ਨਵੇਂ ਕੇਂਦਰ ਸ਼ਾਸਿਤ ਪ੍ਰਦੇਸ਼ ''ਲੱਦਾਖ'' ਦੀ ਕਹਾਣੀ

08/25/2019 5:27:08 AM

ਤੁਸੀਂ ਲੋਕ ਸਭਾ 'ਚ ਲੱਦਾਖ ਦੇ ਨੌਜਵਾਨ ਸੰਸਦ ਮੈਂਬਰ ਜਾਮਯਾਂਗ ਸੇਰਿੰਗ ਨਾਮਗਯਾਲ ਨੂੰ ਧਾਰਾ-370 'ਤੇ ਬੋਲਦੇ ਸੁਣਿਆ ਹੈ? ਤੁਸੀਂ ਇਸ ਨੌਜਵਾਨ ਸੰਸਦ ਮੈਂਬਰ ਨੂੰ 15 ਅਗਸਤ ਦੀ ਪੂਰਬਲੀ ਸ਼ਾਮ ਨੂੰ ਖੁਸ਼ੀ ਨਾਲ ਨੱਚਦੇ ਟੀ. ਵੀ. 'ਤੇ ਵੀ ਦੇਖਿਆ ਹੋਵੇਗਾ। ਇਤਿਹਾਸ ਵਿਚ ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ ਇਹ ਵੀ ਪਤਾ ਹੋਵੇਗਾ ਕਿ ਮਹਾਰਾਜਾ ਰਣਜੀਤ ਸਿੰਘ ਦੀ 1839 'ਚ ਮੌਤ ਹੋ ਗਈ ਸੀ ਅਤੇ ਇਹ ਵੀ ਪਤਾ ਹੋਵੇਗਾ ਕਿ ਉਨ੍ਹਾਂ ਦੀ ਮੌਤ ਤੋਂ ਬਾਅਦ ਸਿੱਖ ਦਰਬਾਰ 'ਚ ਅਰਾਜਕਤਾ ਫੈਲ ਗਈ ਸੀ।
ਇੰਨਾ ਤਾਂ ਇਤਿਹਾਸਕਾਰ ਵੀ ਦੱਸਦੇ ਹਨ ਕਿ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਅੰਗਰੇਜ਼ਾਂ ਤੇ ਸਿੱਖਾਂ ਵਿਚਾਲੇ ਸੱਤਾ ਲਈ ਲਗਾਤਾਰ ਲੜਾਈਆਂ ਹੋਈਆਂ। ਇਨ੍ਹਾਂ ਲੜਾਈਆਂ 'ਚ ਡੋਗਰਾ ਭਰਾਵਾਂ ਦੀ ਅਹਿਮ ਭੂਮਿਕਾ ਸੀ। ਤੁਹਾਨੂੰ ਇਹ ਵੀ ਯਾਦ ਹੋਵੇਗਾ ਕਿ ਸਿੱਖਾਂ ਦੀ ਆਪਸੀ ਲੜਾਈ 'ਚ ਡੋਗਰਾ ਵਜ਼ੀਰ ਧਿਆਨ ਸਿੰਘ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਸੀ ਅਤੇ ਦੂਜੇ ਡੋਗਰਾ ਵਜ਼ੀਰ ਗੁਲਾਬ ਸਿੰਘ ਤੋਂ ਉਨ੍ਹਾਂ ਦੀ ਜਾਗੀਰ ਖੋਹਣ ਦੀ ਸਾਜ਼ਿਸ਼ ਰਚੀ ਗਈ ਸੀ।
ਅੰਗਰੇਜ਼ਾਂ ਤੇ ਸਿੱਖਾਂ ਵਿਚਾਲੇ ਮਾਰਚ 1946 'ਚ ਕੁਝ ਸੰਧੀਆਂ ਹੋਈਆਂ ਸਨ। ਸੰਧੀਆਂ ਦੀਆਂ ਸ਼ਰਤਾਂ ਮੁਤਾਬਿਕ ਅੰਗਰੇਜ਼ਾਂ ਨੇ ਸਿੱਖਾਂ ਨੂੰ ਡੇਢ ਕਰੋੜ ਰੁਪਏ ਦਾ ਜੁਰਮਾਨਾ ਲਾਇਆ ਸੀ ਕਿਉਂਕਿ ਸਿੱਖ ਲੜਾਈ ਵਿਚ ਅੰਗਰੇਜ਼ਾਂ ਤੋਂ ਹਾਰ ਗਏ ਸਨ। ਇਤਿਹਾਸਕਾਰ ਇਹ ਵੀ ਜਾਣਦੇ ਹੋਣਗੇ ਕਿ ਸਿੱਖ ਜੁਰਮਾਨਾ ਨਹੀਂ ਦੇ ਸਕੇ ਅਤੇ ਵਜ਼ੀਰ ਗੁਲਾਬ ਸਿੰਘ ਨੇ ਅੰਗਰੇਜ਼ਾਂ ਨੂੰ 75 ਲੱਖ ਰੁਪਏ ਜੁਰਮਾਨਾ ਦੇ ਕੇ ਜੰਮੂ-ਕਸ਼ਮੀਰ ਆਪਣੇ ਨਾਂ ਕਰਵਾ ਲਿਆ ਸੀ।
ਇਸੇ ਗੁਲਾਬ ਸਿੰਘ ਦਾ ਇਕ ਮਹਾਨ ਜਰਨੈਲ ਸੀ ਜ਼ੋਰਾਵਰ ਸਿੰਘ, ਜਿਸ ਨੇ ਇਕ-ਦੋ ਵਾਰ ਨਹੀਂ, ਸਗੋਂ 6 ਵਾਰ ਲੱਦਾਖ 'ਤੇ ਚੜ੍ਹਾਈ ਕਰ ਕੇ ਉਸ ਨੂੰ ਹਮੇਸ਼ਾ ਲਈ ਡੋਗਰਾ ਰਾਜ ਵਿਚ ਮਿਲਾ ਲਿਆ। ਫੌਜੀ ਮਾਹਿਰ ਹੈਰਾਨ ਹੁੰਦੇ ਹਨ ਕਿ ਕਿਵੇਂ ਇਕ ਜਰਨੈਲ ਨੇ ਸਮੁੰਦਰੀ ਤਲ ਤੋਂ 15 ਹਜ਼ਾਰ ਫੁੱਟ ਦੀ ਉਚਾਈ 'ਤੇ 1841 'ਚ ਲੜਾਈਆਂ ਲੜੀਆਂ ਹੋਣਗੀਆਂ ਕਿਉਂਕਿ ਇਹ ਇਲਾਕਾ ਬਰਫ ਨਾਲ ਢਕਿਆ ਰਹਿੰਦਾ ਸੀ। ਜ਼ੋਰਾਵਰ ਸਿੰਘ ਨੇ ਲੱਦਾਖ ਨੂੰ ਹੀ ਨਹੀਂ ਜਿੱਤਿਆ, ਸਗੋਂ ਜਨਸੰਕਾਰ ਅਤੇ ਬਾਲਟਿਸਤਾਨ ਨੂੰ ਵੀ ਕਸ਼ਮੀਰ ਸੂਬੇ ਵਿਚ ਮਿਲਾ ਲਿਆ। ਇਸ ਤੋਂ ਇਲਾਵਾ ਰੂਦੋਕ, ਗਾਰੋ ਅਤੇ ਤਕਲਾਲਾਕੋਟ ਵਰਗੇ ਇਲਾਕੇ ਵੀ ਕਸ਼ਮੀਰ 'ਚ ਮਿਲਾਏ। ਇਸ ਮਹਾਨ ਯੋਧੇ ਦੀ ਮੌਤ ਵੀ ਲੱਦਾਖ ਦੀਆਂ ਬਰਫੀਲੀਆਂ ਚੋਟੀਆਂ 'ਤੇ ਹੋਈ।

ਲੱਦਾਖ ਬਾਰੇ ਕੁਝ ਜਾਣਕਾਰੀ
ਲੱਦਾਖ ਕਸ਼ਮੀਰ ਵਾਦੀ ਦੇ ਪੂਰਬ 'ਚ ਸਥਿਤ ਹੈ। ਲੱਦਾਖ ਦੀਆਂ ਸਰਹੱਦਾਂ ਇਕ ਆਜ਼ਾਦ ਦੇਸ਼ ਤਿੱਬਤ ਨਾਲ ਲੱਗਦੀਆਂ ਸਨ ਪਰ 1950 'ਚ ਚੀਨ ਨੇ ਤਿੱਬਤ ਨੂੰ ਆਪਣੇ ਦੇਸ਼ ਵਿਚ ਮਿਲਾ ਲਿਆ। ਕਦੇ ਚੀਨ ਲੱਦਾਖ ਅਤੇ ਤਿੱਬਤ ਨੂੰ ਟੈਕਸ ਦਿੰਦਾ ਸੀ। ਲੱਦਾਖ ਦੀ ਭਾਸ਼ਾ, ਸੱਭਿਅਤਾ ਤਿੱਬਤ ਨਾਲ ਮਿਲਦੀ ਹੈ। ਕਦੇ ਤਿੱਬਤ ਨੇ ਚੀਨ 'ਤੇ ਜਿੱਤ ਵੀ ਪ੍ਰਾਪਤ ਕੀਤੀ ਸੀ।
ਵਿਸ਼ਵ ਸਿਆਸਤ ਦੀ ਬਦਕਿਸਮਤੀ ਹੈ ਕਿ ਜਿਵੇਂ ਹੀ ਸੰਸਦ ਨੇ ਜੰਮੂ-ਕਸ਼ਮੀਰ 'ਚੋਂ ਧਾਰਾ-370 ਹਟਾਈ ਅਤੇ ਲੱਦਾਖ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਐਲਾਨਿਆ, ਚੀਨ ਤੜਫਣ ਲੱਗਾ ਅਤੇ ਲੱਦਾਖ 'ਤੇ ਹੋਈਆਂ ਕੌਮਾਂਤਰੀ ਸੰਧੀਆਂ 'ਤੇ ਉਂਗਲੀ ਵੀ ਉਠਾਉਣ ਲੱਗਾ। ਪਾਠਕ ਜਾਣ ਲੈਣ ਕਿ ਲੱਦਾਖ ਭਾਰਤ ਦਾ ਲਘੂ ਤਿੱਬਤ ਹੈ। ਲੇਹ-ਲੱਦਾਖ, ਕਾਰਗਿਲ, ਬਾਲਟਿਸਤਾਨ, ਗਿਲਗਿਤ ਅਤੇ ਦਰਾਸ ਜੰਮੂ-ਕਸ਼ਮੀਰ ਰਿਆਸਤ ਦਾ ਅੰਗ ਹਨ। ਇਹ ਵੱਖਰੀ ਗੱਲ ਹੈ ਕਿ ਸਾਡੀਆਂ ਕੁਝ ਸਿਆਸੀ ਭੁੱਲਾਂ ਕਾਰਣ ਇਸੇ ਜੰਮੂ-ਕਸ਼ਮੀਰ ਸੂਬੇ ਦੇ 78 ਹਜ਼ਾਰ ਵਰਗ ਕਿਲੋਮੀਟਰ ਖੇਤਰ 'ਤੇ ਪਾਕਿਸਤਾਨ, ਤਾਂ 45 ਹਜ਼ਾਰ ਵਰਗ ਕਿਲੋਮੀਟਰ ਖੇਤਰ 'ਤੇ ਚੀਨ ਨੇ ਕਬਜ਼ਾ ਕੀਤਾ ਹੋਇਆ ਹੈ।
ਲੱਦਾਖ ਦੀ ਸਮੁੰਦਰੀ ਤਲ ਤੋਂ ਉਚਾਈ ਕਿਤੇ 2440 ਮੀਟਰ, ਤਾਂ ਕਿਤੇ 4570 ਮੀਟਰ ਹੈ। ਇਹ ਇਕਦਮ ਖੁਸ਼ਕ ਪਠਾਰੀ ਖੇਤਰ ਹੈ, ਜਿਸ ਦੀਆਂ ਚੋਟੀਆਂ ਬਰਫ ਨਾਲ ਢਕੀਆਂ ਹੋਈਆਂ ਹਨ। ਆਕਸੀਜਨ ਦੀ ਘਾਟ ਸਮਤਲ ਇਲਾਕਿਆਂ 'ਚ ਰਹਿਣ ਵਾਲੇ ਲੋਕਾਂ ਨੂੰ ਲੱਦਾਖ 'ਚ ਰੜਕਦੀ ਰਹੇਗੀ। ਆਬਾਦੀ ਦੀ ਘਣਤਾ ਮੁਸ਼ਕਿਲ ਨਾਲ 2 ਫੀਸਦੀ ਪ੍ਰਤੀ ਵਰਗ ਕਿਲੋਮੀਟਰ ਹੈ ਪਰ ਯਾਦ ਰਹੇ ਕਿ ਸਿਆਸੀ ਨਜ਼ਰੀਏ ਤੋਂ ਇਹ ਖੇਤਰ ਭਾਰਤ ਲਈ ਬਹੁਤ ਅਹਿਮ ਹੈ। ਕਿਤੇ-ਕਿਤੇ ਬਨਸਪਤੀ ਵੀ ਦੇਖਣ ਨੂੰ ਮਿਲ ਜਾਂਦੀ ਹੈ।
ਕਦੇ-ਕਦੇ ਇਥੇ ਪਹੁੰਚ ਕੇ ਅਜਿਹਾ ਲੱਗਦਾ ਹੈ ਕਿ ਇਹ ਖੇਤਰ ਇਕ ਛੁੱਟੜ ਔਰਤ ਵਰਗਾ ਹੈ, ਜਿਸ ਨੂੰ ਹਾਸਿਲ ਕਰਨ ਦੀ ਲਾਲਸਾ ਚੀਨ, ਰੂਸ ਅਤੇ ਅਫਗਾਨਿਸਤਾਨ ਤਕ ਨੂੰ ਹੈ। ਪ੍ਰਾਚੀਨ ਕਾਲ 'ਚ ਇਥੇ ਕਬਾਇਲੀਆਂ ਦੇ ਮੁਖੀਆਂ ਦਾ ਢਿੱਲਾ-ਮੱਠਾ ਪ੍ਰਸ਼ਾਸਨ ਰਿਹਾ ਹੋਵੇਗਾ। ਰਾਜਾ ਕਨਿਸ਼ਕ ਦੇ ਸਮੇਂ ਲੱਦਾਖ 'ਚ ਬੁੱਧ ਧਰਮ ਦੀ ਬਹੁਲਤਾ ਹੋ ਗਈ। ਬੁੱਧ ਧਰਮ 7ਵੀਂ ਸਦੀ 'ਚ ਇਥੇ ਪਹੁੰਚਿਆ। ਬੁੱਧ ਮਤ ਦੀ ਬਹੁਲਤਾ ਕਾਰਣ ਲਾਮਿਆਂ ਦਾ ਗ਼ਲਬਾ ਲੱਦਾਖ 'ਚ ਹਮੇਸ਼ਾ ਰਿਹਾ। ਦੱਸ ਦੇਈਏ ਕਿ ਬੁੱਧ ਮਤ ਪਹਿਲਾਂ ਲੱਦਾਖ 'ਚ ਆਇਆ ਅਤੇ ਫਿਰ ਚੀਨ ਪਹੁੰਚਿਆ।
ਜਿਸ ਸਦੀ 'ਚ ਹਿੰਦੂ ਮਤ ਦਾ ਭਾਰਤ ਵਿਚ ਪੁਨਰ ਜਾਗਰਣ ਹੋ ਰਿਹਾ ਸੀ, ਉਸੇ ਸਦੀ 'ਚ ਲੱਦਾਖ ਬੁੱਧ ਮਤ ਦਾ ਆਸਰਾ ਲੈ ਚੁੱਕਾ ਸੀ। ਖੇਤੀਬਾੜੀ, ਭੇਡਾਂ-ਬੱਕਰੀਆਂ ਪਾਲਣਾ ਅਤੇ ਉੱਨ ਦਾ ਕਾਰੋਬਾਰ ਲੱਦਾਖ ਦੇ ਲੋਕਾਂ ਦੀ ਖਾਸੀਅਤ ਹੈ।
ਕਸ਼ਮੀਰ ਦੇ ਹਰਮਨਪਿਆਰੇ ਅਤੇ ਤਾਕਤਵਰ ਸਮਰਾਟ ਲਲਿਤਾਦਿੱਤਿਆ, ਜਿਸ ਨੇ 724 ਈ. ਤੋਂ 761 ਈ. ਤਕ ਰਾਜ ਕੀਤਾ, ਨੇ ਲੱਦਾਖ ਨੂੰ ਕਸ਼ਮੀਰ ਸੂਬੇ ਦਾ ਅੰਗ ਬਣਾਇਆ। 842 ਈ. ਵਿਚ ਜਦੋਂ ਲਲਿਤਾਦਿੱਤਿਆ ਦਾ ਪਤਨ ਹੋਇਆ ਤਾਂ ਲੱਦਾਖ 'ਤੇ 'ਲਾਚਿਨ' ਵੰਸ਼ ਦਾ ਕਬਜ਼ਾ ਹੋ ਗਿਆ। ਇਸੇ ਵੰਸ਼ ਦੀ ਉਥਲ 'ਲਿਨ ਚਿਨਾ' ਜਾਂ 'ਰਿਨਚਿਨ' ਨਾਂ ਦਾ ਇਕ ਲੱਦਾਖੀ ਬੋਧੀ ਭਿਕਸ਼ੂ ਕਸ਼ਮੀਰ ਵਾਦੀ 'ਚ ਪਨਾਹ ਲੈਣ ਪਹੁੰਚਿਆ। ਇਥੇ ਪਹੁੰਚ ਕੇ ਉਸ ਨੇ ਇਕ ਦਲੇਰ ਸਿਪਾਹਸਲਾਰ ਸ਼ਾਹ ਮੀਰ ਮੁਸਲਮਾਨ ਨਾਲ ਗੰਢਤੁੱਪ ਕਰ ਲਈ ਅਤੇ ਕਸ਼ਮੀਰ ਵਾਦੀ ਦਾ ਰਾਜਾ ਬਣ ਗਿਆ।
ਰਾਜਾ ਬਣਦਿਆਂ ਹੀ ਉਸ ਨੇ ਉਥੋਂ ਦੇ ਪੰਡਿਤਾਂ ਨੂੰ ਉਸ ਨੂੰ ਹਿੰਦੂ ਬਣਾਉਣ ਦੀ ਬੇਨਤੀ ਕੀਤੀ ਪਰ ਕਸ਼ਮੀਰੀ ਪੰਡਿਤਾਂ ਨੇ ਉਸ ਦੀ ਬੇਨਤੀ ਇਹ ਕਹਿ ਕੇ ਠੁਕਰਾ ਦਿੱਤੀ ਕਿ ਉਸ ਨੂੰ ਕਿਹੜੀ ਹਿੰਦੂ ਜਾਤ 'ਚ ਸ਼ਾਮਿਲ ਕੀਤਾ ਜਾਵੇ। ਸ਼ਾਹ ਮੀਰ ਨੇ ਉਸ ਨੂੰ ਫੌਰਨ ਮੁਸਲਮਾਨ ਬਣਾ ਕੇ ਇਸਲਾਮ ਧਰਮ 'ਚ ਸ਼ਾਮਿਲ ਕਰ ਲਿਆ ਅਤੇ ਇਥੋਂ ਹੀ ਕਸ਼ਮੀਰ ਵਾਦੀ ਦੇ ਬਾਸ਼ਿੰਦੇ ਮੁਸਲਮਾਨ ਬਣਨ ਲੱਗੇ। ਜਿਹੜੇ ਨਹੀਂ ਬਣੇ, ਉਨ੍ਹਾਂ ਨੂੰ ਕਤਲ ਕਰ ਦਿੱਤਾ ਗਿਆ।

ਮੁਗਲ ਰਾਜ ਦਾ ਹਿੱਸਾ
1420 ਤੋਂ 1470 ਤਕ ਕਸ਼ਮੀਰ 'ਚ ਮਿਰਜ਼ਾ ਹੈਦਰ ਦਾ ਰਾਜ ਰਿਹਾ ਅਤੇ ਉਸ ਤੋਂ ਬਾਅਦ ਲੱਦਾਖ ਮੁਗਲ ਰਾਜ ਦਾ ਹਿੱਸਾ ਰਿਹਾ। ਔਰੰਗਜ਼ੇਬ ਤਕ ਲੱਦਾਖ ਦਿੱਲੀ ਸਲਤਨਤ ਨੂੰ ਟੈਕਸ ਅਦਾ ਕਰਦਾ ਰਿਹਾ। ਮੁਗਲ ਸਾਮਰਾਜ ਦੇ ਪਤਨ ਤੋਂ ਬਾਅਦ ਲੱਦਾਖ ਫਿਰ ਆਜ਼ਾਦ ਹੋ ਗਿਆ। 1616 ਤੋਂ 1642 ਈ. ਤਕ ਲੱਦਾਖ 'ਤੇ ਸਿੰਗੇ ਨਮਗਯਾਲ ਦਾ ਰਾਜ ਰਿਹਾ। ਉਸ ਨੇ ਲੱਦਾਖ 'ਚ ਬਹੁਤ ਸਾਰੇ ਬੁੱਧ ਮੱਠ ਸਥਾਪਿਤ ਕੀਤੇ।
ਨਮਗਯਾਲ ਨੂੰ ਭਵਨ ਨਿਰਮਾਣ ਕਲਾ ਦਾ ਬਹੁਤ ਸ਼ੌਕ ਸੀ। ਉਨ੍ਹਾਂ ਨੇ ਲੇਹ ਵਿਚ ਇਕ 9 ਮੰਜ਼ਿਲਾ ਸ਼ਾਹੀ ਮਹੱਲ ਵੀ ਬਣਵਾਇਆ। ਮਹਾਰਾਜਾ ਰਣਜੀਤ ਸਿੰਘ ਨੇ 1839 ਤਕ ਰਾਜ ਕੀਤਾ ਅਤੇ ਉਨ੍ਹਾਂ ਨੇ ਜੰਮੂ-ਕਸ਼ਮੀਰ ਤਕ ਨੂੰ ਆਪਣੇ ਰਾਜ ਵਿਚ ਸ਼ਾਮਿਲ ਕਰਨ ਦੇ ਆਪਣੇ ਯਤਨਾਂ 'ਚ ਢਿੱਲ ਨਹੀਂ ਆਉਣ ਦਿੱਤੀ। ਸਿੱਖ ਰਾਜ ਦੇ ਪਤਨ ਤੋਂ ਬਾਅਦ (ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਹੈ) ਡੋਗਰਾ ਵਜ਼ੀਰ ਗੁਲਾਬ ਸਿੰਘ ਨੇ ਜੰਮੂ-ਕਸ਼ਮੀਰ ਨੂੰ 75 ਲੱਖ ਰੁਪਏ ਵਿਚ ਖਰੀਦ ਲਿਆ ਤੇ ਇਸੇ ਗੁਲਾਬ ਸਿੰਘ ਦੇ ਜਰਨੈਲ ਜ਼ੋਰਾਵਰ ਸਿੰਘ ਨੇ ਲੱਦਾਖ ਨੂੰ ਕਸ਼ਮੀਰ ਸੂਬੇ ਦਾ ਹਿੱਸਾ ਬਣਾਇਆ।
ਹੁਣ ਹੋਇਆ ਕੀ ਕਿ ਧਾਰਾ-370 ਦੇ ਤਹਿਤ ਕਸ਼ਮੀਰ ਵਾਦੀ ਤਾਂ ਭਾਰਤ ਵਲੋਂ ਦਿੱਤੀ ਜਾ ਰਹੀ ਮਾਲੀ ਸਹਾਇਤਾ ਨਾਲ 'ਇਸਲਾਮਿਕ ਸਟੇਟ' ਬਣਦੀ ਗਈ ਪਰ ਉਸੇ ਸੂਬੇ ਦੇ 2 ਖੇਤਰ ਜੰਮੂ ਅਤੇ ਲੱਦਾਖ ਪੱਛੜਦੇ ਗਏ। ਸਾਰੀਆਂ ਆਰਥਿਕ ਯੋਜਨਾਵਾਂ ਦਾ ਲਾਭ ਕਸ਼ਮੀਰ ਵਾਦੀ ਨੂੰ ਮਿਲਦਾ ਰਿਹਾ ਅਤੇ ਭਾਰਤ ਦੀ ਜੈ ਜੈਕਾਰ ਕਰਨ ਵਾਲੇ ਲੱਦਾਖ ਅਤੇ ਜੰਮੂ ਦੇ ਹੱਥ ਖਾਲੀ ਰਹਿ ਗਏ।
ਇਕ ਤਾਕਤਵਰ ਸਰਕਾਰ ਆਈ ਤਾਂ ਉਸ ਨੇ ਇਸ ਬੇਇਨਸਾਫੀ ਨੂੰ ਖਤਮ ਕਰਨ ਦੀ ਠਾਣ ਲਈ। ਸੱਤ ਦਹਾਕਿਆਂ ਦੇ ਨਾਸੂਰ ਧਾਰਾ-370 ਨੂੰ ਸੰਸਦ ਦੇ ਦੋਹਾਂ ਸਦਨਾਂ ਨੇ ਰੱਦ ਕਰ ਦਿੱਤਾ। ਜੰਮੂ-ਕਸ਼ਮੀਰ ਸੂਬੇ ਨੂੰ ਤਾਂ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਇਆ ਹੀ, ਲੱਦਾਖ ਨੂੰ ਵੀ ਕੇਂਦਰ ਸ਼ਾਸਿਤ ਖੇਤਰ ਬਣਾ ਦਿੱਤਾ ਗਿਆ, ਜਿਸ 'ਤੇ ਲੱਦਾਖ ਦੀ ਜਨਤਾ ਭਾਰਤੀ ਸੰਸਦ ਦੇ ਪੱਖ ਵਿਚ ਹੋ ਗਈ। ਇਸ 'ਤੇ ਹਾਏ-ਤੌਬਾ ਕਿਉਂ? ਕਸ਼ਮੀਰ ਵਾਦੀ, ਜੰਮੂ ਖੇਤਰ ਅਤੇ ਲੱਦਾਖ ਭਾਰਤ ਦਾ ਅੰਗ ਹਨ, ਹੁਣ ਅਗਲੀ ਲੜਾਈ ਮਕਬੂਜ਼ਾ ਕਸ਼ਮੀਰ ਨੂੰ ਲੈ ਕੇ ਹੈ।

                                           —ਮਾਸਟਰ ਮੋਹਨ ਲਾਲ (ਸਾਬਕਾ ਟਰਾਂਸਪੋਰਟ ਮੰਤਰੀ, ਪੰਜਾਬ)

 

KamalJeet Singh

This news is Content Editor KamalJeet Singh