ਮਰਨ ਕੰਢੇ ਪੁੱਜ ਕੇ ਵੀ ਕਾਂਗਰਸ ਕੀ ਕਿਸੇ ''ਨਵੇਂ ਨੇਤਾ'' ਦੀ ਉਡੀਕ ਕਰ ਰਹੀ ਹੈ

03/27/2017 7:13:48 AM

ਕਾਂਗਰਸ ਦੀ ਅਸਲ ਸਮੱਸਿਆ ਕੀ ਹੈ? ਭਾਰਤ ਦੀ ਇਹ ਸਭ ਤੋਂ ਪੁਰਾਣੀ ਪਾਰਟੀ ਆਪਣੇ ਇਤਿਹਾਸ ਦੀ ਸਭ ਤੋਂ ਬੁਰੀ ਸਥਿਤੀ ''ਚੋਂ ਲੰਘ ਰਹੀ ਹੈ ਅਤੇ ਅਜਿਹਾ ਲੱਗ ਰਿਹਾ ਹੈ ਕਿ ਇਹ ਖ਼ੁਦ ਨੂੰ ਸੁਰਜੀਤ ਕਰਨ ਦੇ ਕਾਬਿਲ ਨਹੀਂ। ਕੀ ਇਹ ਮਰਨ ਕੰਢੇ ਦੀ ਸਥਿਤੀ ਵਿਚ ਹੈ? ਜਾਂ ਫਿਰ ਆਪਣੇ ਨਵੇਂ ਜੀਵਨ ਲਈ ਕਿਸੇ ਨਵੇਂ ਨੇਤਾ ਦੀ ਉਡੀਕ ਕਰ ਰਹੀ ਹੈ? ਆਓ, ਇਸ ਮੁੱਦੇ ਦੀ ਡੂੰਘੀ ਜਾਂਚ ਕਰੀਏ—
ਸਭ ਤੋਂ ਪਹਿਲਾਂ ਸਾਨੂੰ ਇਹੋ ਅਹਿਸਾਸ ਹੁੰਦਾ ਹੈ ਕਿ ਕਾਂਗਰਸ ਪਾਰਟੀ ਇਹ ਮੰਨਣ ਨੂੰ ਵੀ ਤਿਆਰ ਨਹੀਂ ਕਿ ਉਹ ਸੱਚਮੁਚ ਸਥਾਈ ਤੌਰ ''ਤੇ ਸੰਕਟ ''ਚੋਂ ਲੰਘ ਰਹੀ ਹੈ। ਕਾਂਗਰਸ ਦੀ ਇਸ ਢੀਠਤਾਈ ਦੇ ਦੋ ਕਾਰਨ ਹਨ। ਇਕ ਕਾਰਨ ਤਾਂ ਇਹ ਹੈ ਕਿ 34 ਮਹੀਨੇ ਪਹਿਲਾਂ ਹੀ ਕਾਂਗਰਸ ਦੇਸ਼ ਦੇ ਜ਼ਿਆਦਾਤਰ ਸੂਬਿਆਂ ਵਿਚ ਸੱਤਾ ''ਤੇ ਬਿਰਾਜਮਾਨ ਸੀ। ਕਾਂਗਰਸ ਦੇ ਪ੍ਰਧਾਨ ਮੰਤਰੀ ਨੇ ਲਗਾਤਾਰ 10 ਸਾਲਾਂ ਤਕ ਸਰਕਾਰ ਚਲਾਈ, ਜੋ 1970 ਵਿਚ ਇੰਦਰਾ ਗਾਂਧੀ ਦੀ ਅਜਿਹੀ ਉਪਲੱਬਧੀ ਤੋਂ ਬਾਅਦ ਪਹਿਲੀ ਵਾਰ ਹੋਇਆ ਸੀ। ਜਦੋਂ ਅਜਿਹਾ ਦੌਰ ਖਤਮ ਹੋ ਜਾਂਦਾ ਹੈ ਤਾਂ ਇਹ ਮੰਨਣਾ ਸੁਭਾਵਿਕ ਹੀ ਹੁੰਦਾ ਹੈ ਕਿ ਇਹ ਅਸਥਾਈ ਹੋਵੇਗਾ ਅਤੇ ਕੁਝ ਸਮਾਂ ਪਾ ਕੇ ਵੋਟਰ ਫਿਰ ਤੋਂ ਪਾਰਟੀ ਦੀ ਆਗੋਸ਼ ''ਚ ਪਰਤ ਆਉਣਗੇ। ਦੂਜਾ ਕਾਰਨ ਹੈ ਕਿ ਇਕ ਖਾਨਦਾਨ ਵਲੋਂ ਕੰਟਰੋਲ ਕੀਤੀ ਜਾਣ ਵਾਲੀ ਪਾਰਟੀ ਵਿਚ ਦਰਬਾਰੀ ਅਤੇ ਆਗਿਆਪਾਲਕ ਖ਼ੁਦ ਲੋਕਪ੍ਰਿਯ ਹਸਤੀਆਂ ਨਹੀਂ ਹੁੰਦੇ, ਇਸ ਲਈ ਉਹ ਇਸ ਗੱਲ ਲਈ ਵੀ ਉਤਸ਼ਾਹਿਤ ਨਹੀਂ ਹੁੰਦੇ ਕਿ ਆਪਣੀ ਲੀਡਰਸ਼ਿਪ ਨੂੰ ਸੱਚਾਈ ਤੋਂ ਜਾਣੂ ਕਰਵਾਉਣ ਤੇ ਨਾ ਹੀ ਉਹ ਖ਼ੁਦ ਜ਼ਮੀਨੀ ਹਕੀਕਤਾਂ ਤੋਂ ਜਾਣੂ ਹੁੰਦੇ ਹਨ ਕਿਉਂਕਿ ਉਨ੍ਹਾਂ ''ਤੇ ਜਨਤਾ ਨੂੰ ਅੰਦੋਲਨ ਲਈ ਤਿਆਰ ਕਰਨ ਦਾ ਕੋਈ ਦਬਾਅ ਨਹੀਂ ਹੁੰਦਾ।
ਕਾਂਗਰਸ ਦੀ ਦੂਜੀ ਸਮੱਸਿਆ ਇਹ ਨਹੀਂ ਕਿ ਇਸ ਕੋਲ ਸੱਚਮੁਚ ਕੋਈ ਨੇਤਾ ਨਹੀਂ, ਸਗੋਂ ਇਸ ਨੂੰ ਸੁੱਧ-ਬੁੱਧ ਹੀ ਨਹੀਂ ਕਿ ਕਿਹੜਾ ਕਦਮ ਚੁੱਕਿਆ ਜਾਵੇ। ਇਹ ਸੱਚ ਹੈ ਕਿ ਨਰਿੰਦਰ ਮੋਦੀ ਬਹੁਤ ਹੀ ਕ੍ਰਿਸ਼ਮਈ ਨੇਤਾ ਹਨ। ਕ੍ਰਿਸ਼ਮਈ ਨੇਤਾ ਤੋਂ ਸਾਡਾ ਭਾਵ ਅਜਿਹੀ ਲੀਡਰਸ਼ਿਪ ਤੋਂ ਹੈ, ਜੋ ਦੂਜੇ ਦੇ ਅੰਦਰ ਵਫ਼ਾਦਾਰੀ ਅਤੇ ਸਮਰਪਣ ਦਾ ਭਾਵ ਪੈਦਾ ਕਰ ਸਕੇ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਮੋਦੀ ਆਪਣੀ ਗੱਲ ਦੂਜਿਆਂ ਤਕ ਪਹੁੰਚਾਉਣ ਦੀ ਕਲਾ ''ਚ ਲਾਜਵਾਬ ਹਨ, ਫਿਰ ਵੀ ਉਨ੍ਹਾਂ ਦੀ ਪ੍ਰਮੁੱਖ ਪ੍ਰਤਿਭਾ ਇਸ ਗੱਲ ਵਿਚ ਹੈ ਕਿ ਉਹ ਭਾਰਤ ਦੀਆਂ ਗੁੰਝਲਦਾਰ ਸਮੱਸਿਆਵਾਂ ਦਾ ਹੱਦੋਂ ਵੱਧ ਸਰਲੀਕਰਨ ਕਰ ਲੈਂਦੇ ਹਨ।
ਮਿਸਾਲ ਦੇ ਤੌਰ ''ਤੇ ਉਹ ਕਹਿ ਸਕਦੇ ਹਨ ਕਿ ਅੱਤਵਾਦ ਕਮਜ਼ੋਰ ਅਤੇ ਡਰਪੋਕ ਲੀਡਰਸ਼ਿਪ ਕਾਰਨ ਪੈਦਾ ਹੁੰਦਾ ਹੈ ਤੇ ਉਹ ਅੱਤਵਾਦ ਨੂੰ ਖਤਮ ਕਰਨਗੇ ਪਰ ਤੱਥ ਇਹ ਹੈ ਕਿ ਉਹ ਅਜਿਹਾ ਨਹੀਂ ਕਰ ਸਕਦੇ, ਜਿਹੋ ਜਿਹਾ ਕਿ ਅਸੀਂ ਦੇਖ ਵੀ ਚੁੱਕੇ ਹਾਂ ਪਰ ਮੋਦੀ ਦੇ ਮੁਕਾਬਲੇ ਕਿਸੇ ਕਿਸਮ ਦਾ ਨਵਾਂ ਨਜ਼ਰੀਆ ਪੇਸ਼ ਕਰਨ ਵਾਲਾ ਕੋਈ ਨਹੀਂ।
ਇਹੀ ਕਾਰਨ ਹੈ ਕਿ ਮੋਦੀ ਸਿਆਸੀ ਸੰਵਾਦ ਦੀਆਂ ਸ਼ਰਤਾਂ ਨੂੰ ਇੰਨੇ ਵਧੀਆ ਢੰਗ ਨਾਲ ਪਰਿਭਾਸ਼ਿਤ ਕਰ ਸਕਦੇ ਹਨ ਕਿ ਨੋਟਬੰਦੀ ਵਰਗੀ ਇਕ-ਇਕ ਭਾਰਤੀ ਨੂੰ ਨਕਾਰਾਤਮਕ ਤੌਰ ''ਤੇ ਪ੍ਰਭਾਵਿਤ ਕਰਨ ਵਾਲੀ ਨੀਤੀ ਵੀ ਉਨ੍ਹਾਂ ਵਲੋਂ ਕਾਲੇ ਧਨ, ਅੱਤਵਾਦ ਅਤੇ ਜਾਅਲੀ ਕਰੰਸੀ ਦੇ ਵਿਰੁੱਧ ਬਹੁਤ ਵੱਡੀ ਜਿੱਤ ਦੇ ਰੂਪ ਵਿਚ ਪੇਸ਼ ਕੀਤੀ ਜਾ ਸਕਦੀ ਹੈ।
ਆਪਣੇ ਵਲੋਂ ਮਜ਼ਬੂਤ ਅਤੇ ਠੋਸ ਦਲੀਲਾਂ ''ਤੇ ਆਧਾਰਿਤ ਨੀਤੀ ਅਤੇ ਦ੍ਰਿਸ਼ਟੀਕੋਣ ਪੇਸ਼ ਨਾ ਕਰ ਸਕਣਾ ਹੀ ਰਾਹੁਲ ਗਾਂਧੀ ਦੀ ਬਹੁਤ ਵੱਡੀ ਅਸਫਲਤਾ ਹੈ। ਜਨਤਕ ਭਾਸ਼ਣਬਾਜ਼ੀ ਦੇ ਮਾਮਲੇ ਵਿਚ ਉਨ੍ਹਾਂ ਦੀ ਨੀਰਸਤਾ ਅਤੇ ਊਰਜਾ ਦੀ ਕਮੀ ਦੂਜੇ ਨੰਬਰ ਦੀਆਂ ਗੱਲਾਂ ਹਨ। ਰਾਹੁਲ ਗਾਂਧੀ ਵਿਚ ਇੰਨੀ ਯੋਗਤਾ ਨਹੀਂ ਕਿ ਉਹ ਕਾਂਗਰਸ ਦੀਆਂ ਸਫਲਤਾਵਾਂ ਦਾ ਸਿਹਰਾ ਲੈ ਸਕਣ ਅਤੇ ਨਰੇਗਾ ਅਤੇ ''ਆਧਾਰ'' ਦੇ ਮਾਮਲੇ ਵਿਚ ਮੋਦੀ ਦੀ ਮੁਕੰਮਲ ਕਲਾਬਾਜ਼ੀ ਨੂੰ ਚੁਣੌਤੀ ਦੇ ਸਕਣ।
ਤੀਜੀ ਸਮੱਸਿਆ ਹੈ ਕਿ ਜ਼ਮੀਨੀ ਪੱਧਰ ''ਤੇ ਕਾਂਗਰਸ ਕੋਲ ਕੇਡਰ ਨਹੀਂ ਹੈ। ਭਾਰਤੀ ਜਨਤਾ ਪਾਰਟੀ ਕੋਲ ਜ਼ਮੀਨੀ ਪੱਧਰ ਦੀਆਂ ਸਰਗਰਮੀਆਂ ਨੂੰ ਅੰਜਾਮ ਦੇਣ ਲਈ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਵਰਕਰ ਉਪਲੱਬਧ ਹਨ। ਇਨ੍ਹਾਂ ਦੀ ਗਿਣਤੀ ਲੱਖਾਂ ਵਿਚ ਹੈ ਤੇ ਉਹ ਨਾ ਸਿਰਫ ਸਮਰਪਿਤ, ਸਗੋਂ ਵਿਚਾਰਕ ਤੌਰ ''ਤੇ ਵੀ ਪੂਰੀ ਤਰ੍ਹਾਂ ਉਤਸ਼ਾਹਿਤ ਹਨ। ਸਿਰਫ ਕੁਝ ਹੀ ਸਾਲ ਪਹਿਲਾਂ ਤਕ ਅਸੀਂ ਅਕਸਰ ਕੁਝ ਵਿਅਕਤੀਆਂ ਲਈ ਆਜ਼ਾਦੀ ਘੁਲਾਟੀਏ ਵਰਗੇ ਸ਼ਬਦ ਸੁਣਦੇ ਆਏ ਹਾਂ। ਉਹ ਅਜਿਹੇ ਵਿਅਕਤੀ ਸਨ, ਜਿਨ੍ਹਾਂ ਨੇ ਸਰੀਰਕ ਤੌਰ ''ਤੇ ਲੜਾਈ ਨਹੀਂ ਕੀਤੀ ਸੀ ਪਰ ਕਾਂਗਰਸ ਵਲੋਂ ਸੰਚਾਲਿਤ ਅਸਹਿਯੋਗ ਅੰਦੋਲਨ ਰਾਹੀਂ ਉਨ੍ਹਾਂ ਨੇ ਬ੍ਰਿਟਿਸ਼ ਸ਼ਾਸਨ ਦਾ ਵਿਰੋਧ ਕੀਤਾ ਸੀ।
ਇਨ੍ਹਾਂ ''ਚੋਂ ਜਿਨ੍ਹਾਂ ਦਾ ਜਨਮ 1930 ਦੇ ਦਹਾਕੇ ਵਿਚਾਲੇ ਹੋਇਆ ਸੀ, ਆਜ਼ਾਦੀ ਦਿਵਾਉਣ ਵਾਲੀ ਕਾਂਗਰਸ ਨਾਲ ਆਪਣੇ ਲਗਾਤਾਰ ਸੰਬੰਧਾਂ ਕਾਰਨ ਉਨ੍ਹਾਂ ਨੇ ਨਹਿਰੂ ਤੇ ਬਾਅਦ ਵਿਚ ਇੰਦਰਾ ਗਾਂਧੀ ਦੀ ਸੇਵਾ ਕੀਤੀ ਸੀ। 1980 ਤਕ ਪਹੁੰਚਦੇ-ਪਹੁੰਚਦੇ ਆਜ਼ਾਦੀ ਅੰਦੋਲਨ ਨਾਲ ਜੁੜਿਆ ਹੋਇਆ ਇਹ ਵਿਅਕਤੀ, ਭਾਵ ''ਕਾਂਗਰਸ ਵਰਕਰ'' ਗਾਇਬ ਹੋਣਾ ਸ਼ੁਰੂ ਹੋ ਗਿਆ ਤੇ ਹੁਣ ਇਸ ਦੀ ਕੋਈ ਹੋਂਦ ਹੀ ਨਹੀਂ ਰਹਿ ਗਈ। ਕਾਂਗਰਸ ਕੋਲ ਹਿੰਦੂਵਾਦ ਜਾਂ ਸਾਮਵਾਦ ਵਰਗੀ ਕੋਈ ਵਿਚਾਰਧਾਰਾ ਨਹੀਂ ਅਤੇ ਨਾ ਹੀ ਕੋਈ ਵਿਸ਼ੇਸ਼ ਸਮਰਪਿਤ ਸਮਾਜਿਕ ਆਧਾਰ ਹੈ। ਜਿਵੇਂ ਕਿ ਮਾਇਆਵਤੀ ਜਾਂ ਅਸਦੂਦੀਨ ਓਵੈਸੀ ਕੋਲ ਦਲਿਤ ਅਤੇ ਮੁਸਲਿਮ ਹਨ, ਕਾਂਗਰਸ ਲਈ ਕਿਸੇ ਕਿਸਮ ਦਾ ਅੰਦੋਲਨ ਚਲਾਉਣ ਵਿਚ ਸਿਰਫ ਕੁਝ ਹੀ ਭਾਰਤੀਆਂ ਨੂੰ ਕੋਈ ਰੁਚੀ ਹੋ ਸਕਦੀ ਹੈ। ਇਸ ਹਕੀਕਤ ਦੇ ਕਾਰਨ ਹੀ ਕਿਸੇ ਵੀ ਸਥਾਨਕ ਕਾਂਗਰਸੀ ਨੇਤਾ ਨੂੰ ਹਰ ਹਾਲਤ ਵਿਚ ਆਪਣੇ ਲਈ ਸਮਰਥਕਾਂ ਦਾ ਆਧਾਰ ਖੜ੍ਹਾ ਕਰਨਾ ਹੋਵੇਗਾ ਤੇ ਉਹ ਵੀ ਆਪਣੇ ਪੈਸੇ ਨਾਲ।
ਹੁਣ ਵਾਰੀ ਆਉਂਦੀ ਹੈ ਚੌਥੀ ਸਮੱਸਿਆ ਦੀ ਅਤੇ ਉਹ ਹਨ ਸਾਧਨ। ਚੋਣਾਂ ਲਈ ਸਿਰਫ ਪੈਸਾ ਹੀ ਨਹੀਂ ਚਾਹੀਦਾ, ਸਗੋਂ ਢੇਰ ਸਾਰਾ ਪੈਸਾ ਚਾਹੀਦਾ ਹੈ। ਇਹ ਪੈਸਾ ਚੋਣ ਸਿਆਸਤ ਨੂੰ 2 ਤਰੀਕਿਆਂ ਨਾਲ ਹਾਸਿਲ ਹੁੰਦਾ ਹੈ। ਪਾਰਟੀ ਫੰਡ ਇਕੱਠਾ ਕਰਦੀ ਹੈ, ਭਾਵੇਂ ਉਹ ਅਧਿਕਾਰਤ ਤੌਰ ''ਤੇ ਦਿੱਤਾ ਗਿਆ ਚੰਦਾ ਹੋਵੇ ਜਾਂ ਮੈਂਬਰਸ਼ਿਪ ਦੀ ਫੀਸ ਜਾਂ ਫਿਰ ਸਿੱਧੇ-ਸਿੱਧੇ ਭ੍ਰਿਸ਼ਟਾਚਾਰ  ਰਾਹੀਂ। ਇਸ ਚੰਦੇ ਦਾ ਇਕ ਭਾਗ ਉਮੀਦਵਾਰਾਂ ਵਿਚ ਵੰਡ ਲਿਆ ਜਾਂਦਾ ਹੈ ਅਤੇ ਕੁਝ ਪੈਸਾ ਰਾਸ਼ਟਰੀ ਪੱਧਰ ''ਤੇ ਇਸ਼ਤਿਹਾਰਬਾਜ਼ੀ, ਯਾਤਰਾ ਤੇ ਰੈਲੀਆਂ ਦੀ ਲਾਗਤ ਵਰਗੇ ਖਰਚਿਆਂ ਲਈ ਸਾਂਝੇ ਭੰਡਾਰ ਵਿਚ ਚਲਾ ਜਾਂਦਾ ਹੈ। ਚੰਦੇ ਦਾ ਦੂਜਾ ਹਿੱਸਾ ਉਮੀਦਵਾਰਾਂ ਵਲੋਂ ਕੀਤਾ ਗਿਆ ਨਿੱਜੀ ਨਿਵੇਸ਼ ਹੈ। ਜੇਕਰ ਮੈਂ ਇਹ ਕਹਾਂ ਕਿ ਵਿਧਾਨ ਸਭਾ ਚੋਣਾਂ ਲੜਨ ਲਈ 10 ਕਰੋੜ ਤੋਂ ਵੱਧ ਰਾਸ਼ੀ ਦੀ ਲੋੜ ਪੈਂਦੀ ਹੈ ਅਤੇ ਸੰਸਦੀ ਹਲਕੇ ਦੀ ਚੋਣ ਲੜਨ ਲਈ ਇਸ ਤੋਂ ਕਈ ਗੁਣਾ ਵੱਧ ਪੈਸੇ ਦੀ ਲੋੜ ਹੁੰਦੀ ਹੈ, ਤਾਂ ਇਹ ਕਿਸੇ ਭੇਦ ਦਾ ਖੁਲਾਸਾ ਨਹੀਂ ਹੋਵੇਗਾ।
ਅੱਜ ਦੀ ਤਰੀਕ ਵਿਚ ਕਾਂਗਰਸ ਸਿਰਫ 2 ਹੀ ਵੱਡੇ ਸੂਬਿਆਂ ਕਰਨਾਟਕ ਤੇ ਪੰਜਾਬ ਵਿਚ ਸ਼ਾਸਨ ਕਰ ਰਹੀ ਹੈ। ਕਰਨਾਟਕ ਵਿਚ ਤਾਂ ਆਮ ਚੋਣਾਂ ''ਚ ਇਸ ਦੇ ਸੱਤਾ ਤੋਂ ਉੱਖੜ ਜਾਣ ਦੀਆਂ ਪੂਰੀਆਂ-ਪੂਰੀਆਂ ਸੰਭਾਵਨਾਵਾਂ ਹਨ। ਇਹ ਦੋਵੇਂ ਸੂਬੇ ਪਾਰਟੀ ਨੂੰ ਰਾਸ਼ਟਰੀ ਪੱਧਰ ''ਤੇ ਜ਼ਿੰਦਾ ਰੱਖਣ ਲਈ ਉਚਿਤ ਫੰਡ ਨਹੀਂ ਜੁਟਾ ਸਕਦੇ ਅਤੇ ਕਾਂਗਰਸ ਤੋਂ ਟਿਕਟ ਹਾਸਿਲ ਕਰਨ ਵਾਲੇ ਉਮੀਦਵਾਰ ਵੀ ਆਪਣੀ ਜੇਬ ''ਚੋਂ ਹੁਣ ਬਹੁਤ ਵੱਡੀ ਰਾਸ਼ੀ ਖਰਚ ਨਹੀਂ ਕਰਦੇ। ਅਖੀਰ ਅਜਿਹਾ ਕੌਣ ਮੂਰਖ ਹੋਵੇਗਾ, ਜੋ ਲਗਾਤਾਰ ਹਾਰ ਰਹੀ ਪਾਰਟੀ ਦੇ ਨਾਂ ''ਤੇ ਨਿਵੇਸ਼ ਕਰੇਗਾ?
ਇਨ੍ਹਾਂ ਹੀ ਕਾਰਨਾਂ ਕਰਕੇ ਪਾਰਟੀ ਮਰਨ ਕੰਢੇ ਵਾਲੀ ਅਵਸਥਾ ''ਚ ਹੈ। ਸੂਬਿਆਂ ਵਿਚ ਸੱਤਾ ਖੋਹੇ ਜਾਣ ਕਾਰਨ ਕਾਂਗਰਸ ਰਾਸ਼ਟਰੀ ਪੱਧਰ ''ਤੇ ਵੀ ਕਮਜ਼ੋਰ ਹੁੰਦੀ ਜਾ ਰਹੀ ਹੈ। ਇਥੋਂ ਤਕ ਕਿ ਗੁਜਰਾਤ ਵਰਗੇ ਦੋ-ਦਲੀ ਸੂਬਿਆਂ ਵਿਚ ਜਿਥੇ ਕਾਂਗਰਸ ਆਪੋਜ਼ੀਸ਼ਨ ਵਿਚ ਹੈ, ਇਹ ਚੋਣ ਨਹੀਂ ਜਿੱਤ ਸਕਦੀ। ਗੁਜਰਾਤ ਵਿਚ ਲੋਕ ਸਭਾ ਜਾਂ ਵਿਧਾਨ ਸਭਾ ਦੀਆਂ ਚੋਣਾਂ ਕਾਂਗਰਸ ਨੇ ਆਖਰੀ ਵਾਰ 3 ਦਹਾਕੇ ਪਹਿਲਾਂ ਜਿੱਤੀਆਂ ਸਨ। ਜਦੋਂ ਸ਼ਿਵਰਾਜ ਚੌਹਾਨ ਅਤੇ ਰਮਨ ਸਿੰਘ ਦੀਆਂ ਮੌਜੂਦਾ ਸਰਕਾਰਾਂ ਦੀ ਮਿਆਦ ਪੂਰੀ ਹੋਵੇਗੀ, ਉਦੋਂ ਤਕ ਕਾਂਗਰਸ ਨੂੰ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦੀ ਸੱਤਾ ਤੋਂ ਦੂਰ ਹੋਏ 15 ਸਾਲ ਹੋ ਚੁੱਕੇ ਹੋਣਗੇ। ਅਜਿਹਾ ਅਹਿਸਾਸ ਹੁੰਦਾ ਹੈ ਕਿ ਕਾਂਗਰਸ ਸਥਾਈ ਤੌਰ ''ਤੇ ਆਪੋਜ਼ੀਸ਼ਨ ਦੀਆਂ ਕੁਰਸੀਆਂ ਨੂੰ ਸੁਸ਼ੋਭਿਤ ਕਰੇਗੀ। ਓਡਿਸ਼ਾ ਤੇ ਪੱਛਮੀ ਬੰਗਾਲ ਵਿਚ ਤਾਂ ਹੁਣੇ-ਹੁਣੇ ਇਹ ਪ੍ਰਭਾਵੀ ਆਪੋਜ਼ੀਸ਼ਨ ਦੀ ਹੈਸੀਅਤ ਗੁਆ ਚੁੱਕੀ ਹੈ, ਜਦਕਿ ਯੂ. ਪੀ., ਬਿਹਾਰ ਤੇ ਤਾਮਿਲਨਾਡੂ ਵਿਚ ਉਸ ਦਾ ਇਹ ਹਸ਼ਰ ਪਹਿਲਾਂ ਹੀ ਹੋ ਚੁੱਕਾ ਸੀ।
ਇਸ ਤਰ੍ਹਾਂ ਦੀਆਂ ਪਾਰਟੀਆਂ ਨੂੰ ਕਿਸੇ ਨਵੀਂ ਲੀਡਰਸ਼ਿਪ ਰਾਹੀਂ ਸੁਰਜੀਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੂੰ ਇਕ ਨਵੇਂ ਸੰਦੇਸ਼ ਦੀ ਲੋੜ ਹੈ ਤੇ ਇਸ ਦੇ ਨਾਲ ਹੀ ਹੋਂਦ ਵਿਚ ਬਣੇ ਰਹਿਣ ਲਈ ਨਵਾਂ ਕਾਰਨ ਵੀ ਲੱਭਣਾ ਪਵੇਗਾ। 2017 ਦੀ ਕਾਂਗਰਸ ਕਿਸੇ ਵੀ ਤਰ੍ਹਾਂ ਕਿਸੇ ਸਾਕਾਰਾਤਮਕ ਗੱਲ ਦੀ ਪ੍ਰਤੀਕ ਨਹੀਂ ਰਹਿ ਗਈ, ਇਥੋਂ ਤਕ ਕਿ ਸੈਕੁਲਰਵਾਦ ਦੀ ਵੀ ਨਹੀਂ। ਕਾਂਗਰਸ ਨੂੰ ਇਹ ਸੱਚਾਈ ਸਵੀਕਾਰ ਕਰਨੀ ਪਵੇਗੀ। ਇਹ ਇਕ ਮ੍ਰਿਤ ਮੁਸਲਿਮ ਲੜਕੇ ਦੇ ਪਿਤਾ ਦੀ ਸ਼ਲਾਘਾ ਕਰਦੀ ਹੈ, ਜਿਸ ਨੇ ਮੌਜੂਦਾ ਰਾਸ਼ਟਰਵਾਦੀ ਭਾਵਨਾਵਾਂ ਦੇ ਗੁੱਸੇ ਤੋਂ ਡਰ ਦੇ ਮਾਰੇ ਆਪਣੇ ਬੇਟੇ ਦੀ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਦੁਸ਼ਮਣੀ ਤੇ ਨਫਰਤ ਮੌਤ ਵਿਚ ਵੀ ਕਾਇਮ ਰਹਿੰਦੀ ਹੈ। ਜਿਨ੍ਹਾਂ ਪਾਰਟੀਆਂ ਦੀ ਕੋਈ ਭਰੋਸੇਯੋਗਤਾ ਨਹੀਂ ਤੇ ਨਾ ਹੀ ਉਹ ਨਕਸ਼ੇ ਕਦਮਾਂ ''ਤੇ ਚੱਲਣ  ਵਾਲੀਆਂ ਜੀਵਨ ਦੀਆਂ ਕਦਰਾਂ-ਕੀਮਤਾਂ ਦੀਆਂ ਝੰਡਾਬਰਦਾਰ ਹਨ, ਅਜਿਹੀਆਂ ਪਾਰਟੀਆਂ ਦੇ ਜ਼ਿੰਦਾ ਰਹਿਣ ਦੀ ਕੋਈ ਸੰਭਾਵਨਾ ਨਹੀਂ ਤੇ ਉਨ੍ਹਾਂ ਦਾ ਮਰਨਾ ਤੈਅ ਹੈ। ਕਾਂਗਰਸ ਨੂੰ ਵੀ ਆਖਿਰ ਇਸ ਸੱਚਾਈ ਦਾ ਅਹਿਸਾਸ ਹੋਣ ਲੱਗਾ ਹੈ।                    
- ਆਕਾਰ ਪਟੇਲ
aakar.patel@gmail.com