ਯੂ. ਪੀ. ਵਿਚ ਭਾਜਪਾ ਨੂੰ ਮਹਿੰਗੀ ਪੈ ਸਕਦੀ ਹੈ ‘ਆਵਾਰਾ ਪਸ਼ੂਆਂ ਦੀ ਸਮੱਸਿਆ’

05/10/2019 6:39:37 AM

ਸਵਾਮੀਨਾਥਨ ਐੱਸ. ਏ. ਅਈਅਰ
ਪਵਿੱਤਰ ਗਊ ਇਕ ‘ਪਵਿੱਤਰ ਦਹਿਸ਼ਤ’ ਬਣ ਗਈ ਹੈ। ਯੂ. ਪੀ. ਦੇ ਇਕ ਦੌਰੇ ਤੋਂ ਪਤਾ ਲੱਗਾ ਕਿ ਜਿਹੜੇ ਬਹੁਤ ਸਾਰੇ ਮੁੱਦਿਆਂ ’ਤੇ ਨਵੀਂ ਦਿੱਲੀ ’ਚ ਗਰਮਾ-ਗਰਮ ਬਹਿਸ ਹੁੰਦੀ ਹੈ, ਪਿੰਡਾਂ ’ਚ ਸ਼ਾਇਦ ਹੀ ਉਨ੍ਹਾਂ ਦਾ ਜ਼ਿਕਰ ਹੁੰਦਾ ਹੋਵੇ। ਦੂਜੇ ਪਾਸੇ ਸ਼ਾਇਦ ਸਭ ਤੋਂ ਵੱਡੀ ਦਿਹਾਤੀ ਸਮੱਸਿਆ ਆਵਾਰਾ ਪਸ਼ੂਆਂ ਦਾ ਡਰ ਹੈ। ਹਰੇਕ ਪਾਰਟੀ ਇਹ ਗੱਲ ਮੰਨਦੀ ਵੀ ਹੈ ਪਰ ਇਸ ਦਾ ਕੋਈ ਵੀ ਹੱਲ ਸੁਝਾਉਣ ਦੀ ਹਿੰਮਤ ਨਹੀਂ ਕਰਦੀ। ਦਿਹਾਤੀਆਂ ਦਾ ਕਹਿਣਾ ਹੈ ਕਿ ਬੇਕਾਰ ਹੋ ਚੁੱਕੇ ਪਸ਼ੂਆਂ ਦੇ ਮਾਲਕ ਉਨ੍ਹਾਂ ਨੂੰ ਝੁੰਡਾਂ ’ਚ ਖੁੱਲ੍ਹੇ ਛੱਡ ਦਿੰਦੇ ਹਨ ਅਤੇ ਉਹ ਪਿੰਡਾਂ ’ਚ ਆਵਾਰਾ ਘੁੰਮਦੇ ਹੋਏ ਫਸਲਾਂ ਬਰਬਾਦ ਕਰ ਦਿੰਦੇ ਹਨ। ਇਹ ਪਸ਼ੂ ਸ਼ਾਇਦ ਭਾਜਪਾ ਦੇ ਚੋਣ ਮੌਕਿਆਂ ਨੂੰ ਵੀ ‘ਖਾ’ ਰਹੇ ਹਨ। ਭਾਜਪਾ ਦਾ ਮੰਨਣਾ ਹੈ ਕਿ ਗਊ ਰੱਖਿਆ ਇਕ ਹਰਮਨਪਿਆਰਾ ਅੰਦੋਲਨ ਹੈ, ਜੋ ਹਿੰਦੂ ਵੋਟਾਂ ਦਾ ਧਰੁਵੀਕਰਨ ਅਤੇ ਚੋਣਾਂ ਜਿੱਤਣ ’ਚ ਮਦਦ ਕਰੇਗਾ। ਸੱਚ ਇਸ ਦੇ ਬਿਲਕੁਲ ਉਲਟ ਹੋ ਸਕਦਾ ਹੈ। ਆਵਾਰਾ ਪਸ਼ੂਆਂ ਦੇ ਖਤਰੇ ਨੇ ਬਹੁਤ ਸਾਰੇ ਦਿਹਾਤੀਆਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ ਅਤੇ ਉਨ੍ਹਾਂ ’ਚੋਂ ਕੁਝ ਸ਼ਾਇਦ ਭਾਜਪਾ ਸਰਕਾਰ ਦੇ ਵਿਰੁੱਧ ਹੋ ਗਏ ਹਨ। ਭਾਰਤ ’ਚ ਸੱਤਾਧਾਰੀ ਪਾਰਟੀਆਂ ਲਈ ਸੱਤਾ ਵਿਰੋਧੀ ਲਹਿਰ ਹਮੇਸ਼ਾ ਹੀ ਇਕ ਸਮੱਸਿਆ ਰਹੀ ਹੈ। ਪਸ਼ੂਆਂ ਦੇ ਖਤਰੇ ਨੇ ਯੂ. ਪੀ. ’ਚ ਸੱਤਾ ਵਿਰੋਧੀ ਮੂਡ ਨੂੰ ਹੋਰ ਵੀ ਡੂੰਘਾ ਕਰ ਦਿੱਤਾ ਹੈ, ਇਥੋਂ ਤਕ ਕਿ ਉਨ੍ਹਾਂ ਲੋਕਾਂ ’ਚ ਵੀ, ਜਿਹੜੇ ਕਦੇ ਮੋਦੀ ਦੇ ਪ੍ਰਸ਼ੰਸਕ ਸਨ।

2014 ਦੀਆਂ ਆਮ ਚੋਣਾਂ ’ਚ ਰਾਜਗ ਨੇ ਯੂ. ਪੀ. ’ਚ 43 ਫੀਸਦੀ ਵੋਟਾਂ ਜਿੱਤੀਆਂ ਸਨ। ਸਪਾ, ਬਸਪਾ ਤੇ ਰਾਸ਼ਟਰੀ ਲੋਕਦਲ ਨੇ ਮਿਲ ਕੇ ਲੱਗਭਗ ਇੰਨੀਆਂ ਹੀ ਵੋਟਾਂ ਹਾਸਿਲ ਕੀਤੀਆਂ ਸਨ। ਸੱਤਾ ਵਿਰੋਧੀ ਲਹਿਰ ਦਾ ਅਰਥ ਇਹ ਹੋਇਆ ਕਿ ਰਾਜਗ ਦੀ ਵੋਟ ਹਿੱਸੇਦਾਰੀ ਕੁਝ ਘਟ ਸਕਦੀ ਹੈ, ਜਦਕਿ ਮਹਾਗੱਠਜੋੜ ਦੇ ਸਹਿਯੋਗੀਆਂ ਦੀ ਕੁਝ ਵਧ ਸਕਦੀ ਹੈ। ਵੋਟ ਹਿੱਸੇਦਾਰੀ ਦੇ ਮਾਮਲੇ ’ਚ ਫਰਕ ਬੇਸ਼ੱਕ ਨਾਟਕੀ ਨਹੀਂ ਹੋਵੇਗਾ ਪਰ ਸੀਟਾਂ ਜਿੱਤਣ ਦੇ ਮਾਮਲੇ ’ਚ ਬਹੁਤ ਨਾਟਕੀ ਹੋ ਸਕਦਾ ਹੈ। ਪ੍ਰਿਯੰਕਾ ਗਾਂਧੀ ਦੇ ਸਿਆਸਤ ’ਚ ਦਾਖਲੇ ਨੇ ਵੱਡੇ ਸ਼ਹਿਰਾਂ ’ਚ ਸੁਰਖ਼ੀਆਂ ਬਟੋਰੀਆਂ ਪਰ ਅਜਿਹਾ ਲੱਗਦਾ ਹੈ ਕਿ ਦਿਹਾਤੀ ਯੂ. ਪੀ. ’ਚ ਉਹ ਕਾਫੀ ਹੱਦ ਤਕ ਅਢੁੱਕਵੀਂ ਰਹੀ। ਪ੍ਰਿਯੰਕਾ ਦੇ ਆਉਣ ਨਾਲ ਸ਼ਾਇਦ ਕਾਂਗਰਸ ਦਾ ਮਨੋਬਲ ਵਧਿਆ ਹੋਵੇ ਪਰ ਯੂ. ਪੀ. ’ਚ ਲੜਾਈ ਜ਼ਿਆਦਾਤਰ ਭਾਜਪਾ ਅਤੇ ਸਪਾ-ਬਸਪਾ ਗੱਠਜੋੜ ਵਿਚਾਲੇ ਹੈ। ਸਿਰਫ ਕੁਝ ਦਿਹਾਤੀ ਖੇਤਰ ਹੀ ਕਾਂਗਰਸੀ ਉਮੀਦਵਾਰਾਂ ਨੂੰ ਗੰਭੀਰਤਾ ਨਾਲ ਲੈ ਰਹੇ ਹਨ। ਪ੍ਰਿਯੰਕਾ ਆਪਣੀ ਮਾਂ ਸੋਨੀਆ ਜਾਂ ਰਾਹੁਲ ਗਾਂਧੀ ਨਾਲੋਂ ਬਿਹਤਰ ਬੁਲਾਰਨ ਹੈ ਅਤੇ ਉਹ ਲੋਕਾਂ ਨਾਲ ਨੇੜਤਾ ਬਣਾਉਣ ਦੀ ਕੋਸ਼ਿਸ਼ ਵੀ ਕਰਦੀ ਹੈ ਪਰ ਇਸ ਨਾਲ ਬਹੁਤ ਘੱਟ ਮਦਦ ਮਿਲ ਰਹੀ ਹੈ।

‘ਨਿਆਯ’ ਬਨਾਮ ‘ਪ੍ਰਧਾਨ ਮੰਤਰੀ ਕਿਸਾਨ ਯੋਜਨਾ’

ਜ਼ਿਕਰਯੋਗ ਤੌਰ ’ਤੇ ਬਹੁਤ ਘੱਟ ਦਿਹਾਤੀ ‘ਨਿਆਯ’ ਬਾਰੇ ਜਾਣਦੇ ਜਾਂ ਉਸ ਦੀ ਪਰਵਾਹ ਕਰਦੇ ਹਨ, ਜੋ ਚੋਣਾਂ ਜਿੱਤਣ ’ਤੇ ਕਾਂਗਰਸ ਵਲੋਂ ਹਰੇਕ ਛੋਟੇ ਅਤੇ ਦਰਮਿਆਨੇ ਕਿਸਾਨ ਨੂੰ ਹਰ ਸਾਲ 72,000 ਰੁਪਏ ਦੇਣ ਦਾ ਚੋਣ ਵਾਅਦਾ ਹੈ। ਪਾਰਟੀ ਜਾਂ ਤਾਂ ਸੰਦੇਸ਼ ਲੋਕਾਂ ਤਕ ਸਹੀ ਢੰਗ ਨਾਲ ਪਹੁੰਚਾਉਣ ’ਚ ਨਾਕਾਮ ਰਹੀ ਹੈ ਜਾਂ ਇਸ ਨੂੰ ਯੂ. ਪੀ. ’ਚ ਇੰਨੀ ਅਢੁੱਕਵੀਂ ਪਾਰਟੀ ਵਜੋਂ ਦੇਖਿਆ ਜਾ ਰਿਹਾ ਹੈ ਕਿ ਕੋਈ ਵੀ ਇਸ ਦੇ ਵਾਅਦਿਆਂ ਨੂੰ ਨਹੀਂ ਸੁਣਨਾ ਚਾਹੁੰਦਾ। ਦੂਜੇ ਪਾਸੇ ਜ਼ਿਆਦਾਤਰ ਦਿਹਾਤੀ ਕਿਸਾਨਾਂ ਨੂੰ ਭਾਜਪਾ ਸਰਕਾਰ ਦੀ ‘ਪ੍ਰਧਾਨ ਮੰਤਰੀ ਕਿਸਾਨ ਯੋਜਨਾ’ ਦੀਆਂ ਇਕ ਜਾਂ ਦੋ ਕਿਸ਼ਤਾਂ ਮਿਲ ਚੁੱਕੀਆਂ ਹਨ। ‘ਪ੍ਰਧਾਨ ਮੰਤਰੀ ਕਿਸਾਨ ਯੋਜਨਾ’ 6000 ਰੁਪਏ ਸਾਲਾਨਾ ਨਾਲ ‘ਨਿਆਯ’ ਦੇ ਵਾਅਦੇ ਦਾ ਸਿਰਫ 12ਵਾਂ ਹਿੱਸਾ ਪੇਸ਼ ਕਰਦੀ ਹੈ ਪਰ ਦਿਹਾਤੀਆਂ ਦਾ ਮੰਨਣਾ ਹੈ ਕਿ 12 ਪੰਛੀ ਟਾਹਣੀ ’ਤੇ ਬੈਠੇ ਹੋਣ ਦੀ ਬਜਾਏ ਇਕ ਹੱਥ ’ਚ ਹੋਣਾ ਚੰਗਾ ਹੈ। ਨਰਿੰਦਰ ਮੋਦੀ ਦੇ ਸਮਰਥਕ ਮਜ਼ਬੂਤੀ ਨਾਲ ਟਿਕੇ ਹੋਏ ਹਨ। ਉਨ੍ਹਾਂ ਦੇ ਕੱਟੜ ਪ੍ਰਸ਼ੰਸਕ ਕਿਤੇ ਵੀ ਉਨ੍ਹਾਂ ਨਾਲ ਜਾਣਗੇ ਪਰ ਦੂਜੇ ਪਾਸੇ ਮੁਸਲਮਾਨ ਉਨ੍ਹਾਂ ਨੂੰ ‘ਦਾਨਵ’ ਵਜੋਂ ਦੇਖਦੇ ਹਨ ਅਤੇ ਉਹ ਭਾਜਪਾ ਦੇ ਵਿਰੋਧੀ ਉਮੀਦਵਾਰ ਨੂੰ ਵੋਟ ਦੇਣਾ ਚਾਹੁੰਦੇ ਹਨ। ਯੂ. ਪੀ. ਦੀ ਸਿਆਸਤ ਜਾਤ ਆਧਾਰਿਤ ਹੋਣ ਲਈ ਬਦਨਾਮ ਹੈ ਪਰ 2014 ’ਚ ਮੋਦੀ ਲਹਿਰ ਨੇ ਜਾਤ ਦੇ ਬੰਧਨਾਂ ਨੂੰ ਤੋੜਦਿਆਂ ਉਨ੍ਹਾਂ ਨੂੰ ਸ਼ਾਨਦਾਰ ਜਿੱਤ ਦਿਵਾਈ ਸੀ ਪਰ ਇਸ ਵਾਰ ਕੋਈ ਮੋਦੀ ਲਹਿਰ ਦਿਖਾਈ ਨਹੀਂ ਦਿੰਦੀ। ਜ਼ਿਆਦਾਤਰ ਲੋਕ ਜਾਤ ਦੇ ਆਧਾਰ ’ਤੇ ਵੋਟ ਦੇਣਗੇ, ਜਿਸ ਨਾਲ ਮਹਾਗੱਠਜੋੜ ਨੂੰ ਫਾਇਦਾ ਹੋਵੇਗਾ।

ਦਿਹਾਤੀਆਂ ਦੀ ਸ਼ਿਕਾਇਤ

ਦਿਹਾਤੀਆਂ ਦੀ ਸ਼ਿਕਾਇਤ ਹੈ ਕਿ ਉਨ੍ਹਾਂ ਨੂੰ ਦਿਨ-ਰਾਤ ਆਵਾਰਾ ਪਸ਼ੂਆਂ ਨੂੰ ਖਦੇੜ ਕੇ ਆਪਣੀਆਂ ਫਸਲਾਂ ਬਚਾਉਣੀਆਂ ਪੈਂਦੀਆਂ ਹਨ। ਇਹ ਬਹੁਤ ਪ੍ਰੇਸ਼ਾਨੀ ਵਾਲਾ ਅਤੇ ਖਰਚੀਲਾ ਕੰਮ ਹੈ। ਜੇ ਉਹ ਆਪਣੀਆਂ ਫਸਲਾਂ ਨੂੰ ਬਚਾਉਣ ’ਚ ਸਫਲ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ ਪਤਾ ਹੈ ਕਿ ਇਹ ਆਵਾਰਾ ਪਸ਼ੂ ਕਿਸੇ ਹੋਰ ਦੀਆਂ ਫਸਲਾਂ ਨੂੰ ਬਰਬਾਦ ਕਰ ਦੇਣਗੇ। ਸੂਬਾ ਸਰਕਾਰ ਬੁੱਢੇ ਹੋ ਚੁੱਕੇ ਪਸ਼ੂਆਂ ਦੀ ਦੇਖਭਾਲ ਲਈ ਹੋਰ ਜ਼ਿਆਦਾ ਗਊਸ਼ਾਲਾਵਾਂ ਬਣਾਉਣ ਦੀ ਗੱਲ ਕਰਦੀ ਹੈ ਪਰ ਮੌਜੂਦਾ ਗਊਸ਼ਾਲਾਵਾਂ ਦੇ ਪ੍ਰਬੰਧਕਾਂ ਕੋਲ ਵੀ ਉਥੇ ਰੱਖੇ ਪਸ਼ੂਆਂ ਲਈ ਪੱਠੇ (ਚਾਰਾ) ਖਰੀਦਣ ਲਈ ਫੰਡ ਨਹੀਂ ਹੈ। ਦਿਹਾਤੀਆਂ ਦਾ ਕਹਿਣਾ ਹੈ ਕਿ ਕੁਝ ਗਊਸ਼ਾਲਾਵਾਂ ਵਾਲੇ ਸ਼ਾਮ ਨੂੰ ਆਪਣੇ ਪਸ਼ੂ ਛੱਡ ਦਿੰਦੇ ਹਨ ਤਾਂ ਕਿ ਉਹ ਖ਼ੁਦ ਹੀ ਆਪਣੇ ਲਈ ਚਾਰਾ ਲੱਭ ਲੈਣ। ਸੂਬੇ ’ਚ ਲੱਗਭਗ 3 ਕਰੋੜ ਪਸ਼ੂ ਹਨ, ਜਿਨ੍ਹਾਂ ’ਚੋਂ ਸ਼ਾਇਦ 20 ਲੱਖ ਹਰ ਸਾਲ ‘ਬੇਕਾਰ’ (ਗੈਰ-ਉਤਪਾਦਕ) ਹੋ ਜਾਂਦੇ ਹਨ। ਉਨ੍ਹਾਂ ਦੀਆਂ ਲੋੜਾਂ ਸਿਰਫ ਮਨੁੱਖਾਂ ਦੀਆਂ ਲੋੜਾਂ ਦੀ ਕੀਮਤ ’ਤੇ ਪੂਰੀਆਂ ਕੀਤੀਆਂ ਜਾ ਸਕਦੀਆਂ ਹਨ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਬੇਸ਼ੱਕ ਇਸ ਨੂੰ ਇਕ ਹਿੰਦੂ ਜਿੱਤ ਵਜੋਂ ਦੇਖਦੇ ਹੋਣ ਪਰ ਇਹ ਇਕ ਆਰਥਿਕ ਤਬਾਹੀ ਹੈ, ਜੋ ਸਦੀਆਂ ਤੋਂ ਬਣੇ ਸਮਾਜਿਕ ਤੇ ਆਰਥਿਕ ਸੰਤੁਲਨ ਨੂੰ ਢਾਅ ਲਾ ਰਹੀ ਹੈ, ਜਿਸ ਨੇ ਸਦੀਆਂ ਤੋਂ ਪਸ਼ੂਆਂ ਨੂੰ ਇਕ ਵਰਦਾਨ ਬਣਾਈ ਰੱਖਿਆ ਸੀ, ਨਾ ਕਿ ਸਰਾਪ। (‘ਇਕੋਨਾਮਿਕਸ ਟਾਈਮਜ਼’ ਤੋਂ ਧੰਨਵਾਦ ਸਹਿਤ)

Bharat Thapa

This news is Content Editor Bharat Thapa