ਸਾਡੇ ਇਥੇ ਜੀਵਨਦਾਤੀ ''ਗੰਗਾ'' ਹੈ ਤਾਂ ਮਿਸਰ ਵਿਚ ''ਨੀਲ'' ਨਦੀ

03/20/2020 11:56:06 PM

ਇਜਿਪਟ ਜਾਂ ਮਿਸਰ ਅਫਰੀਕਾ ਦੇ ਉੱਤਰ ਅਤੇ ਮਿਡਲ ਈਸਟ ਦੇ ਗੁਆਂਢ 'ਚ ਹੈ, ਮੈਡੀਟੇਰੇਨੀਅਨ ਸਮੁੰਦਰ ਨਾਲ ਘਿਰਿਆ ਅਤੇ ਇਸ ਇਲਾਕੇ ਨੂੰ ਜ਼ਿੰਦਗੀ ਦੇਣ ਵਾਲੀਆਂ ਵਿਸ਼ਵ ਦੀਆਂ ਸਭ ਤੋਂ ਲੰਬੀਆਂ ਨਦੀਆਂ 'ਚੋਂ ਇਕ ਨੀਲ ਨਦੀ ਦੀ ਬੁੱਕਲ 'ਚ ਸਥਿਤ ਅਜਿਹਾ ਦੇਸ਼, ਜਿਸ ਦੀ ਸੱਭਿਅਤਾ 4500 ਸਾਲ ਪੁਰਾਣੀ ਹੈ। ਜੇਕਰ ਨੀਲ ਨਦੀ ਨਾ ਹੁੰਦੀ ਤਾਂ ਪੂਰਾ ਇਲਾਕਾ ਮਾਰੂਥਲ ਅਖਵਾਉਂਦਾ।
ਮਿਸਰ 'ਚ ਗੀਜ਼ਾ ਦੇ ਪਿਰਾਮਿਡ ਜਾਂ ਸਤੂਪ ਦੁਨੀਆ ਦੇ ਅਜੂਬਿਆਂ 'ਚੋਂ ਇਕ ਹਨ। ਇਨ੍ਹਾਂ ਨੂੰ ਦੇਖਣ ਦੀ ਤਾਂਘ ਰੱਖਣ ਵਾਲੇ ਜਦੋਂ ਇਨ੍ਹਾਂ ਦੇ ਨੇੜੇ ਹੁੰਦੇ ਹਨ, ਉਦੋਂ ਹੀ ਉਨ੍ਹਾਂ ਨੂੰ ਅਹਿਸਾਸ ਹੁੰਦਾ ਹੈ ਕਿ ਅਸਲ ਵਿਚ ਇਹ ਇਕ ਅਜੂਬੇ ਹੀ ਨਹੀਂ ਹਨ ਸਗੋਂ ਇਹ ਪਿਰਾਮਿਡ ਪੱਥਰਾਂ ਨੂੰ ਜੋੜ ਕੇ ਰੱਖ ਦੇਣ ਨਾਲ ਬਣੀ ਇਕ ਤਿਕੋਣੀ ਜਿਹੀ ਆਕ੍ਰਿਤੀ ਹੀ ਲੱਗਦੀ ਹੈ।
ਇਹ ਪਿਰਾਮਿਡ ਬਣਾਉਣ 'ਚ 20 ਸਾਲ ਲੱਗੇ ਅਤੇ ਪੱਥਰਾਂ ਦੀਆਂ ਭਾਰੀ ਸ਼ਿਲਾਵਾਂ ਨੂੰ ਇਥੋਂ ਤਕ ਲਿਆਉਣ ਲਈ ਸਿਰਫ ਮਜ਼ਦੂਰ ਹੀ ਸਨ। ਉਸ ਸਮੇਂ ਕੋਈ ਕ੍ਰੇਨ ਜਾਂ ਕੋਈ ਹੋਰ ਤਕਨੀਕ ਜਾਂ ਮਸ਼ੀਨਰੀ ਨਹੀਂ ਸੀ। ਪੱਥਰਾਂ ਨੂੰ ਇੰਨੀ ਉਚਾਈ ਤਕ ਲਿਜਾਣਾ ਅਤੇ ਉਨ੍ਹਾਂ ਨੂੰ ਜੋੜੀ ਰੱਖਣਾ ਅਸਲ 'ਚ ਕਮਾਲ ਦਾ ਕੰਮ ਹੈ। ਅੱਜ ਤਕ ਉਹ ਆਪਣੀ ਜਗ੍ਹਾ ਤੋਂ ਹਿੱਲੇ ਨਹੀਂ ਅਤੇ ਕੁਝ ਹਮਲਾਵਰਾਂ ਨੇ ਇਨ੍ਹਾਂ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਵੀ ਤਾਂ ਅਸਫਲ ਹੀ ਰਹੇ।
ਇਨ੍ਹਾਂ ਪਿਰਾਮਿਡਾਂ 'ਚ ਇਨ੍ਹਾਂ ਨੂੰ ਬਣਾਉਣ ਵਾਲੇ ਰਾਜਿਆਂ ਦੀਆਂ ਲਾਸ਼ਾਂ ਅੱਜ ਵੀ ਮਮੀ ਦੇ ਰੂਪ 'ਚ ਰੱਖੀਆਂ ਹਨ ਪਰ ਉਨ੍ਹਾਂ ਨੂੰ ਸੁਰੱਖਿਆ ਕਾਰਣਾਂ ਕਰਕੇ ਦੇਖ ਸਕਣਾ ਸੰਭਵ ਨਹੀਂ ਹੈ।
ਹਿੰਦੂ ਧਰਮ ਵਾਂਗ ਇਨ੍ਹਾਂ ਦਾ ਵੀ ਪੁਨਰ ਜਨਮ 'ਚ ਯਕੀਨ ਹੈ। ਸਾਡੇ ਇਥੇ ਆਤਮਾ ਵਿਲੀਨ ਹੋ ਕੇ ਕਿਸੇ ਹੋਰ ਜੂਨ 'ਚ ਦੁਬਾਰਾ ਜਨਮ ਲੈਂਦੀ ਹੈ, ਇਨ੍ਹਾਂ ਦੇ ਇਥੇ ਸਰੀਰ ਦੇ ਨਾਲ ਹੀ ਫਿਰ ਤੋਂ ਜੀਵਤ ਹੋਣ ਦੀ ਮਾਨਤਾ ਹੈ। ਉਨ੍ਹਾਂ ਨਾਲ ਜ਼ਰੂਰੀ ਸਾਮਾਨ ਅਤੇ ਧਨ ਦੌਲਤ ਵੀ ਰੱਖੀ ਜਾਂਦੀ ਹੈ, ਤਾਂ ਕਿ ਜਦੋਂ ਜ਼ਿੰਦਾ ਹੋ ਜਾਣ ਤਾਂ ਉਸੇ ਸਰੀਰ ਅਤੇ ਰਾਜਸੀ ਠਾਠ-ਬਾਠ ਨਾਲ ਜ਼ਿੰਦਗੀ ਜੀਅ ਸਕਣ।
ਮਿਸਰ ਦਾ ਭਾਰਤ ਦੀ ਪ੍ਰਾਚੀਨ ਸੱਭਿਅਤਾ ਨਾਲ ਮਿਲਾਨ ਕਰੀਏ ਤਾਂ ਕੋਈ ਬਰਾਬਰੀ ਤਾਂ ਨਹੀਂ ਹੈ ਪਰ ਪ੍ਰਾਚੀਨ ਇਮਾਰਤਾਂ ਅਤੇ ਉਨ੍ਹਾਂ ਦੀ ਰਹਿੰਦ-ਖੂੰਹਦ 'ਚ ਜ਼ਰੂਰ ਇਹ ਗੱਲ ਹੈ ਕਿ ਇਨ੍ਹਾਂ 'ਚੋਂ ਦੋਵਾਂ ਦੀ ਸੱਭਿਅਤਾ ਨੂੰ ਸਮਝਿਆ ਜਾ ਸਕਦਾ ਹੈ। ਸਾਡੇ ਇਥੇ ਜੀਵਨਦਾਤੀ ਗੰਗਾ ਹੈ ਤਾਂ ਮਿਸਰ 'ਚ ਨੀਲ ਨਦੀ ਹੈ। ਜੇਕਰ ਦੋਵਾਂ ਹੀ ਦੇਸ਼ਾਂ 'ਚ ਇਹ ਨਦੀਆਂ ਨਾ ਹੁੰਦੀਆਂ ਤਾਂ ਕੀ ਹਾਲਤ ਹੁੰਦੀ, ਉਸ ਦੀ ਕਲਪਨਾ ਕਰਨੀ ਵੀ ਭਿਆਨਕ ਹੈ। ਗੰਗਾ ਕਈ ਥਾਵਾਂ 'ਤੇ ਬਹੁਤ ਪ੍ਰਦੂਸ਼ਿਤ ਅਤੇ ਗੰਦਗੀ ਨਾਲ ਭਰੀ ਹੈ, ਜਦਕਿ ਨੀਲ ਨਦੀ ਦੀ ਸਫਾਈ ਦੇਖ ਕੇ ਤਸੱਲੀ ਹੁੰਦੀ ਹੈ। ਇਸੇ ਤਰ੍ਹਾਂ ਇਜਿਪਟ 'ਚ ਗਊ ਨੂੰ ਸਭ ਤੋਂ ਵੱਧ ਸਨਮਾਨ ਦਿੱਤਾ ਜਾਂਦਾ ਹੈ ਕਿਉਂਕਿ ਉਸ ਨੂੰ ਇਕ ਉਪਯੋਗੀ ਪਸ਼ੂ ਦੇ ਰੂਪ 'ਚ ਮਾਨਤਾ ਦਿੱਤੀ ਗਈ ਹੈ। ਜਿਸ ਤਰ੍ਹਾਂ ਸਾਡੇ ਇਥੇ ਗਊ ਨੂੰ ਵਿਸ਼ੇਸ਼ ਅਤੇ ਲਾਭਦਾਇਕ ਪਸ਼ੂ ਹੋਣ ਦਾ ਮਾਣ ਪ੍ਰਾਪਤ ਹੈ।
ਕਰੂਜ਼ 'ਚ ਬੈਠ ਕੇ ਨੀਲ ਨਦੀ ਦੇ ਨੇੜੇ-ਤੇੜੇ ਲਹਿਰਾਉਂਦੇ ਖੇਤਾਂ ਨੂੰ ਦੇਖ ਕੇ ਇਸ ਦੀ ਯੋਗਤਾ ਸਮਝ 'ਚ ਆਉਦੀ ਹੈ। ਬੱਸ ਰਾਹੀਂ ਪੂਰਾ ਮਾਰੂਥਲ ਪਾਰ ਕਰ ਕੇ ਨੀਲ ਨਦੀ ਨੂੰ ਦੇਖਣਾ ਬੜਾ ਸੁਖਾਵਾਂ ਅਨੁਭਵ ਹੈ।
ਮਿਸਰ ਦੇ ਸ਼ਾਸਕ ਜਮਾਲ ਅਬਦੁਲ ਨਾਸਿਰ ਨੇ ਇਸ ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਇਕ ਤਰ੍ਹਾਂ ਇਥੋਂ ਦੀ ਕਾਇਆ ਪਲਟ ਦਿੱਤੀ ਅਤੇ ਉਸ ਨੂੰ ਇਕ ਟ੍ਰਾਈਬਲ ਦੇਸ਼ ਦੀ ਥਾਂ ਆਧੁਨਿਕ ਰੂਪ ਦੇਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ।

ਨੀਲ ਨਦੀ 'ਤੇ ਡੈਮ ਬਣਾਉਣ ਲਈ ਤਾਂ ਕਿ ਬਿਜਲੀ ਦਾ ਉਤਪਾਦਨ ਹੋ ਸਕੇ, ਪਹਿਲਾਂ ਅਮਰੀਕਾ ਅਤੇ ਬ੍ਰਿਟੇਨ ਤੋਂ ਮਦਦ ਮੰਗੀ ਗਈ ਪਰ ਉਨ੍ਹਾਂ ਦੀਆਂ ਸ਼ਰਤਾਂ ਇਕ ਤਰ੍ਹਾਂ ਉਨ੍ਹਾਂ ਦੀ ਗੁਲਾਮੀ ਕਰਨ ਵਰਗੀਆਂ ਸਨ ਤਾਂ ਨਾਸਿਰ ਨੇ ਰੂਸ ਦਾ ਹੱਥ ਫੜਿਆ ਅਤੇ ਰੂਸ ਇਸ ਲਈ ਮਦਦ ਲਈ ਤਿਆਰ ਹੋਇਆ ਕਿਉਂਕਿ ਉਸ ਨੂੰ ਇਜਿਪਟ 'ਚ ਆਪਣੇ ਹਥਿਆਰਾਂ ਦੇ ਕਾਰੋਬਾਰ ਦੀਆਂ ਬੜੀਆਂ ਸੰਭਾਵਨਾਵਾਂ ਦਿਸੀਆਂ ਅਤੇ ਦੋਵਾਂ ਨੇ ਹੱਥ ਮਿਲਾ ਲਿਆ ਅਤੇ ਇਸ ਤਰ੍ਹਾਂ ਅਮਰੀਕਾ ਨੂੰ ਅੰਗੂਠਾ ਦਿਖਾ ਦਿੱਤਾ।
ਜਮਾਲ ਨਾਸਿਰ ਅਤੇ ਪੰਡਿਤ ਨਹਿਰੂ ਦੀ ਦੋਸਤੀ ਵੀ ਇਸੇ ਆਧਾਰ 'ਤੇ ਹੋਈ ਕਿ ਦੋਵਾਂ ਦੀ ਆਜ਼ਾਦੀ ਬਰਕਰਾਰ ਰੱਖਦੇ ਹੋਏ ਰੂਸ ਨੇ ਮਦਦ ਕੀਤੀ, ਜਿਸ ਦਾ ਨਤੀਜਾ ਦੋਵਾਂ ਦੀ ਖੁਸ਼ਹਾਲੀ ਅਤੇ ਵਧੀਆ ਰਿਸ਼ਤਿਆਂ ਦੇ ਰੂਪ ਵਿਚ ਹੋਇਆ।
ਇਜਿਪਟ ਦਾ ਸਭ ਤੋਂ ਵੱਡਾ ਟੈਂਪਲ ਕਰਣਕ 'ਚ ਹੈ, ਜੋ ਆਪਣੀ ਵਿਸ਼ਾਲਤਾ ਅਤੇ ਪੁਰਾਤੱਤਵ ਲਈ ਪ੍ਰਸਿੱਧ ਹੈ। ਇਹ ਮਿਸਰ ਦੀ ਪਹਿਲੀ ਰਾਣੀ ਦਾ ਵੀ ਸਥਾਨ ਹੈ, ਜਿਸ ਨੇ ਦੇਸ਼ ਦੀ ਖੁਸ਼ਹਾਲੀ 'ਚ ਸ਼ਾਨਦਾਰ ਯੋਗਦਾਨ ਪਾਇਆ। ਇਸ ਵਿਚ ਵਿਸ਼ਾਲ ਆਕਾਰ ਦੇ 138 ਖੰਭੇ ਹਨ, ਜਿਨ੍ਹਾਂ 'ਤੇ ਇਤਿਹਾਸ ਦੀ ਵਿਆਖਿਆ ਕਰਦੀਆਂ ਆਕ੍ਰਿਤੀਆਂ ਹਨ, ਜੋ ਦੱਸਦੀਆਂ ਹਨ ਕਿ ਕਦੋਂ ਕਿਸ ਰਾਜੇ ਨੇ ਸਾਮਰਾਜ ਵਧਾਉਣ ਦੇ ਇਰਾਦੇ ਨਾਲ ਦੂਸਰੇ ਰਾਜਾਂ 'ਤੇ ਆਪਣਾ ਗਲਬਾ ਸਥਾਪਿਤ ਕੀਤਾ।
ਸੂਰਜ ਨੂੰ ਸ਼ਕਤੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਅਤੇ ਇਸ ਲਈ ਪੂਰਬ ਨੂੰ ਜ਼ਿੰਦਗੀ ਅਤੇ ਪੱਛਮ ਨੂੰ ਮੌਤ ਦਾ ਸਥਾਨ ਮੰਨਦੇ ਹਨ।
ਇਜਿਪਟ ਵਿਚ ਭਾਰਤੀ ਮਾਨਤਾ ਕਿ ਪਿਤਾ ਹੀ ਸ੍ਰਿਸ਼ਟੀ ਦਾ ਨਿਰਮਾਤਾ ਹੈ, ਦੇ ਵਾਂਗ ਉਸ ਨੂੰ ਪਿਤਾ ਹੀ ਕਿਹਾ ਜਾਂਦਾ ਹੈ।
ਇਥੇ ਇਕ ਖੂਹਨੁਮਾ ਮਹਿਲ ਹੈ, ਜਿਸ ਦੀ ਖੋਜ ਕਹਿੰਦੇ ਹਨ ਕਿ ਸੰਯੋਗ ਨਾਲ ਇਕ ਗਧੇ ਨੇ ਕੀਤੀ। ਉਸ ਵਿਚ 99 ਪੌੜੀਆਂ ਹਨ ਅਤੇ ਜਿਉਂ-ਜਿਉਂ ਹੇਠਾਂ ਉੱਤਰਦੇ ਜਾਂਦੇ ਹਾਂ, ਇਸ ਮਹਿਲ ਦਾ ਰਹੱਸ ਖੁੱਲ੍ਹਦਾ ਜਾਂਦਾ ਹੈ। ਅੰਦਰ ਲਾਸ਼ਾਂ ਨੂੰ ਮਮੀ ਦੇ ਰੂਪ 'ਚ ਰੱਖੇ ਜਾਣ ਲਈ ਖਾਨੇ ਬਣੇ ਹੋਏ ਹਨ।
ਇਜਿਪਟ 'ਚ ਪਪਾਰਾਇਸਿਸ ਨਾਂ ਦੇ ਬਣੇ ਪੱਤਰਿਆਂ 'ਤੇ ਕੀਤੀ ਗਈ ਲਿਖਾਈ ਸਾਡੇ ਇਥੋਂ ਦੇ ਭੋਜ ਪੱਤਰਾਂ 'ਤੇ ਲਿਖੀਆਂ ਗਈਆਂ ਪਾਂਡੂਲਿੱਪੀਆਂ ਵਾਂਗ ਅੱਜ ਵੀ ਸੁਰੱਖਿਅਤ ਹਨ। ਇਹ ਪੱਤਰ ਅੱਜ ਵੀ ਲਿਖਣ ਅਤੇ ਆਕ੍ਰਿਤੀਆਂ ਬਣਾਉਣ ਦੇ ਕੰਮ ਆਉਂਦੇ ਹਨ ਅਤੇ ਸਜਾਵਟੀ ਸਮੱਗਰੀ ਦੇ ਰੂਪ 'ਚ ਸੈਲਾਨੀਆਂ ਨੂੰ ਆਪਣੇ ਵੱਲ ਖਿੱਚਦੇ ਹਨ ਪਰ ਇਨ੍ਹਾਂ ਦੇ ਅਸਲੀ ਅਤੇ ਨਕਲੀ ਹੋਣ 'ਚ ਭੇਦ ਸਮਝ ਸਕਣਾ ਮੁਸ਼ਕਿਲ ਹੈ, ਮਾਹਿਰ ਹੀ ਫਰਕ ਦੱਸ ਸਕਦਾ ਹੈ।
ਇਸੇ ਰੁੱਖ ਦੇ ਤਣਿਆਂ ਨਾਲ ਬਣੀਆਂ ਕਿਸ਼ਤੀਆਂ 'ਤੇ ਹੀ ਪਿਰਾਮਿਡਾਂ ਲਈ ਪੱਥਰਾਂ ਨੂੰ ਲਿਆਉਣ ਦਾ ਕੰਮ ਕੀਤਾ ਜਾਂਦਾ ਸੀ। ਇਜਿਪਟ 'ਚ ਸ਼ੇਰ ਦੀ ਆਕ੍ਰਿਤੀ ਅਤੇ ਮਨੁੱਖ ਦਾ ਚਿਹਰਾ ਇਥੋਂ ਦਾ ਪ੍ਰਤੀਕ ਚਿੰਨ੍ਹ ਹੈ। ਇਥੇ ਵੀ ਇਕ ਪ੍ਰਾਚੀਨ ਕਾਲ ਦੀ ਕਹਾਣੀ ਦੇ ਅਨੁਸਾਰ ਦੋ ਭਰਾਵਾਂ 'ਚ ਇਕ ਭਲਾਈ ਅਤੇ ਦੂਸਰਾ ਬੁਰਾਈ ਦਾ ਪ੍ਰਤੀਕ ਹੈ। ਇਸ ਨਾਲ ਆਪਣੇ ਇਥੇ ਬਾਲੀ ਅਤੇ ਸੁਗਰੀਵ ਦੀ ਕਥਾ ਯਾਦ ਆਉਂਦੀ ਹੈ। ਭਲਾਈ ਦੇ ਪ੍ਰਤੀਕ ਇਕ ਭਰਾ ਨੂੰ ਖਤਮ ਕਰਨ ਲਈ ਬੁਰਾਈ ਦੇ ਪ੍ਰਤੀਕ ਇਕ ਭਰਾ ਨੇ ਸੁਲਾਹ ਕਰਨ ਲਈ ਸਾਰੇ ਪਤਵੰਤਿਆਂ ਅਤੇ ਆਪਣੇ ਭਰਾ ਨੂੰ ਸੱਦਿਆ। ਉਸ ਨੇ ਇਕ ਖੇਡ ਖੇਡੀ, ਜਿਸ ਵਿਚ ਵੱਖ-ਵੱਖ ਕਿਸਮ ਦੇ ਤਾਬੂਤ ਬਣਵਾਏ ਅਤੇ ਕਿਹਾ ਕਿ ਜੋ ਵੀ ਆਪਣੇ ਆਕਾਰ ਦੇ ਤਾਬੂਤ 'ਚ ਫਿੱਟ ਹੋ ਜਾਵੇਗਾ, ਜੇਤੂ ਮੰਨਿਆ ਜਾਵੇਗਾ। ਸਾਰੇ ਤਾਬੂਤ ਜਾਂ ਤਾਂ ਇੰਨੇ ਵੱਡੇ ਜਾਂ ਇੰਨੇ ਛੋਟੇ ਸਨ ਕਿ ਕੋਈ ਫਿੱਟ ਨਾ ਆਇਆ ਪਰ ਇਕ ਤਾਬੂਤ ਬਿਲਕੁਲ ਉਸ ਦੇ ਭਰਾ ਦੇ ਆਕਾਰ ਦਾ ਸੀ, ਜਿਸ ਨੂੰ ਖਤਮ ਕਰਨ ਦੀ ਚਾਲ ਉਸ ਦੇ ਭਰਾ ਨੇ ਹੀ ਖੇਡੀ ਸੀ।

ਇਸੇ ਤਰ੍ਹਾਂ ਦੀਆਂ ਅਨੇਕ ਕਥਾਵਾਂ ਇਸ ਦੇਸ਼ 'ਚ ਪ੍ਰਚੱਲਿਤ ਹਨ। ਇਨ੍ਹਾਂ ਵਿਚੋਂ ਇਕ ਇਹ ਵੀ ਕਿ ਚਾਰੇ ਪਾਸੇ ਪਾਣੀ ਹੀ ਪਾਣੀ ਸੀ, ਸੰਘਣਾ ਹਨੇਰਾ ਸੀ ਸਿਰਫ ਪਿਤਾ ਹੀ ਸੀ, ਜਿਸ ਨੇ ਸ੍ਰਿਸ਼ਟੀ ਨਿਰਮਾਣ ਲਈ ਨਮੀ ਅਤੇ ਹਵਾ ਦੀ ਰਚਨਾ ਕੀਤੀ। ਫਿਰ ਆਦਮ ਦੀ ਰਚਨਾ ਕੀਤੀ। ਦੋਵਾਂ ਦਾ ਸੰਗਮ ਹੋਇਆ, ਜਿਸ ਤੋਂ ਦੋ ਬੱਚੇ ਜਨਮੇ। ਉਸ ਤੋਂ ਬਾਅਦ ਇਹ ਸਿਲਸਿਲਾ ਅੱਗੇ ਵਧਦਾ ਗਿਆ ਅਤੇ ਧਰਤੀ 'ਤੇ ਨਰ ਅਤੇ ਮਾਦਾ ਦੇ ਰੂਪ 'ਚ ਆਬਾਦੀ ਬਣਦੀ ਗਈ।
ਇਕ ਹੋਰ ਕਥਾ ਹੈ, ਜਿਸ ਵਿਚ ਰਾਣੀ ਦੇ ਸਰੀਰ ਨੂੰ 14 ਅੰਗਾਂ 'ਚ ਕੱਟ-ਕੱਟ ਕੇ ਥਾਂ-ਥਾਂ ਸੁੱਟ ਦਿੱਤਾ ਗਿਆ। 14 'ਚੋਂ 13 ਅੰਗ ਮਿਲ ਗਏ ਅਤੇ ਇਕ ਅੰਗ ਸਮੁੰਦਰ 'ਚ ਮੱਛੀ ਖਾ ਗਈ। ਬਾਕੀ ਅੰਗਾਂ ਨਾਲ ਗਰਭਧਾਰਨ ਹੋਇਆ ਅਤੇ ਉਸ ਨੂੰ ਜਣੇਪਾ ਹੋਇਆ ਤਾਂ ਜਿਸ ਬੱਚੇ ਨੇ ਜਨਮ ਲਿਆ ਤਾਂ ਉਹ ਰਾਜਾ ਬਣਿਆ। ਇਜਿਪਟ ਇਤਿਹਾਸ ਅਤੇ ਪੁਰਾਤੱਤਵ ਦਾ ਅਜੀਬ ਸੰਗਮ ਹੈ। ਇਥੇ ਮੀਲਾਂ 'ਚ ਫੈਲੇ ਮੰਦਰ ਅਤੇ ਉਨ੍ਹਾਂ 'ਚ ਬਣਾਈਆਂ ਗਈਆਂ ਆਕ੍ਰਿਤੀਆਂ ਇਥੋਂ ਦੀ ਕਹਾਣੀ ਕਹਿੰਦੀਆਂ ਹਨ।
ਅੰਗਰੇਜ਼ਾਂ ਨੇ ਇਥੇ ਵੀ ਸ਼ਾਸਨ ਕੀਤਾ। ਜਿਵੇਂ ਕਿ ਉਨ੍ਹਾਂ ਨੇ ਆਪਣੇ ਪੂਰੇ ਸਾਮਰਾਜ 'ਚੋਂ ਬਿਹਤਰੀਨ ਵਸਤੂਆਂ ਨੂੰ ਆਪਣੇ ਦੇਸ਼ ਲਿਜਾ ਦੇ ਇਕੱਠਿਆਂ ਕੀਤਾ, ਉਸੇ ਤਰ੍ਹਾਂ ਇਜਿਪਟ ਤੋਂ ਵੀ ਉਹ ਬਹੁਤ ਸਾਰੀਆਂ ਬੜੀਆਂ ਕੀਮਤੀ ਵਸਤੂਆਂ ਲੈ ਗਏ, ਜਿਨ੍ਹਾਂ ਵਿਚ ਰਾਜਿਆਂ ਦੇ ਮੁਕੁਟ, ਗਹਿਣੇ ਅਤੇ ਸ਼ਿਲਾਵਾਂ ਵੀ ਹਨ।
ਅੰਗਰੇਜ਼ਾਂ ਦੀ ਇਕ ਆਦਤ ਹੋਰ ਇਥੇ ਦੇਖੀ ਅਤੇ ਉਹ ਇਹ ਕਿ ਜਿਵੇਂ ਕਿ ਉਨ੍ਹਾਂ ਦੀ ਪ੍ਰਵਿਰਤੀ ਹੈ, ਅਨੇਕ ਦੀਵਾਰਾਂ ਅਤੇ ਖੰਭਿਆਂ 'ਤੇ ਉਚਾਈ 'ਤੇ ਜੋ ਵੀ ਅੰਗਰੇਜ਼ ਪਹੁੰਚ ਸਕਿਆ, ਉਸ ਨੇ ਆਪਣਾ ਨਾਂ ਅਤੇ ਸੰਨ ਇਨ੍ਹਾਂ ਪੱਥਰਾਂ 'ਤੇ ਉੱਕਰ ਦਿੱਤਾ।
ਕਹਿ ਸਕਦੇ ਹਾਂ ਕਿ ਇਜਿਪਟ ਯਾਤਰਾ ਦਾ ਅਨੁਭਵ ਰੋਮਾਂਚਕ ਅਤੇ ਰਹੱਸਮਈ ਕਥਾਵਾਂ ਨੂੰ ਜਾਣਨ ਦਾ ਰਿਹਾ। ਜਿਵੇਂ ਕਿ ਕੁਝ ਲੋਕਾਂ ਦੀ ਮਾਨਤਾ ਹੈ ਕਿ ਇਥੋਂ ਦਾ ਨਿਰਮਾਣ ਕਰਨ 'ਚ ਏਲੀਅਨਜ਼ ਦਾ ਹੱਥ ਹੈ ਪਰ ਇਸ ਦਾ ਕੋਈ ਸਬੂਤ ਨਾ ਹੋਣ ਕਾਰਣ ਵਿਸ਼ਵਾਸ ਨਹੀਂ ਹੁੰਦਾ। ਅਜੂਬੇ ਅਤੇ ਅਜਬ ਰੀਤੀ-ਰਿਵਾਜਾਂ ਦੇ ਨਾਲ-ਨਾਲ ਆਧੁਨਿਕ ਹੋਣ ਦੀ ਦੌੜ ਵਿਚ ਵੀ ਇਹ ਦੇਸ਼ ਮੋਹਰੀ ਹੈ। ਪੁਰਾਣੇ ਮਕਾਨਾਂ ਅਤੇ ਬੇਤਰਤੀਬੇ ਗਲੀ-ਮੁਹੱਲਿਆਂ ਦੇ ਨਾਲ ਸਿੱਧੀਆਂ ਸੜਕਾਂ ਅਤੇ ਤੇਜ਼ ਰਫਤਾਰ ਨਾਲ ਚੱਲਣ ਵਾਲੇ ਵਾਹਨ ਅਤੇ ਆਧੁਨਿਕ ਤਰਜ਼ 'ਤੇ ਬਣੇ ਘਰ ਵੀ ਹਨ।
ਕੈਰੋਂ, ਆਸਵਾਨ, ਲੁਕਸ਼ਰ ਵਰਗੇ ਸ਼ਹਿਰ ਇਥੋਂ ਦੇ ਮਿਲੇ-ਜੁਲੇ ਸੱਭਿਆਚਾਰ, ਪਹਿਰਾਵੇ ਅਤੇ ਫੈਸ਼ਨ ਦੇ ਪ੍ਰਤੀਕ ਹਨ। ਲੋਕ ਮਿਲਣਸਾਰ ਜ਼ਿਆਦਾ ਨਹੀਂ ਹਨ। ਆਪਣੇ ਕੰਮ ਨਾਲ ਕੰਮ ਰੱਖਦੇ ਹਨ। ਖਾਣ-ਪੀਣ 'ਚ ਮਾਸਾਹਾਰੀ ਹੀ ਵਧੇਰੇ ਹਨ ਪਰ ਉਨ੍ਹਾਂ 'ਚ ਵੀ ਕਈ ਵੱਖਰੀ ਪਛਾਣ ਰੱਖਣ ਵਾਲਾ ਪਕਵਾਨ ਨਾਂਹ ਦੇ ਬਰਾਬਰ ਹੈ। ਇਹ ਯਾਤਰਾ ਇਕ ਤਰ੍ਹਾਂ ਨਾਲ ਸੁਖਾਵੀਂ ਹੀ ਰਹੀ।

                                                                                             —ਪੂਰਨ ਚੰਦ ਸਰੀਨ

KamalJeet Singh

This news is Content Editor KamalJeet Singh