ਅਸੀਂ ਕੌਣ, ਸਾਡੇ ਪੁਰਖ ਕੌਣ

08/06/2022 12:09:08 PM

ਭਾਰਤ ਦੇ ਇਲਾਵਾ ਦੁਨੀਆ ਵਿਚ ਸ਼ਾਇਦ ਹੀ ਕੋਈ ਇਹੋ-ਜਿਹਾ ਦੇਸ਼ ਹੋਵੇਗਾ ਜਿੱਥੋਂ ਦੇ ਸਮਾਜ ਦੇ ਮਨ ਅੰਦਰ ‘‘ਅਸੀਂ ਕੌਣ ਹਾਂ? ਸਾਡੇ ਪੁਰਖੇ ਕੌਣ ਸਨ? ਸਾਡਾ ਇਤਿਹਾਸ ਕੀ ਰਿਹਾ ਹੈ?’’ਇਸ ਬਾਰੇ ਕੋਈ ਭੁਲੇਖੇ ਜਾਂ ਵੱਖ-ਵੱਖ ਵਿਚਾਰ ਹੋਣਗੇ ਪਰ ਭਾਰਤ ਅੰਦਰ, ਜੋ ਦੁਨੀਆ ਦਾ ਸਭ ਤੋਂ ਪ੍ਰਾਚੀਨ ਰਾਸ਼ਟਰ ਹੈ ਅਤੇ ਜਿੱਥੇ ਸਭ ਤੋਂ ਵੱਧ ਸੰਪੰਨ ਸਮਾਜ ਹੋਣ ਦੇ ਬਾਵਜੂਦ ਸਾਡੀ ਇਸ ਵਿਸ਼ੇ ’ਤੇ ਸਹਿਮਤੀ ਨਹੀਂ ਹੈ। ਇਸ ਦਾ ਇਕੋ-ਇਕ ਕਾਰਨ ਇਹ ਦਿਸਦਾ ਹੈ ਕਿ ਅਸੀਂ ਇਕ ਸਮਾਜ ਅਤੇ ਇਕ ਰਾਸ਼ਟਰ ਦੇ ਨਾਤੇ ਆਪਣੇ ‘‘ਸਵੈ’’ ਨੂੰ ਪਛਾਣਨਾ ਅਤੇ ਉਸ ਨੂੰ ਆਤਮਸਾਤ ਕਰਨਾ ਨਹੀਂ ਚਾਹੁੰਦੇ। ਕੁੱਝ ਉਧਾਰਣਾਂ ਦੇਖੋ-
ਇਕ ਸਮਾਜਿਕ ਚਿੰਤਕ ਦੇ ਅਨੁਸਾਰ, ‘‘ਜਦੋਂ ਤੱਕ ਇਕ ਸਮਾਜ ਦੇ ਨਾਤੇ ਅਸੀਂ ਕੌਣ ਹਾਂ ਇਹ ਅਸੀਂ ਤੈਅ ਨਹੀਂ ਕਰਦੇ, ਅਸੀਂ ਆਪਣੀ ਦਿਸ਼ਾ ਅਤੇ ਤਰਜੀਹਾਂ ਤੈਅ ਨਹੀਂ ਕਰ ਸਕਦੇ।’’ ਇਹੀ ਫਰਕ ਹਨ ਭਾਰਤ ਅਤੇ ਇਨ੍ਹਾਂ ਦੇਸ਼ਾਂ ਦੀ ਵਿਕਾਸ ਯਾਤਰਾ ’ਚ, ਜੋ ਕਿ ਤਕਰੀਬਨ ਇਕੱਠਿਆਂ ਹੀ ਸ਼ੁਰੂ ਹੋਈ ਸੀ।
ਆਪਣੇ ‘‘ਸਵਦੇਸ਼ੀ ਸਮਾਜ’’ ਨਾਂ ਦੇ ਇਤਿਹਾਸਿਕ ਲੇਖ ਵਿਚ ਗੁਰੂਦੇਵ ਰਵਿੰਦਰਨਾਥ ਠਾਕੁਰ ਲਿਖਦੇ ਹਨ ਕਿ ‘‘ਸਾਨੂੰ ਸਭ ਤੋਂ ਪਹਿਲਾਂ ਅਸੀਂ ਜੋ ਹਾਂ ਉਹ ਬਣਨਾ ਪਵੇਗਾ।’’ ਇਹ ਅਜੀਬ ਸੰਜੋਗ ਹੀ ਹੈ ਕਿ ਅੱਜ ਜਦੋਂ ਸਾਡਾ ਦੇਸ਼ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਮਨਾਉਣ ਜਾ ਰਿਹਾ ਹੈ, ਉਦੋਂ ਇਹੋ-ਜਿਹਾ ਸਮਾਂ ਆਇਆ ਹੈ ਜਦੋਂ ਇਕ ਰਾਸ਼ਟਰ ਦੇ ਨਾਤੇ ਭਾਰਤ ਆਪਣੇ ‘‘ਸਵੈ’’ ਦੇ ਆਧਾਰ ’ਤੇ ਆਪਣੀ ਇਕ ਨਵੀਂ ਪਛਾਣ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਇਸਦਾ ਵੀ ਵਿਰੋਧ ਕਿਉਂ ਹੁੰਦਾ ਹੈ, ਇਸ ਉੱਪਰ ਵਿਚਾਰ ਹੋਣਾ ਚਾਹੀਦਾ ਹੈ।
ਭਾਰਤ ਦੇ ਆਧੁਨਿਕ ਇਤਿਹਾਸ ਵਿਚ ਸਾਨੂੰ ਦਿਸਦਾ ਹੈ ਕਿ ਭਾਰਤ ਦੀ ਇਹ ਪਛਾਣ, ਭਾਰਤ ਦਾ ਇਹ ‘‘ਸਵੈ’’ ਜੋ ਸਦੀਆਂ ਪੁਰਾਣਾ ਹੈ, ਸਭ ਲਈ ਜਾਣਿਆ-ਪਛਾਣਿਆ ਹੈ, ਸਪੱਸ਼ਟ ਹੈ ਉਸ ਨੂੰ ਨਕਾਰਿਆ ਗਿਆ। ਇਸੇ ਨਕਾਰਨ ਨੂੰ ਲਿਬਰਲ, ਇੰਟਲੈਕਚੁਅਲ ਅਤੇ ਪ੍ਰੋਗਰੈਸਿਵ ਕਹਾਉਣ ਦਾ ਫੈਸ਼ਨ ਚੱਲ ਪਿਆ। ਸਾਫ ਦਿਸਦਾ ਹੈ ਕਿ ਭਾਰਤ ਨੇ ਕਿਉਂਕਿ ਆਪਣੀ ਵਿਕਾਸ ਯਾਤਰਾ ਦੀ ਦਿਸ਼ਾ ਆਪਣੇ ‘‘ਸਵੈ’’ ਦੀ ਰੌਸ਼ਨੀ ਵਿਚ ਤੈਅ ਨਹੀਂ ਕੀਤੀ, ਇਸ ਲਈ ਭਾਰਤ ਦਾ ਉਸਦੀ ਸਮਰੱਥਾ ਦੇ ਅਾਧਾਰ ’ਤੇ ਜਿੰਨਾ ਵਿਕਾਸ ਹੁਣ ਤਕ ਹੋਣਾ ਚਾਹੀਦਾ ਸੀ, ਉਹ ਆਪਾਂ ਨਹੀਂ ਕਰ ਸਕੇ। ਭਾਰਤ ਦੇ ਇਸ ‘‘ਸਵੈ’’ ਦੇ ਪ੍ਰਗਟ ਹੋਣ ਦੇ ਕਈ ਮੌਕੇ ਆਏ ਪਰ ਮੰਦੇਭਾਗੀਂ ਉਨ੍ਹਾਂ ਲਗਾਤਾਰ ਨਕਾਰਿਆ ਗਿਆ।
ਅਸੀਂ ਜਾਣਦੇ ਹਾਂ ਕਿ 1905 ਵਿਚ ਬੰਗਾਲ ਦੀ ਵੰਡ ਦੇ ਖਿਲਾਫ ਹੋਏ ਲੋਕ ਅੰਦੋਲਨ ਦਾ ਨਾਅਰਾ ‘‘ਵੰਦੇ ਮਾਤਰਮ’’ ਬਣਿਆ ਸੀ। ‘‘ਵੰਦੇ ਮਾਤਰਮ’’ ਨੇ ਹਜ਼ਾਰਾਂ ਨੌਜਵਾਨਾਂ ਨੂੰ, ਕ੍ਰਾਂਤੀਕਾਰੀਆਂ ਨੂੰ ਆਜ਼ਾਦੀ ਦੇ ਅੰਦੋਲਨ ਵਿਚ ਕੁੱਦਣ ਦੀ, ਦੇਸ਼ ਉੱਤੋਂ ਮਰ ਮਿਟਣ ਦੀ ਪ੍ਰੇਰਣਾ ਦਿੱਤੀ। ‘‘ਵੰਦੇ ਮਾਤਰਮ’’ ਭਾਰਤ ਦੇ ‘‘ਸਵੈ’’ ਦਾ ਸਹਿਜ ਪ੍ਰਗਟਾਵਾ ਸੀ।
ਕਾਂਗਰਸ ਦੇ ਅਖਿਲ ਭਾਰਤੀ ਸਮਾਗਮਾਂ ਵਿਚ ਇਸਨੂੰ ਮਾਣ ਨਾਲ ਗਾਇਆ ਜਾਂਦਾ ਸੀ। ਪੰ. ਓਂਕਾਰਨਾਥ ਠਾਕੁਰ, ਪੰ. ਵਿਸ਼ਣੂ ਦਿਗੰਬਰ ਪਲੁਸਕਰ ਵਰਗੇ ਮਹਾਰਥੀ ਗਾਇਕ ਇਸਨੂੰ ਸੁਰਾਂ ਵਿਚ ਪਿਰੋ ਕੇ ਕਾਂਗਰਸ ਦੇ ਸਮਾਗਮਾਂ ਵਿਚ ਗਾਉਂਦੇ ਸਨ। ਹਿੰਦੂ-ਮੁਸਲਮਾਨ ਸਾਰੇ ਇਸ ਤੋਂ ਇਕਸਾਰ ਰੂਪ ਵਿਚ ਪ੍ਰੇਰਣਾ ਲੈਂਦੇ ਸਨ। ਫਿਰ ਅਚਾਨਕ 1921 ਤੋਂ ਇਹ ਸਿਰਫ ਹਿੰਦੂਆਂ ਦਾ ਗੀਤ ਅਤੇ ਫਿਰਕੂ ਕਿਉਂ ਹੋ ਗਿਆ? ਇਸਦੇ ਪਿੱਛੇ ਦੀ ਮਾਨਸਿਕਤਾ ਨੂੰ ਸਮਝਣਾ ਜ਼ਰੂਰੀ ਹੈ। 1905 ਤੋਂ 15 ਸਾਲਾਂ ਤਕ ਜੋ ਦੇਸ਼ ਭਗਤੀ ਦਾ ਸੁਭਾਵਿਕ ਪ੍ਰਗਟਾਵਾ ਸੀ, ਉਹ ਅਚਾਨਕ ਫਿਰਕੂ ਕਹਿ ਕੇ ਕਿਸ ਤਰ੍ਹਾਂ ਅਤੇ ਕਿਉਂ ਨਕਾਰਿਆ ਗਿਆ, ਇਹ ਸਮਝਣਾ ਜ਼ਰੂਰੀ ਹੈ।
ਇਕ ਹੋਰ ਉਦਾਹਰਣ ਦੇਖੋ। ਆਜ਼ਾਦ ਭਾਰਤ ਦੇ ਝੰਡੇ ਦਾ ਪਹਿਲਾ ਨਮੂਨਾ ਸਵਾਮੀ ਵਿਵੇਕਾਨੰਦ ਦੀ ਸ਼ਿਸ਼ਯਾ ਭਗਿਨੀ ਨਿਵੇਦਿਤਾ ਨੇ 1905 ਵਿਚ ਬਣਾਇਆ। ਦਧੀਚੀ ਰਿਸ਼ੀ ਦੇ ਤੱਪਮਈ ਦੇਹ ਤਿਆਗ ਤੋਂ ਬਣਿਆ ਵੱਜਰ ਚਿੰਨ੍ਹ ਅੰਕਿਤ ਝੰਡਾ ਉਨ੍ਹਾਂ ਨੇ ਬਣਾਇਆ ਪਰ ਅੱਗੇ ਉਹ ਲਿਖਦੀ ਹੈ , 1906 ਦੇ ਕਾਂਗਰਸ ਇਜਲਾਸ ਵਿਚ ਭਗਵੇ ਕੱਪੜੇ ਉਤੇ ਪੀਲਾ ਵਜਰ ਚਿੰਨ੍ਹ ਅਜਿਹਾ ਝੰਡਾ ਪ੍ਰਦਰਸ਼ਿਤ ਹੋਇਆ ਸੀ।
ਇਸ ਤੋਂ ਬਾਅਦ ਵੱਖ-ਵੱਖ ਝੰਡਿਆਂ ਦੇ ਨਮੂਨੇ ਤਜਵੀਜ਼ਤ ਹੋਏ। 1921 ਵਿਚ ਭਾਰਤ ਦੇ ਸਾਰੇ ਧਰਮਾਂ ਦੀ ਪ੍ਰਤੀਨਿੱਧਤਾ ਕਰਦਾ ਤਿਰੰਗਾ ਝੰਡਾ ਬਣਾਇਆ ਗਿਆ। 1929 ਵਿਚ ਮਾਸਟਰ ਤਾਰਾ ਸਿੰਘ ਦੀ ਰਹਿਨੁਮਾਈ ਵਿਚ ਇਕ ਸਿੱਖ ਵਫਦ ਮਹਾਤਮਾ ਗਾਂਧੀ ਜੀ ਨੂੰ ਮਿਲਿਆ ਅਤੇ ਉਨ੍ਹਾਂ ਨੇ ਵੱਖ-ਵੱਖ ਭਾਈਚਾਰਿਆਂ ਦੀ ਰਹਿਨੁਮਾਈ ਵਾਲੇ ਝੰਡੇ ਦੀ ਕਲਪਨਾ ਦਾ ਵਿਰੋਧ ਕੀਤਾ ਅਤੇ ਸਾਰਿਆਂ ਵਿਚਕਾਰ ਏਕਤਾ ਨੂੰ ਦਰਸਾਉਣ ਵਾਲਾ ਰਾਸ਼ਟਰੀ ਝੰਡਾ ਬਣਾਉਣ ਉੱਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਜੇਕਰ ਵੱਖ-ਵੱਖ ਭਾਈਚਾਰਿਆਂ ਉੱਤੇ ਵਿਚਾਰ ਕਰਨਾ ਹੈ ਤਾਂ ਸਿੱਖ ਭਾਈਚਾਰੇ ਦਾ ਪੀਲਾ ਰੰਗ ਝੰਡੇ ਵਿਚ ਜੋੜਿਆ ਜਾਵੇ। ਇਸ ਉੱਤੇ ਹਰ ਪੱਖੋਂ ਵਿਚਾਰ ਕਰਕੇ ਸੁਝਾਅ ਦੇਣ ਲਈ ਕਾਂਗਰਸ ਵਰਕਿੰਗ ਕਮੇਟੀ ਨੇ ਇਕ ਝੰਡਾ ਕਮੇਟੀ ਦਾ ਗਠਨ ਕੀਤਾ। ਇਸ ਵਿਚ ਪੰ. ਜਵਾਹਰ ਲਾਲ ਨਹਿਰੂ, ਸਰਦਾਰ ਪਟੇਲ, ਮੌਲਾਨਾ ਅਬੁਲ ਕਲਾਮ ਆਜ਼ਾਦ, ਮਾਸਟਰ ਤਾਰਾ ਸਿੰਘ, ਪੱਟਾਭਿ ਸੀਤਾਰਮੱਈਆ (ਸੰਯੋਜਕ), ਕਾਕਾ ਕਾਲੇਲਕਰ ਅਤੇ ਡਾ. ਹਾਰਡੀਕਰ ਸਨ। ਝੰਡਾ ਕਮੇਟੀ ਨੇ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਆਮ ਲੋਕਾਂ ਤੋਂ ਰਾਸ਼ਟਰੀ ਝੰਡੇ ਲਈ ਇਤਰਾਜ਼ ਅਤੇ ਸੁਝਾਅ ਮੰਗੇ।
ਸਾਰਿਆਂ ਦੇ ਵਿਚਾਰ ਸੁਣ ਕੇ ਸਰਬਸੰਮਤ ਫੈਸਲਾ ਲਿਆ ਗਿਆ ਕਿ ਭਾਰਤ ਦਾ ਝੰਡਾ ਵਿਸ਼ੇਸ਼, ਕਲਾਤਮਕ ਅਤੇ ਗੈਰ-ਫਿਰਕੂ ਹੋਵੇ। ਇਹ ਸਾਰਿਆਂ ਦੀ ਆਗਿਆ ਨਾਲ ਤੈਅ ਕੀਤਾ ਗਿਆ ਕਿ ਉਹ ਇਕ ਰੰਗ ਦਾ ਹੋਵੇ ਅਤੇ ਜੇਕਰ ਕੋਈ ਇਕ ਰੰਗ ਸਭ ਤੋਂ ਵਿਸ਼ੇਸ਼ ਹੈ, ਜੋ ਸਾਰੇ ਭਾਰਤ ਵਾਸੀਆਂ ਨੂੰ ਸਮਾਨ ਤੌਰ ’ਤੇ ਵਿਚ ਪ੍ਰਵਾਨ ਯੋਗ ਹੈ ਅਤੇ ਜੋ ਭਾਰਤ ਵਰਗੇ ਪ੍ਰਾਚੀਨ ਰਾਸ਼ਟਰ ਦੇ ਨਾਲ ਲੰਮੇ ਸਮੇਂ ਤੋਂ ਜੁੜਿਆ ਹੋਵੇ ਉਹ ਭਗਵਾ ਜਾਂ ਕੇਸਰੀ ਰੰਗ ਹੈ। ਇਸ ਲਈ ਆਇਤਾਕਾਰ ਭਗਵੇ ਕੱਪੜੇ ਉੱਪਰ ਨੀਲੇ ਰੰਗ ਵਿਚ ਚਰਖਾ ਇਹ ਭਾਰਤ ਦਾ ਝੰਡਾ ਹੋਵੇਗਾ, ਇਹ ਫੈਸਲਾ ਝੰਡਾ ਕਮੇਟੀ ਨੇ ਸਾਰਿਆਂ ਦੀ ਇਜਾਜ਼ਤ ਨਾਲ ਲਿਆ। ਇਹ ਫੈਸਲਾ ਕਿਉਂ ਨਹੀਂ ਪ੍ਰਵਾਨ ਹੋਇਆ? ਉਹ ਕਿਹੜੀ ਮਾਨਸਿਕਤਾ ਸੀ ਜਿਸਨੇ ਭਾਰਤ ਦਾ ਇਹ ਸੁਭਾਵਿਕ ਅਤੇ ਸੁਵਿਚਾਰਿਤ ‘‘ਸਵੈ’’ ਨਕਾਰਿਆ? ਇਹ ਤੱਥ ਵੀ ਵਿਚਾਰਨਯੋਗ ਹੈ।
1947 ਵਿਚ ਆਜ਼ਾਦੀ ਤੋਂ ਬਾਅਦ ਸੰਵਿਧਾਨ ਦੁਆਰਾ ਖੁਸ਼ਹਾਲੀ, ਸ਼ਾਂਤੀ ਅਤੇ ਬਹਾਦਰੀ ਨੂੰ ਦਰਸਾਉਂਦਾ ਧਰਮਚੱਕਰ ਅੰਕਿਤ ਤਿਰੰਗਾ ਆਪਣਾ ਰਾਸ਼ਟਰੀ ਝੰਡਾ ਪ੍ਰਵਾਨਿਆ ਗਿਆ। ਇਹ ਸਾਡਾ ਰਾਸ਼ਟਰੀ ਝੰਡਾ ਹੈ। ਉਸਦਾ ਸਨਮਾਨ ਅਤੇ ਰੱਖਿਆ ਕਰਨੀ ਅਤੇ ਇਸਦਾ ਮਾਣ ਵਧਾਉਣਾ ਸਾਡਾ ਸਾਰੇ ਭਾਰਤੀਆਂ ਦਾ ਫਰਜ਼ ਹੈ। ਇਹ ਨਿਰਵਿਵਾਦ ਸੱਚ ਹੈ।
ਲੋਕ ਸਭਾ, ਰਾਜ ਸਭਾ, ਸੁਪਰੀਮ ਕੋਰਟ, ਰਾਸ਼ਟਰੀ ਝੰਡਾ ਵਰਗੇ ਪ੍ਰਮੁੱਖ ਸਥਾਨਾਂ ’ਤੇ ਜਿਸ ‘‘ਧਰਮ’’ ਦਾ ਸਾਫ ਮਹੱਤਵਪੂਰਨ ਉਲੇਖ ਹੈ ਉਸ ‘‘ਧਰਮ’’ ਦੀ ਕੋਈ ਚਰਚਾ ਨਹੀਂ ਹੈ। ਸਗੋਂ ਧਰਮ ਦੀ ਗੱਲ ਕਰਨੀ ਫਿਰਕਾਪ੍ਰਸਤੀ ਮੰਨਿਆ ਜਾਣ ਲੱਗਾ ਹੈ। ਭਾਰਤ ਦਾ ‘‘ਸਵੈ’’ ਪੂਰਨਾਰਥ ਨਾਲ ਆਪਣੀ ਸਖਸ਼ੀਅਤ ਨਾਲ ਪੂਰੀ ਤਰ੍ਹਾਂ ਪ੍ਰਕਾਸ਼ਮਾਨ ਹੋਵੇਗਾ ਅਤੇ ਤਦ ਹੀ ਭਾਰਤ ਆਪਣੇ ਆਤਮ-ਗੌਰਵ ਅਤੇ ਮਜ਼ਬੂਤੀ ਨਾਲ ਆਪਣਾ ਵਿਸ਼ਵ ਪੱਧਰੀ ਫਰਜ਼ ਪੂਰਾ ਕਰਨ ਲਈ ਤੱਤਪਰ ਹੋਵੇਗਾ।

ਲੇਖਕ- ਮਨਮੋਹਨ ਵੈਦਿਆ

Aarti dhillon

This news is Content Editor Aarti dhillon