ਪਿਤ੍ਰੋਦਾ ਵਲੋਂ ਸ਼ਹੀਦਾਂ ਦਾ ਇਹ ਕਿਹੋ ਜਿਹਾ ''ਸਨਮਾਨ''

03/24/2019 5:31:49 AM

ਅਜਿਹਾ ਲੱਗਦਾ ਹੈ ਕਿ ਸੈਮ ਪਿਤ੍ਰੋਦਾ ਨੇ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਦੀ ਗੱਦੀ 'ਤੇ ਬਿਠਾਉਣ ਦਾ ਜ਼ਿੰਮਾ ਆਪਣੇ 'ਤੇ ਲੈ ਲਿਆ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਉਹ ਇਸ ਦਾ ਸਿਹਰਾ ਆਪਣੇ 'ਮਿੱਤਰ' ਰਾਜੀਵ ਗਾਂਧੀ ਨੂੰ ਦਿੰਦੇ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਆਈ. ਟੀ. ਪੇਸ਼ੇਵਰਾਂ ਦੀ ਭੀੜ-ਭੜੱਕੇ ਵਾਲੀ ਐੱਨ. ਆਰ. ਆਈ. ਜੁੰਡਲੀ 'ਚ ਗੁਆਚਣ ਤੋਂ ਬਚਾਇਆ ਤੇ ਭਾਰਤੀ ਆਈ. ਟੀ. ਕ੍ਰਾਂਤੀ ਦਾ ਪਿਤਾਮਾ ਅਖਵਾਉਣ 'ਚ ਮਦਦ ਕੀਤੀ। 
ਉਹ ਪਿਤਾਮਾ ਹਨ ਜਾਂ ਦੂਰ ਦੇ ਕੋਈ ਅੰਕਲ, ਇਸ ਵਿਸ਼ੇ ਨੂੰ ਕਿਸੇ ਹੋਰ ਦਿਨ ਲਈ ਰੱਖ ਲੈਂਦੇ ਹਾਂ, ਇਸ ਸਮੇਂ ਸਾਡੀ ਚਿੰਤਾ ਸੁਰੱਖਿਆ ਬਲਾਂ ਦੇ ਸ਼ਹੀਦ ਹੋਏ ਜਵਾਨਾਂ ਨੂੰ ਉਨ੍ਹਾਂ ਵਲੋਂ ਦਿੱਤੀ ਗਈ ਸ਼ਾਨਦਾਰ 'ਸ਼ਰਧਾਂਜਲੀ' ਹੈ। ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨ 'ਚ ਜਾ ਕੇ ਭਾਰਤ ਵਲੋਂ ਕੀਤੇ ਗਏ ਹਵਾਈ ਹਮਲੇ 'ਤੇ ਕਾਂਗਰਸ ਵਲੋਂ ਉਠਾਏ ਸਵਾਲਾਂ ਨੂੰ ਦੁਹਰਾਉਂਦਿਆਂ ਸੈਮ ਨੇ ਇਕ ਟਵੀਟ 'ਚ ਸ਼ੱਕ ਪ੍ਰਗਟਾਇਆ ਕਿ 'ਇਨ੍ਹਾਂ 'ਚ ਕੋਈ ਮਾਰਿਆ ਵੀ ਗਿਆ ਹੈ ਜਾਂ ਨਹੀਂ?' 
ਇਕ ਅਜਿਹਾ ਵਿਅਕਤੀ, ਜੋ ਖ਼ੁਦ ਦੇ ਬਹੁਤ ਉੱਚੇ ਪੱਧਰ ਦਾ ਪ੍ਰੋਫੈਸ਼ਨਲ ਹੋਣ ਦਾ ਦਾਅਵਾ ਕਰਦਾ ਹੈ, ਪਾਕਿਸਤਾਨ ਨੂੰ ਤਿੱਖੀ ਭਾਸ਼ਾ 'ਚ ਦਿੱਤੇ ਸੰਦੇਸ਼ ਨੂੰ ਸਮਝਣ ਦੀ ਅਗਿਆਨਤਾ ਦਿਖਾਉਂਦਾ ਹੈ, ਜਦਕਿ ਭਾਰਤੀ ਲੜਾਕੂ ਜਹਾਜ਼ ਉਸ ਦੇ ਖੇਤਰ 'ਚ ਕਾਫੀ ਅੰਦਰ ਤਕ ਚਲੇ ਗਏ ਸਨ, ਅਸਲ 'ਚ ਇਸਲਾਮਾਬਾਦ ਤੋਂ ਕੁਝ 100 ਕਿਲੋਮੀਟਰ ਪਹਿਲਾਂ ਤਕ। ਕਿਉਂ ਸੈਮ ਪਿਤ੍ਰੋਦਾ ਵਰਗਾ ਇਕ ਪੜ੍ਹਿਆ-ਲਿਖਿਆ ਵਿਅਕਤੀ ਸੀ. ਆਰ. ਪੀ. ਐੱਫ. ਦੀ ਬੱਸ 'ਤੇ ਹੋਏ ਜੇਹਾਦੀ ਹਮਲੇ ਬਾਰੇ ਮੋਦੀ ਦੀ  ਪ੍ਰਤੀਕਿਰਿਆ ਨੂੰ ਲੈ ਕੇ ਲਾਸ਼ਾਂ ਗਿਣਨ 'ਤੇ ਜ਼ੋਰ ਦੇਵੇਗਾ, ਜਿਸ ਨੂੰ ਪ੍ਰਭਾਵਸ਼ਾਲੀ ਦੱਸਿਆ ਗਿਆ ਹੈ? 
ਭਾਰਤੀ ਹਵਾਈ ਫੌਜ ਦੇ ਹਮਲੇ 'ਚ ਚਾਹੇ 30 ਲੋਕ ਮਾਰੇ ਗਏ ਹੋਣ ਜਾਂ 300, ਘਪਲਿਆਂ ਨਾਲ ਭਰਪੂਰ ਕਾਂਗਰਸ ਦੇ ਸ਼ਾਸਨਾਂ ਦੀ ਬੁੱਧੀਜੀਵੀ ਵਰਗ ਲਈ ਕੋਈ ਅਹਿਮੀਅਤ ਨਹੀਂ ਹੈ। ਲੱਗਦਾ ਹੈ ਕਿ ਸੈਮ ਪਿਤ੍ਰੋਦਾ ਹੁਣ ਮਨੁੱਖੀ ਸਰੀਰਾਂ ਦੀ ਖੇਡ ਖੇਡਣ 'ਚ ਲੱਗੇ ਹੋਏ ਹਨ। ਉਹ ਇਕ ਪੁਰਾਣੇ ਰੂਸੀ ਲੜਾਕੂ ਜਹਾਜ਼ ਵਲੋਂ ਇਕ ਪਾਕਿਸਤਾਨੀ ਐੱਫ-16 ਜਹਾਜ਼ ਨੂੰ ਡੇਗਣ ਦੀ ਅਣਦੇਖੀ ਕਰਦਿਆਂ ਪਾਕਿਸਤਾਨੀਆਂ ਦੀਆਂ ਗਾਇਬ ਹੋਈਆਂ ਲਾਸ਼ਾਂ ਨੂੰ ਲੈ ਕੇ ਮੋਦੀ ਦਾ ਮਜ਼ਾਕ ਉਡਾ ਰਹੇ ਹਨ ਅਤੇ ਇਸ ਕਾਰਵਾਈ 'ਚ ਵਿਦੇਸ਼ੀ ਮੀਡੀਆ ਉਨ੍ਹਾਂ ਦਾ ਸਹਿਯੋਗੀ ਹੈ। 
26/11 ਵਾਲੇ ਹਮਲੇ ਦੇ ਮਾਮਲੇ 'ਚ ਉਨ੍ਹਾਂ ਨੇ ਇਹ ਦਿਖਾਵਾ ਕੀਤਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਅੱਤਵਾਦੀਆਂ ਨੂੰ ਟ੍ਰੇਂਡ ਕਿਸ ਨੇ ਕੀਤਾ, ਹਥਿਆਰ ਤੇ ਪੈਸੇ ਕਿਸ ਨੇ ਦਿੱਤੇ ਤੇ ਕਿਸ਼ਤੀ ਦੇ ਜ਼ਰੀਏ ਮੁੰਬਈ ਪਹੁੰਚਣ 'ਤੇ ਹਰ ਪਲ ਕੌਣ ਉਸ ਹਮਲੇ ਦੌਰਾਨ ਉਨ੍ਹਾਂ ਦਾ ਮਾਰਗਦਰਸ਼ਨ ਕਰ ਰਿਹਾ ਸੀ, ਜਦਕਿ ਸਾਰੀ ਦੁਨੀਆ ਨੂੰ ਇਸ 'ਚ ਆਈ. ਐੱਸ. ਆਈ. ਦੀ ਛਾਪ ਸਪੱਸ਼ਟ ਨਜ਼ਰ ਆ ਰਹੀ ਸੀ ਪਰ ਸੈਮ ਨੂੰ ਨਹੀਂ। ਉਨ੍ਹਾਂ ਦਾ ਕਹਿਣਾ ਹੈ ਕਿ  ਇਹ 8 ਅਣਪਛਾਤੇ ਬੰਦਿਆਂ ਦਾ ਕੰਮ ਸੀ, ਜਿਨ੍ਹਾਂ ਦੇ ਦਿਮਾਗ 'ਚ ਮਜ਼ੇ ਲਈ ਕੁਝ ਭਾਰਤੀਆਂ ਨੂੰ ਮਾਰਨ ਦਾ ਵਿਚਾਰ ਆਇਆ ਤੇ ਉਨ੍ਹਾਂ ਨੇ ਉਹੀ ਕੀਤਾ। ਲੱਗਦਾ ਹੈ ਜਿਵੇਂ ਸਾਡੇ ਆਈ. ਟੀ. ਚੀਫ ਭਾਰਤੀਆਂ ਨੂੰ ਪੁੱਛ ਰਹੇ ਹੋਣ ਕਿ ਇੰਨਾ ਹੰਗਾਮਾ ਕਾਹਦੇ ਲਈ? ਜਿਥੋਂ ਤਕ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਉਣ ਦੀ ਗੱਲ ਹੈ, ਕੀ ਉਹ ਸਮਝਦੇ ਹਨ ਕਿ ਇਹ ਇਕ ਨਵਾਂ ਸਾਫਟਵੇਅਰ ਕੋਡ ਲਿਖਣ ਵਾਂਗ ਹੈ? 
ਕਮਲਨਾਥ ਦੇ ਨਿਸ਼ਾਨੇ 'ਤੇ ਦਿੱਗੀ ਰਾਜਾ
ਸਿਆਸਤ 'ਚ ਕੋਈ ਸਥਾਈ ਮਿੱਤਰ ਨਹੀਂ  ਹੁੰਦਾ। ਕਮਲਨਾਥ ਨੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਦਿੱਗਵਿਜੇ ਸਿੰਘ, ਭਾਵ ਦਿੱਗੀ ਰਾਜਾ ਨੂੰ ਆਪਣੇ ਪੱਖ 'ਚ ਰੱਖਣ ਲਈ ਕੀ-ਕੁਝ ਨਹੀਂ ਕੀਤਾ ਤੇ ਹੁਣ ਜਦੋਂ ਉਹ ਮੁੱਖ ਮੰਤਰੀ ਹਨ, ਦਿੱਗੀ ਰਾਜਾ ਦਾ ਰੁਤਬਾ ਘਟਾਉਣ ਲਈ ਉਹ ਹਰ ਤਰ੍ਹਾਂ ਦੀਆਂ ਚਾਲਾਂ ਚੱਲ ਰਹੇ ਹਨ। ਇਸ ਤੋਂ ਪਹਿਲਾਂ ਜਯੋਤਿਰਾਦਿੱਤਿਆ ਸਿੰਧੀਆ ਦੇ ਰੂਪ 'ਚ ਕਮਲਨਾਥ ਅਤੇ ਦਿੱਗਵਿਜੇ ਸਿੰਘ ਦਾ ਇਕ ਸਾਂਝਾ ਵਿਰੋਧੀ ਸੀ। ਹੁਣ ਕਮਲਨਾਥ ਦੇ ਇਨ੍ਹਾਂ ਦੋਹਾਂ ਨੂੰ ਖੁੱਡੇਲਾਈਨ ਲਾਈਨ ਲਾਉਣ ਦੇ ਯਤਨਾਂ ਨੂੰ ਅਸਫਲ ਬਣਾਉਣ ਲਈ ਦਿੱਗਵਿਜੇ ਸਿੰਘ ਸ਼ਾਇਦ ਸਿੰਧੀਆ ਦਾ ਹੱਥ ਫੜਨਾ ਚਾਹੁਣਗੇ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਦਿੱਗਵਿਜੇ ਸਿੰਘ ਨੂੰ 'ਸਭ ਤੋਂ ਔਖੀ' ਲੋਕ ਸਭਾ ਸੀਟ ਤੋਂ ਚੋਣ ਲੜਨ ਅਤੇ ਇਹ ਸੀਟ ਭਾਜਪਾ ਤੋਂ ਖੋਹਣ ਦੀ ਚੁਣੌਤੀ ਦਿੱਤੀ ਹੈ। ਇਸੇ ਤਰ੍ਹਾਂ ਉਨ੍ਹਾਂ ਨੇ ਸਿੰਧੀਆ ਨੂੰ ਆਪਣੀ ਸੁਰੱਖਿਅਤ ਸੀਟ ਗੁਣਾ ਛੱਡਣ ਦਾ ਕਹਿ ਕੇ ਮਜ਼ਾਕ ਕੀਤਾ ਹੈ ਤੇ ਗਵਾਲੀਅਰ ਤੋਂ ਚੋਣ ਲੜਨ ਲਈ ਕਿਹਾ ਹੈ। ਕਮਲਨਾਥ ਦੀ ਡਿਕਸ਼ਨਰੀ 'ਚ ਕਥਿਤ ਮੁਸ਼ਕਿਲ ਸੀਟਾਂ ਉਹ ਹਨ, ਜਿਥੋਂ ਉਨ੍ਹਾਂ ਦੀ ਪਾਰਟੀ ਦਹਾਕਿਆਂ ਤੋਂ ਨਹੀਂ ਜਿੱਤੀ, ਜਿਵੇਂ ਕਿ ਵਿਦਿਸ਼ਾ, ਜੋ ਕਿ ਸੁਸ਼ਮਾ ਸਵਰਾਜ ਕੋਲ ਹੈ, ਇੰਦੌਰ ਜੋ ਇਸ ਸਮੇਂ ਸੁਮਿੱਤਰਾ ਮਹਾਜਨ ਕੋਲ ਹੈ ਅਤੇ ਭੋਪਾਲ, ਜੋ ਇਕ ਵਾਰ ਫਿਰ ਭਾਜਪਾ ਦੇ ਹੀ ਆਲੋਕ ਸੰਜਰ ਕੋਲ ਹੈ ਵਗੈਰਾ। 
ਕਮਲਨਾਥ ਨਹੀਂ ਚਾਹੁੰਦੇ ਕਿ ਦਿੱਗਵਿਜੇ ਸਿੰਘ ਪਾਰਟੀ ਤੇ ਸਰਕਾਰ ਦੇ ਕੰਮਾਂ 'ਚ ਦਖਲ ਦੇਣ। ਭਾਜਪਾ ਦੇ ਗੜ੍ਹ 'ਚ ਅਸਫਲਤਾ ਉਨ੍ਹਾਂ ਦਾ ਮਨੋਬਲ ਡੇਗੇਗੀ ਤੇ ਪਾਰਟੀ 'ਚ ਉਨ੍ਹਾਂ ਨੂੰ ਉਨ੍ਹਾਂ ਦੇ ਧੜੇ ਤਕ ਹੀ ਸੀਮਤ ਕਰ ਦੇਵੇਗੀ। ਸਿੰਧੀਆ ਵੀ ਖ਼ੁਦ ਨੂੰ ਇਕ ਮੁਸ਼ਕਿਲ ਸੀਟ 'ਤੇ ਲਾਚਾਰ ਮਹਿਸੂਸ ਕਰ ਸਕਦੇ ਹਨ। ਦਿੱਗਵਿਜੇ ਸਿੰਘ ਅਤੇ ਸਿੰਧੀਆ ਦਾ ਰੁਤਬਾ ਘਟਾ ਕੇ ਕਮਲਨਾਥ ਸੂਬਾਈ ਕਾਂਗਰਸ 'ਚ ਆਪਣੀ ਧਰੁਵੀ ਸਥਿਤੀ ਯਕੀਨੀ ਬਣਾ ਸਕਣਗੇ।   
-ਵਰਿੰਦਰ ਕਪੂਰ

KamalJeet Singh

This news is Content Editor KamalJeet Singh