ਕੀ ਲੋਕ ਮੋਦੀ ਨੂੰ ਇਕ ਹੋਰ ''ਮੌਕਾ'' ਦੇਣਗੇ

03/20/2019 7:19:00 AM

ਚੋਣਾਂ ਨੇੜੇ ਆਉਂਦਿਆਂ ਹੀ ਜਿੱਤਣ ਵਾਸਤੇ ਕਈ ਅਹਿਮ ਮੁੱਦਿਆਂ 'ਤੇ ਚਰਚਾ ਸ਼ੁਰੂ ਹੋ ਜਾਂਦੀ ਹੈ। ਇਹ ਮੁੱਦੇ ਵੋਟਰਾਂ ਨੂੰ ਪ੍ਰਭਾਵਿਤ ਕਰਦੇ ਹਨ ਪਰ ਇਹ ਸਥਾਈ ਨਹੀਂ ਹੁੰਦੇ ਕਿਉਂਕਿ ਉਸ ਸਮੇਂ ਵਿਸ਼ੇਸ਼ 'ਚ ਸਿਆਸੀ ਮਾਹੌਲ ਅਨੁਸਾਰ ਮੁੱਦੇ ਬਦਲਦੇ ਰਹਿੰਦੇ ਹਨ। 
ਹਰ ਵਾਰ ਦੀਆਂ ਚੋਣਾਂ ਵਾਂਗ ਇਨ੍ਹਾਂ ਲੋਕ ਸਭਾ ਚੋਣਾਂ 'ਚ ਵੀ ਕੁਝ ਅਹਿਮ ਮੁੱਦੇ ਸਾਹਮਣੇ ਆਏ ਹਨ। ਮਿਸਾਲ ਵਜੋਂ ਇਨ੍ਹਾਂ ਚੋਣਾਂ 'ਚ 'ਮੋਦੀ ਫੈਕਟਰ' ਵੱਡੀ ਭੂਮਿਕਾ ਨਿਭਾਏਗਾ ਕਿਉਂਕਿ ਇਸ ਫੈਕਟਰ ਦਾ ਕਾਫੀ ਪ੍ਰਭਾਵ ਰਹੇਗਾ। ਭਾਜਪਾ ਦਾ ਮੰਨਣਾ ਹੈ ਕਿ 'ਮੋਦੀ ਮੈਜਿਕ' ਇਸ ਵਾਰ ਵੀ ਕੰਮ ਕਰੇਗਾ। 2014 'ਚ ਮੋਦੀ ਲੋਕਾਂ ਲਈ ਨਵੇਂ ਸਨ। 5 ਸਾਲ ਲੋਕਾਂ ਨੇ ਉਨ੍ਹਾਂ ਨੂੰ ਦੇਖਿਆ, ਸੁਣਿਆ ਤੇ ਉਨ੍ਹਾਂ ਦੇ ਕੰਮਾਂ ਨੂੰ ਜਾਂਚਿਆ ਹੈ। ਇਸ ਦਰਮਿਆਨ ਸੱਤਾ ਵਿਰੋਧੀ ਲਹਿਰ ਮੋਦੀ ਦੇ ਵਿਰੁੱਧ ਜਾ ਸਕਦੀ ਹੈ ਕਿਉਂਕਿ ਉਨ੍ਹਾਂ ਦਾ ਰਿਪੋਰਟ ਕਾਰਡ ਬਹੁਤਾ ਚੰਗਾ ਨਹੀਂ ਹੈ। ਕੁਲ ਮਿਲਾ ਕੇ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਕੀ ਲੋਕ ਮੋਦੀ ਨੂੰ ਇਕ ਹੋਰ ਮੌਕਾ ਦੇਣ ਲਈ ਤਿਆਰ ਹਨ?
ਪ੍ਰਿਯੰਕਾ ਗਾਂਧੀ ਦਾ ਪ੍ਰਭਾਵ
ਪ੍ਰਿਯੰਕਾ ਗਾਂਧੀ ਵਢੇਰਾ, ਜੋ ਹੁਣੇ-ਹੁਣੇ ਸਰਗਰਮ ਸਿਆਸਤ 'ਚ ਉਤਰੀ ਹੈ, ਵੀ ਇਕ ਫੈਕਟਰ ਵਜੋਂ ਉੱਭਰ ਕੇ ਸਾਹਮਣੇ ਆਈ ਹੈ। ਉਸ ਬਾਰੇ ਇਕ ਨਵਾਂਪਣ, ਇਕ ਬਿਨਾਂ ਪਰਖਿਆ ਗੁਣ, ਉਸ ਦੇ ਬੋਲਣ ਦਾ ਅੰਦਾਜ਼ ਤੇ ਉਸ ਦੀ ਸ਼ਖ਼ਸੀਅਤ ਤੋਂ ਇਲਾਵਾ ਉਸ ਦਾ ਗਾਂਧੀ ਪਰਿਵਾਰ ਨਾਲ ਜੁੜੀ ਹੋਣਾ ਵੀ ਇਕ ਭੂਮਿਕਾ ਨਿਭਾਅ ਸਕਦਾ ਹੈ। ਹਾਲਾਂਕਿ ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਪ੍ਰਿਯੰਕਾ ਦਾ ਪ੍ਰਭਾਵ ਸੀਮਤ ਹੀ ਰਹੇਗਾ ਕਿਉਂਕਿ ਸਿਆਸੀ ਗਣਿਤ, ਜਾਤ-ਪਾਤ ਦੀ ਸਿਆਸਤ ਤੇ ਗੱਠਜੋੜ ਦੀਆਂ ਚੁਣੌਤੀਆਂ ਪ੍ਰਿਯੰਕਾ ਦਾ ਰਾਹ ਮੁਸ਼ਕਿਲ ਬਣਾਉਣਗੀਆਂ। ਇਸ ਤੋਂ ਇਲਾਵਾ ਉਹ ਦੇਰ ਨਾਲ ਸਿਆਸੀ ਮੈਦਾਨ 'ਚ ਆਈ ਹੈ। 
ਬਸਪਾ ਸੁਪਰੀਮੋ ਮਾਇਆਵਤੀ ਦਹਾਕਿਆਂ ਤੋਂ ਸਿਆਸਤ 'ਚ ਹੈ ਪਰ ਇਸ ਵਾਰ ਉਹ ਇਕ ਵੱਡਾ ਫੈਕਟਰ ਬਣ ਗਈ ਹੈ ਕਿਉਂਕਿ ਬਸਪਾ ਨੂੰ ਇਸ ਵਾਰ 'ਵੱਡਾ ਖਿਡਾਰੀ' ਮੰਨਿਆ ਜਾ ਰਿਹਾ ਹੈ। ਬਹੁਤ ਸਾਰੀਆਂ ਪਾਰਟੀਆਂ ਮਾਇਆਵਤੀ ਨਾਲ ਹੱਥ ਮਿਲਾਉਣ ਦੀਆਂ ਚਾਹਵਾਨ ਹਨ ਕਿਉਂਕਿ ਬਸਪਾ ਦੀਆਂ ਵੋਟਾਂ ਟਰਾਂਸਫਰ ਹੁੰਦੀਆਂ ਰਹਿੰਦੀਆਂ ਹਨ। ਜੇ ਯੂ. ਪੀ. 'ਚ ਗੱਠਜੋੜ ਨੂੰ ਚੰਗੀਆਂ  ਸੀਟਾਂ ਮਿਲ ਜਾਂਦੀਆਂ ਹਨ ਤਾਂ ਲੰਗੜੀ ਲੋਕ ਸਭਾ ਬਣਨ ਦੀ ਸਥਿਤੀ 'ਚ ਉਹ ਕਿੰਗਮੇਕਰ ਦੀ ਭੂਮਿਕਾ ਨਿਭਾਅ ਸਕਦੀ ਹੈ। ਇਸ ਤੋਂ ਇਲਾਵਾ ਮਾਇਆਵਤੀ ਨੇ ਪ੍ਰਧਾਨ ਮੰਤਰੀ ਦੀ ਇੱਛਾ ਵੀ ਪਾਲ਼ੀ ਹੋਈ ਹੈ। 
ਰਾਜਦ ਮੁਖੀ ਲਾਲੂ ਪ੍ਰਸਾਦ ਯਾਦਵ ਜੇਲ 'ਚ ਕੈਦ ਦੀ ਸਜ਼ਾ ਕੱਟ ਰਹੇ ਹਨ। ਇਸ ਦੇ ਬਾਵਜੂਦ ਉਹ ਬਿਹਾਰ 'ਚ ਇਕ ਵੱਡੇ ਖਿਡਾਰੀ ਹਨ। ਬਿਹਾਰ ਤੋਂ ਮਿਲੀ ਫੀਡਬੈਕ ਅਨੁਸਾਰ ਜੇਲ ਦੀ ਸਜ਼ਾ ਨੇ ਲਾਲੂ ਪ੍ਰਤੀ ਲੋਕਾਂ 'ਚ ਹਮਦਰਦੀ ਪੈਦਾ ਕਰ ਦਿੱਤੀ ਹੈ ਤੇ ਇਸ ਹਮਦਰਦੀ ਨੂੰ ਉਹ ਰਾਜਦ-ਕਾਂਗਰਸ ਗੱਠਜੋੜ ਦੇ ਪੱਖ 'ਚ ਕੈਸ਼ ਕਰਨਾ ਚਾਹੁੰਦੇ ਹਨ। 
ਕੌਮੀ ਸੁਰੱਖਿਆ ਦਾ ਮੁੱਦਾ
ਕੌਮੀ ਸੁਰੱਖਿਆ ਦਾ ਮੁੱਦਾ ਵੀ ਬਹੁਤ ਅਹਿਮ ਹੈ, ਜਿਸ ਦਾ ਲਾਹਾ ਭਾਜਪਾ ਇਨ੍ਹਾਂ ਚੋਣਾਂ 'ਚ ਲੈਣਾ ਚਾਹੇਗੀ ਕਿਉਂਕਿ ਪੁਲਵਾਮਾ ਹਮਲੇ ਅਤੇ ਉਸ ਦੇ ਜਵਾਬ 'ਚ ਬਾਲਾਕੋਟ ਏਅਰ ਸਟ੍ਰਾਈਕ ਭਾਜਪਾ ਦੇ ਪ੍ਰਚਾਰ ਮੁਹਿੰਮ ਦੀ ਮੁੱਖ ਧੁਰੀ ਬਣ ਗਈ ਹੈ। ਹਾਲਾਂਕਿ ਭਾਜਪਾ ਲਈ ਇਸ ਮੁੱਦੇ ਨੂੰ ਅਗਲੇ 2 ਮਹੀਨਿਆਂ ਤਕ ਢੁੱਕਵਾਂ  ਬਣਾਈ  ਰੱਖਣਾ ਮੁਸ਼ਕਿਲ ਹੋਵੇਗਾ ਕਿਉਂਕਿ ਵਿਰੋਧੀ ਧਿਰ ਬੇਰੋਜ਼ਗਾਰੀ, ਨੋਟਬੰਦੀ, ਜੀ. ਐੱਸ. ਟੀ., ਖੇਤੀਬਾੜੀ ਸੰਕਟ ਆਦਿ ਮੂਲ ਮੁੱਦਿਆਂ ਨੂੰ ਵਾਪਿਸ ਲਿਆਉਣਾ ਚਾਹੁੰਦੀ ਹੈ। 
ਦਿਹਾਤੀ ਖੇਤਰ 'ਚ ਨਿਰਾਸ਼ਾ ਵਾਲਾ ਮਾਹੌਲ ਇਕ ਹੋਰ ਮੁੱਦਾ ਹੈ। ਹਾਲਾਂਕਿ ਭਾਜਪਾ ਨੂੰ ਸ਼ਹਿਰੀ ਪਾਰਟੀ ਵਜੋਂ ਜਾਣਿਆ ਜਾਂਦਾ ਹੈ ਪਰ 2014 ਦੀਆਂ ਚੋਣਾਂ 'ਚ ਦਿਹਾਤੀ ਲੋਕਾਂ ਨੇ ਮੋਦੀ ਦੇ ਪੱਖ 'ਚ ਵੋਟ ਦੇ ਕੇ ਭਾਜਪਾ ਨੂੰ ਜਿਤਾਉਣ 'ਚ ਵੱਡਾ ਭੂਮਿਕਾ ਨਿਭਾਈ ਸੀ ਪਰ ਹੁਣ ਭਾਜਪਾ ਤੋਂ ਦਿਹਾਤੀਆਂ ਦਾ ਮੋਹ ਭੰਗ ਹੋ ਚੁੱਕਾ ਹੈ। 
ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਖੇਤੀ ਸੰਕਟ ਵੀ ਇਸ ਸਮੇਂ ਅਹਿਮ ਮੁੱਦਾ ਹੈ। ਪਿਛਲੇ ਸਾਲ ਦਸੰਬਰ 'ਚ ਹੋਈਆਂ  ਚੋਣਾਂ ਦੌਰਾਨ 3 ਸੂਬਿਆਂ 'ਚ ਭਾਜਪਾ ਦੀ ਹਾਰ ਲਈ ਇਸ ਨੂੰ ਮੁੱਖ  ਕਾਰਨਾਂ 'ਚੋਂ ਇਕ ਮੰਨਿਆ ਜਾ ਰਿਹਾ ਹੈ। ਜੇ ਮੋਦੀ ਸੱਤਾ 'ਚ ਵਾਪਸੀ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਕਿਸਾਨ ਵੋਟਰਾਂ ਦਾ ਭਰੋਸਾ ਜਿੱਤਣਾ  ਪਵੇਗਾ। 
ਬੇਰੋਜ਼ਗਾਰੀ ਅਤੇ ਨੌਜਵਾਨ 
ਰੋਜ਼ਗਾਰ (ਜਾਂ ਬੇਰੋਜ਼ਗਾਰੀ) ਇਕ ਹੋਰ ਮੁੱਦਾ ਹੈ ਕਿਉਂਕਿ ਨੌਜਵਾਨ ਇਸ ਮਾਮਲੇ 'ਚ ਨਿਰਾਸ਼ਾ ਦੀ ਸਥਿਤੀ 'ਚ ਹਨ। ਮੋਦੀ ਨੇ 2014 'ਚ ਜਿੰਨੀਆਂ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ, ਓਨੀਆਂ ਨੌਕਰੀਆਂ ਨਹੀਂ ਦੇ ਸਕੇ। ਇਸ ਸਮੇਂ ਬੇਰੋਜ਼ਗਾਰੀ ਦੀ ਦਰ ਪਿਛਲੇ 30 ਸਾਲਾਂ 'ਚ ਸਭ ਤੋਂ ਜ਼ਿਆਦਾ ਹੈ। ਨੌਜਵਾਨਾਂ ਲਈ ਇਹ ਮੁੱਦਾ ਹੋਰ ਸਾਰੇ ਮੁੱਦਿਆਂ 'ਤੇ ਹਾਵੀ ਹੋ ਚੁੱਕਾ ਹੈ। 
ਇਸ ਵਾਰ 13 ਕਰੋੜ ਨਵੇਂ ਵੋਟਰ ਵੀ ਆਪਣੀ ਭੂਮਿਕਾ ਨਿਭਾਉਣਗੇ। 2014 ਦੀਆਂ ਚੋਣਾਂ 'ਚ ਲੱਗਭਗ 15 ਕਰੋੜ ਨਵੇਂ ਵੋਟਰਾਂ ਨੇ ਮੋਦੀ ਦੇ ਪੱਖ 'ਚ ਵੋਟਿੰਗ ਕੀਤੀ ਸੀ। ਇਸ ਵਾਰ ਲੱਗਭਗ ਹਰੇਕ ਸੀਟ 'ਤੇ ਡੇਢ ਲੱਖ ਨਵੇਂ ਵੋਟਰ ਦਰਜ ਹੋਏ ਹਨ, ਜੋ ਕਿਸੇ ਵੀ ਵਿਚਾਰਧਾਰਾ ਨਾਲ ਜੁੜੇ ਹੋਏ ਨਹੀਂ ਹਨ ਅਤੇ ਸਾਰੀਆਂ ਸਿਆਸੀ ਪਾਰਟੀਆਂ ਦੀਆਂ ਨਜ਼ਰਾਂ ਇਨ੍ਹਾਂ ਨੌਜਵਾਨ ਵੋਟਰਾਂ 'ਤੇ ਹਨ। 
ਸਿਆਸੀ ਪਾਰਟੀਆਂ ਲਈ ਮਹਿਲਾ ਵੋਟਰ ਵੀ ਅਹਿਮ ਹਨ। ਚੋਣ ਕਮਿਸ਼ਨ ਤੋਂ ਮਿਲੇ ਅੰਕੜਿਆਂ ਅਨੁਸਾਰ 2014 ਦੀਆਂ ਆਮ ਚੋਣਾਂ 'ਚ ਵੋਟਿੰਗ ਦੀ ਦਰ ਕਾਫੀ ਵਧੀ ਹੈ, ਜਿਸ ਦਾ ਇਕ ਮੁੱਖ ਕਾਰਨ ਮਹਿਲਾ ਵੋਟਰਾਂ ਵਲੋਂ ਵਧ-ਚੜ੍ਹ ਕੇ ਵੋਟਿੰਗ 'ਚ ਹਿੱਸਾ ਲੈਣਾ ਹੈ। ਇਹ  ਵੀ ਅਹਿਮ ਹੈ ਕਿ ਬੀਜੂ ਜਨਤਾ ਦਲ ਨੇ ਇਨ੍ਹਾਂ ਲੋਕ ਸਭਾ ਚੋਣਾਂ 'ਚ ਔਰਤਾਂ ਲਈ 33 ਫੀਸਦੀ ਰਾਖਵੇਂਕਰਨ ਦਾ ਐਲਾਨ ਕੀਤਾ ਹੈ। ਤ੍ਰਿਣਮੂਲ ਕਾਂਗਰਸ ਨੇ ਔਰਤਾਂ ਲਈ 41 ਫੀਸਦੀ ਸੀਟਾਂ ਵੱਖਰੀਆਂ ਰੱਖੀਆਂ ਹਨ, ਜਦਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸਰਕਾਰੀ ਨੌਕਰੀਆਂ 'ਚ ਔਰਤਾਂ ਲਈ 33 ਫੀਸਦੀ ਰਾਖਵੇਂਕਰਨ ਦਾ ਐਲਾਨ ਕੀਤਾ ਹੈ। ਇਨ੍ਹਾਂ ਤੋਂ ਇਲਾਵਾ ਭਾਜਪਾ ਵੀ ਕਈ ਸਰਕਾਰੀ ਪ੍ਰੋਗਰਾਮਾਂ ਦੇ ਜ਼ਰੀਏ ਮਹਿਲਾ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੀ ਹੈ। 
ਮੁੱਦਾ ਅਰਥ ਵਿਵਸਥਾ ਦਾ 
ਦੁਨੀਆ ਭਰ 'ਚ ਬਹੁਤ ਸਾਰੇ ਨੇਤਾਵਾਂ ਨੇ ਅਰਥ ਵਿਵਸਥਾ ਦੇ ਮੁੱਦੇ 'ਤੇ ਚੋਣਾਂ ਜਿੱਤੀਆਂ  ਤੇ ਹਾਰੀਆਂ ਹਨ। ਅਸਲ 'ਚ ਮੋਦੀ ਅਰਥ ਵਿਵਸਥਾ ਦੇ ਮੁੱਦੇ 'ਤੇ ਸਵਾਰ ਹੋ ਕੇ ਸੱਤਾ 'ਚ ਆਏ ਸਨ। ਉਨ੍ਹਾਂ ਵਲੋਂ ਚੁੱਕੇ ਗਏ ਨੋਟਬੰਦੀ ਤੇ ਜੀ. ਐੱਸ. ਟੀ. ਵਰਗੇ ਕਦਮ ਵੋਟਰਾਂ ਨੂੰ ਰਾਸ ਨਹੀਂ ਆਏ। ਅਜਿਹੀ ਸਥਿਤੀ 'ਚ ਵਿਰੋਧੀ ਧਿਰ ਭਾਜਪਾ ਨੂੰ ਆਰਥਿਕ ਮੁੱਦਿਆਂ 'ਤੇ ਘੇਰਨਾ ਚਾਹੁੰਦੀ ਹੈ। 
ਜਾਤ ਦਾ ਮੁੱਦਾ ਵੀ ਹਰ ਵਾਰ ਦੀਆਂ ਚੋਣਾਂ ਦੀ ਹਕੀਕਤ ਹੈ ਤੇ ਚੋਣਾਂ ਜਿੱਤਣ ਲਈ ਚੋਣ ਗਣਿਤ 'ਚ ਜਾਤ ਦਾ ਸਮੀਕਰਣ ਅਹਿਮ ਭੂਮਿਕਾ ਨਿਭਾਉਂਦਾ ਹੈ। ਬਹੁਤ ਸਾਰੀਆਂ ਪਾਰਟੀਆਂ ਆਪਣੇ ਉਮੀਦਵਾਰਾਂ ਦੀ ਚੋਣ ਜਾਤ ਦੇ ਆਧਾਰ 'ਤੇ ਕਰਦੀਆਂ ਹਨ। 
ਇਸ ਤੋਂ ਇਲਾਵਾ ਸੋਸ਼ਲ ਮੀਡੀਆ ਵੀ ਚੋਣ ਪ੍ਰਚਾਰ ਦੌਰਾਨ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਅਹਿਮ ਮੁੱਦਾ ਬਣ ਚੁੱਕਾ ਹੈ। 2014 'ਚ ਸਾਰੀਆਂ ਪਾਰਟੀਆਂ ਨੇ ਸੋਸ਼ਲ ਮੀਡੀਆ ਦਾ ਖੂਬ ਇਸਤੇਮਾਲ ਕੀਤਾ ਅਤੇ ਇਸ ਵਾਰ ਇਸ ਦੀ ਵਰਤੋਂ ਹੋਰ ਵੀ ਜ਼ਿਆਦਾ ਹੋਵੇਗੀ। ਚੋਣ ਨਤੀਜੇ ਇਸ ਗੱਲ 'ਤੇ ਨਿਰਭਰ ਕਰਨਗੇ ਕਿ ਕਿਹੜੀਆਂ ਪਾਰਟੀਆਂ ਕਿਸ ਤਰ੍ਹਾਂ ਇਨ੍ਹਾਂ ਮੁੱਦਿਆਂ ਨੂੰ ਆਪਣੇ ਪੱਖ 'ਚ ਅਤੇ ਵਿਰੋਧੀਆਂ ਦੇ ਵਿਰੁੱਧ ਕੈਸ਼ ਕਰ ਸਕਦੀਆਂ ਹਨ।        -ਕਲਿਆਣੀ ਸ਼ੰਕਰ (kalyani60@gmail.com)

Bharat Thapa

This news is Content Editor Bharat Thapa