ਪਾਂਡੁਰੰਗ ਸ਼ਾਤਰੀ ਵਰਗਾ ਕੋਈ ਹੋਰ ਨਹੀਂ

10/20/2020 2:02:25 AM

ਡਾ. ਵੇਦਪ੍ਰਤਾਪ ਵੈਦਿਕ

ਅੱਜ ਪਾਂਡੁਰੰਗ ਸ਼ਾਸਤਰੀ ਆਠਵਲੇਜੀ ਦਾ 100ਵਾਂ ਜਨਮਦਿਨ ਹੈ। ਮੈਂ ਉਨ੍ਹਾਂ ਦੀ ਤੁਲਨਾ ਕਿਸ ਨਾਲ ਕਰਾਂ? ਪਿਛਲੇ 100 ਸਾਲਾਂ ’ਚ ਅਜਿਹੇ ਕਈ ਮਹਾਪੁਰਸ਼ ਹੋਏ ਹਨ, ਜਿਨ੍ਹਾਂ ਦੇ ਨਾਂ ਵਿਸ਼ਵ ਇਤਿਹਾਸ ’ਚ ਸੁਨਹਿਰੀ ਅੱਖਰਾਂ ’ਚ ਦਰਜ ਹੋਏ ਹਨ ਪਰ ਇਕੱਲੇ ਆਠਵਲੇਜੀ ਨੇ ਉਹ ਚਮਤਕਾਰੀ ਕੰਮ ਕਰ ਦਿਖਾਇਆ ਹੈ, ਜੋ ਬਸ ਉਨ੍ਹਾਂ ਨੇ ਹੀ ਕੀਤਾ ਹੈ, ਕਿਸੇ ਹੋਰ ਨੇ ਨਹੀਂ। ਮਹਾਰਾਸ਼ਟਰ ਅਤੇ ਗੁਜਰਾਤ ’ਚ ਖਾਸ ਤੌਰ ’ਤੇ ਭਾਰਤ ਅਤੇ ਹੋਰ ਲਗਭਗ 30 ਦੇਸ਼ਾਂ ’ਚ ਉਨ੍ਹਾਂ ਦੇ 50 ਲੱਖ ਤੋਂ ਵੀ ਵਧ ਪੈਰੋਕਾਰ ਰਹੇ ਹਨ।

ਹੁਣ ਤੋਂ ਲਗਭਗ 25 ਸਾਲ ਪਹਿਲਾਂ ਮੇਰੇ ਸੀਨੀਅਰ ਜਮਾਤੀ ਡਾ. ਰਮਨ ਸ਼੍ਰੀਵਾਸਤਵ ਅਤੇ ਗਾਂਧੀਵਾਦ ਸੱਜਣ ਸ਼੍ਰੀ ਰਾਜੀਵ ਵੋਰਾ ਨੇ ਅਾਠਵਲੇਜੀ ਦੇ ‘ਸਵਾਧਿਆਏ ਅੰਦੋਲਨ’ ਨੂੰ ਦੇਖਣ-ਪਰਖਣ ਦੀ ਬੇਨਤੀ ਮੈਨੂੰ ਕੀਤੀ।

ਉਨ੍ਹਾਂ ਦੀ ਬੇਨਤੀ ’ਤੇ ਮੈਂ 8 ਦਿਨ ਮਹਾਰਾਸ਼ਟਰ ਦੇ ਜੰਗਲਾਂ, ਸਮੁੰਦਰ ਦੇ ਕੰਢਿਆਂ ਅਤੇ ਪਹਾੜੀਅਾਂ ’ਚ ਬਿਤਾਏ। ਉਥੇ ਆਦੀਵਾਸੀਅਾਂ, ਦਲਿਤਾਂ, ਪੇਂਡੂਆਂ, ਮੁਸਲਮਾਨਾਂ, ਅਨਪੜ੍ਹ ਗਰੀਬਾਂ ਅਤੇ ਮਛੇਰਿਆਂ ਨਾਲ ਰੋਜ਼ ਗੱਲਬਾਤ ਹੁੰਦੀ ਸੀ ਅਤੇ ਰੋਜ਼ ਰਾਤ ਨੂੰ ਦਾਦਾ (ਆਠਵਲੇਜੀ) ਦੇ ਭਗਤਾਂ ਦੇ ਦਰਮਿਆਨ ਮੇਰਾ ਭਾਸ਼ਣ ਹੁੰਦਾ ਸੀ। ਮੈਂ ਇਹ ਦੇਖ ਕੇ ਦੰਗ ਰਹਿ ਜਾਂਦਾ ਸੀ ਕਿ ਪਿੰਡਾਂ ਦੇ ਇਹ ਸਾਰੇ ਲੋਕ ਸ਼ਾਕਾਹਾਰੀ ਬਣ ਗਏ ਸਨ। ਮਛੇਰਿਆਂ ਨੇ ਵੀ ਮੱਛੀ ਖਾਣੀ ਛੱਡ ਦਿੱਤੀ ਸੀ। ਕਈ ਡਾਕੂਆਂ ਨੇ ਵੀ ਡਾਕੇ ਮਾਰਨੇ, ਹੱਤਿਆ, ਚੋਰੀ-ਚਕਾਰੀ ਛੱਡ ਕੇ ਸਵਾਧਿਆਏ ਦੇ ਭਗਤੀ ਮਾਰਗ ਨੂੰ ਅਪਣਾ ਲਿਆ ਸੀ।

ਉਨ੍ਹਾਂ ਦੇ ਭਾਸ਼ਣਾਂ ’ਚ ਜੋ ਮੇਰੀ ਪ੍ਰਤੀਕਿਰਿਆ ਹੁੰਦੀ ਸੀ, ਉਸਨੂੰ ਮੁੰਬਈ ਦੇ ਸ਼੍ਰੀ ਮਹੇਸ਼ ਸ਼ਾਹ ਦਾਤਾ ਨੂੰ ਰੋਜ਼ ਫੋਨ ’ਤੇ ਦਸ ਦਿੰਦੇ ਹੁੰਦੇ ਸਨ। ਇਹ ਮੈਨੂੰ ਉਦੋਂ ਪਤਾ ਲੱਗਾ ਜਦੋਂ ਮੈਂ ਇਕ ਵੱਡੇ ਸਮਾਗਮ ’ਚ ਪਹਿਲੀ ਵਾਰ ਦਾਦਾ ਨੂੰ ਮੁੰਬਈ ’ਚ ਮਿਲਿਆ। ਦਾਦਾ ਨੇ ਮੈਨੂ ਕਿਹਾ ਸਵਾਧਿਆਏ ਦੇ ਬਾਰੇ ’ਚ ਤੁਹਾਡੀ ਪ੍ਰਤੀਕਿਰਿਆ ਉਹੀ ਹੈ, ਜੋ ਕਦੀ ਡਾਕਟਰ ਸਰਵਪੱਲੀ ਰਾਧਾਕ੍ਰਿਸ਼ਨਨ ਦੀ ਸੀ। ਉਸਦੇ ਬਾਅਦ ਦਾਦਾ ਜਦੋਂ ਤਕ ਜ਼ਿੰਦਾ ਰਹੇ (2003), ਉਹ ਮੈਨੂੰ ਹਰ ਸਮਾਗਮ ’ਚ ਵਿਸ਼ੇਸ਼ ਮਹਿਮਾਨ ਵਜੋਂ ਬੁਲਾਉਂਦੇ ਸਨ।

ਉਨ੍ਹਾਂ ਦੇ ਨਾਲ ਮੈਂ ਮੁੰਬਈ, ਰਾਜਕੋਟ, ਪੂਣੇ ਆਦਿ ’ਚ ਕਈ ਸਭਾਵਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਦੇ ਸਾਲਾਨਾ ਉਤਸਵਾਂ ’ਚ 20 ਤੋਂ 25 ਲੱਖ ਭਗਤਾਂ ਦੀ ਹਾਜ਼ਰੀ ਆਮ ਗੱਲ ਸੀ। ਇੰਨੇ ਲੋਕ ਤਾਂ ਮੈਂ ਕਿਸੇ ਪ੍ਰਧਾਨ ਮੰਤਰੀ ਦੀ ਰੈਲੀ ’ਚ ਵੀ ਨਹੀਂ ਦੇਖੇ ਅਤੇ ਸੁਣੇ। ਉਨ੍ਹਾਂ ਦੀ ਸਭਾ ਦੇ ਲਈ ਇਕ ਸਾਲ ਭਾਰ ਪਹਿਲਾਂ ਤੋਂ ਜਾਂ ਤਾਂ ਸਮੁੰਦਰ ’ਚ ਹਜ਼ਾਰਾਂ ਕਿਸ਼ਤੀਆਂ ਦਾ ਪ੍ਰਬੰਧ ਕੀਤਾ ਜਾਂਦਾ ਸੀ ਜਾਂ ਫਿਰ ਜੰਗਲਾਂ ਨੂੰ ਸਾਫ-ਸੁਥਰਾ ਕੀਤਾ ਜਾਂਦਾ ਸੀ। ਮੰਚ ’ਤੇ ਅਕਸਰ ਉਹ ਜਾਂ ਮੈਂ ਹੀ ਬੈਠਦੇ ਸੀ।

ਮੈਂ ਉਨ੍ਹਾਂ ਦੀਆਂ ਸਭਾਵਾਂ ’ਚ ਕਈ ਸੰਸਦ ਮੈਂਬਰਾਂ, ਮੰਤਰੀਆਂ, ਮੁੱਖ ਮੰਤਰੀਆਂ, ਰਾਜਪਾਲਾਂ ਅਤੇ ਉਪ ਰਾਜਪਾਲਾਂ ਨੂੰ ਵੀ ਹੇਠਾਂ ਬੈਠੇ ਹੋਏ ਦੇਖਿਆ ਹੈ। ਉਹ ਪਰਮ ਵਿਦਵਾਨ ਅਤੇ ਅਦਭੁੱਤ ਬੁਲਾਰੇ ਸਨ। ਉਨ੍ਹਾਂ ਨੇ ਕਈ ਗ੍ਰੰਥਾਂ ਦੀ ਰਚਨਾ ਕੀਤੀ ਹੈ। ਉਹ ਬੜੇ ਹੀ ਮਿਲਾਪੜੇ ਅਤੇ ਭਾਵੁਕ ਸ਼ਖਸੀਅਤ ਦੇ ਮਾਲਕ ਸਨ। ਉਨ੍ਹਾਂ ਦਾ ਮੂਲ ਮੰਤਰ ਸਿਰਫ ਇਕ ਹੀ ਸੀ ਮੇਰੇ ਦਿਲ ’ਚ ਵੀ ਉਹੀ ਭਗਵਾਨ ਬੈਠਾ ਹੈ ਜੋ ਤੇਰੇ ਦਿਲ ’ਚ। ਇਸ ਲਈ ਤੂੰ ਹਿੰਸਾ ਨਾ ਕਰ, ਚੋਰੀ ਨਾ ਕਰ, ਝੂਠ ਨਾ ਬੋਲ , ਧੋਖਾ ਨਾ ਦੇ।

2003 ’ਚ ਜਦੋਂ ਸ਼ੂਗਰ ਦੇ ਕਾਰਨ ਉਨ੍ਹਾਂ ਦਾ ਇਕ ਪੈਰ ਡਾਕਟਰਾਂ ਨੂੰ ਅੱਧਾ ਕੱਟਣਾ ਪਿਆ ਤਾਂ ਉਨ੍ਹਾਂ ਨੇ ਮੈਨੂੰ ਫੋਨ ਕੀਤਾ, ਉਸ ਦਿਨ ਮੈਂ ਦੁਬਈ ’ਚ ਸੀ। ਦੂਸਰੇ ਦਿਨ ਜਦੋਂ ਮੈਂ ਉਨ੍ਹਾਂ ਨੂੰ ਮੁੰਬਈ ’ਚ ਮਿਲਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਸਵਾਧਿਆਏ ਅੰਦੋਲਨ ਨੂੰ ਮੈਂ ਤੁਹਾਡੇ ਜ਼ਿੰਮੇ ਕਰਦਾ ਹਾਂ। ਇਸ ਨੂੰ ਤੁਸੀਂ ਚਲਾਓ। ਇਸਦੇ 50 ਲੱਖ ਭਗਤ ਹਨ। ਇਸਦੀਆਂ 400 ਕਰੋੜ ਦੀਆਂ ਜਾਇਦਾਦਾਂ ਹਨ, ਇਹ ਕਈ ਦੇਸ਼ਾਂ ’ਚ ਫੈਲਿਆ ਹੋਇਆ ਹੈ। ਦਾਦਾ ਦਾ ਇਹ ਉੱਤਰਾਧਿਕਾਰ ਲੈਣ ਤੋਂ ਮੇਰੇ ਵਲੋਂ ਨਾਂਹ ਕਰਨ ’ਤੇ ਇਹ ਉਨ੍ਹਾਂ ਨੇ ਆਪਣੀ ਭਤੀਜੀ ਜੈਸ਼੍ਰੀ ਤਲਵਲਕਰ ਨੂੰ ਸੌਂਪ ਦਿੱਤਾ। ਅੱਜ ‘ਦਾਦਾ’ ਵਰਗੇ ਮਹਾਪੁਰਸ਼ਾਂ ਦੀ ਦੇਸ਼ ਨੂੰ ਸਖਤ ਲੋੜ ਹੈ। ਉਨ੍ਹਾਂ ਨੂੰ ਮੇਰੀ ਹਾਰਦਿਕ ਅਤੇ ਬੜੀ ਨਿਮਰਤਾ ਭਰੀ ਸ਼ਰਧਾਂਜਲੀ।

Bharat Thapa

This news is Content Editor Bharat Thapa