ਕਪਿਲ ਮਿਸ਼ਰਾ ਨੂੰ ਕੇਜਰੀਵਾਲ ''ਤੇ ਦੋਸ਼ ਲਾਉਣ ਤੋਂ ਕਿਉਂ ਰੋਕ ਰਹੇ ਨੇ ਯੋਗੇਂਦਰ ਯਾਦਵ

05/24/2017 7:26:00 AM

ਬਚਪਨ ''ਚ ਇਕ ਕਹਾਣੀ ਪੜ੍ਹੀ ਸੀ—ਹਾਰ ਦੀ ਜਿੱਤ। ਇਕ ਆਦਮੀ ਭੇਸ ਬਦਲ ਕੇ ਖੜ੍ਹਾ ਹੈ, ਜੋ ਬੇਵੱਸ ਤੇ ਲਾਚਾਰ ਜਿਹਾ ਨਜ਼ਰ ਆ ਰਿਹਾ ਹੈ। ਉਸ ਦਾ ਮਨ ਇਕ ਘੋੜੇ ''ਤੇ ਆ ਗਿਆ ਸੀ। ਘੋੜਸਵਾਰ ਉਥੋਂ ਲੰਘਦਾ ਹੈ ਤਾਂ ਉਹ ਲਾਚਾਰ ਜਿਹਾ ਨਜ਼ਰ ਆਉਣ ਵਾਲਾ ਵਿਅਕਤੀ ਉਸ ਨੂੰ ਕੁਝ ਦੂਰ ਛੱਡਣ ਲਈ ਕਹਿੰਦਾ ਹੈ। 
ਘੋੜਸਵਾਰ ਤਿਆਰ ਹੋ ਜਾਂਦਾ ਹੈ ਤੇ ਉਸ ਨੂੰ ਘੋੜੇ ''ਤੇ ਬਿਠਾ ਲੈਂਦਾ ਹੈ। ਅਜੇ ਕੁਝ ਕਦਮ ਦਾ ਸਫਰ ਹੀ ਤਹਿ ਹੁੰਦਾ ਹੈ ਕਿ ਉਹ ਲਾਚਾਰ ਜਿਹਾ ਦਿਸਣ ਵਾਲਾ ਵਿਅਕਤੀ ਤਣ ਕੇ ਬੈਠ ਜਾਂਦਾ ਹੈ ਅਤੇ ਉਸ ਘੋੜਸਵਾਰ ਨੂੰ ਘੋੜੇ ਤੋਂ ਹੇਠਾਂ ਸੁੱਟ ਕੇ ਘੋੜਾ ਲੈ ਕੇ ਭੱਜਣ ਲੱਗਦਾ ਹੈ ਤਾਂ ਘੋੜੇ ਦਾ ਮਾਲਕ ਕਹਿੰਦਾ ਹੈ ਕਿ ਇਹ ਕਿੱਸਾ ਕਿਸੇ ਹੋਰ ਨੂੰ ਨਾ ਦੱਸਣਾ, ਨਹੀਂ ਤਾਂ ਕੋਈ ਵੀ ਕਿਸੇ ''ਤੇ ਭਰੋਸਾ ਨਹੀਂ ਕਰੇਗਾ।
ਹੁਣ ਇਹ ਕਹਾਣੀ ਨਵੇਂ ਅਰਥਾਂ ''ਚ ਸਾਹਮਣੇ ਆ ਰਹੀ ਹੈ। ਉਸੇ ਭਰੋਸੇ ਦਾ ਸਵਾਲ ਉੱਠ ਖੜ੍ਹਾ ਹੋਇਆ ਹੈ। ਕਪਿਲ ਮਿਸ਼ਰਾ ਰੋਜ਼ਾਨਾ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ''ਤੇ ਦੋਸ਼ ਲਾ ਰਹੇ ਹਨ ਤੇ ਅਜਿਹੀ ਸਥਿਤੀ ''ਚ ਯੋਗੇਂਦਰ ਯਾਦਵ ਉਨ੍ਹਾਂ ਨੂੰ ਨਸੀਹਤ ਦੇਣ ਆ ਰਹੇ ਹਨ ਕਿ ਭਾਈ ਰੋਜ਼ ਇਸ ਤਰ੍ਹਾਂ ਦੋਸ਼ ਨਾ ਲਾਓ, ਲੋਕਾਂ ਦਾ ਈਮਾਨਦਾਰ ਸਿਆਸਤ ਉੱਤੋਂ ਭਰੋਸਾ ਉੱਠ ਜਾਵੇਗਾ। ਜੇ ਕੁਝ ਹੋਇਆ ਹੈ ਤਾਂ ਉਸ ਨੂੰ ਆਪਣੇ ਤਕ ਰੱਖੋ, ਨਹੀਂ ਤਾਂ ਕੋਈ ਵੀ ਈਮਾਨਦਾਰ ਸਿਆਸਤ ''ਤੇ ਭਰੋਸਾ ਨਹੀਂ ਕਰੇਗਾ।
ਕੇਜਰੀਵਾਲ ਕਹਿ ਰਹੇ ਹਨ ਕਿ ਕਪਿਲ ਮਿਸ਼ਰਾ ''ਤੇ ਕੋਈ ਭਰੋਸਾ ਨਹੀਂ ਕਰ ਰਿਹਾ ਪਰ ਯੋਗੇਂਦਰ ਯਾਦਵ ਕਹਿ ਰਹੇ ਹਨ ਕਿ ਲੋਕਾਂ ਦਾ ਭਰੋਸਾ ਟੁੱਟਣ ਦਾ ਖਤਰਾ ਪੈਦਾ ਹੋ ਗਿਆ ਹੈ। ਯੋਗੇਂਦਰ ਯਾਦਵ ਕਿਸੇ ਖਦਸ਼ੇ ''ਚ ਹਨ। ਅਸਲ ''ਚ ਅੱਜ ਦੀ ਸਿਆਸੀ ਵਿਵਸਥਾ ਨੂੰ ਨਕਾਰਨ ਦਾ ਸੱਦਾ ਦਿੰਦਿਆਂ ਕੇਜਰੀਵਾਲ ਨੇ ਜਦੋਂ ਸਿਆਸਤ ਵੱਲ ਪਹਿਲਾ ਕਦਮ ਵਧਾਇਆ ਸੀ ਤਾਂ ਉਸ ਕਦਮ ''ਚ ਯੋਗੇਂਦਰ ਯਾਦਵ ਉਨ੍ਹਾਂ ਦੇ ਨਾਲ ਸਨ। ਫਿਰ ਸਾਥ ਛੁੱਟ ਗਿਆ ਤੇ ਦੋਹਾਂ ਦਾ ਆਪਸੀ ਭਰੋਸਾ ਵੀ ਟੁੱਟ ਗਿਆ। 
ਹੁਣ ਯੋਗੇਂਦਰ ਯਾਦਵ ਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਕਿ ਕੇਜਰੀਵਾਲ ''ਤੇ ਜੋ ਦੋਸ਼ ਲੱਗ ਰਹੇ ਹਨ, ਉਨ੍ਹਾਂ ''ਚੋਂ ਕਿੰਨੇ ਸੱਚੇ ਤੇ ਕਿੰਨੇ ਝੂਠੇ ਹਨ। ਯਾਦਵ ਨੇ ਕਪਿਲ ਮਿਸ਼ਰਾ ਨੂੰ ਜੋ ਪੱਤਰ ਲਿਖਿਆ ਹੈ, ਉਸ ''ਚ ਕਿਹਾ ਵੀ ਹੈ ਕਿ ਤੁਹਾਡੇ ਕੁਝ ਦੋਸ਼ ਤਾਂ ਵਾਕਈ ਗੰਭੀਰ ਹਨ ਪਰ ਕੁਝ ਅਜਿਹੇ ਹਨ, ਜਿਨ੍ਹਾਂ ਦੇ ਕੋਈ ਸਬੂਤ ਨਹੀਂ ਹਨ। 
ਕਹਿਣ ਦਾ ਭਾਵ ਇਹ ਹੈ ਕਿ ਉਨ੍ਹਾਂ ਨੂੰ ਵੀ ਲੱਗਦਾ ਹੈ ਕਿ ਕੇਜਰੀਵਾਲ ''ਤੇ ਲੱਗੇ ਕੁਝ ਦੋਸ਼ ਤਾਂ ਗੰਭੀਰ ਹਨ, ਫਿਰ ਵੀ ਉਹ ਕਪਿਲ ਮਿਸ਼ਰਾ ਨੂੰ ਰੋਜ਼-ਰੋਜ਼ ਪ੍ਰੈੱਸ ਕਾਨਫਰੰਸ ਕਰ ਕੇ ਕੇਜਰੀਵਾਲ ''ਤੇ ਦੋਸ਼ ਮੜ੍ਹਨ ਤੋਂ ਰੋਕ ਰਹੇ ਹਨ। ਨਸੀਹਤ ਦਿੰਦਿਆਂ ਕਪਿਲ ਮਿਸ਼ਰਾ ਨੂੰ ਯਾਦਵ ਇਹ ਵੀ ਕਹਿ ਰਹੇ ਹਨ ਕਿ ਤੁਸੀਂ ਵੀ ਸਿਆਸਤ ਜਾਣਦੇ ਹੋ, ਇਸ ਲਈ ਇਸ ਤਰ੍ਹਾਂ ਦੋਸ਼ ਨਾ ਲਾਓ ਕਿਉਂਕਿ ਲੋਕਾਂ ਦਾ ਈਮਾਨਦਾਰ ਸਿਆਸਤ ''ਤੋਂ ਭਰੋਸਾ ਉੱਠ ਜਾਵੇਗਾ। 
ਕੇਜਰੀਵਾਲ ਨੇ ਜਦੋਂ ਆਪਣੀ ਸਿਆਸਤ ਸ਼ੁਰੂ ਕੀਤੀ ਸੀ ਤਾਂ ਆਪਣੇ ਤੇ ਆਪਣੇ ਸਾਥੀਆਂ ਤੋਂ ਇਲਾਵਾ ਬਾਕੀ ਸਾਰਿਆਂ ਨੂੰ ਬੇਈਮਾਨ ਕਰਾਰ ਦਿੱਤਾ ਸੀ। ਦਿੱਲੀ ''ਚ 2013 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਲੋਕਾਂ ਨੇ ਅਜਿਹੇ ਸੈਂਕੜੇ ਆਟੋ ਦੇਖੇ ਸਨ, ਜਿਨ੍ਹਾਂ ਪਿੱਛੇ ਕੇਜਰੀਵਾਲ ਤੇ ਸ਼ੀਲਾ ਦੀਕਸ਼ਿਤ ਦੀਆਂ ਫੋਟੋਆਂ ਲੱਗੀਆਂ ਹੋਈਆਂ ਸਨ ਅਤੇ ਲੋਕਾਂ ਨੂੰ ਪੁੱਛਿਆ ਜਾ ਰਿਹਾ ਸੀ ਕਿ ਤੁਸੀਂ ਕਿਸ ਨੂੰ ਚੁਣੋਗੇ—ਈਮਾਨਦਾਰ ਕੇਜਰੀਵਾਲ ਨੂੰ ਜਾਂ ਬੇਈਮਾਨ ਸ਼ੀਲਾ ਦੀਕਸ਼ਿਤ ਨੂੰ?  ਕਪਿਲ ਮਿਸ਼ਰਾ ਦੇ ਹਜ਼ਾਰ ਦੋਸ਼ਾਂ ਤੋਂ ਬਾਅਦ ਵੀ ਕੇਜਰੀਵਾਲ ਆਪਣੇ ਆਪ ਨੂੰ ਈਮਾਨਦਾਰ ਕਹਿ ਰਹੇ ਹਨ।
ਆਪਣੇ ਆਪ ਨੂੰ ਕੋਈ ਵੀ ਈਮਾਨਦਾਰ ਕਹਿ ਸਕਦਾ ਹੈ। ਉਂਝ ਵੀ ਜਦੋਂ ਤਕ ਕਿਸੇ ਵਿਰੁੱਧ ਕੋਈ ਦੋਸ਼ ਸਿੱਧ ਨਾ ਹੋਵੇ, ਉਦੋਂ ਤਕ ਉਹ ਈਮਾਨਦਾਰ ਹੀ ਰਹਿੰਦਾ ਹੈ ਪਰ ਇਨ੍ਹਾਂ ਸਾਰੇ ਦਾਅਵਿਆਂ ਦਰਮਿਆਨ ਇਹ ਗੱਲ ਵੀ ਸੱਚ ਹੈ ਕਿ ਯੋਗੇਂਦਰ ਯਾਦਵ ਜਾਂ ਪ੍ਰਸ਼ਾਂਤ ਭੂਸ਼ਣ ਵੀ ਅਜਿਹੇ ਪ੍ਰਚਾਰ ਅਤੇ ਅਜਿਹੀ ਸਿਆਸਤ ''ਚ ਕੇਜਰੀਵਾਲ ਦੇ ਹਮਸਫਰ ਰਹੇ ਹਨ। 
ਉਹ ਆਪਣੇ ਆਪ ਨੂੰ ਤਾਂ ਈਮਾਨਦਾਰ ਕਹਿੰਦੇ ਹਨ ਪਰ ਨਾਲ ਹੀ ਦੂਜਿਆਂ ਨੂੰ ਬੇਈਮਾਨ ਕਹਿਣ ਤੋਂ ਨਹੀਂ ਖੁੰਝਦੇ। ਕਾਂਗਰਸ ਅਤੇ ਭਾਜਪਾ ਦੇ ਨਾਲ-ਨਾਲ ਪੂਰੇ ਸਿਆਸੀ ਤੰਤਰ ''ਤੇ ਇਨ੍ਹਾਂ ਸਾਰਿਆਂ ਨੇ ਇਕ ਸਵਾਲੀਆ ਨਿਸ਼ਾਨ ਲਾ ਦਿੱਤਾ ਸੀ ਅਤੇ ਅਜਿਹਾ ਮਾਇਆਜਾਲ ਬੁਣ ਦਿੱਤਾ ਸੀ ਕਿ ਆਮ ਆਦਮੀ ਪਾਰਟੀ ਨੂੰ ਛੱਡ ਕੇ ਬਾਕੀ ਸਭ ਸਿਆਸੀ ਪਾਰਟੀਆਂ ਦੇ ਨੇਤਾ ਬੇਈਮਾਨ ਹਨ। ਇਸੇ ਲਈ ਉਦੋਂ ਕੇਜਰੀਵਾਲ ਨੇ ਕਿਹਾ ਸੀ ਕਿ ਜੋ ਈਮਾਨਦਾਰ ਨੇਤਾ ਦੂਜੀਆਂ ਪਾਰਟੀਆਂ ''ਚ ਬੈਠੇ ਹਨ, ਉਨ੍ਹਾਂ ਨੂੰ ਆਮ ਆਦਮੀ ਪਾਰਟੀ ''ਚ ਆ ਜਾਣਾ ਚਾਹੀਦਾ ਹੈ।
ਕਹਿਣ ਦਾ ਮਤਲਬ ਇਹ ਹੈ ਕਿ ਹੁਣ ਈਮਾਨਦਾਰ ਲੋਕਾਂ ਦੇ ਸਮੂਹ ''ਤੇ ਜਦੋਂ ਦੋਸ਼ ਲੱਗ ਰਹੇ ਹਨ ਤਾਂ ਯੋਗੇਂਦਰ ਯਾਦਵ ਬੇਸ਼ੱਕ ਕੇਜਰੀਵਾਲ ਨੂੰ ਆਪਣਾ ਦੁਸ਼ਮਣ ਨੰ. 1 ਮੰਨਦੇ ਹੋਣ ਪਰ ਉਹ ਕਪਿਲ ਮਿਸ਼ਰਾ ਨੂੰ ਦੋਸ਼ ਲਾਉਣ ਤੋਂ ਰੋਕ ਰਹੇ ਹਨ। ਇਸ ਦੀ ਵਜ੍ਹਾ ਇਹ ਹੈ ਕਿ ਜਿਸ ਧਾਰਾ ''ਤੇ ਕੇਜਰੀਵਾਲ ਦੀ ਬੇੜੀ ਚਲਦੀ ਹੈ, ਯੋਗੇਂਦਰ ਯਾਦਵ ਵੀ ਤਾਂ ਉਸੇ ਧਾਰਾ ''ਤੇ ਚੱਲਣ ਵਾਲੀ ਬੇੜੀ ਦੇ ਮਲਾਹ ਬਣਨ ਦੀ ਕੋਸ਼ਿਸ਼ ਕਰ ਰਹੇ ਹਨ।
ਉਨ੍ਹਾਂ ਦੀ ਸਵਰਾਜ ਮੁਹਿੰਮ ਉਸੇ ਤਰ੍ਹਾਂ ਦੇ ਸੁਪਨੇ ਦਿਖਾ ਰਹੀ ਹੈ, ਜਿਸ ਤਰ੍ਹਾਂ ਦੇ ਸੁਪਨੇ ਕੇਜਰੀਵਾਲ ਨੇ ਦਿਖਾਏ ਸਨ। ਸਿਆਸਤ ''ਚੋਂ ਬੇਈਮਾਨਾਂ ਦਾ ਸਫਾਇਆ ਹੋ ਜਾਵੇ, ਆਮ ਲੋਕ ਸਿਆਸਤ ਨੂੰ ਬੁਰੀ ਸ਼ੈਅ ਨਾ ਮੰਨਣ—ਇਹ ਤਾਂ ਸਭ ਚਾਹੁੰਦੇ ਹਨ ਪਰ ਇਥੇ ਸਾਰਾ ਦੋਸ਼ ਅਤੇ ਦਾਅਵਾ ਇਸ ਗੱਲ ''ਤੇ ਸੀ ਕਿ ''''ਅਸੀਂ ਹੀ ਈਮਾਨਦਾਰ ਹਾਂ, ਬਾਕੀ ਸਾਰੇ ਬੇਈਮਾਨ।'''' ਲੋਕਾਂ ਨੇ ਇਕ ਵਾਰ ਇਸ ''ਤੇ ਭਰੋਸਾ ਕੀਤਾ, ਜਿਸ ਦਾ ਸਬੂਤ ''ਆਪ'' ਨੂੰ ਮਿਲੀਆਂ 70 ''ਚੋਂ 67 ਸੀਟਾਂ ਹਨ।
ਇਹੋ ਵਜ੍ਹਾ ਹੈ ਕਿ ਕਪਿਲ ਮਿਸ਼ਰਾ ਦੇ ਦੋਸ਼ਾਂ ਨਾਲ ਇਹ ਭਰਮ ਟੁੱਟਦਾ ਜਿਹਾ ਲੱਗ ਰਿਹਾ ਹੈ ਤੇ ਲੋਕ ਸੋਚ ਰਹੇ ਹਨ ਕਿ ਤੁਸੀਂ ਵੀ ਤਾਂ ਅਜਿਹੇ ਹੀ ਹੋ। ਫਿਰ ਯੋਗੇਂਦਰ ਯਾਦਵ ਨੂੰ ਇਹ ਡਰ ਸਤਾ ਰਿਹਾ ਹੈ ਕਿ ਲੋਕਾਂ ਦੇ ਮਨ ''ਚ ਕਿਤੇ ਇਹੋ ਗੱਲ ਅੰਦਰ ਤਕ ਘਰ ਨਾ ਕਰ ਜਾਵੇ। ਜੇਕਰ ਅਜਿਹਾ ਹੋ ਗਿਆ ਤਾਂ ਫਿਰ ਕਣਕ ਨਾਲ ਘੁਣ ਵੀ ਪੀਸਿਆ ਜਾਵੇਗਾ। 
ਜੇ ਅੱਜ ਕਪਿਲ ਮਿਸ਼ਰਾ ਕੇਜਰੀਵਾਲ ''ਤੇ ਸਵਾਲ ਉਠਾ ਰਹੇ ਹਨ ਤਾਂ ਕਪਿਲ ਮਿਸ਼ਰਾ ''ਤੇ ਵੀ ਸਵਾਲ ਉੱਠ ਰਿਹਾ ਹੈ ਕਿ ਉਹ ਦੋ ਸਾਲ ਚੁੱਪ ਕਿਉਂ ਰਹੇ? ਜਦੋਂ ਤਕ ਮੰਤਰੀ ਅਹੁਦਾ ਰਿਹਾ, ਉਦੋਂ ਤਕ ਸਭ ਠੀਕ ਸੀ ਤੇ ਜਿਵੇਂ ਹੀ ਮੰਤਰੀ ਅਹੁਦਾ ਖੁੱਸ ਗਿਆ, ਤੁਸੀਂ ਵੀ ਭਾਜਪਾ ਤੇ ਕਾਂਗਰਸ ਨਾਲੋਂ ਅੱਡ ਹੋਣ ਵਾਲੇ ਨੇਤਾਵਾਂ ਦੀ ਬੋਲੀ ਬੋਲਣ ਲੱਗ ਪਏ। ਇਸ ਤਰ੍ਹਾਂ ਕਪਿਲ ਮਿਸ਼ਰਾ ਹੀਰੋ ਬਣ ਰਹੇ ਹਨ, ਅਜਿਹਾ ਨਹੀਂ ਹੈ ਸਗੋਂ ਲੋਕਾਂ ਨੂੰ ਲੱਗਣ ਲੱਗਾ ਹੈ ਕਿ ''ਇਸ ਹਮਾਮ ''ਚ ਸਭ ਨੰਗੇ ਹਨ''।
ਯੋਗੇਂਦਰ ਯਾਦਵ ਨੂੰ ਵੀ ਇਹੋ ਡਰ ਸਤਾ ਰਿਹਾ ਹੈ, ਇਸੇ ਲਈ ਉਹ ਚਾਹੁੰਦੇ ਹਨ ਕਿ ਲੋਕਾਂ ਦਾ ਭਰੋਸਾ ਨਾ ਟੁੱਟੇ ਕਿਉਂਕਿ ਅਜਿਹਾ ਹੋ ਗਿਆ ਤਾਂ ਇਹ ਸਿਰਫ ਕੇਜਰੀਵਾਲ ਦੀ ਹੀ ਨਹੀਂ ਸਗੋਂ ਉਨ੍ਹਾਂ ਨਾਲ ਇਸ ਸਫਰ ''ਤੇ ਨਿਕਲੇ ਕਾਫਿਲੇ ਦੀ ਹਾਰ ਹੋਵੇਗੀ ਤੇ ਇਸ ਕਾਫਿਲੇ ''ਚ ਯੋਗੇਂਦਰ ਯਾਦਵ ਤੇ ਪ੍ਰਸ਼ਾਂਤ ਭੂਸ਼ਣ ਵੀ ਸ਼ਾਮਿਲ ਹੋਣਗੇ।