ਗਾਂਧੀ ਜੀ ਫਿਲਸਤੀਨ ’ਚ ਯਹੂਦੀ ਰਾਜ ਦੇ ਵਿਰੁੱਧ ਕਿਉਂ ਸਨ?

10/13/2023 1:26:03 PM

ਇਜ਼ਰਾਈਲ ਅਤੇ ਫਿਲਸਤੀਨ ਦੇ ਇਤਿਹਾਸ ਦੇ ਤਾਜ਼ਾ ਖੂਨੀ ਅਧਿਆਏ ਦਰਮਿਆਨ ਪਿੱਛੇ ਮੁੜ ਕੇ ਦੇਖਣਾ ਅਤੇ ਮੁਲਾਂਕਣ ਕਰਨਾ ਜ਼ਰੂਰੀ ਹੈ ਕਿ ਗਾਂਧੀ ਦਾ ਇਸ ਬਾਰੇ ਕੀ ਕਹਿਣਾ ਸੀ। 26 ਨਵੰਬਰ 1938 ਨੂੰ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ ‘ਹਰੀਜਨ’ ’ਚ ਲਿਖਿਆ, ‘‘ਫਿਲਸਤੀਨ ਦਾ ਅਰਬਾਂ ਨਾਲ ਉਹੋ ਜਿਹਾ ਹੀ ਸਬੰਧ ਹੈ ਜਿਵੇਂ ਇੰਗਲੈਂਡ ਦਾ ਇੰਗਲਿਸ਼ ਨਾਲ ਅਤੇ ਫ੍ਰਾਂਸ ਦਾ ਫ੍ਰੈਂਚ ਨਾਲ ਹੈ।’’ ਗਾਂਧੀ ਜੀ ਦਾ ਲੇਖ ‘ਦਿ ਜਿਊਸ’ ਸਾਲਾਂ ਤੋਂ ਹੀ ਡੂੰਘੀ ਬਹਿਸ ਦਾ ਵਿਸ਼ਾ ਰਿਹਾ ਹੈ। ਕੁਝ ਲੋਕ ਇਸ ਨੂੰ ਅਹਿੰਸਾ ਪ੍ਰਤੀ ਉਨ੍ਹਾਂ ਦੀ ਡੂੰਘੀ ਪ੍ਰਤੀਬੱਧਤਾ ਦਾ ਸਬੂਤ ਮੰਨਦੇ ਹਨ। ਓਧਰ ਹੋਰ ਇਸ ਨੂੰ ਗਾਂਧੀ ਜੀ ਦਾ ਭੋਲਾਪਨ ਮੰਨਦੇ ਹਨ। ‘ਹਰੀਜਨ’ ਇਕ ਹਫਤਾਵਾਰੀ ਮੈਗਜ਼ੀਨ ਸੀ ਜਿਸ ਨੂੰ ਗਾਂਧੀ ਜੀ ਨੇ ਸ਼ੁਰੂ ਕੀਤਾ ਸੀ। ਇਸ ਮੈਗਜ਼ੀਨ ’ਚ ਉਨ੍ਹਾਂ ਨੇ ਵੱਖ-ਵੱਖ ਵਿਸ਼ਿਆਂ ’ਤੇ ਲਗਾਤਾਰ ਹੀ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ।

ਯਹੂਦੀਆਂ ਲਈ ਗਾਂਧੀ ਜੀ ਦੀ ਹਮਦਰਦੀ : ਧਰਮ ਕਾਰਨ ਯਹੂਦੀ ਲੋਕਾਂ ’ਤੇ ਤਸ਼ੱਦਦ ਬਾਰੇ ਗਾਂਧੀ ਜੀ ਪੂਰੀ ਤਰ੍ਹਾਂ ਸੁਚੇਤ ਸਨ। ‘ਦਿ ਜਿਊਸ’ ’ਚ ਗਾਂਧੀ ਜੀ ਲਿਖਦੇ ਹਨ, ‘‘ਮੇਰੀ ਹਮਦਰਦੀ ਸਾਰੇ ਯਹੂਦੀਆਂ ਨਾਲ ਹੈ, ਉਹ ਇਸਾਈ ਧਰਮ ਦੇ ਅਛੂਤ ਹਨ। ਹਿੰਦੂਆਂ ਵਲੋਂ ਅਛੂਤਾਂ ਨਾਲ ਵਿਹਾਰ ਉਵੇਂ ਹੀ ਹੈ ਜਿਵੇ ਇਸਾਈਆਂ ਦਾ ਯਹੂਦੀਆਂ ਨਾਲ ਵਿਹਾਰ ਹੈ। ਦੋਵਾਂ ’ਚ ਬਰਾਬਰੀ ਹੈ। ਦੋਵਾਂ ਦੇ ਮਾਮਲਿਆਂ ’ਚ ਧਾਰਮਿਕ ਪ੍ਰਤੀਬੰਧ ਸ਼ਾਮਲ ਹੈ ਕਿਉਂਕਿ ਦੋਵਾਂ ਨਾਲ ਗੈਰ-ਮਨੁੱਖੀ ਵਿਹਾਰ ਕੀਤਾ ਜਾਂਦਾ ਹੈ।’’ ਉਨ੍ਹਾਂ ਇਹ ਵੀ ਲਿਖਿਆ, ‘‘ਜਿਸ ਤਰ੍ਹਾਂ ਯਹੂਦੀਆਂ ’ਤੇ ਜਰਮਨਾਂ ਵੱਲੋਂ ਜ਼ੁਲਮ ਕੀਤੇ ਗਏ ਉਨ੍ਹਾਂ ਦੀ ਮਿਸਾਲ ਇਤਿਹਾਸ ’ਚ ਨਹੀਂ ਮਿਲਦੀ।’’ 1939 ’ਚ ਦੂਜੀ ਵਿਸ਼ਵ ਜੰਗ ਦੀ ਸ਼ੁਰੂਆਤ ਤੋਂ ਪਹਿਲਾਂ ਅਡਾਲਫ ਹਿਟਲਰ ਪ੍ਰਤੀ ਬਰਤਾਨੀਆ ਦੀ ਤਸੱਲੀ ਦੇਣ ਦੀ ਨੀਤੀ ’ਤੇ ਉਨ੍ਹਾਂ ਨੇ ਚਿੰਤਾ ਪ੍ਰਗਟਾਈ।

ਅਰਬਾਂ ਪ੍ਰਤੀ ਗਾਂਧੀ ਜੀ ਦੀਆਂ ਚਿੰਤਾਵਾਂ : ਮਹਾਤਮਾ ਗਾਂਧੀ ਨੇ ਫਿਲਸਤੀਨ ’ਚ ਯਹੂਦੀ ਸਟੇਟ ਦੀ ਹਮਾਇਤ ਨਹੀਂ ਕੀਤੀ ਜਿਸ ਦੀ ਯੋਜਨਾ ਪਹਿਲਾਂ ਹੀ ਬਣ ਚੁੱਕੀ ਸੀ। ਗਾਂਧੀ ਜੀ ਲਿਖਦੇ ਹਨ, ‘‘ਅਰਬਾਂ ’ਤੇ ਯਹੂਦੀਆਂ ਨੂੰ ਥੋਪਣਾ ਗਲਤ ਅਤੇ ਗੈਰ-ਮਨੁੱਖੀ ਹੈ। ਗੌਰਵਸ਼ਾਲੀ ਅਰਬਾਂ ਨੂੰ ਘੱਟ ਕਰਨਾ ਮਨੁੱਖਤਾ ਵਿਰੁੱਧ ਇਕ ਅਪਰਾਧ ਹੋਵੇਗਾ। ਅੰਸ਼ਿਕ ਜਾਂ ਪੂਰੇ ਤੌਰ ’ਤੇ ਫਿਲਸਤੀਨ ਨੂੰ ਯਹੂਦੀਆਂ ਨੂੰ ਸੌਂਪਣਾ ਠੀਕ ਨਹੀਂ ਹੋਵੇਗਾ।’’ ਗਾਂਧੀ ਜੀ ਦਾ ਵਿਰੋਧ 2 ਪ੍ਰਮੁੱਖ ਮਾਨਤਾਵਾਂ ’ਤੇ ਆਧਾਰਿਤ ਸੀ। ਪਹਿਲਾ ਇਹ ਕਿ ਫਿਲਸਤੀਨ ਪਹਿਲਾਂ ਤੋਂ ਹੀ ਅਰਬ ਫਿਲਸਤੀਨੀਆਂ ਦਾ ਘਰ ਸੀ ਅਤੇ ਯਹੂਦੀਆਂ ਦੀ ਬਸਤੀ ਸੀ ਜਿਸ ਨੂੰ ਬਰਤਾਨੀਆ ਨੇ ਸਰਗਰਮ ਤੌਰ ’ਤੇ ਹਾਸਲ ਕੀਤਾ ਸੀ। ਇਹ ਮੌਲਿਕ ਤੌਰ ’ਤੇ ਹਿੰਸਕ ਸੀ। ਗਾਂਧੀ ਜੀ ਦਾ ਮੰਨਣਾ ਸੀ ਕਿ ਯਹੂਦੀ ਲੋਕ ਫਿਲਸਤੀਨ ’ਚ ਅਰਬਾਂ ਦੀ ਸਦਭਾਵਨਾ ਤੋਂ ਹੀ ਬਚ ਸਕਦੇ ਹਨ। ਇਸ ਲਈ ਉਨ੍ਹਾਂ ਨੂੰ ਬਰਤਾਨੀਆ ਨੂੰ ਤਿਆਗਣਾ ਪਵੇਗਾ।

ਭਾਰਤ ਦੀ ਵਿਦੇਸ਼ ਨੀਤੀ : ਗਾਂਧੀ ਜੀ ਦੇ ਵਿਚਾਰਾਂ ਨੇ ਪੰ. ਜਵਾਹਰ ਲਾਲ ਨਹਿਰੂ ’ਤੇ ਡੂੰਘੀ ਛਾਪ ਛੱਡੀ ਅਤੇ ਦਹਾਕਿਆਂ ਤੱਕ ਆਜ਼ਾਦ ਭਾਰਤ ਦੀ ਵਿਦੇਸ਼ ਨੀਤੀ ਨੂੰ ਆਕਾਰ ਦੇਣ ਲਈ ਨਹਿਰੂ ਨੇ ਸਾਮਰਾਜ ਵਿਰੋਧੀ ਰੁਖ ਅਪਣਾਇਆ। ਭਾਰਤ ਨੇ ਸੰਯੁਕਤ ਰਾਸ਼ਟਰ ਮਤੇ 181 (II) ਵਿਰੁੱਧ ਵੋਟ ਪਾਈ ਜਿਸ ਨੇ ਫਿਲਸਤੀਨ ਨੂੰ ਯਹੂਦੀਆਂ ਅਤੇ ਅਰਬਾਂ ’ਚ ਵੰਡ ਦਿੱਤਾ। ਇਸ ਮਤੇ ਨੂੰ ਸੰਯੁਕਤ ਰਾਸ਼ਟਰ ਆਮ ਸਭਾ ’ਚ ਨਵੰਬਰ 1947 ਨੂੰ ਅਪਣਾ ਲਿਆ ਗਿਆ। ਹਾਲਾਂਕਿ ਭਾਰਤ ਨੇ 1950 ’ਚ ਇਜ਼ਰਾਈਲ ਨੂੰ ਮਾਨਤਾ ਦੇ ਦਿੱਤੀ ਪਰ ਉਸ ਦੇ ਨਾਲ 1992 ਤੱਕ ਅਧਿਕਾਰਤ ਤੌਰ ’ਤੇ ਕੂਟਨੀਤਕ ਰਿਸ਼ਤੇ ਕਾਇਮ ਨਹੀਂ ਕੀਤੇ। ਉਸ ਸਮੇਂ ਪੀ. ਵੀ. ਨਰਸਿਮ੍ਹਾ ਰਾਓ ਪ੍ਰਧਾਨ ਮੰਤਰੀ ਸਨ। (ਧੰਨਵਾਦ ਆਈ. ਈ.)

ਅਰਜੁਨ ਸੇਨਗੁਪਤਾ

Rakesh

This news is Content Editor Rakesh