਰਾਮਾਰਾਓ, ਅੰਬਰੀਸ਼ ਅਤੇ ਚਿੰਰਜੀਵੀ ਨੇ ਵੀ ਸਿਆਸਤ ''ਚ ਸਫਲਤਾ ਦੇ ਝੰਡੇ ਗੱਡੇ ਹਨ ਪਰ ਫਿਲਮ ਸਟਾਰ ਤੋਂ ਸਿਆਸਤਦਾਨ ਬਣੇ ਸਾਰੇ ਅਭਿਨੇਤਾ ਸਫਲ ਨਹੀਂ ਹੋਏ।
ਕਾਂਗਰਸ ਨਾਲੋਂ ਅੱਡ ਹੋਣ ਵਾਲੇ ਸ਼ਿਵਾਜੀ ਗਣੇਸ਼ਨ ਵੀ ਸਿਆਸਤ ''ਚ ਸਫਲ ਨਹੀਂ ਹੋ ਸਕੇ ਸਨ। ਇਥੋਂ ਤਕ ਕਿ 2005 ''ਚ ਡੀ. ਐੱਮ. ਡੀ. ਕੇ. ਨਾਂ ਦੀ ਪਾਰਟੀ ਸ਼ੁਰੂ ਕਰਨ ਵਾਲੇ ਅਤੇ 2006 ''ਚ ਕੁਝ ਸੀਟਾਂ ਜਿੱਤਣ ਵਾਲੇ ਕੈਪਟਨ ਵਿਜੇਕਾਂਤ ਨੂੰ ਵੀ ਇਹ ਮਹਿਸੂਸ ਹੋਣ ''ਚ ਦੇਰ ਨਹੀਂ ਲੱਗੀ ਕਿ ਸਿਆਸਤ ਅਤੇ ਫਿਲਮਾਂ ਪੂਰੀ ਤਰ੍ਹਾਂ ਵੱਖ-ਵੱਖ ਖੇਤਰ ਹਨ। 
ਡੀ. ਐੱਮ. ਕੇ. ਨਾਲੋਂ ਅੱਡ ਹੋ ਕੇ ਆਪਣੀ ਵੱਖਰੀ ਪਾਰਟੀ ਬਣਾਉਣ ਵਾਲੇ ਇਕ ਹੋਰ ਅਭਿਨੇਤਾ ਸ਼ਰਤ ਕੁਮਾਰ ਨੇ ਹਾਲਾਂਕਿ ਦੋ ਸੀਟਾਂ ਜਿੱਤ ਲਈਆਂ ਸਨ ਪਰ ਉਨ੍ਹਾਂ ਨੂੰ ਵੀ ਅਹਿਸਾਸ ਹੋ ਗਿਆ ਕਿ ਸਿਆਸਤ ''ਚ ਲਗਾਤਾਰ ਟਿਕੇ ਰਹਿਣਾ ਬਹੁਤ ਮੁਸ਼ਕਿਲ ਹੈ। ਅਜਿਹੀ ਸਥਿਤੀ ''ਚ ਜੇ ਰਜਨੀਕਾਂਤ ਸਿਆਸਤ ''ਚ ਆਉਣ ਦਾ ਮਨ ਬਣਾ ਲੈਂਦੇ ਹਨ ਤਾਂ ਕੀ ਉਹ ਸਫਲ ਹੋ ਸਕਣਗੇ? 
ਇਹ ਸੱਚਮੁੱਚ ਲੱਖ ਟਕੇ ਦਾ ਸਵਾਲ ਹੈ। ਜੈਲਲਿਤਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਬਦਲ ਦਾ ਵਧੀਆ ਮੌਕਾ ਮੌਜੂਦ ਹੈ। ਅੰਨਾ ਡੀ. ਐੱਮ. ਕੇ. ''ਚ ਫੁੱਟ ਪੈ ਚੁੱਕੀ ਹੈ ਤੇ ਉਸ ਨੂੰ ਇਕਜੁੱਟ ਰੱਖਣ ਲਈ ਕੋਈ ਕੱਦਾਵਰ ਨੇਤਾ ਨਹੀਂ ਹੈ। ਦੂਜੇ ਪਾਸੇ ਡੀ. ਐੱਮ. ਕੇ. ਦੇ 93 ਸਾਲਾ ''ਭੀਸ਼ਮ ਪਿਤਾਮਾ'' ਕਰੁਣਾਨਿਧੀ ਵੀ ਬੀਮਾਰ ਚੱਲ ਰਹੇ ਹਨ ਤੇ ਉਨ੍ਹਾਂ ਦਾ ਬੇਟਾ ਸਟਾਲਿਨ ਪਾਰਟੀ ਨੂੰ ਇਕਜੁੱਟ ਰੱਖਣ ਲਈ ਸੰਘਰਸ਼ ਕਰ ਰਿਹਾ ਹੈ। ਕੈਪਟਨ ਵਿਜੇਕਾਂਤ ਤਾਂ ਸਿਆਸਤ ''ਚੋਂ ਗਾਇਬ ਹੀ ਹੋ ਗਏ ਹਨ। ਦੂਜੇ ਪਾਸੇ ਭਾਜਪਾ ਤੇ ਕਾਂਗਰਸ ਕੋਲ ਵੀ ਤਾਮਿਲਨਾਡੂ ''ਚ ਕੋਈ ਭਰੋਸੇਯੋਗ ਚਿਹਰਾ ਨਹੀਂ ਹੈ।
ਦੂਜੀ ਗੱਲ ਇਹ ਹੈ ਕਿ ਰਜਨੀਕਾਂਤ 67 ਸਾਲਾਂ ਦੇ ਹੋ ਚੁੱਕੇ ਹਨ ਤੇ ਹੁਣ ਸਹੀ ਸਮਾਂ ਹੈ, ਜੇ ਉਹ ਫਿਲਮਾਂ ਤੋਂ ਅੱਕ ਗਏ ਹੋਣ ਤਾਂ ਕੋਈ ਹੋਰ ਖੇਤਰ ਚੁਣ ਲੈਣ। ਉਨ੍ਹਾਂ ਦੇ ਚਹੇਤਿਆਂ ਦੀ ਗਿਣਤੀ ਹਜ਼ਾਰਾਂ ਨਹੀਂ, ਲੱਖਾਂ ''ਚ ਹੈ ਅਤੇ ਇਹ ਭਾਰਤ ਹੀ ਨਹੀਂ ਸਗੋਂ ਵਿਦੇਸ਼ਾਂ ''ਚ ਵੀ ਹਨ। ਰਜਨੀਕਾਂਤ ਕਿਉਂਕਿ ਐੱਮ. ਜੀ. ਰਾਮਚੰਦਰਨ ਵਾਂਗ ਹੀ ਫਿਲਮਾਂ ਦੇ ਜ਼ਰੀਏ ਖੁਦ ਨੂੰ ਗਰੀਬਾਂ ਦੇ ਮਸੀਹਾ ਵਜੋਂ ਪੇਸ਼ ਕਰਦੇ ਆ ਰਹੇ ਹਨ, ਇਸ ਲਈ ਉਨ੍ਹਾਂ ਦਾ ਅਕਸ ''ਰੌਬਿਨਹੁੱਡ'' ਵਰਗਾ ਬਣਿਆ ਹੋਇਆ ਹੈ।  
ਸਾਰੀਆਂ ਦ੍ਰਵਿੜ ਪਾਰਟੀਆਂ ਤੋਂ ਵੋਟਰ ਅੱਕ ਚੁੱਕੇ ਹਨ ਕਿਉਂਕਿ ਇਨ੍ਹਾਂ ''ਤੇ ਅੰਦਰੂਨੀ ਕਲੇਸ਼ ਹਾਵੀ ਹੋ ਚੁੱਕਾ ਹੈ ਤੇ ਹੁਣ ਇਨ੍ਹਾਂ ''ਚ ਉੱਚ ਪੱਧਰ ਦਾ, ਦੂਰਅੰਦੇਸ਼ੀ ਵਾਲਾ ਕੋਈ ਨੇਤਾ ਮੌਜੂਦ ਨਹੀਂ ਹੈ। ਅਜਿਹੀ ਸਥਿਤੀ ''ਚ ਜੇ ਰਜਨੀਕਾਂਤ ਇਕ ਨਵੇਂ ਨਜ਼ਰੀਏ ਨਾਲ ਸਿਆਸਤ ''ਚ ਦਸਤਕ ਦਿੰਦੇ ਹਨ ਤਾਂ ਸ਼ਾਇਦ ਉਹ ਸਫਲ ਹੋ ਜਾਣ।
ਤੀਜੀ ਗੱਲ ਇਹ ਹੈ ਕਿ ਉਨ੍ਹਾਂ ਸਾਹਮਣੇ ਭਾਜਪਾ ਦੇ ਸਮਰਥਨ ਨਾਲ ਪਾਰਟੀ ਲਾਂਚ ਕਰਨ ਜਾਂ ਫਿਰ ਮੁੱਖ ਮੰਤਰੀ ਦੇ ਚਿਹਰੇ ਵਜੋਂ ਭਾਜਪਾ ''ਚ ਸ਼ਾਮਿਲ ਹੋਣ ਦੇ ਬਦਲ ਮੌਜੂਦ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਉਨ੍ਹਾਂ ਦੀ ਖੂਬ ਬਣਦੀ ਹੈ, ਦੂਜੇ ਪਾਸੇ ਭਾਜਪਾ ਵੀ ਹੋਰਨਾਂ ਪਾਰਟੀਆਂ ''ਚੋਂ ਨੇਤਾ ''ਇੰਪੋਰਟ'' ਕਰਨ ਦੇ ਮੌਕੇ ਲੱਭ ਰਹੀ ਹੈ। ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਤਾਂ ਪਹਿਲਾਂ ਹੀ ਕਹਿ ਦਿੱਤਾ ਹੈ ਕਿ ਜੇ ਰਜਨੀਕਾਂਤ ਸਿਆਸਤ ''ਚ ਆਉਂਦੇ ਹਨ ਤਾਂ ਉਨ੍ਹਾਂ ਦਾ ਸਵਾਗਤ ਹੈ। ਉਂਝ ਰਜਨੀਕਾਂਤ ਕੋਲ ਕਾਂਗਰਸ ''ਚ ਸ਼ਾਮਿਲ ਹੋਣ ਦਾ ਬਦਲ ਵੀ ਮੌਜੂਦ ਹੈ ਕਿਉਂਕਿ ਕਾਂਗਰਸ ਕਈ ਸਾਲਾਂ ਤੋਂ ਉਨ੍ਹਾਂ ''ਤੇ ਡੋਰੇ ਪਾਉਣ ਦੀ ਕੋਸ਼ਿਸ਼ ਕਰਦੀ ਆ ਰਹੀ ਹੈ।
ਚੌਥੀ ਗੱਲ ਇਹ ਹੈ ਕਿ ਤਾਮਿਲਨਾਡੂ ਇਕ ਤਰ੍ਹਾਂ ਸਿਆਸੀ ਖਲਾਅ ਦਾ ਸ਼ਿਕਾਰ ਹੈ ਅਤੇ ਅਜਿਹੀ ਹਸਤੀ ਦਾ ਰਾਹ ਤੱਕ ਰਿਹਾ ਹੈ, ਜੋ ਬਿਹਤਰੀਨ ਗਵਰਨੈਂਸ ਮੁਹੱਈਆ ਕਰਵਾ ਸਕੇ ਤੇ ਸੂਬੇ ਨੂੰ ਅੱਗੇ ਲਿਜਾ ਸਕੇ। ਰਜਨੀਕਾਂਤ ਨੂੰ ਇਸ ਗੱਲ ਦਾ ਫਾਇਦਾ ਹੋ ਸਕੇਗਾ ਕਿਉਂਕਿ ਉਨ੍ਹਾਂ ਦਾ ਕੈਰੀਅਰ ਬਿਲਕੁਲ ਬੇਦਾਗ ਹੈ। ਉਨ੍ਹਾਂ ਦੀ ''ਪੂਜਾ'' ਕਰਨ ਵਾਲੇ ਲੱਖਾਂ ਚਹੇਤੇ ਮੰਨਦੇ ਹਨ ਕਿ ਸਿਰਫ ਰਜਨੀਕਾਂਤ ਹੀ ਸਿਆਸੀ ਖਲਾਅ ਨੂੰ ਭਰ ਸਕਦੇ ਹਨ। ਜਦੋਂ ਰਜਨੀਕਾਂਤ ਨੇ ਇਹ ਬਿਆਨ ਦਿੱਤਾ ਸੀ ਕਿ ''''ਜਦੋਂ ਜੰਗ ਦਾ ਐਲਾਨ ਹੋਵੇਗਾ ਤਾਂ ਮੈਂ ਤੁਹਾਨੂੰ ਸੱਦਾ ਦੇਵਾਂਗਾ, ਉਦੋਂ ਫਿਰ ਤੁਹਾਨੂੰ ਪਹੁੰਚਣਾ ਪਵੇਗਾ। ਪੁਰਾਣੇ ਜ਼ਮਾਨੇ ''ਚ ਵੀ ਜਦੋਂ ਜੰਗ ਲੱਗਦੀ ਸੀ ਤਾਂ ਸਾਰੇ ਮਰਦ ਹਰ ਤਰ੍ਹਾਂ ਦੇ ਕੰਮ ਛੱਡ ਕੇ ਜੰਗ ਲਈ ਰਵਾਨਾ ਹੋ ਜਾਂਦੇ ਸਨ'''' ਤਾਂ ਉਨ੍ਹਾਂ ਦੇ ਚਹੇਤੇ ਬਹੁਤ ਖੁਸ਼ ਹੋਏ ਸਨ।
ਰਜਨੀਕਾਂਤ ਦੇ ਚਹੇਤੇ ''ਮੁੱਥੂ'' ਫਿਲਮ ਦਾ ਉਨ੍ਹਾਂ ਦਾ ਇਹ ਪ੍ਰਸਿੱਧ ਡਾਇਲਾਗ ਯਾਦ ਰੱਖਦੇ ਹਨ : ''''ਕੋਈ ਨਹੀਂ ਜਾਣਦਾ ਮੈਂ ਕਦੋਂ ਅਤੇ ਕਿਸ ਢੰਗ ਨਾਲ ਆ ਧਮਕਾਂਗਾ ਪਰ ਇਕ ਗੱਲ ਤੈਅ ਹੈ ਕਿ ਮੈਂ ਸਹੀ ਸਮੇਂ ''ਤੇ ਆ ਜਾਵਾਂਗਾ।'''' ਕੀ ਅਜਿਹਾ ਸਮਾਂ ਆ ਗਿਆ ਹੈ ਜਾਂ ਫਿਰ ਰਜਨੀਕਾਂਤ ਇਕ ਵਾਰ ਫਿਰ ਆਪਣੇ ਚਹੇਤਿਆਂ ਨੂੰ ਨਾਰਾਜ਼ ਹੀ ਕਰਨਗੇ। ਕੋਈ ਇਸ ਬਾਰੇ ਦਾਅ ਖੇਡਣ ਲਈ ਤਿਆਰ ਨਹੀਂ।