ਕੀ ਤਮਿਲ ਸਿਆਸਤ ''ਚ ਚੱਲੇਗਾ ਕਮਲ ਹਾਸਨ ਦਾ ''ਸਿਟੀਜ਼ਨ ਕੇ'' ਬ੍ਰਾਂਡ

11/17/2017 3:38:18 AM

ਤਾਮਿਲਨਾਡੂ ਦੇ ਫਿਲਮ ਸੁਪਰ ਸਟਾਰ ਕਮਲ ਹਾਸਨ ਨੇ ਖ਼ੁਦ ਨੂੰ 'ਸਿਟੀਜ਼ਨ ਕੇ' ਬ੍ਰਾਂਡ ਦੇ ਤਹਿਤ ਇਕ ਵੱਖਰੀ ਕਿਸਮ ਦੇ ਸਿਆਸਤਦਾਨ ਵਜੋਂ ਸਿੱਧ ਕਰਨ ਲਈ ਸਿਆਸਤ ਵਿਚ ਕਦਮ ਰੱਖਿਆ ਹੈ। ਇਹ ਕਹਿਣਾ ਅਜੇ ਬਹੁਤ ਜਲਦਬਾਜ਼ੀ ਹੋਵੇਗੀ ਕਿ ਤਾਮਿਲਨਾਡੂ ਦੀ ਸਿਆਸਤ ਦੀ ਦਿਸ਼ਾ ਆਉਣ ਵਾਲੇ ਮਹੀਨਿਆਂ ਵਿਚ ਬਦਲ ਜਾਵੇਗੀ। 
ਹਾਲਾਂਕਿ ਕਮਲ ਹਾਸਨ ਵਿਚ ਸਫਲਤਾ ਦੇ ਸਾਰੇ ਗੁਣ ਅਤੇ ਵਿਲੱਖਣਤਾ ਦੇ ਤੱਤ ਹਨ। ਇਸ ਸਮੇਂ ਸੂਬੇ ਦੀ ਸਿਆਸਤ ਜੈਲਲਿਤਾ ਦੀ ਮੌਤ ਤੋਂ ਬਾਅਦ ਮੰਝਧਾਰ ਵਿਚ ਫਸੀ ਹੋਈ ਹੈ। ਹਾਲਾਂਕਿ ਦੂਜੇ ਪਾਸੇ ਹਰਮਨਪਿਆਰੇ ਫਿਲਮ ਅਭਿਨੇਤਾ ਰਜਨੀਕਾਂਤ ਵੀ ਆਮ ਲੋਕਾਂ ਵਿਚ ਆਪਣੀ ਵੱਖਰੀ ਪਛਾਣ ਬਣਾਉਣ ਦੀ ਕੋਸ਼ਿਸ਼ 'ਚ ਹਨ। ਇਸ ਨਾਲ ਸੂਬੇ ਦੇ ਘਾਗ ਨੇਤਾ ਕਰੁਣਾਨਿਧੀ ਦੀ ਪਾਰਟੀ ਡੀ. ਐੱਮ. ਕੇ. ਅਤੇ ਜੈਲਲਿਤਾ ਦੀ ਅੰਨਾ ਡੀ. ਐੱਮ. ਕੇ. ਵਿਚਾਲੇ ਮਹਾਸੰਗਰਾਮ ਨੂੰ ਨਵਾਂ ਤੇ ਦਿਲਚਸਪ ਮੋੜ ਮਿਲੇਗਾ। 
ਉਕਤ ਦੋਹਾਂ ਪਾਰਟੀਆਂ ਦਾ ਸੂਬੇ ਵਿਚ ਆਪਣਾ ਚੰਗਾ-ਖਾਸਾ ਜਨ-ਆਧਾਰ ਹੈ। ਤਾਮਿਲਨਾਡੂ ਦੀ ਸਿਆਸਤ ਦਹਾਕਿਆਂ ਤੋਂ ਇਨ੍ਹਾਂ ਦੋਹਾਂ ਪਾਰਟੀਆਂ ਦੁਆਲੇ ਹੀ ਘੁੰਮਦੀ ਰਹੀ ਹੈ। ਇਸ ਪੜਾਅ 'ਤੇ ਇਹ ਕਹਿਣਾ ਮੁਸ਼ਕਿਲ ਹੈ ਕਿ ਇਨ੍ਹਾਂ ਦੋਹਾਂ ਅਭਿਨੇਤਾਵਾਂ ਦਾ ਸਿਆਸਤ ਵਿਚ ਦਾਖਲਾ ਕੀ ਤਬਦੀਲੀ ਲਿਆਉਂਦਾ ਹੈ ਜਾਂ ਮੌਜੂਦਾ ਸਮੀਕਰਣਾਂ ਨੂੰ ਕਿਵੇਂ ਵਿਗਾੜਦਾ ਹੈ। 
ਅਸੀਂ ਜਾਣਦੇ ਹਾਂ ਕਿ ਸਿਆਸਤ ਸੰਭਵ ਨੂੰ ਅਸੰਭਵ ਬਣਾਉਣ ਦੀ ਇਕ ਕਲਾ ਹੈ। ਇਹ ਇਕ ਤਰ੍ਹਾਂ ਨਾਲ ਸੁਰੱਖਿਅਤ ਤਰੀਕਾ ਵੀ ਹੋ ਸਕਦਾ ਹੈ ਕਿਉਂਕਿ ਅੱਜ ਦੀ ਪੀੜ੍ਹੀ ਦੇ ਨੌਜਵਾਨ ਵੋਟਰ ਸਿਆਸੀ ਸੱਭਿਅਤਾ ਅਤੇ ਆਦਰਸ਼ਾਂ ਦੇ ਸਾਰੇ ਤੱਥਾਂ ਵਿਚ ਬਿਹਤਰੀ ਲਈ ਤਬਦੀਲੀ ਵੱਲ ਦੇਖ ਰਹੇ ਹਨ। 
ਨਵੀਂ ਸਿਆਸਤ ਦੀ ਸਕ੍ਰਿਪਟ ਰੂੜੀਵਾਦ 'ਤੇ ਆਧਾਰਿਤ ਨਹੀਂ ਹੈ। ਇਹ ਲੋਕਾਂ ਨਾਲ ਕੀਤੇ ਵਾਅਦੇ ਨਿਭਾਉਣ ਅਤੇ ਚੰਗੀ ਕਾਰਗੁਜ਼ਾਰੀ ਯਕੀਨੀ ਬਣਾਉਣਾ ਚਾਹੁੰਦੀ ਹੈ। ਇਸ ਸੰਬੰਧ ਵਿਚ ਤਾਮਿਲਨਾਡੂ ਦੀ ਸਿਆਸਤ ਬਿਹਤਰੀ ਲਈ ਆਸ਼ਾਵਾਦੀ ਢੰਗ ਨਾਲ ਤਬਦੀਲੀ ਵਾਸਤੇ ਤਿਆਰ ਹੈ। 
ਕਮਲ ਹਾਸਨ ਨੂੰ ਇਕ ਫਾਇਦਾ ਇਹ ਹੈ ਕਿ ਆਮ ਲੋਕਾਂ ਵਿਚ ਉਨ੍ਹਾਂ ਦਾ ਅਕਸ ਸਾਫ-ਸੁਥਰਾ ਹੈ। ਉਨ੍ਹਾਂ ਦੇ ਨਾਂ ਨਾਲ ਕੋਈ ਘਪਲਾ ਜਾਂ ਸਕੈਂਡਲ ਨਹੀਂ ਜੁੜਿਆ ਹੈ। ਅੱਜ ਦੀ ਭ੍ਰਿਸ਼ਟ ਸਿਆਸਤ ਵਿਚ ਇਹ ਬਹੁਤ ਵੱਡਾ ਤੱਥ ਹੈ। ਤਮਿਲ ਸਿਆਸਤ ਦਾ ਇਸ ਸੰਬੰਧ ਵਿਚ ਟਰੈਕ ਰਿਕਾਰਡ ਚੰਗਾ ਨਹੀਂ ਰਿਹਾ ਹੈ ਅਤੇ ਡੀ. ਐੱਮ. ਕੇ. ਜਾਂ ਅੰਨਾ ਡੀ. ਐੱਮ. ਕੇ. ਵੀ ਇਸ ਵਿਚ ਸ਼ਾਮਿਲ ਹਨ। ਹੁਣ ਤਾਮਿਲਨਾਡੂ ਦੇ ਸਿਆਸੀ ਮੰਚ 'ਤੇ ਨਵਾਂ ਸਿਤਾਰਾ ਆਇਆ ਹੈ। 
ਸੂਬੇ ਦੇ ਸੌੜੇ ਸਿਆਸੀ ਢਾਂਚੇ ਵਿਚ ਆਪਣੀ ਜਗ੍ਹਾ ਬਣਾ ਸਕਣਾ ਕਮਲ ਹਾਸਨ ਲਈ ਸੌਖਾ ਨਹੀਂ ਹੋਵੇਗਾ। ਸਿਧਾਂਤਕ ਤੌਰ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਜਿਹਾ ਕਰ ਸਕੇ ਸਨ ਪਰ ਚੇਨਈ ਦਿੱਲੀ ਨਹੀਂ ਹੈ। ਤਾਮਿਲਨਾਡੂ ਵਿਚ ਲੋਕਾਂ ਦਾ ਰੁਖ਼ ਸਖ਼ਤ ਹੈ, ਇਸ ਲਈ ਕਮਲ ਹਾਸਨ ਤੇ ਰਜਨੀਕਾਂਤ ਦੋਹਾਂ ਲਈ ਇਥੇ ਸਿਆਸਤ ਵਿਚ ਕੁਝ ਕਰ ਦਿਖਾਉਣਾ ਮੁਸ਼ਕਿਲ ਹੋਵੇਗਾ। 
63 ਸਾਲ ਦੀ ਉਮਰ ਵਿਚ ਕਮਲ ਹਾਸਨ ਨੇ ਲੋਕਾਂ ਵਿਚ ਆਪਣੇ ਦਿਮਾਗ ਨਾਲ ਸੋਚਣ ਵਾਲੇ ਵਿਅਕਤੀ ਵਜੋਂ ਆਪਣਾ ਅਕਸ ਬਣਾਇਆ ਹੈ ਅਤੇ ਸਿਆਸਤ ਵਿਚ ਵੀ ਲੋਕਾਂ ਦੇ ਦਿਲ ਵਿਚ ਉਤਰ ਕੇ ਜਗ੍ਹਾ ਬਣਾਉਣਾ ਚਾਹੁੰਦੇ ਹਨ। ਉਹ ਲੋਕਾਂ ਦੀਆਂ ਸਮੱਸਿਆਵਾਂ ਤੇ ਉਮੀਦਾਂ ਨੂੰ ਸਮਝਣ ਤੋਂ ਬਾਅਦ ਰਸਮੀ ਤੌਰ 'ਤੇ ਆਪਣੀ ਪਾਰਟੀ ਵੀ ਬਣਾਉਣਗੇ। 
ਫਿਲਮਾਂ ਵਿਚ ਵੱਖ-ਵੱਖ ਤਰ੍ਹਾਂ ਦੇ ਕਿਰਦਾਰ ਨਿਭਾਉਣ ਵਿਚ ਮਾਹਿਰ ਕਮਲ ਹਾਸਨ ਰਵਾਇਤੀ ਹਿੰਦੂ ਪਰਿਵਾਰ ਨਾਲ ਸੰਬੰਧ ਰੱਖਦੇ ਹਨ। ਉਹ ਖ਼ੁਦ ਨੂੰ 'ਰੈਸ਼ਨਲਿਸਟ' ਕਹਿੰਦੇ ਹਨ। ਮੇਰਾ ਮੰਨਣਾ ਹੈ ਕਿ ਹਿੰਦੂਵਾਦ ਅਤੇ ਤਰਕਸੰਗਤਤਾ ਦੋਵੇਂ ਇਕ ਸਿੱਕੇ ਦੇ ਦੋ ਪਹਿਲੂ ਹਨ। ਰਵਾਇਤਾਂ ਵਿਚ ਅੰਧਵਿਸ਼ਵਾਸ, ਛੂਤਛਾਤ ਵਰਗੀਆਂ ਕੁਝ ਬੁਰਾਈਆਂ ਨੇ ਹਿੰਦੂ ਵਿਚਾਰਧਾਰਾ ਨੂੰ ਪ੍ਰਭਾਵਿਤ ਕੀਤਾ ਹੈ ਪਰ ਇਹ ਤੱਥ ਵਿਚਾਰਾਂ ਦੀ ਵੈਦਿਕ ਸ਼ੁੱਧਤਾ ਅਤੇ ਕਦਰਾਂ-ਕੀਮਤਾਂ ਦੀ ਸਮਝ ਨੂੰ ਦੂਸ਼ਿਤ ਨਹੀਂ ਕਰ ਸਕਦੇ। 
ਕਮਲ ਹਾਸਨ ਨੂੰ ਇਕ ਫਾਇਦਾ ਨਵੀਂ ਪੀੜ੍ਹੀ ਦੇ ਵੋਟਰਾਂ ਦੇ ਵਿਚਾਰਾਂ ਅਤੇ ਤੱਥਾਂ ਵਿਚ ਨਵੇਂਪਣ ਨਾਲ ਵੀ ਮਿਲ ਰਿਹਾ ਹੈ। ਉਹ ਕਹਿੰਦੇ ਹਨ ਕਿ ''ਜੇ ਤੁਸੀਂ ਇਕ ਚੰਗਾ ਕੰਮ ਕੀਤਾ ਹੈ ਤਾਂ ਉਸਦੇ ਬੀਜੇ ਬੀਜ ਨਾਲ ਹੋਰ ਚੰਗੇ ਕੰਮਾਂ ਦਾ ਇਕ ਰੁੱਖ ਬਣ ਜਾਂਦਾ ਹੈ।'' 
ਉਨ੍ਹਾਂ ਦਾ ਮੰਨਣਾ ਹੈ ਕਿ ਲੋਕਾਂ ਦੇ ਦਿਲ ਵਿਚ ਜਗ੍ਹਾ ਬਣਾਉਣਾ ਸੌਖਾ ਹੈ ਪਰ ਉਸ ਨੂੰ ਬਰਕਰਾਰ ਰੱਖਣਾ ਸੌਖਾ ਨਹੀਂ। ਇਹ ਚੱਕਰ ਅੱਜ ਦੂਸ਼ਿਤ ਹੋ ਗਿਆ ਹੈ, ਜਿਸ ਨੂੰ ਸੁਧਾਰਨ ਦੀ ਲੋੜ ਹੈ। ਕਮਲ ਹਾਸਨ ਦੀਆਂ ਇਹ ਗੱਲਾਂ ਸਿਆਸੀ ਵੰਨ-ਸੁਵੰਨਤਾ ਨੂੰ ਇਕ ਵੱਖਰੀ ਸ਼੍ਰੇਣੀ ਵਿਚ ਰੱਖ ਰਹੀਆਂ ਹਨ। 
ਉਕਤ ਗੱਲਾਂ ਤੋਂ ਇਲਾਵਾ ਕੁਝ ਹਿੰਦੂਵਾਦੀ ਸੰਗਠਨ ਉਨ੍ਹਾਂ ਵਲੋਂ 'ਹਿੰਦੂ ਅੱਤਵਾਦ' ਉੱਤੇ ਕੀਤੀ ਟਿੱਪਣੀ ਨੂੰ ਲੈ ਕੇ ਉਨ੍ਹਾਂ ਤੋਂ ਕਾਫੀ ਨਾਰਾਜ਼ ਹਨ। ਇਕ ਤਮਿਲ ਹਫਤਾਵਾਰੀ ਰਸਾਲੇ 'ਆਨੰਦ ਵਿਕਾਂਤਨ' ਦੇ ਕਾਲਮ ਵਿਚ ਕਮਲ ਹਾਸਨ ਨੇ ਲਿਖਿਆ ਹੈ, ''ਪਹਿਲਾਂ ਹਿੰਦੂਵਾਦੀ ਸੰਗਠਨ ਹਿੰਸਾ ਵਿਚ ਸ਼ਾਮਿਲ ਨਹੀਂ ਹੁੰਦੇ ਸਨ, ਸਗੋਂ ਆਪਣੀਆਂ ਦਲੀਲਾਂ ਨਾਲ ਵਿਰੋਧੀ ਪਾਰਟੀਆਂ ਨਾਲ ਗੱਲਬਾਤ ਕਰਦੇ ਸਨ ਪਰ ਹੁਣ ਇਹ ਹਿੰਸਾ ਵਿਚ ਸ਼ਾਮਿਲ ਹੋ ਚੁੱਕੇ ਹਨ।''
ਇਸੇ ਕਾਲਮ ਦੇ ਇਕ ਹੋਰ ਹਿੱਸੇ ਵਿਚ ਉਨ੍ਹਾਂ ਨੇ ਲਿਖਿਆ ਹੈ, ''ਕੋਈ ਵੀ ਇਹ ਨਹੀਂ ਕਹਿ ਸਕਦਾ ਕਿ ਹੁਣ 'ਹਿੰਦੂ ਦਹਿਸ਼ਤ' ਨਹੀਂ ਹੈ।''
ਕਮਲ ਹਾਸਨ ਨੇ 'ਹਿੰਦੂ ਦਹਿਸ਼ਤ' ਵਾਲੇ ਸ਼ਬਦਾਂ ਦੀ ਵਰਤੋਂ ਇੱਛੁਕ ਰੂਪ ਨਾਲ ਨਹੀਂ ਕੀਤੀ ਸੀ ਪਰ ਹਿੰਦੂ ਸਮਾਜ ਵਿਚ ਇਸ ਦੀ ਵੱਡੇ ਪੱਧਰ 'ਤੇ ਆਲੋਚਨਾ ਹੋ ਰਹੀ ਹੈ। ਹਾਲਾਂਕਿ ਕਮਲ ਹਾਸਨ ਨੇ ਬਾਅਦ ਵਿਚ ਆਪਣੇ ਇਸ ਬਿਆਨ 'ਤੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਸੀ ਕਿ ਉਨ੍ਹਾਂ ਦੀ ਅਸਲੀ ਇੱਛਾ ਹਿੰਸਾ ਨੂੰ ਹਿੰਦੂਵਾਦ ਨਾਲੋਂ ਵੱਖ ਕਰਨ ਦੀ ਸੀ। 
ਹੁਣ ਅੱਗੇ ਦੇਖਣਾ ਪਵੇਗਾ ਕਿ ਤਮਿਲ ਸਿਆਸਤ ਦੀ ਦਲਦਲ ਵਿਚ ਕਮਲ ਹਾਸਨ ਦੀ ਦਲੀਲ ਕੀ ਮੋੜ ਕੱਟਦੀ ਹੈ?