ਗੁਲਾਮ ਕਸ਼ਮੀਰ ’ਚ ਉੱਠੀ ਪਾਕਿਸਤਾਨ ਤੋਂ ‘ਆਜ਼ਾਦੀ’ ਦੀ ਆਵਾਜ਼

09/11/2019 2:22:08 AM

ਵਿਸ਼ਨੂੰ ਗੁਪਤ

ਧਾਰਾ-370 ਹਟਾਏ ਜਾਣ ਦੀ ਭਾਰਤ ਦੀ ਬਹਾਦਰੀ ਹੁਣ ਪਾਕਿਸਤਾਨ ਦੀ ਹੋਂਦ ’ਤੇ ਨਾ ਸਿਰਫ ਭਾਰੀ ਪੈ ਰਹੀ ਹੈ, ਸਗੋਂ ਗੁਲਾਮ ਕਸ਼ਮੀਰ ’ਚ ਵੀ ਪਾਕਿਸਤਾਨ ਲਈ ਖ਼ਤਰੇ ਦੀ ਘੰਟੀ ਵੱਜ ਚੁੱਕੀ ਹੈ, ਇਹ ਵੱਖਰੀ ਗੱਲ ਹੈ ਕਿ ਪਾਕਿਸਤਾਨ ਦੀ ਪੁਲਸ ਅਤੇ ਫੌਜ ਗੁਲਾਮ ਕਸ਼ਮੀਰ ’ਚ ਵੱਜ ਰਹੀ ਖ਼ਤਰੇ ਦੀ ਇਸ ਘੰਟੀ ਨੂੰ ਬੰਦ ਕਰਵਾਉਣ ਲਈ ਤਸ਼ੱਦਦ ਅਤੇ ਜ਼ੁਲਮ ਦਾ ਸਹਾਰਾ ਲੈ ਰਹੀ ਹੈ।

ਫਿਰ ਵੀ ਖ਼ਤਰੇ ਦੀ ਘੰਟੀ ਦੀ ਆਵਾਜ਼ ਦੁਨੀਆ ਤਕ ਕਿਵੇਂ ਨਹੀਂ ਪਹੁੰਚੇਗੀ? ਇਹ ਆਵਾਜ਼ ਪੂਰੀ ਦੁਨੀਆ ’ਚ ਸੁਣੀ ਜਾ ਰਹੀ ਹੈ ਅਤੇ ਦੁਨੀਆ ਦੀਆਂ ਅਖ਼ਬਾਰਾਂ ਦੀ ਸੁਰਖ਼ੀ ਵੀ ਬਣ ਰਹੀ ਹੈ। ਜਦੋਂ ਗੁਲਾਮ ਕਸ਼ਮੀਰ (ਪੀ. ਓ. ਕੇ.) ਵਿਚ ਪਾਕਿਸਤਾਨ ਤੋਂ ਆਜ਼ਾਦੀ ਨੂੰ ਲੈ ਕੇ ਆਵਾਜ਼ ਉੱਠੇਗੀ, ਪਾਕਿਸਤਾਨ ਦੇ ਜ਼ੁਲਮਾਂ ਵਿਰੁੱਧ ਲੋਕ ਸੜਕਾਂ ’ਤੇ ਉਤਰਨਗੇ, ਉਦੋਂ ਦੁਨੀਆ ਦੀ ਰਾਇ ਅਤੇ ਦੁਨੀਆ ਨੂੰ ਕੰਟਰੋਲ ਕਰਨ ਵਾਲੇ ਕੌਮਾਂਤਰੀ ਸੰਗਠਨਾਂ ’ਤੇ ਵੀ ਦਬਾਅ ਜ਼ਰੂਰ ਪਵੇਗਾ। ਸਿਰਫ ਇੰਨਾ ਹੀ ਨਹੀਂ, ਪਾਕਿਸਤਾਨ ਨੂੰ ਆਪਣੀ ਤਾਨਾਸ਼ਾਹੀ ਖਤਮ ਕਰਨ ਦੀ ਨਸੀਹਤ ਵੀ ਮਿਲੇਗੀ।

ਪਾਕਿਸਤਾਨ ਦੀ ਅੰਦਰੂਨੀ ਸਮੱਸਿਆ ਅਤੇ ਗੁਲਾਮ ਕਸ਼ਮੀਰ ਦਾ ਸਵਾਲ ਭਾਰਤ ਲਈ ਬਹੁਤ ਰਾਹਤ ਵਾਲਾ ਰਿਹਾ ਹੈ। ਪਾਕਿਸਤਾਨ ਵਲੋਂ ਪ੍ਰਾਯੋਜਿਤ ਪ੍ਰਾਪੇਗੰਡਾ ਦੁਨੀਆ ਵਿਚ ਇਸ ਲਈ ਕਾਰਗਰ ਸਿੱਧ ਨਹੀਂ ਹੋਇਆ ਕਿਉਂਕਿ ਖ਼ੁਦ ਪਾਕਿਸਤਾਨ ਆਪਣੀਆਂ ਅੰਦਰੂਨੀ ਸਮੱਸਿਆਵਾਂ ਨੂੰ ਕਾਬੂ ਕਰਨ ਲਈ ਫੌਜ ਅਤੇ ਪੁਲਸ ਦੇ ਜ਼ੁਲਮਾਂ ਦਾ ਸਹਾਰਾ ਲੈਂਦਾ ਹੈ। ਇਹੋ ਵਜ੍ਹਾ ਹੈ ਕਿ ਧਾਰਾ-370 ਹਟਾਉਣ ਵਿਰੁੱਧ ਪਾਕਿਸਤਾਨ ਦੇ ਵਿਰੋਧ ਅਤੇ ਧਮਕੀਆਂ ਨੂੰ ਦੁਨੀਆ ਨੇ ਲੱਗਭਗ ਅਣਸੁਣਿਆ ਕਰ ਦਿੱਤਾ। ਗੁਲਾਮ ਕਸ਼ਮੀਰ ਦੀ ਆਜ਼ਾਦੀ ਦਾ ਸਵਾਲ ਹੁਣ ਪਾਕਿਸਤਾਨ ਲਈ ਖ਼ਤਰੇ ਦੀ ਘੰਟੀ ਬਣ ਗਿਆ ਹੈ। ਪਾਕਿਸਤਾਨ ਦੀ ਫੌਜ ਤੇ ਪੁਲਸ ਦੀਆਂ ਕਰਤੂਤਾਂ ਹੁਣ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਸਵਾਲ ਵੀ ਬਣਨਗੀਆਂ।

ਦੁਨੀਆ ਦਾ ਧਿਆਨ ਖਿੱਚਣ ਵਾਲਾ ਅੰਦੋਲਨ

ਹੁਣੇ-ਹੁਣੇ ਗੁਲਾਮ ਕਸ਼ਮੀਰ ’ਚ ਪਾਕਿਸਤਾਨ ਤੋਂ ਮੁਕਤੀ ਨੂੰ ਲੈ ਕੇ ਬਹੁਤ ਵੱਡਾ ਅਤੇ ਦੁਨੀਆ ਦਾ ਧਿਆਨ ਖਿੱਚਣ ਵਾਲਾ ਅੰਦੋਲਨ ਹੋਇਆ ਹੈ। ਇਹ ਅੰਦੋਲਨ ਜੇ. ਕੇ. ਐੱਲ. ਐੱਫ. ਦੇ ਮੁਖੀ ਮੁਹੰਮਦ ਸਗੀਰ ਦੀ ਅਗਵਾਈ ਹੇਠ ਸ਼ੁਰੂ ਹੋਇਆ। ਪਾਕਿਸਤਾਨ ਵਿਰੋਧੀ ਇਸ ਅੰਦੋਲਨ ’ਚ ਹਜ਼ਾਰਾਂ ਲੋਕ ਸ਼ਾਮਿਲ ਹੋਏ, ਜਿਨ੍ਹਾਂ ਨੇ ਪਾਕਿਸਤਾਨ ਤੋਂ ਆਜ਼ਾਦੀ ਦੀ ਮੰਗ ਕੀਤੀ ਅਤੇ ਕੌਮਾਂਤਰੀ ਭਾਈਚਾਰੇ ਨੂੰ ਸਵੈ-ਨਿਰਣੇ ਦਾ ਅਧਿਕਾਰ ਦਿਵਾਉਣ ਦੀ ਅਪੀਲ ਕੀਤੀ।

ਜੇ. ਕੇ. ਐੱਲ. ਐੱਫ. ਦੇ ਇਸ ਅੰਦੋਲਨ ਨੇ ਪਾਕਿਸਤਾਨ ਦੀਆਂ ਨੀਂਦਾਂ ਉਡਾ ਦਿੱਤੀਆਂ ਹਨ। ਪਾਕਿਸਤਾਨ ਦੀਆਂ ਨੀਂਦਾਂ ਇਸ ਲਈ ਉੱਡੀਆਂ ਹਨ ਕਿ ਧਾਰਾ-370 ਹਟਾਏ ਜਾਣ ਵਿਰੁੱਧ ਉਸ ਦਾ ਪ੍ਰਾਪੇਗੰਡਾ ਬੇਪਰਦਾ ਨਾ ਹੋ ਜਾਵੇ ਅਤੇ ਕੌਮਾਂਤਰੀ ਭਾਈਚਾਰਾ ਖ਼ੁਦ ਗੁਲਾਮ ਕਸ਼ਮੀਰ ਅਤੇ ਬਲੋਚਿਸਤਾਨ ’ਚ ਕੀਤੇ ਜਾ ਰਹੇ ਜ਼ੁਲਮਾਂ ਨੂੰ ਲੈ ਕੇ ਪਾਕਿਸਤਾਨ ਦੀ ਧੌਣ ਨਾ ਨੱਪ ਲਵੇ। ਇਹੋ ਵਜ੍ਹਾ ਹੈ ਕਿ ਪਾਕਿਸਤਾਨ ਨੇ ਜੇ. ਕੇ. ਐੱਲ. ਐੱਫ. ਅੰਦੋਲਨ ਕਮਜ਼ੋਰ ਕਰਨ ਦੇ ਸਾਰੇ ਹੱਥਕੰਡੇ ਅਪਣਾਏ। ਸਭ ਤੋਂ ਪਹਿਲਾਂ ਇਸਲਾਮ ਦਾ ਹਵਾਲਾ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਗੁਲਾਮ ਕਸ਼ਮੀਰ ਦੀ ਜਨਤਾ ਨਹੀਂ ਮੰਨੀ। ਫਿਰ ਫੌਜ ਅਤੇ ਪੁਲਸ ਦੇ ਤਸ਼ੱਦਦ ਦਾ ਸਹਾਰਾ ਲਿਆ ਗਿਆ।

ਜੇ. ਕੇ. ਐੱਲ. ਐੱਫ. ਦਾ ਦਾਅਵਾ ਹੈ ਕਿ ਪਾਕਿਸਤਾਨ ਦੀ ਪੁਲਸ ਨੇ ਲੱਗਭਗ 40 ਅੰਦੋਲਨਕਾਰੀਆਂ ਨੂੰ ਗ੍ਰਿਫਤਾਰ ਕਰ ਕੇ ਜੇਲਾਂ ਵਿਚ ਬੰਦ ਕਰ ਦਿੱਤਾ ਹੈ। ਇੰਨਾ ਹੀ ਨਹੀਂ, ਸਗੋਂ ਅੰਦੋਲਨਕਾਰੀਆਂ ਦੇ ਪਰਿਵਾਰਾਂ ’ਤੇ ਵੀ ਜ਼ੁਲਮ ਜਾਰੀ ਹਨ। ਇਹ ਸਹੀ ਹੈ ਕਿ ਪਾਕਿਸਤਾਨ ਨੇ ਕਸ਼ਮੀਰ ਦੇ ਵੱਡੇ ਜ਼ਮੀਨੀ ਹਿੱਸੇ ਨੂੰ ਕਬਜ਼ੇ ਵਿਚ ਤਾਂ ਜ਼ਰੂਰ ਲੈ ਲਿਆ ਸੀ ਪਰ ਗੁਲਾਮ ਕਸ਼ਮੀਰ ਦੇ ਲੋਕਾਂ ਨੂੰ ਆਜ਼ਾਦੀ ਕਦੇ ਨਹੀਂ ਮਿਲੀ ਅਤੇ ਇਹ ਲੋਕ ਸਿਰਫ ਪਾਕਿਸਤਾਨ ਦੇ ਗੁਲਾਮ ਬਣ ਕੇ ਰਹਿ ਗਏ। ਸ਼ਾਸਨ-ਪ੍ਰਸ਼ਾਸਨ ਅਤੇ ਵਿਕਾਸ ਦੇ ਮਾਮਲੇ ’ਚ ਇਹ ਵਿਤਕਰੇ ਦੇ ਸ਼ਿਕਾਰ ਹਨ। ਗੁਲਾਮ ਕਸ਼ਮੀਰ ਦੇ ਸੋਮਿਆਂ ਦੀ ਵਰਤੋਂ ਪਾਕਿਸਤਾਨ ਦੀ ਭਲਾਈ ਅਤੇ ਪਾਕਿਸਤਾਨ ਦੇ ਵਿਕਾਸ ਲਈ ਕੀਤੀ ਜਾਂਦੀ ਹੈ ਪਰ ਗੁਲਾਮ ਕਸ਼ਮੀਰ ਨੂੰ ਕੁਝ ਨਹੀਂ ਮਿਲਦਾ। ਗੁਲਾਮ ਕਸ਼ਮੀਰ ਨੂੰ ਸਿਰਫ ਭਾਰਤ ਵਿਰੋਧੀ ਹੱਥਕੰਡਾ ਬਣਾ ਕੇ ਰੱਖਿਆ ਗਿਆ ਹੈ।

ਪਾਕਿਸਤਾਨ ਨੇ ਗੁਲਾਮ ਕਸ਼ਮੀਰ ਨੂੰ ਕਿਵੇਂ ਹੜੱਪਿਆ ਸੀ, ਇਹ ਕੌਣ ਨਹੀਂ ਜਾਣਦਾ। ਪਾਕਿਸਤਾਨ ਦੀ ਫੌਜ ਨੇ ਭੇਸ ਬਦਲ ਕੇ, ਭਾਵ ਕਬਾਇਲੀਆਂ ਦੇ ਭੇਸ ਵਿਚ ਕਸ਼ਮੀਰ ’ਤੇ ਹਮਲਾ ਕੀਤਾ ਸੀ ਅਤੇ ਕਸ਼ਮੀਰ ਦੇ ਵੱਡੇ ਜ਼ਮੀਨੀ ਹਿੱਸੇ ’ਤੇ ਕਬਜ਼ਾ ਕਰ ਲਿਆ ਸੀ। ਮਹਾਰਾਜਾ ਹਰੀ ਸਿੰਘ ਨੇ ਬਿਨਾਂ ਸ਼ਰਤ ਜੰਮੂ-ਕਸ਼ਮੀਰ ਭਾਰਤ ਵਿਚ ਮਿਲਾ ਦਿੱਤਾ ਸੀ। ਭਾਰਤੀ ਫੌਜ ਨੇ ਬਹਾਦਰੀ ਦਿਖਾਈ ਅਤੇ ਪਾਕਿਸਤਾਨ ਦੀ ਫੌਜ ਨੂੰ ਬਹੁਤ ਦੂਰ ਤਕ ਖਦੇੜ ਵੀ ਦਿੱਤਾ ਸੀ ਪਰ ਪੰ. ਜਵਾਹਰ ਲਾਲ ਨਹਿਰੂ ਨੇ ਭਾਰਤੀ ਫੌਜ ਦੇ ਹੱਥ ਬੰਨ੍ਹ ਦਿੱਤੇ। ਸਿੱਟੇ ਵਜੋਂ ਕਸ਼ਮੀਰ ਦੇ ਵੱਡੇ ਜ਼ਮੀਨੀ ਹਿੱਸੇ ’ਤੇ ਪਾਕਿਸਤਾਨ ਦਾ ਕਬਜ਼ਾ ਹੋ ਗਿਆ।

ਭਾਰਤੀ ਸ਼ਾਸਕਾਂ ’ਚ ਦਲੇਰੀ ਦੀ ਘਾਟ ਕਾਰਨ ਹੀ ਅੱਜ ਤਕ ਗੁਲਾਮ ਕਸ਼ਮੀਰ ਪਾਕਿਸਤਾਨ ਦੇ ਕਬਜ਼ੇ ਵਿਚ ਹੈ। ਜੇ ਭਾਰਤੀ ਸ਼ਾਸਕਾਂ ਨੇ ਦਲੇਰੀ ਦਿਖਾਈ ਹੁੰਦੀ ਤਾਂ ਅੱਜ ਗੁਲਾਮ ਕਸ਼ਮੀਰ ਵੀ ਭਾਰਤ ਦਾ ਅੰਗ ਹੁੰਦਾ। ਸੱਚ ਤਾਂ ਇਹ ਹੈ ਕਿ ਭਾਰਤੀ ਸ਼ਾਸਕਾਂ ਨੇ ਉਸ ਨੂੰ ਲੈ ਕੇ ਕਦੇ ਗੰਭੀਰ ਯਤਨ ਕੀਤੇ ਹੀ ਨਹੀਂ ਅਤੇ ਨਾ ਹੀ ਪਾਕਿਸਤਾਨ ਨੂੰ ਕੌਮਾਂਤਰੀ ਮੰਚ ’ਤੇ ਘੇਰਨ ਦੀ ਗੰਭੀਰਤਾ ਨਾਲ ਕੋਸ਼ਿਸ਼ ਕੀਤੀ, ਜਦਕਿ ਪਾਕਿਸਤਾਨ ਨੂੰ ਘੇਰਨ ਲਈ ਦਲੀਲਾਂ ਵੀ ਸਨ ਅਤੇ ਤੱਥ ਵੀ।

ਪਾਕਿਸਤਾਨ ਨੇ ਗੁਲਾਮ ਕਸ਼ਮੀਰ ਨੂੰ ਇਕ ਵੱਖਰੇ ਖੇਤਰ ਵਜੋਂ ਸਵੀਕਾਰ ਕੀਤਾ ਸੀ, ਉਹ ਪਾਕਿਸਤਾਨ ਦਾ ਅੰਗ ਨਹੀਂ ਸੀ। ਫਿਰ ਵੀ ਪਾਕਿਸਤਾਨ ਨੇ ਉਸ ਨੂੰ ਆਪਣੇ ਇਕ ਅੰਗ ਵਜੋਂ ਤਬਦੀਲ ਕਰ ਲਿਆ। ਗੁਲਾਮ ਕਸ਼ਮੀਰ ਦੇ ਲੋਕਾਂ ਨੂੰ ਚੋਣਾਂ ਲੜਨ ਜਾਂ ਕੋਈ ਸਰਕਾਰੀ ਦਸਤਾਵੇਜ਼ ਹਾਸਿਲ ਕਰਨ ਲਈ ਇਹ ਕਹਿਣਾ ਪੈਂਦਾ ਹੈ ਕਿ ਉਹ ਪਾਕਿਸਤਾਨ ਦੇ ਨਾਗਰਿਕ ਹਨ ਅਤੇ ਪਾਕਿਸਤਾਨ ਦੇ ਸੰਵਿਧਾਨ ਵਿਚ ਭਰੋਸਾ ਰੱਖਦੇ ਹਨ। ਗੁਲਾਮ ਕਸ਼ਮੀਰ ਦੀ ਸੱਤਾ ਨੂੰ ਵੀ ਪਾਕਿਸਤਾਨ ਦਾ ਸੰਵਿਧਾਨ ਹੀ ਕੰਟਰੋਲ ਕਰਦਾ ਹੈ।

ਚੀਨ ਦਾ ਦਖ਼ਲ

ਗੁਲਾਮ ਕਸ਼ਮੀਰ ’ਚ ਸੱਤਾ ਪਾਕਿਸਤਾਨ ਵਲੋਂ ਸਪਾਂਸਰ ਹੁੰਦੀ ਹੈ ਅਤੇ ਉਥੋਂ ਦੀ ਸੱਤਾ ’ਤੇ ਪਾਕਿਸਤਾਨ ਵਿਰੋਧੀ ਸ਼ਖ਼ਸ ਨਹੀਂ ਬੈਠ ਸਕਦਾ। ਪਾਕਿਸਤਾਨ ਨੇ ਗੁਲਾਮ ਕਸ਼ਮੀਰ ਦਾ ਇਕ ਵੱਡਾ ਹਿੱਸਾ ਚੀਨ ਨੂੰ ਸੌਂਪਿਆ ਹੋਇਆ ਹੈ। ਇਹ ਗੁਲਾਮ ਕਸ਼ਮੀਰ ਦੇ ਲੋਕਾਂ ਨਾਲ ਸਰਾਸਰ ਬੇਇਨਸਾਫੀ ਹੈ। ਚੀਨ ਨੇ ਗੁਲਾਮ ਕਸ਼ਮੀਰ ’ਚ ਕਿਹੋ ਜਿਹੀ ਖੇਡ ਖੇਡੀ ਹੈ, ਇਹ ਵੀ ਸਭ ਨੂੰ ਪਤਾ ਹੈ। ਸੱਚ ਤਾਂ ਇਹ ਹੈ ਕਿ ਚੀਨ ਨੇ ਗੁਲਾਮ ਕਸ਼ਮੀਰ ਦੇ ਲੋਕਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਕੇ ਉਨ੍ਹਾਂ ਦੇ ਭਵਿੱਖ ਦੀ ਕਬਰ ਪੁੱਟ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਚੀਨ ਦੇ ਕਈ ਰਣਨੀਤਕ ਟਿਕਾਣੇ ਗੁਲਾਮ ਕਸ਼ਮੀਰ ’ਚ ਹਨ, ਜਿਨ੍ਹਾਂ ਦੇ ਜ਼ਰੀਏ ਉਹ ਭਾਰਤ ਦੀ ਸੁਰੱਖਿਆ ਨੂੰ ਚੁਣੌਤੀ ਵੀ ਦਿੰਦਾ ਹੈ ਅਤੇ ਡਰਾਉਂਦਾ-ਧਮਕਾਉਂਦਾ ਵੀ ਹੈ। ਇਹ ਵੀ ਸਭ ਨੂੰ ਪਤਾ ਹੈ ਕਿ ਭਾਰਤ ਵਿਰੁੱਧ ਪਾਕਿਸਤਾਨ ਅਤੇ ਚੀਨ ਦਾ ਗੱਠਜੋੜ ਕਿਵੇਂ ਕੰਮ ਕਰਦਾ ਹੈ। ਧਾਰਾ-370 ਦੇ ਮੁੱਦੇ ’ਤੇ ਭਾਰਤ ਦੀ ਦਿਖਾਈ ਦਲੇਰੀ ਨੂੰ ਲੈ ਕੇ ਪਾਕਿਸਤਾਨ ਨੇ ਖੂਬ ਰੌਲਾ ਪਾਇਆ ਪਰ ਉਸ ਨੂੰ ਦੁਨੀਆ ਭਰ ਤੋਂ ਨਮੋਸ਼ੀ ਮਿਲੀ। ਦੁਨੀਆ ਦੇ ਲੱਗਭਗ ਸਾਰੇ ਦੇਸ਼ਾਂ ਨੇ ਪਾਕਿਸਤਾਨ ਦੇ ਨਜ਼ਰੀਏ ਨੂੰ ਖਾਰਿਜ ਕਰ ਦਿੱਤਾ ਪਰ ਚੀਨ ਹੀ ਇਕੋ-ਇਕ ਅਜਿਹਾ ਦੇਸ਼ ਹੈ, ਜੋ ਪਾਕਿਸਤਾਨ ਨਾਲ ਖੜ੍ਹਾ ਰਿਹਾ। ਇਥੋਂ ਤਕ ਕਿ ਉਹ ਪਾਕਿਸਤਾਨ ਦੀ ਸਹਾਇਤਾ ਲਈ ਅਤੇ ਭਾਰਤ ਦੇ ਵਿਰੁੱਧ ਸੰਯੁਕਤ ਰਾਸ਼ਟਰ ਵਿਚ ਵੀ ਗਿਆ ਪਰ ਭਾਰਤ ਦੀ ਕੂਟਨੀਤਕ ਬਹਾਦਰੀ ਅੱਗੇ ਪਾਕਿ-ਚੀਨ ਗੱਠਜੋੜ ਕੋਈ ਖਾਸ ਕਰਿਸ਼ਮਾ ਨਹੀਂ ਕਰ ਸਕਿਆ।

ਗੁਲਾਮ ਕਸ਼ਮੀਰ ਵਿਚ ਵੀ ਪਾਕਿ-ਚੀਨ ਗੱਠਜੋੜ ਭਾਰਤ ਦੀ ਸੁਰੱਖਿਆ ਨੂੰ ਹਮੇਸ਼ਾ ਖਤਰੇ ਵਿਚ ਪਾਉਂਦਾ ਰਿਹਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਅਤੇ ਅੱਤਵਾਦੀ ਵੀ ਗੁਲਾਮ ਕਸ਼ਮੀਰ ਦੇ ਲੋਕਾਂ ’ਤੇ ਹਿੰਸਕ ਕਹਿਰ ਢਾਹੁੰਦੇ ਹਨ। ਪਾਕਿਸਤਾਨੀ ਅੱਤਵਾਦੀਆਂ ਦੇ ਕੈਂਪਾਂ ਅਤੇ ਸਰਗਰਮੀਆਂ ਕਾਰਨ ਗੁਲਾਮ ਕਸ਼ਮੀਰ ’ਚ ਵਿਕਾਸ ਨਹੀਂ ਹੋ ਰਿਹਾ। ਇਸਲਾਮਿਕ ਅੱਤਵਾਦੀ ਸਿਰਫ ਅਤੇ ਸਿਰਫ ਇਸਲਾਮ ਆਧਾਰਿਤ ਵਿਵਸਥਾਵਾਂ ਚਾਹੁੰਦੇ ਹਨ ਅਤੇ ਉਨ੍ਹਾਂ ਦਾ ਵਿਰੋਧ ਕਰਨ ’ਤੇ ਗੁਲਾਮ ਕਸ਼ਮੀਰ ਦੇ ਲੋਕ ਹਿੰਸਾ ਦਾ ਸ਼ਿਕਾਰ ਹੁੰਦੇ ਹਨ।

ਭਾਰਤ ਹੁਣ ਪਾਕਿਸਤਾਨ ਵਿਰੁੱਧ ਹਮਲਾਵਰ ਕੂਟਨੀਤੀ ’ਤੇ ਚੱਲ ਰਿਹਾ ਹੈ, ਜੋ ਕਿ ਚੰਗੀ ਕੂਟਨੀਤੀ ਹੈ। ਬਲੋਚਿਸਤਾਨ ਦੀ ਅਣਖ ਅਤੇ ਆਜ਼ਾਦੀ ਨੂੰ ਲੈ ਕੇ ਵੀ ਭਾਰਤ ਕੌਮਾਂਤਰੀ ਪੱਧਰ ’ਤੇ ਆਵਾਜ਼ ਉਠਾ ਰਿਹਾ ਹੈ। ਹੁਣ ਭਾਰਤ ਨੂੰ ਗੁਲਾਮ ਕਸ਼ਮੀਰ ਦੇ ਸਵਾਲ ’ਤੇ ਹਮਲਾਵਰ ਨੀਤੀ ਅਪਣਾਉਣੀ ਪਵੇਗੀ। ਗੁਲਾਮ ਕਸ਼ਮੀਰ ਵੀ ਸਾਡਾ ਅੰਗ ਹੈ, ਇਸ ਲਈ ਉਥੇ ਹਰੇਕ ਪਾਕਿਸਤਾਨੀ ਸਰਗਰਮੀ/ਕਰਤੂਤ ਨੂੰ ਉਜਾਗਰ ਕਰਨ ਦੀ ਲੋੜ ਹੈ। ਜਦੋਂ ਦੁਨੀਆ ਨੂੰ ਇਹ ਪਤਾ ਲੱਗੇਗਾ ਕਿ ਜੰਮੂ-ਕਸ਼ਮੀਰ ’ਚੋਂ ਧਾਰਾ-370 ਹਟਾਉਣ ਦਾ ਵਿਰੋਧ ਕਰਨ ਵਾਲਾ ਪਾਕਿਸਤਾਨ ਖ਼ੁਦ ਗੁਲਾਮ ਕਸ਼ਮੀਰ ਵਿਚ ਹਿੰਸਾ ਫੈਲਾ ਰਿਹਾ ਹੈ ਅਤੇ ਮਨੁੱਖਤਾ ਦਾ ਖੂਨ ਵਹਾ ਰਿਹਾ ਹੈ ਤਾਂ ਫਿਰ ਪਾਕਿਸਤਾਨ ਦਾ ਅਸਲੀ ਚਿਹਰਾ ਦੁਨੀਆ ਦੇ ਸਾਹਮਣੇ ਜ਼ਾਹਿਰ ਹੋ ਜਾਵੇਗਾ।

(guptvishnu@gmail.com)

Bharat Thapa

This news is Content Editor Bharat Thapa