ਭਾਰਤ ਲਈ ਕਿਉਂ ਅਹਿਮ ਹੈ ਇਵਾਂਕਾ

11/22/2017 4:05:22 AM

ਆਪਣੇ ਭਾਸ਼ਣਾਂ ਅਤੇ ਕਾਰਗੁਜ਼ਾਰੀਆਂ ਨਾਲ ਹਮੇਸ਼ਾ ਵਿਵਾਦਾਂ 'ਚ ਰਹਿਣ ਵਾਲੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ ਦੁਨੀਆ ਵਿਚ ਜਿਥੇ ਕਿਤੇ ਵੀ ਜਾਂਦੀ ਹੈ, ਉਥੇ ਉਸ ਨੂੰ ਇਕ ਸ਼ਾਸਕ ਵਰਗਾ ਸਨਮਾਨ ਮਿਲਦਾ ਹੈ, ਜਦਕਿ ਉਹ ਕਿਸੇ ਵੀ ਸੰਵਿਧਾਨਿਕ ਅਹੁਦੇ 'ਤੇ ਨਹੀਂ ਹੈ ਤੇ ਨਾ ਹੀ ਉਸ ਕੋਲ ਕੋਈ ਡਿਪਲੋਮੈਟਿਕ ਜ਼ਿੰਮੇਵਾਰੀ ਹੈ। ਉਹ ਸਿਰਫ ਅਤੇ ਸਿਰਫ ਟਰੰਪ ਦੀ ਧੀ ਹੈ, ਇਹ ਵੱਖਰੀ ਗੱਲ ਹੈ ਕਿ ਟਰੰਪ ਨੇ ਇਵਾਂਕਾ ਨੂੰ ਆਪਣੀ ਸਲਾਹਕਾਰ ਬਣਾਇਆ ਹੋਇਆ ਹੈ। 
ਇਵਾਂਕਾ ਆਉਣ ਵਾਲੇ ਸਮੇਂ 'ਚ ਭਾਰਤ ਆ ਰਹੀ ਹੈ ਅਤੇ ਇਥੇ ਉਹ 'ਗਲੋਬਲ ਇੰਟਰ-ਪ੍ਰੀਨਿਓਰਸ਼ਿਪ ਸਮਿਟ' ਵਿਚ ਹਿੱਸਾ ਲਵੇਗੀ। ਇਸ ਦੇ ਲਈ ਭਾਰਤ ਸਰਕਾਰ ਨੇ ਇਵਾਂਕਾ ਨੂੰ ਵਿਸ਼ੇਸ਼ ਤੌਰ 'ਤੇ ਸੱਦਿਆ ਹੈ ਅਤੇ ਮੋਦੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਇਵਾਂਕਾ ਨੂੰ ਵੀ ਉਸੇ ਤਰ੍ਹਾਂ ਦਾ ਸਨਮਾਨ ਤੇ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ, ਜਿਸ ਤਰ੍ਹਾਂ ਦਾ ਸਨਮਾਨ ਤੇ ਸੁਰੱਖਿਆ ਅਮਰੀਕੀ ਰਾਸ਼ਟਰਪਤੀ ਨੂੰ ਮਿਲਦੀ ਹੈ। 
ਇੰਨਾ ਹੀ ਨਹੀਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਵਾਂਕਾ ਦੇ ਸਵਾਗਤ ਲਈ ਖ਼ੁਦ ਹਾਜ਼ਰ ਹੋਣਗੇ। ਇਵਾਂਕਾ ਅਮਰੀਕਾ ਵਿਚ ਵੀ ਨਾ ਸਿਰਫ ਇਕ ਸੈਲੀਬ੍ਰਿਟੀ ਵਾਂਗ ਹੈ, ਸਗੋਂ ਉਸ ਨੂੰ ਆਧੁਨਿਕ ਅਮਰੀਕਾ ਦੇ ਭਵਿੱਖ ਦੀ ਨੇਤਾ ਵਜੋਂ ਵੀ ਦੇਖਿਆ ਜਾ ਰਿਹਾ ਹੈ। 
ਇਵਾਂਕਾ ਨੂੰ ਭਾਰਤ ਹੀ ਨਹੀਂ, ਸਗੋਂ ਪੂਰੀ ਦੁਨੀਆ 'ਚ ਅਜਿਹਾ ਸਨਮਾਨ ਦੇਣ ਪਿੱਛੇ ਕਿਹੜੇ ਕੂਟਨੀਤਕ ਕਾਰਨ ਹਨ? ਕੀ ਉਹ ਸੱਚਮੁਚ ਟਰੰਪ ਦੀਆਂ ਨੀਤੀਆਂ ਨੂੰ ਸੁਰੱਖਿਅਤ, ਸਰਗਰਮ ਰੱਖਦੀ ਹੈ? ਕੀ ਉਹ ਟਰੰਪ ਦੀ ਕੂਟਨੀਤੀ ਦੀ ਦਸ਼ਾ-ਦਿਸ਼ਾ ਤੈਅ ਕਰਦੀ ਹੈ ਅਤੇ ਸੱਚਮੁਚ ਦੁਨੀਆ ਦੀ ਕੂਟਨੀਤੀ ਨੂੰ ਸਮਝਣ ਦੀ ਸਮਰੱਥਾ ਰੱਖਦੀ ਹੈ? 
ਕੀ ਉਹ ਅੱਤਵਾਦ ਵਰਗੀ ਸਮੱਸਿਆ 'ਤੇ ਆਪਣੇ ਪਿਤਾ ਨੂੰ ਗੰਭੀਰ ਤੇ ਪ੍ਰਭਾਵਸ਼ਾਲੀ ਸਲਾਹ ਦਿੰਦੀ ਹੈ? ਕੀ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਰਹੀ ਹਿਲੇਰੀ ਕਲਿੰਟਨ ਵਲੋਂ ਪੈਦਾ ਕੀਤੀਆਂ ਜਾ ਰਹੀਆਂ ਚੁਣੌਤੀਆਂ ਸਾਹਮਣੇ ਡਟਣ ਦੀ ਹਿੰਮਤ ਰੱਖਦੀ ਹੈ? ਕੀ ਇਵਾਂਕਾ ਸੱਚਮੁਚ ਆਧੁਨਿਕ ਅਮਰੀਕਾ ਦੇ ਭਵਿੱਖ ਦੀ ਨੇਤਾ ਹੈ ਅਤੇ ਦੇਸ਼ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਬਣਨ ਦੀ ਸਮਰੱਥਾ ਰੱਖਦੀ ਹੈ? 
ਕੀ ਟਰੰਪ ਉਸ ਨੂੰ ਆਪਣੀ ਉੱਤਰਾਧਿਕਾਰੀ ਵਜੋਂ ਪੇਸ਼ ਕਰ ਰਹੇ ਹਨ ਅਤੇ ਅਗਲੇ ਰਾਸ਼ਟਰਪਤੀ ਵਜੋਂ ਚੋਣ ਲੜਾਉਣ ਲਈ ਸਿਆਸੀ ਤੇ ਕੂਟਨੀਤਕ ਸਿਖਲਾਈ ਦੇ ਰਹੇ ਹਨ? ਸਭ ਤੋਂ ਵੱਡੀ ਗੱਲ ਇਹ ਹੈ ਕਿ ਮੋਦੀ ਇਵਾਂਕਾ ਨੂੰ ਇੰਨੀ ਅਹਿਮੀਅਤ ਕਿਉਂ ਦੇ ਰਹੇ ਹਨ? ਇਵਾਂਕਾ ਦੇ ਜ਼ਰੀਏ ਮੋਦੀ ਕਿਹੜੀ ਕੂਟਨੀਤਕ ਤਾਕਤ ਹਾਸਿਲ ਕਰਨਾ ਚਾਹੁੰਦੇ ਹਨ? 
ਮੋਦੀ ਸਰਕਾਰ 'ਚ ਇਵਾਂਕਾ ਦੀ ਅਹਿਮੀਅਤ ਕਿੰਨੀ ਜ਼ਿਆਦਾ ਹੈ, ਇਸ ਦੀ ਇਕ ਮਿਸਾਲ ਇਹ ਵੀ ਹੈ ਕਿ ਜਦੋਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਮਰੀਕਾ ਗਈ ਸੀ ਤਾਂ ਉਹ ਵੀ ਇਵਾਂਕਾ ਨੂੰ ਮਿਲਣਾ ਨਹੀਂ ਭੁੱਲੀ ਸੀ। ਸਭ ਤੋਂ ਵੱਡੀ ਗੱਲ ਇਹ ਹੈ ਕਿ ਟਰੰਪ ਆਪਣੀ ਧੀ ਤੋਂ ਇਲਾਵਾ ਹੋਰ ਕਿਸੇ 'ਤੇ ਭਰੋਸਾ ਨਹੀਂ ਕਰਦੇ ਅਤੇ ਇਵਾਂਕਾ ਵੀ ਉਨ੍ਹਾਂ ਦੇ ਭਰੋਸੇ 'ਤੇ ਹਮੇਸ਼ਾ ਖਰੀ ਉਤਰਦੀ ਹੈ। ਜਦੋਂ ਵਿਰੋਧੀ ਟਰੰਪ 'ਤੇ ਹਾਵੀ ਹੋ ਜਾਂਦੇ ਹਨ ਤਾਂ ਉਨ੍ਹਾਂ ਦਾ ਸਾਹਮਣਾ ਕਰਨ ਲਈ ਉਹ ਇਵਾਂਕਾ ਵੱਲ ਹੀ ਦੇਖਦੇ ਹਨ। 
ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਟਰੰਪ ਅੰਦਰ ਆਧੁਨਿਕ ਅਮਰੀਕਾ ਦਾ ਰਾਸ਼ਟਰਪਤੀ ਬਣਨ ਦੀ ਲਾਲਸਾ ਇਵਾਂਕਾ ਨੇ ਹੀ ਪੈਦਾ ਕੀਤੀ ਸੀ, ਜਦਕਿ ਟਰੰਪ ਤਾਂ ਇਕ ਵਪਾਰੀ ਸਨ, ਜਿਨ੍ਹਾਂ ਦਾ ਕਾਰੋਬਾਰ ਪੂਰੀ ਦੁਨੀਆ 'ਚ ਫੈਲਿਆ ਹੋਇਆ ਹੈ। ਉਨ੍ਹਾਂ ਦਾ ਇਕੋ-ਇਕ ਉਦੇਸ਼ ਪੈਸਾ ਕਮਾਉਣਾ ਸੀ। ਆਪਣੇ ਵਪਾਰ ਦੀ ਸੁਰੱਖਿਆ ਲਈ ਉਹ ਸਿਆਸਤ ਨਾਲ ਜੁੜੇ ਹੋਏ ਸਨ। ਤੁਸੀਂ ਭਾਰਤ ਵਿਚ ਵੀ ਅਜਿਹੀਆਂ ਮਿਸਾਲਾਂ ਦੇਖ ਸਕਦੇ ਹੋ। ਮੋਦੀ 'ਤੇ ਅੰਬਾਨੀ-ਅਡਾਨੀ ਦੀ ਮਦਦ ਕਰਨ ਦੇ ਦੋਸ਼ ਲੱਗਦੇ ਰਹਿੰਦੇ ਹਨ। ਟਰੰਪ ਵੀ ਅੰਬਾਨੀ-ਅਡਾਨੀ ਵਾਂਗ ਇਕ ਵਪਾਰੀ ਹੀ ਸੀ।
ਰਾਸ਼ਟਰਪਤੀ ਦੇ ਅਹੁਦੇ ਦੀ ਚੋਣ ਜਿੱਤਣਾ ਟਰੰਪ ਲਈ ਕੋਈ ਸੌਖਾ ਕੰਮ ਨਹੀਂ ਸੀ। ਜਦੋਂ ਉਹ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਬਣੇ ਤਾਂ ਉਨ੍ਹਾਂ ਦਾ ਕਾਫੀ ਮਜ਼ਾਕ ਉਡਾਇਆ ਗਿਆ ਸੀ, ਇਥੋਂ ਤਕ ਕਿ ਉਨ੍ਹਾਂ ਦੀ ਆਪਣੀ ਪਾਰਟੀ 'ਚੋਂ ਵੀ ਚੁਣੌਤੀ ਮਿਲੀ ਪਰ ਟਰੰਪ ਨੇ ਸਾਰਿਆਂ ਨੂੰ ਮਾਤ ਦੇ ਦਿੱਤੀ। ਹਿਲੇਰੀ ਕਲਿੰਟਨ ਨੇ ਟਰੰਪ ਦੇ ਇਕ ਵਪਾਰੀ ਹੋਣ 'ਤੇ ਸਵਾਲ ਉਠਾਇਆ ਸੀ ਤੇ ਕਿਹਾ ਸੀ ਕਿ ਉਨ੍ਹਾਂ 'ਚ ਇਕ ਸ਼ਾਸਕ ਬਣਨ ਵਾਲੇ ਗੁਣ ਨਹੀਂ ਹਨ। ਇਥੋਂ ਤਕ ਕਿ ਔਰਤਾਂ ਦੇ ਸਵਾਲ 'ਤੇ ਵੀ ਟਰੰਪ ਦੀ ਖੂਬ ਆਲੋਚਨਾ ਹੋਈ ਸੀ ਤੇ ਪੂਰਾ ਅਮਰੀਕੀ ਮੀਡੀਆ ਵੀ ਟਰੰਪ ਦੇ ਵਿਰੁੱਧ ਸੀ। ਮੀਡੀਆ ਨੇ ਹੀ ਐਲਾਨ ਕੀਤਾ ਹੋਇਆ ਸੀ ਕਿ ਟਰੰਪ ਕਿਸੇ ਵੀ ਹਾਲਤ 'ਚ ਜਿੱਤ ਨਹੀਂ ਸਕੇਗਾ ਤੇ ਹਿਲੇਰੀ ਕਲਿੰਟਨ ਹੀ ਅਮਰੀਕਾ ਦੀ ਰਾਸ਼ਟਰਪਤੀ ਹੋਵੇਗੀ। 
ਦੁਨੀਆ ਦੇ ਕੂਟਨੀਤਕ ਤੇ ਸੱਤਾਧਾਰੀ ਵਰਗ ਵੀ ਟਰੰਪ ਦੀ ਜਿੱਤ ਪ੍ਰਤੀ ਆਸਵੰਦ ਨਹੀਂ ਸਨ ਪਰ ਕਿਸੇ ਨੂੰ ਵੀ ਇਹ ਨਹੀਂ ਪਤਾ ਸੀ ਕਿ ਟਰੰਪ ਦੇ ਚੋਣ ਪ੍ਰਚਾਰ ਦੀ ਜ਼ਿੰਮੇਵਾਰੀ ਇਕ ਮਜ਼ਬੂਤ ਇਰਾਦੇ ਵਾਲੀ ਸ਼ਖ਼ਸੀਅਤ, ਭਾਵ ਉਨ੍ਹਾਂ ਦੀ ਧੀ ਇਵਾਂਕਾ ਨੇ ਸੰਭਾਲੀ ਹੋਈ ਹੈ। ਇਵਾਂਕਾ ਦੀ ਗੰਭੀਰ ਭੂਮਿਕਾ ਨੇ ਹੀ ਟਰੰਪ ਨੂੰ ਅਮਰੀਕਾ ਦਾ ਰਾਸ਼ਟਰਪਤੀ ਬਣਾ ਦਿੱਤਾ। 
ਹੁਣੇ-ਹੁਣੇ ਅਮਰੀਕਾ ਦੀਆਂ ਦੋ ਨੀਤੀਆਂ ਅਜਿਹੀਆਂ ਰਹੀਆਂ ਹਨ, ਜਿਨ੍ਹਾਂ 'ਚ ਇਵਾਂਕਾ ਦੀ ਅਹਿਮ ਭੂਮਿਕਾ ਸੀ। ਪਹਿਲੀ ਨੀਤੀ ਅਰਬ 'ਤੇ ਆਧਾਰਿਤ ਹੈ, ਜਦਕਿ ਦੂਜੀ ਉੱਤਰੀ ਕੋਰੀਆ ਨੂੰ ਲੈ ਕੇ। ਇਵਾਂਕਾ ਨੇ ਆਪਣੇ ਪਿਤਾ ਨੂੰ ਸਲਾਹ ਦਿੱਤੀ ਸੀ ਕਿ ਜੇਹਾਦੀ ਇਸਲਾਮ ਵਿਰੁੱਧ ਦੋ ਤਰ੍ਹਾਂ ਦੀਆਂ ਨੀਤੀਆਂ ਹੋਣੀਆਂ ਚਾਹੀਦੀਆਂ ਹਨ। ਇਕ ਜੇਹਾਦੀ ਇਸਲਾਮ ਨੂੰ ਕੁਚਲਣ ਵਾਲੀ। ਜੇਹਾਦੀ ਅੱਤਵਾਦ ਦਾ ਸਮਰਥਨ ਕਰਨ ਵਾਲਿਆਂ ਵਿਰੁੱਧ ਸਖਤੀ ਨਾਲ ਪੇਸ਼ ਆਉਣਾ ਚਾਹੀਦਾ ਹੈ। ਪਾਕਿਸਤਾਨ ਵਰਗੇ ਦੇਸ਼ਾਂ 'ਤੇ ਸਖਤ ਕਾਰਵਾਈ ਕੀਤੇ ਬਿਨਾਂ ਅੱਤਵਾਦ ਦਾ ਖਾਤਮਾ ਨਹੀਂ ਹੋ ਸਕਦਾ। 
ਦੂਜੀ ਨੀਤੀ ਅਰਬ ਦੇ ਮੁਸਲਿਮ ਦੇਸ਼ਾਂ 'ਤੇ ਅਮਰੀਕਾ ਦੀ ਸਰਵਉੱਚਤਾ ਕਾਇਮ ਕਰਨ ਦੀ ਸੀ। ਇਵਾਂਕਾ ਦੀ ਸਲਾਹ 'ਤੇ ਹੀ ਟਰੰਪ ਲਗਾਤਾਰ ਪਾਕਿਸਤਾਨ ਨੂੰ ਘੂਰੀਆਂ ਵੱਟ ਰਹੇ ਹਨ ਅਤੇ ਨਤੀਜੇ ਭੁਗਤਣ ਲਈ ਤਿਆਰ ਰਹਿਣ ਨੂੰ ਕਹਿ ਰਹੇ ਹਨ। ਪਾਕਿਸਤਾਨੀ ਸ਼ਾਸਕਾਂ ਨੂੰ ਟਰੰਪ ਮਿਲਣ ਦਾ ਸਮਾਂ ਵੀ ਨਹੀਂ ਦੇ ਰਹੇ। 
ਆਪਣੇ ਵਿਰੋਧੀ ਈਰਾਨ ਨੂੰ ਕਾਬੂ ਕਰਨ ਲਈ ਅਮਰੀਕਾ ਨੇ ਸਾਊਦੀ ਅਰਬ ਨੂੰ ਢਾਲ ਬਣਾਇਆ, ਜੋ ਈਰਾਨ ਨਾਲ ਮੁਕਾਬਲਾ ਕਰਨ ਲਈ ਪਹਿਲਾਂ ਹੀ ਅਮਰੀਕਾ ਵੱਲ ਦੇਖ ਰਿਹਾ ਸੀ। ਇਵਾਂਕਾ ਨੇ ਮਦਦ ਬਦਲੇ ਹਥਿਆਰ ਵੇਚਣ ਦਾ ਹੱਥਕੰਡਾ ਅਪਣਾਇਆ ਅਤੇ ਸਾਊਦੀ ਅਰਬ ਨੇ ਅਰਬਾਂ ਰੁਪਏ ਦੇ ਹਥਿਆਰ ਖਰੀਦਣ ਸੰਬੰਧੀ ਸਮਝੌਤੇ ਅਮਰੀਕਾ ਨਾਲ ਕੀਤੇ ਹਨ। ਇਸ ਨਾਲ ਅਮਰੀਕਾ ਦਾ ਅਰਥਚਾਰਾ ਮਜ਼ਬੂਤ ਹੋਵੇਗਾ।
ਉੱਤਰੀ ਕੋਰੀਆ ਦੇ ਪ੍ਰਮਾਣੂ ਪਸਾਰ ਦੇ ਸਵਾਲ 'ਤੇ ਵੀ ਇਵਾਂਕਾ ਨੇ ਟਰੰਪ ਨੂੰ ਸੰਜਮਤਾ ਵਰਤਣ ਦੀ ਸਲਾਹ ਦਿੱਤੀ ਅਤੇ ਅਚਾਨਕ ਕੋਈ ਖਤਰਨਾਕ ਕਾਰਵਾਈ ਕਰਨ ਤੋਂ ਰੋਕ ਦਿੱਤਾ। ਇਵਾਂਕਾ ਨੇ ਉੱਤਰੀ ਕੋਰੀਆ ਵਿਰੁੱਧ ਜਾਪਾਨ ਤੇ ਦੱਖਣੀ ਕੋਰੀਆ ਦੀ ਜ਼ਿਆਦਾ ਜ਼ਿੰਮੇਵਾਰੀ ਤੈਅ ਕਰਨ ਦੀ ਨੀਤੀ ਬਣਾਈ ਹੈ। ਯਕੀਨੀ ਤੌਰ 'ਤੇ ਟਰੰਪ ਆਪਣੀ ਧੀ ਇਵਾਂਕਾ ਨੂੰ ਆਪਣੀ ਉੱਤਰਾਧਿਕਾਰੀ ਵਜੋਂ ਸਿੱਖਿਅਤ ਕਰ ਰਹੇ ਹਨ। 
ਜ਼ਿਕਰਯੋਗ ਹੈ ਕਿ ਅਮਰੀਕਾ 'ਚ ਅਜੇ ਤਕ ਕੋਈ ਵੀ ਔਰਤ ਰਾਸ਼ਟਰਪਤੀ ਨਹੀਂ ਬਣ ਸਕੀ ਹੈ। ਹਿਲੇਰੀ ਕਲਿੰਟਨ ਦਾ ਰਾਸ਼ਟਰਪਤੀ ਬਣਨ  ਦਾ ਸੁਪਨਾ ਟਰੰਪ ਨੇ ਹੀ ਤੋੜ ਦਿੱਤਾ ਸੀ। ਜੇ ਇਵਾਂਕਾ ਭਵਿੱਖ 'ਚ ਅਮਰੀਕਾ ਦੀ ਰਾਸ਼ਟਰਪਤੀ ਬਣਨ 'ਚ ਸਫਲ ਹੋਈ ਤਾਂ ਉਹ ਇਤਿਹਾਸ ਰਚ ਸਕਦੀ ਹੈ। 
ਜਿਥੋਂ ਤਕ ਭਾਰਤ ਦਾ ਸਵਾਲ ਹੈ, ਤਾਂ ਅਮਰੀਕਾ ਦਾ ਨਜ਼ਰੀਆ ਇਸ ਪ੍ਰਤੀ ਹਾਂ-ਪੱਖੀ ਹੈ। ਦੋਹਾਂ ਦੇਸ਼ਾਂ ਦੇ ਸਬੰਧ ਅੱਜ ਬਿਹਤਰੀਨ ਮੋੜ 'ਤੇ ਹਨ। ਭਾਰਤ ਨਾਲ ਸਬੰਧ ਵਿਕਸਿਤ ਕਰਨ ਦੀ ਕਸੌਟੀ 'ਤੇ ਟਰੰਪ ਸਾਬਕਾ ਰਾਸ਼ਟਰਪਤੀਆਂ ਜਾਰਜ ਬੁਸ਼ ਜੂਨੀਅਰ ਅਤੇ ਬਰਾਕ ਓਬਾਮਾ ਨੂੰ ਵੀ ਪਿੱਛੇ ਛੱਡ ਚੁੱਕੇ ਹਨ। 
ਹਰੇਕ ਸੰਸਾਰਕ ਮੰਚ 'ਤੇ ਟਰੰਪ ਤੇ ਮੋਦੀ ਵਿਚਾਲੇ ਮੁਲਾਕਾਤ ਹੁੰਦੀ ਹੈ। ਚੀਨ ਤੇ ਪਾਕਿਸਤਾਨ ਨੂੰ ਕਾਬੂ 'ਚ ਰੱਖਣ ਲਈ ਭਾਰਤ ਨੂੰ ਅਮਰੀਕਾ ਦਾ ਸਾਥ ਚਾਹੀਦਾ ਹੈ, ਇਸੇ ਲਈ ਮੋਦੀ ਸਰਕਾਰ ਇਵਾਂਕਾ ਨੂੰ ਕਾਫੀ ਸਨਮਾਨ ਦੇਣ ਦੀ ਨੀਤੀ 'ਤੇ ਚੱਲ ਰਹੀ ਹੈ।