ਕਸ਼ਮੀਰ ''ਚ ਸਥਿਤੀ ਪਹਿਲਾਂ ਨਾਲੋਂ ਬਦਤਰ ਨਹੀਂ ਪਰ ਮੀਡੀਆ ਨੂੰ ਕੌਣ ਸਮਝਾਏ

06/19/2017 4:28:18 AM

ਕੀ ਭਾਰਤੀ ਅਤੇ ਪਾਕਿਸਤਾਨੀ ਇਕ-ਦੂਜੇ ਦੇ ਵਿਰੁੱਧ ਕ੍ਰਿਕਟ ਮੈਚ ਦਾ ਆਨੰਦ ਲੈਂਦੇ ਹਨ? ਮੇਰੀ ਇਹ ਦ੍ਰਿੜ੍ਹ ਰਾਏ ਹੈ ਕਿ ਹੁਣ ਅਸੀਂ ਅਜਿਹੇ ਤਜਰਬੇ ਦੇ ਸ਼ੌਕੀਨ ਨਹੀਂ ਰਹਿ ਗਏ। ਕਦੇ ਸ਼ਾਇਦ ਅਜਿਹਾ ਰਿਹਾ ਹੋਵੇ ਪਰ ਪਿਛਲੇ ਲੱਗਭਗ 25 ਸਾਲਾਂ ਤੋਂ ਸਥਿਤੀ ਅਜਿਹੀ ਨਹੀਂ ਰਹਿ ਗਈ। ਨਫਰਤ ਅਤੇ ਨਾਪਸੰਦੀ ਦੇ ਸੁਰ ਦੋਹਾਂ ਪਾਸੇ ਬਹੁਤ ਉੱਚੇ ਹਨ। ਇਸ ਦਾ ਮੁੱਖ ਕਾਰਨ ਇਹ ਹੈ ਕਿ ਘਟਨਾਚੱਕਰਾਂ ਨੂੰ ਮੀਡੀਆ ਵਲੋਂ ਲਗਾਤਾਰ ਉਬਾਲ ਦੀ ਸਥਿਤੀ ਵਿਚ ਰੱਖਿਆ ਜਾਂਦਾ ਹੈ। 
ਫੁੱਟਬਾਲ ਮੈਚਾਂ ਦੇ ਉਲਟ ਕ੍ਰਿਕਟ ਦੇ ਮੈਚ ਪੂਰੇ ਦਿਨ ਭਰ ਜਾਂ 5 ਦਿਨਾਂ ਤਕ ਚੱਲਦੇ ਹਨ ਅਤੇ ਇਸ ਤਰ੍ਹਾਂ ਜਿੱਤ ਜਾਂ ਹਾਰ ਦੀ ਭਾਵਨਾ ਲੰਮੀ ਖਿੱਚੀ ਜਾਂਦੀ ਹੈ। ਅਜਿਹੇ ਵਿਚ ਇਹ ਚੰਗਾ ਹੀ ਹੋਇਆ ਹੈ ਕਿ ਅਸੀਂ ਇਕ-ਦੂਜੇ ਵਿਰੁੱਧ ਟੈਸਟ ਮੈਚ ਖੇਡਣੇ ਕਿਸੇ ਹੱਦ ਤਕ ਬੰਦ ਕਰ ਦਿੱਤੇ ਹਨ ਅਤੇ ਅਣਸੁਖਾਵੀਂ ਭਾਵਨਾ ਸਿਰਫ ਟੀ-20 ਮੈਚਾਂ ਜਾਂ ਵਨ ਡੇ ਇੰਟਰਨੈਸ਼ਨਲ ਮੈਚਾਂ ਤਕ ਹੀ ਸੀਮਤ ਰਹਿ ਗਈ ਹੈ ਅਤੇ ਅਜਿਹੇ ਮੈਚ ਕਿਸੇ ਨਿਰਪੱਖ ਦੇਸ਼ ਦੀ ਧਰਤੀ 'ਤੇ ਖੇਡੇ ਜਾਂਦੇ ਹਨ। 
ਸਭ ਤੋਂ ਪਹਿਲੀ ਸਮੱਸਿਆ ਇਹ ਹੈ ਕਿ ਉਪ-ਮਹਾਦੀਪੀ ਟੀਮਾਂ (ਭਾਰਤ, ਪਾਕਿਸਤਾਨ, ਸ਼੍ਰੀਲੰਕਾ ਅਤੇ ਬੰਗਲਾਦੇਸ਼) ਵਲੋਂ ਖੇਡੇ ਜਾਣ ਵਾਲੇ ਜ਼ਿਆਦਾ ਕ੍ਰਿਕਟ ਮੈਚ ਰਾਸ਼ਟਰਵਾਦੀ ਪਰਿਪੇਖ 'ਚ ਹੀ ਦੇਖੇ ਜਾਂਦੇ ਹਨ ਅਤੇ ਇਸੇ ਪਰਿਪੇਖ ਵਿਚ ਇਨ੍ਹਾਂ ਦਾ ਮੁਲਾਂਕਣ ਹੁੰਦਾ ਹੈ।  ਜਦੋਂ ਕਿਸੇ ਦੇਸ਼ ਦੀ ਵਿਰੋਧੀ ਟੀਮ ਛੱਕੇ-ਚੌਕੇ ਲਾਉਂਦੀ ਹੈ ਜਾਂ ਵਿਕਟ ਲੈਂਦੀ ਹੈ ਤਾਂ ਸਟੇਡੀਅਮ ਵਿਚ ਮੌਤ ਵਰਗਾ ਸੰਨਾਟਾ ਛਾ ਜਾਂਦਾ ਹੈ। ਉਂਝ ਤਾਂ ਇਹ ਸਾਰੀਆਂ ਵਿਰੋਧੀ ਟੀਮਾਂ ਦੇ ਮਾਮਲੇ ਵਿਚ ਹੁੰਦਾ ਹੈ ਪਰ ਭਾਰਤ-ਪਾਕਿਸਤਾਨ ਮੈਚ ਰਾਹੀਂ, 'ਦੁਸ਼ਮਣ' ਟੀਮ ਦੇ ਵਿਰੁੱਧ ਦਰਸ਼ਕ ਦੇ ਮਨ ਵਿਚ ਪੈਦਾ ਹੋਣ ਵਾਲਾ ਗੁੱਸਾ ਬਹੁਤ ਪ੍ਰਚੰਡ ਹੁੰਦਾ ਹੈ। 
ਸਟੇਡੀਅਮ ਵਿਚ ਬੈਠ ਕੇ ਮੈਚ ਦੇਖਣ ਨੂੰ ਖੁਸ਼ੀ ਭਰਿਆ ਮਾਹੌਲ ਬਣਾਉਣ ਵਾਲੀਆਂ ਹੋਰ ਗੱਲਾਂ ਹਨ, ਮੁਕਾਬਲੇ ਦਾ ਦੋਸਤਾਨਾ ਵਾਤਾਵਰਣ ਅਤੇ ਵੈਰ-ਭਾਵਨਾ ਤੋਂ ਮੁਕਤ ਹੋ ਕੇ ਇਕ-ਦੂਜੇ ਨੂੰ ਚਿੜ੍ਹਾਉਣਾ ਪਰ ਇਹ ਦੋਵੇਂ ਹੀ ਗੱਲਾਂ ਉਪ-ਮਹਾਦੀਪੀ ਕ੍ਰਿਕਟ ਪ੍ਰਤੀਯੋਗਿਤਾਵਾਂ 'ਚੋਂ ਪੂਰੀ ਤਰ੍ਹਾਂ ਗਾਇਬ ਹੁੰਦੀਆਂ ਹਨ। ਦੋਵੇਂ ਟੀਮਾਂ ਇਸ ਤਰ੍ਹਾਂ ਖੇਡਦੀਆਂ ਹਨ, ਜਿਵੇਂ ਦੋ ਫੌਜਾਂ ਇਕ-ਦੂਜੇ ਵਿਰੁੱਧ ਮੋਰਚਾ ਬਣਾ ਕੇ ਲਗਾਤਾਰ ਗੋਲੀਬਾਰੀ ਕਰ ਰਹੀਆਂ ਹੋਣ। ਹਾਲਾਂਕਿ ਅਜਿਹਾ ਕਰਨ ਦਾ ਜ਼ਮੀਨੀ ਪੱਧਰ 'ਤੇ ਕੋਈ ਖਾਸ ਲਾਭ ਨਹੀਂ ਹੁੰਦਾ ਅਤੇ ਨਾ ਹੀ ਸਥਿਤੀ ਵਿਚ ਕੋਈ ਵਰਣਨਯੋਗ ਬਦਲਾਅ ਹੁੰਦਾ ਹੈ ਪਰ ਇਨ੍ਹਾਂ ਮੈਚਾਂ ਦੌਰਾਨ ਵਰਦੀਧਾਰੀਆਂ ਦੀ ਬਜਾਏ ਸਿਵਲੀਅਨ ਲੋਕ ਆਪਣੀ-ਆਪਣੀ ਟੀਮ ਦੇ ਪ੍ਰਤੀਕ ਧਾਰਨ ਕਰ ਕੇ ਚੀਕ-ਚੀਕ ਕੇ ਗਾਲ੍ਹਾਂ ਕੱਢਦੇ ਹਨ। 
ਗੁਜਰਾਤੀਆਂ ਨੇ ਖੇਡਾਂ ਵਿਚ ਇਕ ਨਵੇਂ ਤੱਤ ਨੂੰ ਸ਼ਾਮਿਲ ਕਰ ਦਿੱਤਾ ਹੈ ਅਤੇ ਉਹ ਹੈ ਬੈਟਿੰਗ (ਭਾਵ ਦਾਅ ਜਾਂ ਸ਼ਰਤ ਲਾ ਕੇ ਮੈਚ ਦੇਖਣਾ) ਪਰ ਇਸ ਮਾਮਲੇ ਵਿਚ ਵੀ ਰਾਸ਼ਟਰਵਾਦ ਦੀ ਮਜ਼ਬੂਤ ਜਕੜ ਕਾਇਮ ਰਹਿੰਦੀ ਹੈ। ਕਿਸੇ ਜ਼ਮਾਨੇ ਵਿਚ ਮੈਂ ਖ਼ੁਦ ਬਹੁਤ ਸਰਗਰਮ ਕ੍ਰਿਕਟਰ ਹੁੰਦਾ ਸੀ ਪਰ ਉਹ ਦਿਨ ਬਹੁਤ ਪਿੱਛੇ ਰਹਿ ਗਏ ਹਨ। ਇਕ ਦੁਪਹਿਰ ਮੇਰਾ ਬ੍ਰਦਰ ਇਨ ਲਾਅ ਸੰਦੀਪ ਘੋਸ਼ ਸਾਨੂੰ ਮਿਲਣ ਆਇਆ। ਉਸ ਦਿਨ ਭਾਰਤ ਦਾ ਸ਼੍ਰੀਲੰਕਾ ਨਾਲ ਮੈਚ ਹੋ ਰਿਹਾ ਸੀ। ਉਹ ਲੰਕਾ 'ਤੇ ਦਾਅ ਲਾਉਣਾ ਚਾਹੁੰਦਾ ਸੀ ਅਤੇ ਮੈਂ ਆਪਣੇ ਬੁਕੀ ਨੂੰ ਫੋਨ ਕਰ ਕੇ ਉਸ ਦੇ ਦਾਅ ਦੀ ਰਜਿਸਟ੍ਰੇਸ਼ਨ ਕਰਨ ਲਈ ਕਿਹਾ। ਜਦੋਂ ਮੈਂ ਅਜਿਹਾ ਕਰ ਚੁੱਕਾ ਸੀ ਤਾਂ ਮੈਨੂੰ ਇਹ ਜਾਣ ਕੇ ਹੈਰਾਨੀ ਹੋਈ ਕਿ ਕਿੰਨੇ ਹੀ ਲੋਕਾਂ ਨੇ ਭਾਰਤ ਵਿਰੁੱਧ ਦਾਅ ਲਾਇਆ ਸੀ। ਮੇਰਾ ਅਨੁਮਾਨ ਸੀ ਕਿ ਗੁਜਰਾਤੀਆਂ 'ਚੋਂ ਜ਼ਿਆਦਾਤਰ ਲੋਕਾਂ ਨੇ ਇਸ ਲਈ ਅਜਿਹਾ ਕੀਤਾ ਸੀ ਕਿ ਉਹ ਆਪਣੀਆਂ ਭਾਵਨਾਵਾਂ ਨੂੰ ਕਾਰੋਬਾਰ ਤੋਂ ਵੱਖ ਰੱਖਦੇ ਹਨ। 
ਮੈਂ ਬੁਕੀ ਨੂੰ ਟੈਲੀਫੋਨ ਕੀਤਾ ਤਾਂ ਉਸ ਨੇ ਦੱਸਿਆ ਕਿ ਲੱਗਭਗ 50 ਲੋਕਾਂ ਨੇ ਦਾਅ ਲਾਇਆ ਸੀ ਤੇ ਉਨ੍ਹਾਂ 'ਚੋਂ ਘੋਸ਼ ਪਹਿਲੇ ਨੰਬਰ 'ਤੇ ਸੀ, ਭਾਵ ਕਿ ਬਹੁਤ ਭਾਰੀ ਦਾਅ ਲਾਉਣ ਵਾਲੇ ਗੁਜਰਾਤੀ ਵੀ ਰਾਸ਼ਟਰਵਾਦ ਦੀ ਧਾਰਾ ਵਿਚ ਵਹਿ ਰਹੇ ਸਨ ਅਤੇ ਆਪਣੀ ਨਕਦੀ ਦੇ ਬਲ 'ਤੇ ਭਾਰਤ ਦਾ ਸਮਰਥਨ ਕਰ ਰਹੇ ਸਨ। ਇਸ ਮੈਚ ਵਿਚ ਸ਼੍ਰੀਲੰਕਾ ਦੀ ਜਿੱਤ ਹੋਈ ਪਰ ਮੇਰਾ ਨੁਕਤਾ ਇਹ ਹੈ ਕਿ ਜੇਕਰ ਪਾਕਿਸਤਾਨ ਨਾਲ ਮੈਚ ਹੋਵੇ ਤਾਂ ਲੋਕ ਭਾਰਤ ਦੇ ਪੱਖ ਵਿਚ ਹੋਰ ਵੀ ਵੱਡਾ ਦਾਅ ਲਾਉਂਦੇ ਹਨ ਅਤੇ ਭਾਰੀ ਮਾਤਰਾ ਵਿਚ ਆਪਣਾ ਪੈਸਾ ਡੁਬੋ ਲੈਂਦੇ ਹਨ। ਪੂਰੀ ਤਰ੍ਹਾਂ ਜੰਗ ਦੀ ਸਥਿਤੀ ਬਣੀ ਹੁੰਦੀ ਹੈ। 
ਮੈਨੂੰ ਉਹ ਦਿਨ ਯਾਦ ਹੈ, ਜਦੋਂ ਲੱਗਭਗ 4 ਦਹਾਕੇ ਪਹਿਲਾਂ ਮੀਆਂਦਾਦ ਅਤੇ ਇਮਰਾਨ ਖਾਨ ਆਪਣੇ ਕੈਰੀਅਰ ਦੇ ਸਿਖਰ 'ਤੇ ਸਨ ਅਤੇ ਕਪਿਲ ਦੇਵ ਨੇ ਕੁਝ ਹੀ ਸਮਾਂ ਪਹਿਲਾਂ ਗਾਵਸਕਰ ਦੀ ਕਪਤਾਨੀ ਵਾਲੀ ਭਾਰਤੀ ਟੀਮ ਦੀ ਮੈਂਬਰਸ਼ਿਪ ਹਾਸਿਲ ਕੀਤੀ ਸੀ। ਉਨ੍ਹੀਂ ਦਿਨੀਂ ਕ੍ਰਿਕਟ ਦੇ ਮੈਚ ਦੇਖਣ ਦਾ ਵੱਖਰਾ ਹੀ ਮਜ਼ਾ ਹੁੰਦਾ ਸੀ। ਅਕਤੂਬਰ 1983 ਵਿਚ ਜਦੋਂ ਸ਼੍ਰੀਨਗਰ ਵਿਚ ਵੈਸਟਇੰਡੀਜ਼ ਵਿਰੁੱਧ ਖੇਡਣਾ ਪਿਆ ਸੀ ਤਾਂ ਇਹ ਸੁਖਦਾਈ ਗੱਲਾਂ ਦੀ ਸ਼ੁਰੂਆਤ ਦੀ ਉਦਾਹਰਣ ਬਣ ਗਿਆ ਸੀ। ਦਰਸ਼ਕਾਂ ਦੀ ਪੂਰੀ ਦੀ ਪੂਰੀ ਟੀਮ ਭਾਰਤ ਵਿਰੁੱਧ ਦੁਸ਼ਮਣੀ ਦੇ ਭਾਵ ਨਾਲ ਇੰਨੀ ਭਰੀ ਹੋਈ ਸੀ ਕਿ ਖ਼ੁਦ ਵੈਸਟਇੰਡੀਜ਼ ਦੀ ਟੀਮ ਇਸ ਗੱਲ ਤੋਂ ਹੈਰਾਨ ਸੀ ਕਿ ਉਨ੍ਹਾਂ ਨੂੰ ਦਰਸ਼ਕਾਂ ਤੋਂ ਇੰਨਾ ਸਮਰਥਨ ਮਿਲਣ ਦਾ ਕੀ ਕਾਰਨ ਹੈ। ਇਸ ਸਮੇਂ ਦੇ ਤਜਰਬੇ ਨੂੰ ਗਾਵਸਕਰ ਨੇ ਆਪਣੀ ਕਿਤਾਬ 'ਰਨਜ਼ ਐਂਡ ਰੂਈਂਜ਼' ਵਿਚ ਵਰਣਨ ਕੀਤਾ ਹੈ ਅਤੇ ਉਹ ਲਿਖਦੇ ਹਨ ਕਿ ਲੋਕਾਂ ਨੇ ਇਮਰਾਨ ਖਾਨ ਦੇ ਪੋਸਟਰ ਚੁੱਕੇ ਹੋਏ ਹਨ। ਮੇਰੇ ਸਮੇਤ ਬਹੁਤ ਸਾਰੇ ਭਾਰਤੀਆਂ ਲਈ ਇਹ ਪਹਿਲਾ ਮੌਕਾ ਸੀ, ਜਦੋਂ ਅਸੀਂ ਇਸ ਤੱਥ ਤੋਂ ਜਾਣੂ ਹੋਏ ਕਿ ਕਸ਼ਮੀਰ ਵਿਚ ਸਥਿਤੀ ਆਮ ਵਾਂਗ ਨਹੀਂ ਸੀ। 
ਗਾਵਸਕਰ ਦੇ ਇਸ ਤਜਰਬੇ ਦੀ ਵਿਆਖਿਆ ਮੈਂ ਇੰਝ ਕਰਾਂਗਾ ਕਿ ਦਰਸ਼ਕਾਂ ਦੀ ਇਹ ਭਾਵਨਾ ਕਿਸੇ ਵੀ ਹੋਰ ਪ੍ਰਤੀਕਿਰਿਆ ਦੀ ਤੁਲਨਾ ਵਿਚ ਜ਼ਿਆਦਾ ਭਾਰਤ ਵਿਰੋਧੀ ਸੀ। ਉਂਝ ਇਹ ਸਿਰਫ ਚਿੜ੍ਹਾਉਣ ਦੀ ਖਾਤਿਰ ਕੀਤਾ ਸੀ ਅਤੇ ਗਾਵਸਕਰ ਨੇ ਵੀ ਇਸ ਨੂੰ ਕੋਈ ਦੁਰਭਾਵਨਾ ਭਰੀ ਪ੍ਰਤੀਕਿਰਿਆ ਨਹੀਂ ਮੰਨਿਆ ਸੀ। ਉਹ ਕਹਿੰਦੇ ਹਨ ਕਿ ਪਹਿਲਾਂ ਉਨ੍ਹਾਂ ਨੇ ਆਪਣੇ ਵੱਲ ਇਸ਼ਾਰਾ ਕੀਤਾ ਤੇ ਫਿਰ ਗਰਾਊਂਡ ਵੱਲ, ਫਿਰ ਇਮਰਾਨ ਦੇ ਪੋਸਟਰ ਵੱਲ ਅਤੇ ਅਖੀਰ ਆਕਾਸ਼ ਵੱਲ। ਉਹ ਲਿਖਦੇ ਹਨ ਕਿ ਇਸ ਮੁਦਰਾ ਨਾਲ ਉਨ੍ਹਾਂ ਨੂੰ ਦਰਸ਼ਕਾਂ ਵਲੋਂ ਬਹੁਤ ਸ਼ਲਾਘਾ ਹਾਸਿਲ ਹੋਈ। 
ਮਾਰਚ 2004 ਵਿਚ ਮੈਂ ਮੁਲਤਾਨ ਦੇ ਸਟੇਡੀਅਮ ਵਿਚ ਸੀ। ਜਦੋਂ ਵਰਿੰਦਰ ਸਹਿਵਾਗ ਨੇ ਸ਼ੋਏਬ ਅਖਤਰ ਤੇ ਮੁਹੰਮਦ ਸਾਮੀ ਦੇ ਗੇਂਦਬਾਜ਼ੀ ਹਮਲੇ ਸਾਹਮਣੇ ਵੀ ਤੀਹਰਾ ਸੈਂਕੜਾ ਜੜਿਆ ਸੀ। ਮੈਂ ਇਕ ਪਾਕਿਸਤਾਨੀ ਦੋਸਤ ਦੇ ਨਾਲ ਸੀ। ਮੈਚ ਦੌਰਾਨ ਜਿਵੇਂ ਹੀ ਕਿਸੇ ਨੂੰ ਪਤਾ ਲੱਗਾ ਕਿ ਮੈਂ ਭਾਰਤੀ ਹਾਂ ਤਾਂ ਆਟੋਗ੍ਰਾਫ ਲੈਣ ਵਾਲਿਆਂ ਦੀ ਭੀੜ ਲੱਗ ਗਈ।  
ਇਹ ਮੈਚ ਪ੍ਰਸਿੱਧ ਮਿੱਤਰਤਾ ਲੜੀ ਦੇ ਅਧੀਨ ਹੋ ਰਿਹਾ ਸੀ, ਜੋ ਅਟਲ ਬਿਹਾਰੀ ਵਾਜਪਾਈ ਅਤੇ ਪ੍ਰਵੇਜ਼ ਮੁਸ਼ੱਰਫ ਦੀ ਪਹਿਲ ਦਾ ਨਤੀਜਾ ਸੀ। ਇਹ ਦੋਵੇਂ ਅਜਿਹੇ ਨੇਤਾ ਸਨ, ਜਿਨ੍ਹਾਂ ਵਿਚਾਲੇ ਕਾਰਗਿਲ ਨੂੰ ਲੈ ਕੇ ਭਾਰੀ ਮੁਕਾਬਲਾ ਹੋਇਆ ਸੀ ਅਤੇ ਇਸ ਵਿਚ ਦੋਹਾਂ ਪਾਸਿਓਂ ਲੱਗਭਗ 500-500 ਜਵਾਨ ਸ਼ਹੀਦ ਹੋ ਗਏ ਸਨ। ਉਦੋਂ ਵਾਜਪਾਈ ਭਾਰਤ ਦੇ ਪ੍ਰਧਾਨ ਮੰਤਰੀ ਸਨ ਅਤੇ ਮੁਸ਼ੱਰਫ਼ ਪਾਕਿਸਤਾਨੀ ਫੌਜ ਦੇ ਮੁਖੀ ਸਨ। ਉਨ੍ਹਾਂ ਨੇ ਇਕ-ਦੂਜੇ ਨੂੰ ਟੀਚਾ ਬਣਾ ਕੇ ਆਪਣੇ-ਆਪਣੇ ਦੇਸ਼ਾਂ ਨੂੰ ਪ੍ਰਮਾਣੂ ਹਥਿਆਰਾਂ ਨਾਲ ਲੈਸ ਕੀਤਾ ਸੀ। 
ਸਾਨੂੰ ਇਹ ਵੀ ਜ਼ਰੂਰ ਹੀ ਯਾਦ ਰੱਖਣਾ ਹੋਵੇਗਾ ਕਿ ਉਸ ਸਮੇਂ ਕਸ਼ਮੀਰ ਵਿਚ ਬਹੁਤ ਜ਼ਿਆਦਾ ਹਿੰਸਾ ਦਾ ਦੌਰ ਸੀ। 2001 ਵਿਚ ਜੰਮੂ-ਕਸ਼ਮੀਰ ਵਿਚ 4507 ਲੋਕਾਂ ਦੀ ਮੌਤ ਹੋਈ ਸੀ, ਜੋ ਕਿ 2016 ਵਿਚ ਮਾਰੇ ਗਏ 267 ਲੋਕਾਂ ਦੀ ਤੁਲਨਾ ਵਿਚ 20 ਗੁਣਾ ਵੱਧ ਸੀ। ਅਜਿਹੇ ਵਿਚ ਜੇਕਰ ਅਸੀਂ ਇਹ ਕਹੀਏ ਕਿ ਕਸ਼ਮੀਰ ਵਿਚ ਜ਼ਮੀਨੀ ਹਾਲਾਤ ਪਹਿਲਾਂ ਨਾਲੋਂ ਬਦਤਰ ਹਨ ਤਾਂ ਉਹ ਸਹੀ ਹੀ ਹੋਵੇਗਾ ਪਰ ਰਾਜਨੀਤੀ ਅਤੇ ਮੀਡੀਆ ਨੂੰ ਕੌਣ ਸਮਝਾਏ? ਅੱਜ ਜਦਕਿ ਹਿੰਸਾ ਵਿਚ ਜ਼ਮੀਨੀ ਪੱਧਰ 'ਤੇ ਕਾਫੀ ਜ਼ਿਆਦਾ ਗਿਰਾਵਟ ਆ ਚੁੱਕੀ ਹੈ ਤਾਂ ਅਜਿਹੀ ਲੜੀ ਦੀ ਕਲਪਨਾ ਕਰਨਾ ਬਹੁਤ ਹੈਰਾਨੀਜਨਕ ਹੋਵੇਗਾ। ਉਂਝ ਜਨਤਾ ਦੇ ਦਿਮਾਗ ਵਿਚ ਅਜੇ ਵੀ ਬਹੁਤ ਹਿੰਸਾ ਮੌਜੂਦ ਹੈ।