ਅਸੀਂ ਲੁਧਿਆਣਾ ''ਬਲਾਤਕਾਰ ਕਾਂਡ'' ਤੋਂ ਕੋਈ ਸਬਕ ਸਿੱਖਾਂਗੇ?

02/16/2019 7:01:36 AM

ਲੁਧਿਆਣਾ ਸਮੂਹਿਕ ਬਲਾਤਕਾਰ ਦੀ ਘਟਨਾ ਨੂੰ ਚਾਹੇ ਕਿੰਨੇ ਦਿਨ ਬੀਤ ਚੱਲੇ ਹਨ ਪਰ ਸੁਰਖ਼ੀਆਂ ਦੀ ਸਿਆਹੀ ਹਾਲੇ ਵੀ ਨਹੀਂ ਸੁੱਕੀ  ਤੇ ਨਾ ਹੀ ਲੋਕ-ਰੋਹ ਮੱਠਾ ਪਿਆ ਹੈ। ਦੇਸ਼-ਵਿਦੇਸ਼ ਵਿਚ ਇਸ ਘਟਨਾ ਨੂੰ ਨਿੰਦਿਆ ਜਾ ਰਿਹਾ ਹੈ। ਇਸ ਖ਼ਬਰ ਦੇ ਕੁਝ ਘੰਟਿਆਂ ਬਾਅਦ ਹੀ ਫਿਲੌਰ, ਜਲੰਧਰ, ਮੁਕਤਸਰ ਵਰਗੀਆਂ ਥਾਵਾਂ ਉੱਤੋਂ ਅਜਿਹੇ ਕੀਤੇ ਸ਼ਰਮਨਾਕ ਕਾਰਿਆਂ ਦੀਆਂ ਖ਼ਬਰਾਂ ਆ ਗਈਆਂ। 
ਲੁਧਿਆਣਾ ਵਾਲੀ ਘਟਨਾ ਨੇ ਪੂਰਾ ਪੰਜਾਬ ਬਹੁਤ ਸ਼ਰਮਸਾਰ ਕੀਤਾ ਹੈ। ਸ਼ਹਿਰ ਦੀਆਂ ਔਰਤਾਂ ਨੇ ਵੀ ਰੋਸ ਮਾਰਚ ਕੀਤੇ ਹਨ। ਟੀ. ਵੀ. ਚੈਨਲਾਂ 'ਤੇ ਆਪਣੇ ਵਿਚਾਰ ਦੇ ਰਹੀਆਂ ਔਰਤਾਂ ਤੇ ਕੁੜੀਆਂ ਰੋਹ ਨਾਲ ਕੰਬਦੀਆਂ ਤੇ ਧਾਹਾਂ ਮਾਰਦੀਆਂ ਦੇਖੀਆਂ ਗਈਆਂ ਹਨ। 
ਗਾਇਕ ਤੇ ਅਦਾਕਾਰ ਰਣਜੀਤ ਬਾਵਾ ਇਸ ਘਟਨਾ ਉੱਤੇ ਟਿੱਪਣੀ ਕਰਦਿਆਂ ਰੋ ਪਿਆ ਤੇ ਉਸ ਨੇ ਭਰੇ ਗਲੇ ਨਾਲ ਦਰਿੰਦਿਆਂ ਨੂੰ ਗੋਲੀ ਮਾਰਨ ਦੀ ਮੰਗ ਕੀਤੀ। ਗੈਂਗਸਟਰ ਬੰਬੀਹਾ ਗਰੁੱਪ ਵਲੋਂ ਬਲਾਤਕਾਰੀਆਂ ਨੂੰ ਮਾਰ ਦੇਣ ਦੀ ਧਮਕੀ ਵੀ ਆਈ ਹੈ। 
ਲੋਕ-ਰੋਹ ਏਨਾ ਜ਼ਿਆਦਾ ਹੈ ਕਿ ਅਦਾਲਤੀ ਪੇਸ਼ੀ ਸਮੇਂ ਮੁਲਜ਼ਮਾਂ ਦੇ ਲੋਕਾਂ ਤੇ ਵਕੀਲਾਂ ਵਲੋਂ ਵੀ ਛਿੱਤਰ ਮਾਰੇ ਗਏ। ਅਦਾਲਤ 'ਚ ਬੈਠੇ ਜੱਜ ਸਾਹਿਬ ਦਾ ਪਾਰਾ ਵੀ ਏਨਾ ਚੜ੍ਹ ਗਿਆ ਕਿ ਉਨ੍ਹਾਂ ਪੁਲਸ ਵਲੋਂ ਪੇਸ਼ ਕੀਤੀ ਫਾਈਲ ਵੀ ਪਰ੍ਹੇ ਵਗਾਹ ਮਾਰੀ ਤੇ ਅਪਰਾਧੀਆਂ ਦੇ ਮੂੰਹ ਦੇਖਣ ਤੋਂ ਵੀ ਜੁਆਬ ਦੇ ਦਿੱਤਾ। ਉਨ੍ਹਾਂ ਅਪਰਾਧੀਆਂ ਨੂੰ ਇਸ ਘਿਨਾਉਣੇ ਜੁਰਮ ਲਈ ਲੱਖ-ਲੱਖ ਲਾਹਨਤਾਂ ਪਾਈਆਂ। 
ਅਜਿਹਾ ਵਰਤਾਰਾ ਕਦੇ-ਕਦੇ ਉਦੋਂ ਵਾਪਰਦਾ ਹੈ, ਜਦੋਂ ਧਰਤੀ ਦਾ ਸੀਨਾ ਪਾਟਣ 'ਤੇ ਆਉਂਦਾ ਹੈ। ਇਹ ਘਟਨਾ ਸੱਚਮੁੱਚ ਹੀ ਧਰਤੀ ਦਾ ਸੀਨਾ ਪਾੜਨ ਵਾਲੀ ਹੈ। ਲੋਕ ਸਭਾ ਦੇ ਸੈਸ਼ਨ ਤੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ 'ਚ ਵੀ ਇਹਦੀ ਗੂੰਜ ਘੱਟ ਨਹੀਂ ਪਈ। 
ਦੇਸ਼ ਨੂੰ ਹਿਲਾ ਕੇ ਰੱਖ ਦੇਣ ਵਾਲੇ  ਬਲਾਤਕਾਰ  ਕਾਂਡ ਦੀ ਸ਼ਿਕਾਰ ਨਿਰਭਯਾ ਦੇ ਮਾਪਿਆਂ ਨੇ ਇਸ ਘਟਨਾ 'ਤੇ ਕਿਹਾ ਹੈ ਕਿ ਉਨ੍ਹਾਂ ਦੇ ਇਕ ਵਾਰ ਫਿਰ ਦਿਲ ਪਸੀਜ ਗਏ ਹਨ ਤੇ ਉਹ ਦੋਸ਼ੀਆਂ ਲਈ ਮੌਤ ਦੀ ਸਜ਼ਾ ਮੰਗਦੇ ਹਨ। 
ਇਥੇ ਸੋਚਣ ਵਾਲੀ ਗੱਲ ਇਹ ਹੈ ਕਿ ਕੀ ਇਸ ਘਟਨਾ ਤੋਂ ਕੋਈ ਸਬਕ ਵੀ ਸਿੱਖਾਂਗੇ? ਜਾਂ ਫਿਰ ਚਹੁੰ ਕੁ ਦਿਨਾਂ ਦੇ ਰੌਲੇ-ਰੱਪੇ ਮਗਰੋਂ ਸਭ ਕੁਝ ਆਮ ਵਾਂਗ ਹੋ ਜਾਵੇਗਾ, ਜਿਵੇਂ ਪਹਿਲਾਂ ਅਕਸਰ ਹੁੰਦਾ ਆਇਆ ਹੈ? ਸਾਡੇ ਮੁਲਕ ਨਾਲੋਂ ਇਨ੍ਹਾਂ ਕੇਸਾਂ ਵਿਚ ਸਖਤੀ ਵਰਤਣ 'ਚ ਅਰਬ ਮੁਲਕ ਕਿਤੇ ਅੱਗੇ ਹਨ ਤੇ ਉਥੇ 'ਬਲਾਤਕਾਰ' ਸ਼ਬਦ ਸੁਣ ਕੇ ਹੀ  ਬੰਦੇ ਦਾ ਤ੍ਰਾਹ ਨਿਕਲ ਜਾਂਦਾ ਹੈ। ਕੋਰੜੇ ਮਾਰਨੇ, ਵੱਟੇ ਮਾਰਨੇ, ਫਾਹੇ ਟੰਗਣਾ, ਰੁੱਖ ਨਾਲ ਟੰਗ ਕੇ ਮਾਰਨ ਵਰਗੀਆਂ ਸਖਤ ਸਜ਼ਾਵਾਂ ਹਨ ਉਥੇ। 
ਸਾਡੇ ਮੁਲਕ ਵਿਚ ਪੁਲਸ ਪ੍ਰਣਾਲੀ ਦੀ ਕਮਜ਼ੋਰੀ ਅਦਾਲਤੀ ਪ੍ਰਕਿਰਿਆ ਵਿਚ ਵੱਡਾ ਰੋੜਾ ਬਣ ਕੇ ਅੜ ਜਾਂਦੀ ਰਹੀ ਹੈ। ਜ਼ਿਕਰਯੋਗ ਹੈ ਕਿ 12 ਬੱਚਿਆਂ ਨਾਲ ਬਦਫੈਲੀ ਕਰ ਕੇ ਉਨ੍ਹਾਂ ਨੂੰ ਮਾਰ ਮੁਕਾਉਣ ਵਾਲੇ ਅਪਰਾਧੀ ਦਰਬਾਰੇ ਨੂੰ ਬਰੀ ਕਰਦਿਆਂ ਜੱਜ ਬਾਜਵਾ ਰੋ ਪਿਆ ਸੀ, ਪੁਲਸ ਦੀ ਢਿੱਲੀ ਕਾਰਗੁਜ਼ਾਰੀ ਉੱਤੇ।
ਇਥੇ ਇਕ ਹੋਰ ਅਹਿਮ ਸੁਆਲ ਮੂੰਹ ਅੱਡੀ ਖਲੋਤਾ ਹੈ, ਉਹ ਇਹ ਕਿ ਸਾਡਾ ਮਨੁੱਖੀ ਮਨ ਏਨਾ ਸ਼ੈਤਾਨ ਕਿਉਂ ਹੈ? ਹੋਰ ਕੋਈ ਖ਼ਬਰ ਚਾਹੇ ਕਿੱਡੀ ਵੀ ਅਹਿਮ ਛਪੀ ਹੋਵੇ, ਅਸੀਂ ਉਹ ਪਲ ਵਿਚ ਅੱਖੋਂ-ਪਰੋਖੇ ਕਰ ਕੇ ਬਲਾਤਕਾਰ ਨਾਲ ਸਬੰਧਤ ਛਪੀ ਖ਼ਬਰ ਨੂੰ ਚਟਖਾਰੇ ਲੈ-ਲੈ ਕੇ ਪੜ੍ਹਨ ਬੈਠ ਜਾਂਦੇ ਹਾਂ। ਅਜਿਹਾ ਕਿਉਂ? 
ਨਵੇਂ ਵਰ੍ਹੇ 2019 ਦੇ ਆਰੰਭਲੇ ਦਿਨਾਂ ਵਿਚ ਹੀ ਅਜਿਹੀ ਸ਼ਰਮਨਾਕ ਘਟਨਾ ਨੇ ਪੰਜਾਬ ਵਾਸੀਆਂ ਨੂੰ ਸ਼ਰਮ ਵਿਚ ਡੋਬ ਦਿੱਤਾ ਹੈ। ਪੁਲਸ, ਕਾਨੂੰਨ ਤੇ ਆਮ ਲੋਕ ਜਦ ਤਕ ਸੱਚੀ-ਸੁੱਚੀ ਨੀਤ ਨਾਲ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਇਕਜੁੱਟ ਨਹੀਂ ਹੁੰਦੇ, ਤਦ ਤਕ ਕੁਝ ਨਹੀਂ ਸੰਵਰਨ ਵਾਲਾ।    

Bharat Thapa

This news is Content Editor Bharat Thapa