ਕੀ ਵਢੇਰਾ ਮਾਮਲਾ ਕਾਂਗਰਸ ਲਈ ''ਸਿਆਸੀ ਗੇਮਚੇਂਜਰ'' ਸਿੱਧ ਹੋਵੇਗਾ

02/12/2019 7:06:24 AM

ਇਹ ਦੋ ਜਵਾਈਆਂ ਫਿਰੋਜ਼ ਗਾਂਧੀ ਅਤੇ ਰਾਬਰਟ ਵਢੇਰਾ ਦੀ ਕਹਾਣੀ ਹੈ। ਫਿਰੋਜ਼ ਗਾਂਧੀ ਆਪਣੇ ਸਹੁਰੇ ਅਤੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰ. ਜਵਾਹਰ ਲਾਲ ਨਹਿਰੂ ਦੇ ਕੱਟੜ ਵਿਰੋਧੀ ਸਨ ਤਾਂ ਦੂਜੇ ਪਾਸੇ ਰਾਬਰਟ ਵਢੇਰਾ ਆਪਣੇ ਸਾਲੇ ਅਤੇ ਫਿਰੋਜ਼ ਗਾਂਧੀ ਦੇ ਪੋਤੇ-ਪੋਤੀ, ਭਾਵ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਢੇਰਾ ਦੀ ਕਮਜ਼ੋਰੀ ਸਿੱਧ ਹੋ ਰਹੇ ਹਨ। 
ਜਿੱਥੇ ਫਿਰੋਜ਼ ਗਾਂਧੀ ਨੇ ਆਜ਼ਾਦ ਭਾਰਤ ਦੀ ਪਹਿਲੀ ਕਾਂਗਰਸ ਸਰਕਾਰ 'ਚ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕੀਤਾ ਸੀ, ਉਥੇ ਹੀ ਦੂਜੇ ਪਾਸੇ ਵਢੇਰਾ ਕਥਿਤ ਰਿਸ਼ਵਤ ਕਾਂਡਾਂ ਦੇ ਕੇਂਦਰ ਬਣ ਗਏ ਹਨ। ਫਿਰੋਜ਼ ਗਾਂਧੀ ਨੇ ਨਹਿਰੂ ਦੀ ਧੀ ਇੰਦਰਾ ਗਾਂਧੀ ਨਾਲ 1942 'ਚ ਵਿਆਹ ਕਰਵਾਇਆ ਸੀ ਤੇ ਉਨ੍ਹਾਂ ਨੂੰ ਆਪਣੇ ਸਹੁਰੇ ਦੀ ਸਰਕਾਰ 'ਚ ਭ੍ਰਿਸ਼ਟਾਚਾਰ ਦਾ ਭਾਂਡਾ ਭੰਨਣ ਲਈ ਚੇਤੇ ਕੀਤਾ ਜਾਂਦਾ ਹੈ। 
ਫਿਰੋਜ਼ ਗਾਂਧੀ 1952 'ਚ ਸੰਸਦ ਲਈ ਚੁਣੇ ਗਏ ਸਨ ਤੇ 1957 'ਚ ਉਨ੍ਹਾਂ ਨੇ ਮੁੰਦੜਾ ਕੇਸ ਦਾ ਪਰਦਾਫਾਸ਼ ਕੀਤਾ ਸੀ, ਜਿਸ ਦੇ ਤਹਿਤ ਐੱਲ. ਆਈ. ਸੀ. 'ਚ ਇਕ ਉਦਯੋਗਪਤੀ ਦੀ ਕੰਪਨੀ ਨੇ ਧੋਖੇ ਨਾਲ 1.24 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ, ਜਿਸ ਕਾਰਨ ਤੱਤਕਾਲੀ ਵਿੱਤ ਮੰਤਰੀ ਟੀ. ਟੀ. ਕ੍ਰਿਸ਼ਨਾਮਾਚਾਰੀ ਨੂੰ ਅਸਤੀਫਾ ਦੇਣਾ ਪਿਆ ਸੀ ਤੇ ਨਹਿਰੂ ਨੂੰ ਪ੍ਰੇਸ਼ਾਨੀ ਝੱਲਣੀ  ਪਈ ਸੀ। ਉਸ ਤੋਂ ਬਾਅਦ ਜਸਟਿਸ ਐੱਮ. ਸੀ. ਛਾਗਲਾ ਕਮਿਸ਼ਨ ਨੇ ਮੁੰਦੜਾ ਨੂੰ 22 ਸਾਲ ਕੈਦ ਦੀ ਸਜ਼ਾ ਸੁਣਾਈ ਸੀ। 1956 'ਚ ਰਾਮਕ੍ਰਿਸ਼ਨ ਡਾਲਮੀਆ ਦੀ ਬੀਮਾ ਕੰਪਨੀ ਵਲੋਂ ਠੱਗੀ ਕਰਨ ਦੇ ਮਾਮਲੇ 'ਚ ਡਾਲਮੀਆ ਨੂੰ ਜੇਲ ਪਹੁੰਚਾਉਣ 'ਚ ਵੀ ਫਿਰੋਜ਼ ਗਾਂਧੀ ਦੀ ਅਹਿਮ ਭੂਮਿਕਾ ਰਹੀ। 
ਰਾਬਰਟ ਡੀ. ਐੱਲ. ਐੱਫ. ਜ਼ਮੀਨੀ ਸੌਦੇ 'ਚ ਦੋਸ਼ੀ 
ਫਿਰੋਜ਼ ਗਾਂਧੀ ਦੇ ਉਲਟ ਰਾਬਰਟ ਵਢੇਰਾ ਮੁਰਾਦਾਬਾਦ ਦਾ  ਇਕ ਸਾਧਾਰਨ ਜਿਹਾ ਲੜਕਾ ਸੀ, ਜਿਸ ਦੇ ਪਰਿਵਾਰ ਦਾ ਕਾਸਟਿਊਮ ਦੀ ਜਿਊਲਰੀ ਦੀ ਬਰਾਮਦ ਦਾ ਛੋਟਾ ਜਿਹਾ ਕਾਰੋਬਾਰ ਸੀ ਤੇ ਰਾਬਰਟ ਉਦੋਂ ਸੁਰਖ਼ੀਆਂ 'ਚ ਨਹੀਂ ਆਏ ਸਨ, ਜਦੋਂ 1997 'ਚ ਉਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਤੇ ਸੋਨੀਆ ਦੀ ਧੀ ਪ੍ਰਿਯੰਕਾ ਗਾਂਧੀ ਨਾਲ ਵਿਆਹ ਕਰਵਾਇਆ ਸੀ ਪਰ ਉਸ ਤੋਂ ਬਾਅਦ ਉਨ੍ਹਾਂ ਦੇ ਨਾਂ ਨਾਲ ਵਿਵਾਦ ਜੁੜਨ ਲੱਗ ਗਏ। 
'ਇੰਡੀਆ ਅਗੇਂਸਟ ਕੁਰੱਪਸ਼ਨ' ਦੇ ਬਾਨੀ ਅਰਵਿੰਦ ਕੇਜਰੀਵਾਲ ਨੇ 2012 'ਚ ਰਾਬਰਟ ਦੇ ਕਈ ਕਾਲੇ ਕਾਰਨਾਮਿਆਂ ਦਾ ਪਰਦਾਫਾਸ਼ ਕੀਤਾ। ਉਨ੍ਹਾਂ ਨੇ ਦੇਸ਼ ਅਤੇ ਕਾਂਗਰਸ ਦੇ 'ਪਹਿਲੇ ਜਵਾਈ' ਉੱਤੇ ਭਾਰਤ ਦੀ ਸਭ ਤੋਂ ਵੱਡੀ ਰਿਅਲਟੀ ਫਰਮ ਡੀ. ਐੱਲ. ਐੱਫ. ਤੋਂ ਪੈਸਾ ਲੈਣ ਦਾ ਦੋਸ਼ ਲਾਇਆ ਤੇ ਰਾਬਰਟ ਨੂੰ ਪੁੱਛਿਆ ਕਿ 2007 'ਚ ਉਨ੍ਹਾਂ ਦੀ ਪ੍ਰਾਪਰਟੀ 50 ਲੱਖ ਰੁਪਏ ਸੀ, ਉਹ 2012 ਤਕ 300 ਕਰੋੜ ਰੁਪਏ ਤਕ ਕਿਵੇਂ ਪਹੁੰਚ ਗਈ? 
ਰਾਬਰਟ ਵਢੇਰਾ ਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਗੁੜਗਾਓਂ 'ਚ ਡੀ. ਐੱਲ. ਐੱਫ. ਦੇ ਜ਼ਮੀਨੀ ਸੌਦੇ 'ਚ ਦੋਸ਼ੀ ਹਨ। ਉਨ੍ਹਾਂ ਵਿਰੁੱਧ ਇਕ ਐੱਫ. ਆਈ. ਆਰ. ਦਰਜ ਕੀਤੀ ਗਈ ਹੈ, ਜਿਸ 'ਚ ਦਾਅਵਾ ਕੀਤਾ ਗਿਆ ਕਿ ਸਕਾਈਲਾਈਟ ਹਾਸਪਿਟੈਲਿਟੀ ਨੇ ਗੁੜਗਾਓਂ ਦੇ ਸੈਕਟਰ 83 'ਚ 350 ਏਕੜ ਦਾ ਪਲਾਟ ਖਰੀਦਿਆ ਅਤੇ ਲਾਇਸੈਂਸ ਲੈਣ ਤੋਂ ਬਾਅਦ ਉਸ ਨੂੰ ਕਮਰਸ਼ੀਅਲ ਪਲਾਟ ਬਣਾ ਕੇ ਭਾਰੀ ਮੁਨਾਫਾ ਕਮਾਇਆ। 
ਰਾਬਰਟ ਦੀ ਸਹਾਇਤਾ ਕਰਨ ਬਦਲੇ ਹੁੱਡਾ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਕਾਨੂੰਨ ਦੀ ਉਲੰਘਣਾ ਕਰ ਕੇ ਡੀ. ਐੱਲ. ਐੱਫ. ਨੂੰ 350 ਏਕੜ ਜ਼ਮੀਨ ਅਲਾਟ ਕੀਤੀ। ਮਾਮਲਾ ਉਦੋਂ ਹੋਰ ਉਲਝ ਗਿਆ, ਜਦੋਂ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਰਾਬਰਟ ਵਢੇਰਾ 'ਤੇ ਮਨੀਲਾਂਡਰਿੰਗ ਦਾ ਦੋਸ਼ ਲਾਇਆ ਅਤੇ ਕਿਹਾ ਕਿ ਉਨ੍ਹਾਂ ਦੇ ਕਥਿਤ ਤੌਰ 'ਤੇ ਲੰਡਨ 'ਚ 2 ਵੱਡੇ ਬੰਗਲੇ ਤੇ 6 ਫਲੈਟ ਹਨ, ਜੋ 2005-10 ਦਰਮਿਆਨ ਯੂ. ਪੀ. ਏ. ਸਰਕਾਰ ਵੇਲੇ ਰੱਖਿਆ ਤੇ ਪੈਟਰੋਲੀਅਮ ਸੌਦਿਆਂ 'ਚ ਮਿਲੀ ਰਿਸ਼ਵਤ ਦੇ ਪੈਸਿਆਂ ਨਾਲ ਖਰੀਦੇ ਗਏ। 
ਭਾਜਪਾ ਵੀ ਕਾਂਗਰਸ ਦੇ 'ਜਵਾਈ' ਨੂੰ ਭ੍ਰਿਸ਼ਟ ਐਲਾਨਣ ਲਈ ਕੋਈ ਕਸਰ ਨਹੀਂ ਛੱਡ ਰਹੀ। ਰਾਬਰਟ ਵਿਰੁੱਧ ਰਾਜਸਥਾਨ ਦੇ ਬੀਕਾਨੇਰ 'ਚ 275 ਵਿੱਘੇ ਜ਼ਮੀਨ ਖਰੀਦਣ ਦੇ ਮਾਮਲੇ 'ਚ ਵੀ ਜਾਂਚ ਚੱਲ ਰਹੀ ਹੈ। ਇਹ ਜ਼ਮੀਨ ਉਨ੍ਹਾਂ ਨੇ ਆਪਣੀ ਕੰਪਨੀ ਸਕਾਈਲਾਈਟ ਹਾਸਪਿਟੈਲਿਟੀ ਦੇ ਜ਼ਰੀਏ ਨਿਯਮਾਂ ਦੀ ਉਲੰਘਣਾ ਕਰ ਕੇ ਖਰੀਦੀ। ਐਨਫੋਰਸਮੈਂਟ ਡਾਇਰੈਕਟੋਰੇਟ ਨੇ ਇਸ ਸਬੰਧ 'ਚ ਵੀ ਮਾਮਲਾ ਦਰਜ ਕੀਤਾ, ਜਦੋਂ 2015 'ਚ ਰਾਜਸਥਾਨ ਪੁਲਸ ਨੇ ਜ਼ਮੀਨ ਦੀ ਅਲਾਟਮੈਂਟ 'ਚ ਠੱਗੀ ਦੀ ਚਾਰਜਸ਼ੀਟ ਦਾਇਰ ਕੀਤੀ ਸੀ। 
ਰਾਬਰਟ ਦੇ ਸਿਰ 'ਤੇ ਕਾਨੂੰਨ ਦੀ ਤਲਵਾਰ
ਹੁਣ ਪ੍ਰਿਯੰਕਾ ਕਾਂਗਰਸ ਦੀ ਜਨਰਲ ਸਕੱਤਰ ਵਜੋਂ ਸਿਆਸਤ 'ਚ ਦਾਖਲ ਹੋ ਚੁੱਕੀ ਹੈ ਤਾਂ ਰਾਬਰਟ ਦੇ ਸੌਦਿਆਂ ਨੂੰ ਹਵਾ ਦਿੱਤੀ ਜਾ ਰਹੀ ਹੈ। ਹਾਲਾਂਕਿ ਰਾਬਰਟ ਵਿਰੁੱਧ ਜਾਂਚ ਚੱਲ ਰਹੀ ਹੈ ਤੇ ਉਨ੍ਹਾਂ ਦੇ ਸਿਰ 'ਤੇ ਕਾਨੂੰਨ ਦੀ ਤਲਵਾਰ ਲਟਕ ਰਹੀ ਹੈ। ਆਸ ਮੁਤਾਬਿਕ ਪਤੀਵ੍ਰਤਾ ਨਾਰੀ ਵਾਂਗ ਪ੍ਰਿਯੰਕਾ ਨੇ ਕਿਹਾ ਹੈ ਕਿ ਉਹ ਆਪਣੇ ਪਰਿਵਾਰ ਦੇ ਨਾਲ ਹੈ। 
ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਰਾਬਰਟ ਤੋਂ 15 ਘੰਟੇ ਪੁੱਛਗਿੱਛ ਕੀਤੀ। ਇਹ ਪੁੱਛਗਿੱਛ ਉਨ੍ਹਾਂ ਦੇ ਹਥਿਆਰਾਂ ਦੇ ਸੌਦਾਗਰ ਨਾਲ ਸਬੰਧਾਂ ਅਤੇ ਮਨੀਲਾਂਡਰਿੰਗ ਦੇ ਮਾਮਲਿਆਂ 'ਚ ਕੀਤੀ ਗਈ।
ਜੇ ਪ੍ਰਿਯੰਕਾ ਅਤੇ ਕਾਂਗਰਸ ਸਮਝਦੀ ਹੈ ਕਿ ਇਸ ਨਾਲ ਸਿਆਸੀ ਲਾਹਾ ਲਿਆ ਜਾ ਸਕਦਾ ਹੈ ਤਾਂ ਉਹ ਗਲਤਫਹਿਮੀ 'ਚ ਹੈ ਕਿਉਂਕਿ ਐਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਪੁੱਛਗਿੱਛ ਤੋਂ ਬਾਅਦ ਕੋਈ ਹੰਗਾਮਾ ਨਹੀਂ ਹੋਇਆ। ਹਾਲਾਂਕਿ ਇਸ ਮਾਮਲੇ 'ਚ ਕਾਂਗਰਸ ਅਤੇ ਪ੍ਰਿਯੰਕਾ ਬਚਾਅ ਦੀ ਮੁਦਰਾ 'ਚ ਨਹੀਂ ਹਨ, ਸਗੋਂ ਉਹ ਭਾਜਪਾ 'ਤੇ ਸਿਆਸੀ ਬਦਲਾਖੋਰੀ ਦਾ ਦੋਸ਼ ਲਾ ਰਹੇ ਹਨ। ਕਾਂਗਰਸ ਨੇ ਹੁਣ ਆਪਣਾ ਪਹਿਲਾਂ ਵਾਲਾ ਰੁਖ਼ ਬਦਲ ਲਿਆ ਹੈ ਕਿ ਰਾਬਰਟ ਇਕ 'ਪ੍ਰਾਈਵੇਟ ਨਾਗਰਿਕ' ਹਨ। 
ਕਾਂਗਰਸ ਦੁਚਿੱਤੀ 'ਚ ਹੈ ਕਿ ਜੇ ਉਹ ਰਾਬਰਟ ਨੂੰ ਭਾਜਪਾ ਦੇ ਸਿਆਸੀ ਬਦਲੇ ਵਜੋਂ ਪੇਸ਼ ਕਰਦੀ ਹੈ ਤਾਂ ਉਸ ਦਾ ਇਹ ਜੂਆ ਅਸਫਲ ਹੋ ਸਕਦਾ ਹੈ ਕਿਉਂਕਿ ਲੋਕਾਂ ਦੀਆਂ ਨਜ਼ਰਾਂ 'ਚ ਉਹ ਗਾਂਧੀ-ਕਾਂਗਰਸ ਦੇ ਪਰਿਵਾਰ ਤੋਂ ਨਹੀਂ ਹਨ। ਫਿਰੋਜ਼ ਗਾਂਧੀ ਦੇ ਉਲਟ ਉਨ੍ਹਾਂ ਦਾ ਸਰਨੇਮ ਵੱਖਰਾ ਹੈ।
ਇਸ ਦੇ ਨਾਲ ਹੀ ਜੇ ਭਾਜਪਾ ਉਨ੍ਹਾਂ ਨੂੰ ਕਾਂਗਰਸ ਦੇ ਭ੍ਰਿਸ਼ਟਾਚਾਰ ਦੇ ਪ੍ਰਤੀਕ ਵਜੋਂ ਪੇਸ਼ ਕਰਦੀ ਹੈ ਤਾਂ ਇਸ ਨਾਲ ਕਾਂਗਰਸ ਨੂੰ ਯੂ.  ਪੀ. 'ਚ ਹੋਰ ਨੁਕਸਾਨ ਹੋਵੇਗਾ ਅਤੇ ਸਿਆਸੀ ਨਜ਼ਰੀਏ ਤੋਂ ਇਹ ਸੂਬਾ ਬਹੁਤ ਅਹਿਮ ਹੈ ਕਿਉਂਕਿ ਇਥੋਂ ਲੋਕ ਸਭਾ ਦੀਆਂ 80 ਸੀਟਾਂ ਹਨ ਅਤੇ ਅਜਿਹੇ ਨਾਜ਼ੁਕ ਸਮੇਂ 'ਤੇ ਰਾਬਰਟ ਦੇ ਕਾਰਨਾਮੇ ਕਾਂਗਰਸ ਦੀ ਬੇੜੀ ਡੋਬ ਸਕਦੇ ਹਨ। 
ਭਾਜਪਾ ਤੇ ਕਾਂਗਰਸ ਬਦਲਾਂ ਦੀ ਭਾਲ 'ਚ 
ਇਸ ਸਮੇਂ ਭਾਜਪਾ ਤੇ ਕਾਂਗਰਸ ਦੋਵੇਂ ਆਪੋ-ਆਪਣੇ ਬਦਲ ਲੱਭ ਰਹੀਆਂ ਹਨ। ਭਾਜਪਾ ਦਾ ਮੰਨਣਾ ਹੈ ਕਿ ਪ੍ਰਿਯੰਕਾ ਦੀ ਨਿਯੁਕਤੀ ਨਾਲ ਰਾਬਰਟ ਦੇ ਭ੍ਰਿਸ਼ਟਾਚਾਰ ਦੇ ਮਾਮਲੇ ਕੇਂਦਰਬਿੰਦੂ ਬਣ ਗਏ ਹਨ, ਜਿਸ ਨਾਲ ਭਾਜਪਾ ਨੂੰ ਫਾਇਦਾ ਹੋ ਸਕਦਾ ਹੈ ਪਰ ਕੁਝ ਲੋਕਾਂ ਦਾ ਮੰਨਣਾ ਹੈ ਕਿ ਜੇ ਇਸ ਮਾਮਲੇ 'ਚ ਸਾਵਧਾਨੀ ਨਾਲ ਕਦਮ ਨਾ ਚੁੱਕਿਆ ਗਿਆ ਤਾਂ ਇਹ ਉਲਟਾ ਪੈ ਸਕਦਾ ਹੈ। ਕੁਝ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਇਸ ਮਾਮਲੇ 'ਚ 'ਓਮੇਰਟਾ ਕੋਡ'  ਲਾਗੂ ਕੀਤਾ ਜਾਣਾ ਚਾਹੀਦਾ ਹੈ ਤੇ ਐਨਫੋਰਸਮੈਂਟ ਏਜੰਸੀਆਂ ਨੂੰ ਕਾਰਵਾਈ ਕਰਨ ਦਿੱਤੀ ਜਾਣੀ ਚਾਹੀਦੀ ਹੈ। 
ਕੁਝ ਲੋਕਾਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਰਾਬਰਟ ਵਢੇਰਾ ਵਿਰੁੱਧ ਭਾਜਪਾ ਪਹਿਲਾਂ ਕਾਰਵਾਈ ਕਿਉਂ ਨਹੀਂ ਕਰ ਸਕੀ, ਜਦਕਿ ਕਾਂਗਰਸ ਇਸ ਗੱਲ ਦੀ ਉਡੀਕ ਕਰ ਰਹੀ ਹੈ ਕਿ ਇਹ ਮੁੱਦਾ ਕੀ ਕਰਵਟ ਲੈਂਦਾ ਹੈ। ਸੀਨੀਅਰ ਕਾਂਗਰਸੀ ਆਗੂ ਇਸ ਗੱਲ ਤੋਂ ਚਿੰਤਤ ਹਨ ਕਿ ਕੀ ਰਾਬਰਟ ਨੂੰ ਪਿਛੋਕੜ 'ਚ ਰਹਿਣਾ ਚਾਹੀਦਾ ਹੈ ਜਾਂ ਜਨਤਕ ਤੌਰ 'ਤੇ ਬਿਆਨ ਦੇਣੇ ਸ਼ੁਰੂ ਕਰ ਦੇਣੇ ਚਾਹੀਦੇ ਹਨ? ਰਾਬਰਟ ਅਤੀਤ 'ਚ ਵੀ ਚੋਣਾਂ ਲੜਨ ਦੀ ਆਪਣੀ ਸਿਆਸੀ ਇੱਛਾ ਜ਼ਾਹਿਰ ਕਰ ਚੁੱਕੇ ਹਨ ਪਰ ਸੱਤਾ ਦੀ ਖੇਡ 'ਚ ਉਨ੍ਹਾਂ ਨੂੰ ਸ਼ਾਇਦ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। 
ਆਉਣ ਵਾਲੀਆਂ ਚੋਣਾਂ ਲਈ ਜੰਗ ਦੀਆਂ ਰੇਖਾਵਾਂ ਖਿੱਚੀਆਂ ਜਾ ਚੁੱਕੀਆਂ ਹਨ ਤੇ ਹੁਣ ਦੇਖਣਾ ਇਹ ਹੈ ਕਿ ਵਢੇਰਾ ਘਪਲਾ ਕਾਂਗਰਸ ਤੇ ਪ੍ਰਿਯੰਕਾ ਦੇ ਚੋਣ ਮਨਸੂਬਿਆਂ 'ਤੇ ਕਿਵੇਂ ਅਸਰ ਪਾਉਂਦਾ ਹੈ, ਜੇ ਪ੍ਰਿਯੰਕਾ ਰਾਇਬਰੇਲੀ ਤੋਂ ਜਾਂ ਮੋਦੀ ਵਿਰੁੱਧ ਚੋਣਾਂ ਲੜਨ ਦਾ ਫੈਸਲਾ ਕਰਦੀ ਹੈ। 
ਕੁਝ ਲੋਕ ਮੰਨਦੇ ਹਨ ਕਿ ਵਢੇਰਾ ਦੇ ਮੁੱਦੇ 'ਤੇ ਬੇਵਜ੍ਹਾ ਰੌਲਾ ਪਾਇਆ ਜਾ ਰਿਹਾ ਹੈ ਅਤੇ ਕੋਈ ਹੋਰ ਘਪਲਾ ਸਾਹਮਣੇ ਆਉਣ ਤੋਂ ਬਾਅਦ ਇਸ ਨੂੰ ਭੁਲਾ ਦਿੱਤਾ ਜਾਵੇਗਾ ਕਿਉਂਕਿ ਭਾਰਤ ਦੇ ਲੋਕਾਂ ਦੀ ਯਾਦਦਾਸ਼ਤ ਬਹੁਤ ਕਮਜ਼ੋਰ ਹੈ। ਦੂਜੇ ਪਾਸੇ ਕੁਝ ਲੋਕ ਮੰਨਦੇ ਹਨ ਕਿ ਕਾਂਗਰਸ ਨੇ ਆਪਣੇ ਲਈ ਮੁਸੀਬਤ ਖੜ੍ਹੀ ਕਰ ਲਈ ਹੈ ਤੇ ਹੁਣ ਇਸ ਦੇ ਨੇਤਾ ਰਾਬਰਟ ਵਢੇਰਾ ਨੂੰ ਬਚਾਉਣ 'ਚ ਲੱਗ ਜਾਣਗੇ ਪਰ ਵਢੇਰਾ ਨੂੰ ਆਪਣਾ ਬਚਾਅ ਖ਼ੁਦ ਕਰਨ ਦਿੱਤਾ ਜਾਣਾ ਚਾਹੀਦਾ ਹੈ। ਜੇ ਅਜਿਹਾ ਹੁੰਦਾ ਹੈ ਤਾਂ ਨਤੀਜੇ ਚਾਹੇ ਜੋ ਵੀ ਆਉਣ, ਉਸ ਨਾਲ ਪਾਰਟੀ ਨੂੰ ਪ੍ਰੇਸ਼ਾਨੀ ਨਹੀਂ ਹੋਵੇਗੀ। 
ਤਿੰਨ ਅਹਿਮ ਮੁੱਦੇ
ਵਿਚਾਰਨਯੋਗ ਮੁੱਦਾ ਇਹ ਨਹੀਂ ਹੈ ਕਿ ਵਢੇਰਾ ਨੇ ਕੋਈ ਗਲਤ ਕੰਮ ਕੀਤਾ ਹੈ, ਸਗੋਂ ਇਸ ਨਾਲ ਤਿੰਨ ਅਹਿਮ ਮੁੱਦੇ ਸਾਹਮਣੇ ਆਏ ਹਨ। ਪਹਿਲਾ, ਜੇ ਵਢੇਰਾ ਪ੍ਰਾਈਵੇਟ ਨਾਗਰਿਕ ਹਨ ਤਾਂ ਫਿਰ ਕਾਂਗਰਸ ਉਨ੍ਹਾਂ ਦਾ ਬਚਾਅ ਕਿਉਂ ਕਰ ਰਹੀ ਹੈ? ਦੂਜਾ, ਕੀ ਇਸ ਦਾ ਕਾਰਨ ਇਹ ਹੈ ਕਿ ਇਸ ਨਾਲ  ਗਾਂਧੀ ਪਰਿਵਾਰ ਦੇ ਰਾਜ਼ ਖੁੱਲ੍ਹ ਸਕਦੇ ਹਨ? ਤੀਜਾ, ਕੀ ਇਸ ਨਾਲ ਸਿਆਸੀ ਪਰਿਵਾਰਾਂ ਦੇ ਕਾਰਨਾਮਿਆਂ ਨੂੰ ਨਾ ਉਛਾਲਣ ਦੇ ਅਲਿਖਤੀ ਨਿਯਮ ਦਾ ਪਰਦਾਫਾਸ਼ ਹੋ ਜਾਵੇਗਾ? 
ਭਾਜਪਾ ਵੀ ਆਪਣੇ ਨੇਤਾਵਾਂ ਦੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਤੇ ਹੋਰਨਾਂ ਪਾਰਟੀਆਂ ਤੋਂ ਭਾਜਪਾ 'ਚ ਆਏ ਨੇਤਾਵਾਂ ਦੇ ਕਾਰਨਾਮਿਆਂ 'ਤੇ ਚੁੱਪ ਹੈ। ਹੁਣੇ ਜਿਹੇ ਪੱਛਮੀ ਬੰਗਾਲ 'ਚ ਸ਼ਾਰਦਾ ਚਿੱਟਫੰਡ ਘਪਲੇ ਦੇ ਦੋਸ਼ੀ ਭਾਜਪਾ 'ਚ ਸ਼ਾਮਿਲ ਹੋਏ ਅਤੇ ਸੰਘ ਨੇ ਉਨ੍ਹਾਂ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਅਗਾਂਹ ਕੀ ਹੋਵੇਗਾ? 
ਕੀ ਵਢੇਰਾ ਮਾਮਲਾ ਕਾਂਗਰਸ ਲਈ ਸਿਆਸੀ ਗੇਮਚੇਂਜਰ ਸਿੱਧ ਹੋਵੇਗਾ? ਕੀ ਇਹ ਇਕ ਅਜਿਹਾ ਜੂਆ ਹੋਵੇਗਾ, ਜਿਸ 'ਤੇ ਭਾਜਪਾ ਪਛਤਾਏਗੀ? ਕੁਝ ਲੋਕਾਂ ਨੂੰ ਯਕੀਨ ਹੈ ਕਿ ਇਹ ਮਾਮਲਾ ਮੁੜ ਇਸ ਗੱਲ 'ਤੇ ਜ਼ੋਰ ਦਿੰਦਾ ਹੈ ਕਿ ਉੱਚ ਅਹੁਦਿਆਂ 'ਤੇ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ। ਉਮੀਦ ਕੀਤੀ ਜਾਂਦੀ ਹੈ ਕਿ ਭਾਰਤ ਦੇ ਸਿਆਸਤਦਾਨਾਂ ਨੂੰ ਸੱਚ ਪ੍ਰਤੀ ਵਫ਼ਾਦਾਰੀ ਇਕ ਆਪਾ-ਵਿਰੋਧੀ ਸ਼ਬਦ ਨਹੀਂ ਲੱਗੇਗਾ। 

Bharat Thapa

This news is Content Editor Bharat Thapa