ਫਾਦਰ ਰੌਬਿਨ ਬਾਰੇ ਆਪੇ ਐਲਾਨੇ ਸੈਕੁਲਰਿਸਟ-ਉਦਾਰਵਾਦੀ ਚੁੱਪ ਕਿਉਂ

03/24/2017 8:03:11 AM

ਪਿਛਲੇ ਦਿਨੀਂ ਕੇਰਲਾ ਦੇ ਕੋਟਿਊਰ ''ਚ ਇਕ ਇਸਾਈ ਪਾਦਰੀ ਵਲੋਂ ਨਾਬਾਲਿਗਾ ਨਾਲ ਬਲਾਤਕਾਰ ਅਤੇ ਫਿਰ ਉਸ ਪੀੜਤਾ ਵਲੋਂ ਇਕ ਬੱਚੇ ਨੂੰ ਜਨਮ ਦੇਣ ਦਾ ਮਾਮਲਾ ਸਾਹਮਣੇ ਆਇਆ। ਪਾਦਰੀ ਨੂੰ ਬਚਾਉਣ ਦੀ ਕੋਸ਼ਿਸ਼ ਨਾ ਸਿਰਫ ਸੂਬੇ ਦੀ ਸਰਕਾਰੀ ਮਸ਼ੀਨਰੀ ਵਲੋਂ ਕੀਤੀ ਗਈ, ਸਗੋਂ ਪੀੜਤਾ ਦੇ ਪਿਤਾ ਨੇ ਵੀ ਸ਼ੁਰੂ ਵਿਚ ਚਰਚ ਦੀ ਸਾਖ ਬਚਾਉਣ ਵਾਸਤੇ ਪਾਦਰੀ ਦਾ ਹੀ ਸਾਥ ਦਿੱਤਾ। 
ਉਕਤ ਮਾਮਲੇ ''ਤੇ ਅਖੌਤੀ ਧਰਮਨਿਰਪੱਖੀ, ਉਦਾਰਵਾਦੀ ਅਤੇ ਮਨੁੱਖੀ ਅਧਿਕਾਰ ਤੇ ਸਵੈਮ ਸੇਵੀ ਸੰਗਠਨ ਤਾਂ ਚੁੱਪ ਰਹੇ ਹੀ, ਮੀਡੀਆ ਦਾ ਵੀ ਇਕ ਵੱਡਾ ਹਿੱਸਾ ਜਾਂ ਤਾਂ ਇਸ ਮਾਮਲੇ ਵਿਚ ਚੁੱਪ ਰਿਹਾ ਜਾਂ ਫਿਰ ਕੁਝ ਨੇ ਇਸ ਘਿਨਾਉਣੇ ਮਾਮਲੇ ਨੂੰ ਸਾਧਾਰਨ ਜਿਹੀ ਖ਼ਬਰ ਵਜੋਂ ਛਾਪ ਦਿੱਤਾ। 
ਇਸ ਮਾਮਲੇ ਵਿਚ ਅਖ਼ਬਾਰਾਂ ਤੇ ਟੀ. ਵੀ. ਨਿਊਜ਼ ਚੈਨਲਾਂ ''ਤੇ ਉਹੋ ਜਿਹੀ ਲੰਮੀ ਬਹਿਸ ਨਹੀਂ ਹੋਈ, ਜੋ ਬਾਪੂ ਆਸਾਰਾਮ ''ਤੇ ਲੱਗੇ ਯੌਨ ਸ਼ੋਸ਼ਣ ਦੇ ਦੋਸ਼ਾਂ ਤੋਂ ਬਾਅਦ ਹੋਈ ਸੀ। ਕੀ ਕਿਸੇ ਘਿਨਾਉਣੇ ਅਪਰਾਧ ਦੇ ਦੋਸ਼ੀ ''ਤੇ ਵਿਆਪਕ ਚਰਚਾ ਹੋਣੀ ਚਾਹੀਦੀ ਹੈ? ਜੇ ਇਸ ਦਾ ਜਵਾਬ ''ਹਾਂ'' ਵਿਚ ਹੈ ਤਾਂ ਪਾਦਰੀ ਦੇ ਮਾਮਲੇ ਵਿਚ ਮੀਡੀਆ ਅਤੇ ਸਿਆਸੀ ਪਾਰਟੀਆਂ ਦੀ ਚੁੱਪ ਦੀ ਵਜ੍ਹਾ ਕੀ ਹੈ? 
ਕੋਟਿਊਰ ਵਿਚ ਸੇਂਟ ਸੇਬੇਸਟੀਅਨ ਚਰਚ ਦੇ 48 ਸਾਲਾ ਕੈਥੋਲਿਕ ਪਾਦਰੀ ਫਾਦਰ ਰੌਬਿਨ ਉਰਫ ਮੈਥਿਊ ਨੂੰ ਇਕ ਨਾਬਾਲਿਗਾ ਨਾਲ ਬਲਾਤਕਾਰ ਦੇ ਦੋਸ਼ ਹੇਠ 28 ਫਰਵਰੀ ਨੂੰ ਉਦੋਂ ਗ੍ਰਿਫਤਾਰ ਕੀਤਾ ਗਿਆ, ਜਦੋਂ ਉਹ ਵਿਦੇਸ਼ ਭੱਜਣ ਦੀ ਤਿਆਰੀ ਵਿਚ ਸੀ। ਮਾਮਲਾ ਪਿਛਲੇ ਸਾਲ ਮਈ ਦਾ ਹੈ ਪਰ ਇਸ ਦਾ ਖੁਲਾਸਾ 7 ਫਰਵਰੀ ਨੂੰ ਉਦੋਂ ਹੋਇਆ, ਜਦੋਂ 16 ਸਾਲਾ ਅਣਵਿਆਹੀ ਪੀੜਤਾ ਨੇ ਇਕ ਪ੍ਰਾਈਵੇਟ ਹਸਪਤਾਲ ਵਿਚ ਬੱਚੇ ਨੂੰ ਜਨਮ ਦਿੱਤਾ। ਉਸ ਦੇ ਨਵਜੰਮੇ ਬੱਚੇ ਨੂੰ ਸਥਾਨਕ ਅਨਾਥ ਆਸ਼ਰਮ ਵਿਚ ਲਿਜਾਇਆ ਗਿਆ, ਜਿਥੇ ਬੱਚੇ ਦੇ ਜਨਮ ਦੀ ਸੂਚਨਾ ਤੋਂ ਬਾਅਦ ਵੀ ਬਾਲ ਕਲਿਆਣ ਕਮੇਟੀ (ਸੀ. ਡਬਲਯੂ. ਸੀ.) ਨੇ ਕੋਈ ਕਾਰਵਾਈ ਨਹੀਂ ਕੀਤੀ। 
ਅਦਾਲਤ ਦੇ ਦਖਲ ਤੋਂ ਬਾਅਦ ਪੁਲਸ ਨੇ ਇਸ ਮਾਮਲੇ ਨਾਲ ਜੁੜੇ ਤੱਥਾਂ ਨੂੰ ਲੁਕਾਉਣ ਦੇ ਦੋਸ਼ ਵਿਚ ਸੀ. ਡਬਲਯੂ. ਸੀ. ਦੇ ਸਾਬਕਾ ਮੁਖੀ ਫਾਦਰ ਥਾਮਸ ਜੋਸੇਫ ਥੇਰਾਕਮ, ਕਮੇਟੀ ਦੇ ਇਕ ਸਾਬਕਾ ਮੈਂਬਰ ਬੈਟੀ ਜੋਸ ਅਤੇ ਅਨਾਥ ਆਸ਼ਰਮ ਦੀ ਸੁਪਰਡੈਂਟ ਸਿਸਟਰ ਓਫੇਲੀਆ ਨੂੰ ਗ੍ਰਿਫਤਾਰ ਕੀਤਾ। ਨਾਲ ਹੀ ਹਸਪਤਾਲ ਦੀਆਂ 5 ਨਨਾਂ ''ਤੇ ਮਾਮਲਾ ਦਰਜ ਕੀਤਾ ਗਿਆ। ਇਨ੍ਹਾਂ ਸਾਰਿਆਂ ਵਿਰੁੱਧ ਪੋਕਸੋ ਐਕਟ ਦੀਆਂ ਗੈਰ-ਜ਼ਮਾਨਤੀ ਧਾਰਾਵਾਂ ਅਤੇ ਨਾਬਾਲਿਗ ਨਿਆਂ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਘਟਨਾ ਦਾ ਸਭ ਤੋਂ ਘਿਨਾਉਣਾ ਪੱਖ ਇਹ ਹੈ ਕਿ ਪੀੜਤਾ ਦੇ ਪਿਤਾ ਨੇ ਸ਼ੁਰੂਆਤੀ ਜਾਂਚ ਵਿਚ ਝੂਠ ਬੋਲਿਆ ਤੇ ਫਿਰ ਕਿਹਾ ਕਿ ਉਸ ਨੇ ਹੀ ਆਪਣੀ ਧੀ ਦਾ ਬਲਾਤਕਾਰ ਕੀਤਾ ਪਰ ਜਦੋਂ ਉਸ ਨੂੰ ਇਸ ਅਪਰਾਧ ਦੇ ਸਿੱਧ ਹੋਣ ''ਤੇ ਮਿਲਣ ਵਾਲੀ ਸਜ਼ਾ ਦਾ ਪਤਾ ਲੱਗਾ ਤਾਂ ਉਸ ਨੇ ਸੱਚ ਬੋਲਦਿਆਂ ਫਾਦਰ ਰੌਬਿਨ ਦੀ ਕਰਤੂਤ ਦਾ ਪੁਲਸ ਸਾਹਮਣੇ ਖੁਲਾਸਾ ਕਰ ਦਿੱਤਾ। ਉਸ ਨੇ ਦੱਸਿਆ ਕਿ ਦੋਸ਼ੀ ਪਾਦਰੀ ਨੇ ਹੀ ਪ੍ਰਾਈਵੇਟ ਹਸਪਤਾਲ ਦੇ ਬਿੱਲ ਦਾ ਭੁਗਤਾਨ ਕੀਤਾ ਸੀ ਤੇ ਭਰੋਸਾ ਦਿੱਤਾ ਕਿ ਉਹ ਆਪਣੇ ''ਪਾਪ'' ਦਾ ਪਛਤਾਵਾ ਕਰੇਗਾ ਪਰ ਉਸ ਨੇ ਉਨ੍ਹਾਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕੀਤੀ। 
ਪੀੜਤਾ ਦੇ ਮਾਂ-ਪਿਓ ਅਨੁਸਾਰ ਉਨ੍ਹਾਂ ਦੀ ਧੀ ਨੂੰ ਮਾਹਵਾਰੀ ਰੈਗੂਲਰ ਨਹੀਂ ਆਉਂਦੀ ਸੀ, ਇਸ ਲਈ ਉਨ੍ਹਾਂ ਨੂੰ ਆਪਣੀ ਧੀ ਦੀ ਗਰਭ ਅਵਸਥਾ ਬਾਰੇ ਬਿਲਕੁਲ ਵੀ ਪਤਾ ਨਹੀਂ ਲੱਗਾ। ਚਰਚ ਨਾਲ ਸੰਬੰਧਿਤ ਅਜਿਹਾ ਮਾਮਲਾ ਦੇਸ਼ ਵਿਚ ਪਹਿਲਾ ਜਾਂ ਨਵਾਂ ਨਹੀਂ ਹੈ। ਪਿਛਲੇ ਕਈ ਸਾਲਾਂ ਤੋਂ ਭਾਰਤ ਵਿਚ ਅਜਿਹੇ ਘਿਨਾਉਣੇ ਅਪਰਾਧਾਂ ਨਾਲ ਚਰਚ ''ਤੇ ਕਲੰਕ ਲੱਗਦੇ ਰਹੇ ਹਨ ਪਰ ਇਸ ਦੇ ਵਿਰੋਧ ਵਿਚ ਆਪੇ ਐਲਾਨੇ ਸੈਕੁਲਰਿਸਟਾਂ-ਉਦਾਰਵਾਦੀਆਂ ਤੇ ਸਵੈਮ ਸੇਵੀ ਸੰਸਥਾਵਾਂ ਨੇ ਕਦੇ ਮੂੰਹ ਤਕ ਨਹੀਂ ਖੋਲ੍ਹਿਆ। 
ਇਸ ਘਟਨਾ ਤੋਂ ਪਹਿਲਾਂ ਕੇਰਲਾ ਦੇ ਹੀ ਏਰਨਾਕੁਲਮ ਵਿਚ ਇਕ ਨਾਬਾਲਿਗ ਕੁੜੀ ਨਾਲ ਬਲਾਤਕਾਰ ਦੇ ਦੋਸ਼ੀ 41 ਸਾਲਾ ਪਾਦਰੀ ਐਡਵਿਨ ਨੂੰ ਇਕੱਠੀਆਂ ਦੋ ਉਮਰਕੈਦਾਂ ਦੀ ਸਜ਼ਾ ਸੁਣਾਈ ਗਈ ਸੀ। ਕੋਚੀ ਵਿਚ ਇਕ ਕਾਨਵੈਂਟ ਸਕੂਲ ਦੇ ਪਿੰ੍ਰਸੀਪਲ ਨੂੰ ਪੁਲਸ ਨੇ ਇਕ ਲੜਕੇ ਨਾਲ ਕੁਕਰਮ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਸੀ। 2014 ਵਿਚ ਕੇਰਲਾ ਦੇ ਹੀ ਤ੍ਰਿਚੂਰ ਵਿਚ ਇਕ ਚਰਚ ਦੇ ਪਾਦਰੀ ''ਤੇ 9 ਸਾਲਾ ਬੱਚੀ ਨਾਲ ਬਲਾਤਕਾਰ ਦੇ ਮਾਮਲੇ ਵਿਚ ਪੁਲਸ ਨੇ ਆਪਣਾ ਸ਼ਿਕੰਜਾ ਕੱਸਿਆ ਸੀ।
ਫਰਵਰੀ-ਅਪ੍ਰੈਲ 2014 ਵਿਚ ਹੀ ਕੇਰਲਾ ਦੇ 3 ਕੈਥੋਲਿਕ ਪਾਦਰੀ ਬੱਚਿਆਂ ਨਾਲ ਬਲਾਤਕਾਰ ਦੇ ਮਾਮਲੇ ਵਿਚ ਪੁਲਸ ਨੇ ਦਬੋਚੇ ਸਨ ਤਾਂ ਸੰਨ 2016 ਵਿਚ ਪੱਛਮੀ ਬੰਗਾਲ ਵਿਚ ਵੀ ਇਕ ਪਾਦਰੀ ''ਤੇ ਔਰਤ ਨਾਲ ਬਲਾਤਕਾਰ ਕੀਤੇ ਜਾਣ ਦਾ ਦੋਸ਼ ਲੱਗਾ ਸੀ। ਇਨ੍ਹਾਂ ਸਾਰੇ ਮਾਮਲਿਆਂ ਵਿਚ ਚਰਚ ਨੇ ਸ਼ਰਮਿੰਦਾ ਹੋਣ ਦੀ ਬਜਾਏ ਸਿਰਫ ਆਪਣੇ ਪਾਦਰੀਆਂ ਦਾ ਹੀ ਬਚਾਅ ਕੀਤਾ।
ਦੇਸ਼ ਦੇ ਆਦੀਵਾਸੀ ਅਤੇ ਪੱਛੜੇ ਇਲਾਕਿਆਂ ਵਿਚ ਚੱਲ ਰਹੀਆਂ ਇਸਾਈ ਮਿਸ਼ਨਰੀਆਂ ਦੇ ਦਬਾਅ ਕਾਰਨ ਕੈਥੋਲਿਕ ਸੰਸਥਾਵਾਂ ਦਾ ਅਸਲੀ ਏਜੰਡਾ ਸਾਹਮਣੇ ਨਹੀਂ ਆਉਂਦਾ। ਜ਼ਿਆਦਾਤਰ ਯੌਨ ਸ਼ੋਸ਼ਣ ''ਗੌਡ'' ਨੂੰ ''ਖੁਸ਼'' ਕਰਨ ਦੇ ਨਾਂ ''ਤੇ ਕੀਤਾ ਜਾਂਦਾ ਹੈ। ਭਾਰਤ ਵਿਚ ਅਜਿਹੇ ਕਾਰੇ ਕਰਨ ਵਾਲੇ ਪਾਦਰੀਆਂ ਦੀ ਗਿਣਤੀ ਵਧਣ ਦੀ ਇਕ ਵਜ੍ਹਾ ਇਹ ਵੀ ਹੈ ਕਿ ਇਥੇ ਬਿਨਾਂ ਕਿਸੇ ਜਾਂਚ-ਪੜਤਾਲ ਦੇ ਵਿਦੇਸ਼ੀ ਸੰਸਥਾਵਾਂ ਵਲੋਂ ਪਾਦਰੀ ਨਿਯੁਕਤ ਕੀਤੇ ਜਾ ਰਹੇ ਹਨ। ਇਥੋਂ ਤਕ ਕਿ ਵਿਦੇਸ਼ਾਂ ਵਿਚ ਯੌਨ ਸ਼ੋਸ਼ਣ ਦੇ ਦੋਸ਼ੀ ਪਾਦਰੀਆਂ ਨੂੰ ਭਾਰਤ ਵਿਚ ਕਿਸੇ ਨਾ ਕਿਸੇ ਚਰਚ ਵਿਚ ਨਿਯੁਕਤ ਕਰ ਦਿੱਤਾ ਜਾਂਦਾ ਹੈ। 
ਸੰਨ 2015 ਵਿਚ ਜੋਸੇਫ ਪੀ. ਜਯਾਪਾਲ, ਜਿਸ ''ਤੇ ਅਮਰੀਕਾ ਵਿਚ ਇਕ ਔਰਤ ਨੇ ਬਲਾਤਕਾਰ ਦਾ ਦੋਸ਼ ਲਗਾਇਆ ਸੀ ਤੇ ਜੋ ਭੱਜ ਕੇ ਭਾਰਤ ਆ ਗਿਆ ਸੀ, ਨੂੰ ਰੋਮਨ ਕੈਥੋਲਿਕ ਸੰਸਥਾ ਵੈਟੀਕਨ ਨੇ ਤਾਮਿਲਨਾਡੂ ਦੇ ਇਕ ਚਰਚ ਵਿਚ ਪਾਦਰੀ ਨਿਯੁਕਤ ਕਰ ਦਿੱਤਾ ਸੀ। ਯੌਨ ਸ਼ੋਸ਼ਣ ਕਰਨ ਵਾਲੇ ਪਾਦਰੀ ਆਪਣਾ ਸ਼ਿਕਾਰ ਸਭ ਤੋਂ ਕੱਟੜ ਭਗਤਾਂ ''ਚੋਂ ਹੀ ਬਣਾਉਂਦੇ ਹਨ। ਇਨ੍ਹਾਂ ਦੇ ਪਰਿਵਾਰਾਂ ਨੂੰ ਪੀੜ੍ਹੀਆਂ ਤੋਂ ਸਿਖਾਇਆ ਜਾਂਦਾ ਰਿਹਾ ਹੈ ਕਿ ਕੈਥੋਲਿਕ ਪਾਦਰੀਆਂ ''ਤੇ ਭਰੋਸਾ ਕਰੋ, ਉਨ੍ਹਾਂ ਨੂੰ ਪੂਰਾ ਸਨਮਾਨ ਦਿਓ। 
ਚਰਚ ਦੀ ਸਾਖ ਨੂੰ ਸਭ ਤੋਂ ਉਪਰ ਮੰਨਣ ਵਾਲੇ ਬਿਸ਼ਪ ਪੀੜਤ ਪਰਿਵਾਰਾਂ ਦੇ ਦਿਮਾਗ ਵਿਚ ਇਹ ਗੱਲ ਬਿਠਾਉਂਦੇ ਹਨ ਕਿ ਸੱਚਾਈ ਸਾਹਮਣੇ ਆਉਣ ''ਤੇ ਲੋਕਾਂ ਦੀ ਆਸਥਾ ਨੂੰ ਠੇਸ ਲੱਗੇਗੀ। ਕੋਟਿਊਰ ਵਿਚ ਬਲਾਤਕਾਰ ਪੀੜਤਾ ਦੇ ਪਿਤਾ ਦਾ ਪਾਦਰੀ ਨੂੰ ਬਚਾਉਣ ਲਈ ਖ਼ੁਦ ਝੂਠ ਬੋਲ ਕੇ ਗੁਨਾਹ ਕਬੂਲਣਾ ਇਸ ਦਾ ਪ੍ਰਤੱਖ ਸਬੂਤ ਹੈ। 
ਅਸਲ ਵਿਚ ਚਰਚ ਜਿਸ ''ਗੁਪਤ ਸੱਭਿਅਤਾ'' ਨਾਲ ਆਪਣੇ ਪੈਰੋਕਾਰਾਂ ਨੂੰ ਦੀਖਿਆ ਦਿੰਦਾ ਹੈ, ਉਸ ਕਾਰਨ ਯੌਨ ਸ਼ੋਸ਼ਣ ਵਰਗੇ ਮਾਮਲੇ ਦੱਬੇ ਰਹਿ ਜਾਂਦੇ ਹਨ। ਰੋਮਨ ਕੈਥੋਲਿਕ ਚਰਚ ਵਿਚ ਜਦੋਂ ਕਾਰਡੀਨਲ ਬਣਾਏ ਜਾਂਦੇ ਹਨ, ਉਦੋਂ ਉਹ ਪੋਪ ਸਾਹਮਣੇ ਵਚਨ ਲੈਂਦੇ ਹਨ ਕਿ ਉਹ ਹਰੇਕ ਉਸ ਗੱਲ ਨੂੰ ਗੁਪਤ ਰੱਖਣਗੇ, ਜਿਸ ਦੇ ਜ਼ਾਹਿਰ ਹੋਣ ਨਾਲ ਚਰਚ ਦੀ ਬਦਨਾਮੀ ਹੋਵੇ ਜਾਂ ਉਸ ਨੂੰ ਨੁਕਸਾਨ ਪੁੱਜੇ। 
ਕੈਥੋਲਿਕ ਪਾਦਰੀਆਂ ਨਾਲ ਜੁੜੀਆਂ ਬਲਾਤਕਾਰ ਦੀਆਂ ਘਟਨਾਵਾਂ ਨੂੰ ਲੈ ਕੇ 19 ਮਾਰਚ ਨੂੰ ਕੁਝ ਇਸਾਈ ਸੰਗਠਨਾਂ ਨੇ ''ਬਿਸ਼ਪ ਹਾਊਸ'' ਦੇ ਬਾਹਰ ਮੁਜ਼ਾਹਰਾ ਕੀਤਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਔਰਤਾਂ ਤੇ ਨਾਬਾਲਿਗ ਬੱਚੀਆਂ ਦੇ ''ਕਨਫੈਸ਼ਨ'' (ਅਪਰਾਧ ਕਬੂਲਣ) ਦੀ ਵਿਧੀ ਪਾਦਰੀਆਂ ਦੀ ਬਜਾਏ ਨਨਾਂ ਕਰਵਾਉਣ ਕਿਉਂਕਿ ਪਾਦਰੀ ਉਦੋਂ ਔਰਤਾਂ ਅਤੇ ਕੁੜੀਆਂ ਤੋਂ ਨਾ ਸਿਰਫ ਪੁੱਠੇ-ਸਿੱਧੇ ਸਵਾਲ ਪੁੱਛਦੇ ਹਨ, ਸਗੋਂ ਮੌਕੇ ਦਾ ਲਾਹਾ ਲੈ ਕੇ ਯੌਨ ਸ਼ੋਸ਼ਣ ਵੀ ਕਰਦੇ ਹਨ। ਇਸ ਕੌੜੇ ਸੱਚ ਦੀ ਪੁਸ਼ਟੀ 26 ਸਾਲ ਇਕ ਕੈਥੋਲਿਕ ਚਰਚ ਵਿਚ ਨਨ ਰਹੀ ਸਿਸਟਰ ਜੇਸਮੀ ਨੇ ਆਪਣੀ ਸਵੈ-ਜੀਵਨੀ ''ਆਮੀਨ, ਦਿ ਆਟੋਬਾਇਓਗ੍ਰਾਫੀ ਆਫ ਏ ਨਨ'' ਵਿਚ ਕੀਤੀ ਹੈ। 
ਸਿਸਟਰ ਜੇਸਮੀ ਨੇ ਲਿਖਿਆ ਹੈ ਕਿ ਜਦੋਂ ਉਹ ਇਕ ਦਿਨ ਕਨਫੈਸ਼ਨ ਲਈ ਗਈ ਤਾਂ ਪਾਦਰੀ ਨੇ ਉਸ ਨੂੰ ''ਕਿੱਸ'' ਕਰਨ ਦੀ ਇਜਾਜ਼ਤ ਮੰਗੀ, ਜਿਸ ਤੋਂ ਇਨਕਾਰ ਕਰਨ ''ਤੇ ਪਾਦਰੀ ਨੇ ਦਲੀਲ ਦਿੱਤੀ ਕਿ ਇਹ ਸਭ ਪਵਿੱਤਰ ਗ੍ਰੰਥ ਬਾਈਬਲ ਅਨੁਸਾਰ ਹੈ। ਅੱਜ ਵੀ ਜਦੋਂ ਕੋਟਿਊਰ ਦੀ ਘਟਨਾ ਤੋਂ ਬਾਅਦ ਇਕ ਸੰਗਠਨ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ ਤਾਂ ਕੇਰਲਾ ਕੈਥੋਲਿਕ ਬਿਸ਼ਪ ਸਮਿਤੀ ਬਾਈਬਲ ਦੇ ਸਿਧਾਂਤਾਂ ਦਾ ਸਹਾਰਾ ਲੈ ਕੇ ਇਸ ਵਿਰੋਧ ਮੁਜ਼ਾਹਰੇ ਦੀ ਵਿਰੋਧਤਾ ਕਰ ਰਹੀ ਹੈ। 
ਬਲਾਤਕਾਰ ਜਾਂ ਯੌਨ ਸ਼ੋਸ਼ਣ ਜਾਂ ਫਿਰ ਔਰਤਾਂ ਨਾਲ ਸੰਬੰਧਿਤ ਕੋਈ ਵੀ ਅਪਰਾਧ ਇਕ ਸਮਾਜਿਕ ਕਲੰਕ ਹੈ—ਚਾਹੇ ਇਸ ਦਾ ਦੋਸ਼ੀ ਕਿਸੇ ਵੀ ਭਾਈਚਾਰੇ ਦਾ ਕਿਉਂ ਨਾ ਹੋਵੇ। ਦੋਸ਼ੀ ਸਿੱਧ ਹੋਣ ''ਤੇ ਉਸ ਨੂੰ ਸਖ਼ਤ ਸਜ਼ਾ ਦੇਣ ਦੀ ਵਿਵਸਥਾ ਭਾਰਤੀ ਦੰਡਾਵਲੀ ਵਿਚ ਹੈ। ਕੀ ਵਜ੍ਹਾ ਹੈ ਕਿ ਬਾਪੂ ਆਸਾਰਾਮ ਦੇ ਅਜਿਹੇ ਘਿਨਾਉਣੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਆਪੇ ਐਲਾਨੇ ਸੈਕੁਲਰਿਸਟਾਂ, ਉਦਾਰਵਾਦੀਆਂ ਅਤੇ ਮੀਡੀਆ ਦੇ ਇਕ ਵੱਡੇ ਹਿੱਸੇ ਦਾ ਧਿਆਨ ਤਾਂ ਇਸ ਪਾਸੇ ਕੇਂਦ੍ਰਿਤ ਹੋ ਜਾਂਦਾ ਹੈ ਪਰ ਫਾਦਰ ਰੌਬਿਨ ਵਰਗੇ ਬਲਾਤਕਾਰ ਦੇ ਦੋਸ਼ੀ ਵਿਰੁੱਧ ਉਹੋ ਜਿਹਾ ਹਿੰਸਕ ਰਵੱਈਆ ਨਜ਼ਰ ਨਹੀਂ ਆਉਂਦਾ?