ਭਟਕੇ ਹੋਏ ਕਸ਼ਮੀਰੀ ਨੌਜਵਾਨਾਂ ਨੂੰ ਸਹੀ ਰਾਹ ’ਤੇ ਲਿਆਉਣ ਦੀ ਲੋੜ

11/09/2018 6:39:23 AM

ਭਾਰਤ ਸਰਕਾਰ ਵਲੋਂ ਪਾਕਿਸਤਾਨ ਨੂੰ ਸਮੇਂ-ਸਮੇਂ ’ਤੇ ਚਿਤਾਵਨੀ ਦੇਣ, ਧਮਕਾਉਣ ਤੇ ਹੋਰ ਛੋਟੀਅਾਂ-ਵੱਡੀਅਾਂ ਕਾਰਵਾਈਅਾਂ ਦਾ ਸਿਲਸਿਲਾ ਜਾਰੀ ਹੈ ਪਰ ਪਾਕਿਸਤਾਨ ’ਤੇ ਇਨ੍ਹਾਂ ਦਾ ਕੋਈ ਅਸਰ ਹੁੰਦਾ ਨਜ਼ਰ ਨਹੀਂ ਆ ਰਿਹਾ ਤੇ ਉਸ ਵਲੋਂ ਕਸ਼ਮੀਰ ’ਚ ਹਿੰਸਕ  ਸਰਗਰਮੀਅਾਂ ਬੇਖੌਫ਼ ਜਾਰੀ ਹਨ। ਸਰਹੱਦ ’ਤੇ ਗੋਲਾਬਾਰੀ ਤੇ ਅੱਤਵਾਦੀਅਾਂ ਦੀ ਘੁਸਪੈਠ ਚਲਦੀ ਰਹਿੰਦੀ ਹੈ। 
ਇਸ ਸਭ ਦੇ ਲਈ ਅਸੀਂ ਬੇਸ਼ੱਕ ਹੀ ਪਾਕਿਸਤਾਨ ਦੀ ਫੌਜ, ਕੱਟੜਪੰਥੀਅਾਂ ਜਾਂ ਉਥੋਂ ਦੀ ‘ਬੇਚਾਰੀ’ ਸਰਕਾਰ ਨੂੰ ਕਿੰਨਾ ਵੀ ਦੋਸ਼ ਦੇਈਏ, ਇਸ ਨਾਲ ਉਸ ਦਾ ਕੁਝ ਵੀ ਵਿਗੜਨ ਵਾਲਾ ਨਹੀਂ, ਨੁਕਸਾਨ ਤਾਂ ਸਾਡਾ (ਭਾਰਤ ਦਾ) ਹੀ ਹੋ ਰਿਹਾ ਹੈ। 
ਅੱਤਵਾਦ ਨੇ ਕਸ਼ਮੀਰ ਦੀ ਸ਼ਾਂਤੀ ਭੰਗ ਕਰ ਕੇ ਰੱਖ ਦਿੱਤੀ ਹੈ ਤੇ ਇਸ ਦੇ ਲਈ ਅਸੀਂ ਪਾਕਿਸਤਾਨ ਨੂੰ ਦੋਸ਼ੀ ਮੰਨਦੇ ਹਾਂ। ਸਾਨੂੰ ਕਸ਼ਮੀਰ ਦੇ ਭਟਕੇ ਹੋਏ ਨੌਜਵਾਨਾਂ ਨੂੰ ਅਤੇ ਵਾਦੀ ’ਚ ਪਾਕਿਸਤਾਨ ਦਾ ਗੁਣਗਾਨ ਕਰਨ ਵਾਲੇ ਲੋਕਾਂ ਨੂੰ ਸਿੱਧੇ ਰਾਹ ’ਤੇ ਲਿਆਉਣਾ ਪਵੇਗਾ ਅਤੇ ਉਨ੍ਹਾਂ ਨੂੰ ਇਹ ਦੱਸਣਾ ਪਵੇਗਾ ਕਿ ਉਨ੍ਹਾਂ ਨੂੰ ਇਕ ‘ਬੇਚਾਰੇ’ ਜਿਹੇ ਦੇਸ਼ ਵਲੋਂ ਬੇਵਕੂਫ ਬਣਾਇਆ ਜਾ ਰਿਹਾ ਹੈ। ਅਸਲ ’ਚ ਪਾਕਿਸਤਾਨ ਬੰਗਲਾਦੇਸ਼ ਦਾ ਬਦਲਾ ਲੈਣ ਲਈ ਕਸ਼ਮੀਰ ਦੇ ਨੌਜਵਾਨਾਂ ਨੂੰ ਗੁੰਮਰਾਹ ਕਰ ਰਿਹਾ ਹੈ। ਕਸ਼ਮੀਰੀਅਾਂ ਨੂੰ ਸਮਝਣਾ ਚਾਹੀਦਾ ਹੈ ਕਿ ਜੇ ਕਸ਼ਮੀਰ ’ਚ ਸ਼ਾਂਤੀ ਬਹਾਲ ਹੋ ਜਾਂਦੀ ਹੈ ਤਾਂ ਉਥੇ ਜਿੰਨੀ ਕਮਾਈ ਸੈਰ-ਸਪਾਟੇ ਤੋਂ ਹੋਵੇਗੀ, ਉਹ ਦੁਨੀਆ ’ਚ ਸਭ ਤੋਂ ਜ਼ਿਆਦਾ ਹੋਵੇਗੀ। 
ਪਾਕਿਸਤਾਨ ਦਾ ਮਕਸਦ ਕਸ਼ਮੀਰ ਦੀ ਆਜ਼ਾਦੀ ਨਹੀਂ
ਲੱਗਦਾ ਹੈ ਕਿ ਭਟਕੇ ਹੋਏ ਕਸ਼ਮੀਰੀ ਨੌਜਵਾਨਾਂ ਦਾ ਹਾਲ ਅਜਿਹਾ ਹੈ, ਜਿਵੇਂ ਉਹ ਇਕ ਹੀ ਕਲਾਸ ’ਚ਼ ਵਾਰ-ਵਾਰ ਫੇਲ ਹੋ ਰਹੇ ਹੋਣ। ਉਨ੍ਹਾਂ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਜੋ ਦੇਸ਼ ਖ਼ੁਦ ਦੁਨੀਆ ਅੱਗੇ ‘ਭੀਖ ਦਾ ਕਟੋਰਾ’ ਲੈ ਕੇ ਘੁੰਮ ਰਿਹਾ ਹੈ, ਉਹ ਉਨ੍ਹਾਂ ਦਾ ਕੀ ਭਲਾ ਕਰ ਸਕੇਗਾ? ਪਾਕਿਸਤਾਨ ਸਿਰਫ ਉਨ੍ਹਾਂ ਦਾ ਇਸਤੇਮਾਲ ਕਰ ਰਿਹਾ ਹੈ। ਉਸ ਦਾ ਮਕਸਦ ਕਸ਼ਮੀਰ ਦੀ ਆਜ਼ਾਦੀ ਨਹੀਂ, ਸਗੋਂ ਭਾਰਤ ’ਚ ਅਸ਼ਾਂਤੀ ਫੈਲਾਈ ਰੱਖਣਾ ਹੈ। ਇਹੋ ਗੱਲ ਕਸ਼ਮੀਰ ਦੇ ਲੋਕਾਂ ਨੂੰ ਸਮਝਣ ਦੀ ਲੋੜ ਹੈ। 
ਪਾਕਿਸਤਾਨ ਸ਼ਾਇਦ 200 ਸਾਲਾਂ ਤਕ ਵੀ ਕਸ਼ਮੀਰ ਦੀ ਆਜ਼ਾਦੀ ਦਾ ਸੁਪਨਾ ਦੇਖ ਸਕਦਾ ਹੈ ਪਰ ਇਹ ਸੁਪਨਾ ਕਦੇ ਸਾਕਾਰ ਨਹੀਂ ਹੋਵੇਗਾ। ਕਸ਼ਮੀਰ ’ਚ ਪਾਕਿਸਤਾਨ ਦੀਅਾਂ ਸਰਗਰਮੀਅਾਂ ਕਾਰਨ ਭਾਰਤ ’ਚ ਰਹਿ ਰਹੇ ਹੋਰਨਾਂ ਮੁਸਲਮਾਨਾਂ ’ਤੇ ਵੀ ਸ਼ੱਕ ਦੀਅਾਂ ਨਜ਼ਰਾਂ ਘੁੰਮ ਜਾਂਦੀਅਾਂ ਹਨ, ਜਿਸ ਕਾਰਨ ਦੇਸ਼ ਭਰ ’ਚ ਰਹਿ ਰਹੇ ਮੁਸਲਮਾਨਾਂ ਨੂੰ ਕਈ ਮਾਨਸਿਕ ਪ੍ਰੇਸ਼ਾਨੀਅਾਂ ਝੱਲਣੀਅਾਂ ਪੈਂਦੀਅਾਂ ਹਨ। ਉਨ੍ਹਾਂ ਵਲੋਂ ਪਾਕਿਸਤਾਨ ’ਚ ਰਹਿ ਰਹੇ ਆਪਣੇ ਰਿਸ਼ਤੇਦਾਰਾਂ ਨਾਲ ਫੋਨ ’ਤੇ ਗੱਲ ਕਰਨ ਜਾਂ ਉਨ੍ਹਾਂ ਨੂੰ ਮਿਲਣ ਜਾਣ ਤਕ ਕਾਰਨ ਸ਼ੱਕ ਦੀ ਸੂਈ ਉਨ੍ਹਾਂ ਦੁਆਲੇ ਘੁੰਮ ਜਾਂਦੀ ਹੈ। 
ਕੀ ਪਾਕਿਸਤਾਨ ਇਹੋ ਚਾਹੁੰਦਾ ਹੈ ਕਿ ਉਸ ਦੀਅਾਂ ਕਰਤੂਤਾਂ ਕਾਰਨ ਭਾਰਤ ਦੀ ਜ਼ਿਆਦਾਤਰ ਮੁਸਲਿਮ ਆਬਾਦੀ ਨੂੰ ਦੁੱਖ ਝੱਲਣੇ ਪੈਣ? ਮੈਂ ਸਮਝਦਾ ਹਾਂ ਕਿ ਪਾਕਿਸਤਾਨ ਨੂੰ ਸਮਝਾਉਣ ਜਾਂ ਧਮਕਾਉਣ ਨਾਲ ਕੋਈ ਫਰਕ ਨਹੀਂ  ਪੈਣ ਵਾਲਾ। ਇਸ ਲਈ ਭਾਰਤ ਸਰਕਾਰ ਉਸ ਨੂੰ ਅਜਿਹਾ ਸਬਕ ਸਿਖਾਵੇ ਕਿ ਅਗਲੇ 100 ਸਾਲਾਂ ਤਕ ਵੀ ਪਾਕਿਸਤਾਨ ਅੱਤਵਾਦ ਫੈਲਾਉਣ ਬਾਰੇ ਨਾ ਸੋਚ ਸਕੇ। ਇਸ ਤੋਂ ਇਲਾਵਾ ਕਸ਼ਮੀਰ ਦੇ ਕੁਝ ਲੋਕਾਂ ਦੀ ਉਲਟ ਸੋਚ ਨੂੰ ਪਿਆਰ ਨਾਲ ਬਦਲਿਆ ਜਾਵੇ, ਨਾ ਕਿ ਮਾਰ ਨਾਲ।