ਲੱਗਦੈ ਕਿਸਾਨ ਅੰਦੋਲਨ ਹੁਣ ''ਸਰਕਾਰੀ ਭਾਸ਼ਾ'' ਸਮਝਣ ਲੱਗ ਪਿਆ ਹੈ

07/21/2017 3:51:54 AM

ਜੰਤਰ-ਮੰਤਰ ਵਿਖੇ ਕਿਸਾਨਾਂ ਦੀ ਪੀੜਾ ਦੀ ਪਰੇਡ ਚੱਲ ਰਹੀ ਸੀ ਤੇ ਨਾਲ ਹੀ ਕਿਸਾਨ ਅੰਦੋਲਨ ਦੇ ਨਵੇਂ ਰੂਪ, ਨਵੇਂ ਸੰਕਲਪ ਦੀ ਵੰਨਗੀ ਵੀ ਮਿਲ ਰਹੀ ਸੀ। ਦੁੱਖ, ਗੁੱਸੇ ਅਤੇ ਨਿਰਾਸ਼ਾ ਦੇ ਸਾਗਰ ਵਿਚ ਡੁੱਬਦਾ-ਉੱਭਰਦਾ ਮੈਂ ਇਕ ਛੋਟੀ ਜਿਹੀ ਉਮੀਦ ਲੱਭ ਰਿਹਾ ਸੀ। ਜੰਤਰ-ਮੰਤਰ ਵਿਖੇ ਉਸੇ ਦੀ ਝਲਕ ਨਜ਼ਰ ਆ ਗਈ। 
ਕਿਸਾਨ ਦੀ ਦਸ਼ਾ ਦਾ ਨਾਟਕੀ ਚਿਤਰਣ ਕਰਨ 'ਚ ਤਾਮਿਲਨਾਡੂ ਦੇ ਕਿਸਾਨ ਆਗੂ ਅਯਾਕੰਨੂ ਦਾ ਕੋਈ ਜਵਾਬ ਨਹੀਂ। ਸੂਬੇ ਵਿਚ ਪਿਛਲੇ 140 ਵਰ੍ਹਿਆਂ ਦਾ ਸਭ ਤੋਂ ਭਿਆਨਕ ਸੋਕਾ ਪਿਆ। ਸਰਕਾਰ ਨੂੰ ਜਗਾਉਣ ਲਈ 3 ਮਹੀਨੇ ਪਹਿਲਾਂ ਅਯਾਕੰਨੂ ਕਿਸਾਨਾਂ ਦੀ ਇਕ ਛੋਟੀ ਜਿਹੀ ਟੁਕੜੀ ਲੈ ਕੇ ਦਿੱਲੀ ਆਏ ਸਨ ਤੇ ਉਨ੍ਹਾਂ ਦੇ ਹੱਥਾਂ ਵਿਚ ਮ੍ਰਿਤਕ ਕਿਸਾਨਾਂ ਦੀਆਂ ਖੋਪੜੀਆਂ ਤੇ ਹੱਡੀਆਂ ਸਨ। ਉਨ੍ਹਾਂ ਨੇ ਖੋਪੜੀਆਂ ਦਿਖਾਈਆਂ, ਨੰਗੇ ਬਦਨ ਲੇਟੇ, ਅੱਧਾ ਸਿਰ ਮੁੰਨਵਾਇਆ ਤੇ ਹੋਰ ਪਤਾ ਨਹੀਂ ਕੀ-ਕੀ ਕੀਤਾ? 
ਆਖਿਰ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਤਾਂ ਦੇ ਦਿੱਤਾ ਪਰ ਤਾਮਿਲਨਾਡੂ ਜਾ ਕੇ ਫਿਰ ਮੁੱਕਰ ਗਏ। ਇਸ ਲਈ ਅਯਾਕੰਨੂ ਫਿਰ ਜੰਤਰ-ਮੰਤਰ ਵਿਖੇ ਪਹੁੰਚ ਗਏ। ਉਹ ਪ੍ਰਧਾਨ ਮੰਤਰੀ ਦੇ ਘਰ ਅੱਗੇ ਹੰਗਾਮਾ ਕਰ ਚੁੱਕੇ ਹਨ ਅਤੇ ਬਹੁਤ ਕੁਝ ਕਰਨ ਦੀ ਤਿਆਰੀ ਹੈ। 
ਉਨ੍ਹਾਂ ਨੂੰ ਦੇਖਦਿਆਂ ਮੈਂ ਸੋਚ ਰਿਹਾ ਸੀ ਕਿ ਕੀ ਸੱਤਾਧਾਰੀ ਇਸੇ ਤਰ੍ਹਾਂ ਕਿਸਾਨ ਦੀ ਗੱਲ ਸੁਣਨਗੇ? ਇਸ ਦਰਮਿਆਨ ਖ਼ਬਰ ਆਈ ਕਿ ਕਿਸਾਨਾਂ ਦੇ ਦੁੱਖਾਂ-ਤਕਲੀਫਾਂ ਵੱਲ ਧਿਆਨ ਦੇਣ ਦੀ ਬਜਾਏ ਤਾਮਿਲਨਾਡੂ ਦੇ ਵਿਧਾਇਕਾਂ ਨੇ ਸਾਰਾ ਜ਼ੋਰ ਆਪਣੇ ਤਨਖਾਹ-ਭੱਤੇ ਦੁੱਗਣੇ ਕਰਨ 'ਤੇ ਲਾ ਦਿੱਤਾ। ਧੰਨ ਹੈ ਇਹ ਦੇਸ਼!
ਸਾਡੇ ਦਰਮਿਆਨ ਉਥੇ ਹੀ ਯੂ. ਪੀ. ਤੋਂ ਆਲੂ ਬੀਜਣ ਵਾਲੇ ਕਿਸਾਨ ਆਏ ਹੋਏ ਸਨ। ਇਸ ਵਾਰ ਆਲੂਆਂ ਦੀ ਰਿਕਾਰਡ ਪੈਦਾਵਾਰ ਹੋਈ ਪਰ ਭਾਅ ਇਕਦਮ ਡਿੱਗ ਗਏ। ਬਿਹਤਰ ਭਾਅ ਦੀ ਉਮੀਦ ਵਿਚ ਕਿਸਾਨਾਂ ਨੇ ਆਲੂ ਕੋਲਡ ਸਟੋਰਾਂ ਵਿਚ ਰੱਖ ਦਿੱਤੇ ਪਰ ਹੁਣ ਭਾਅ ਇੰਨੇ ਡਿੱਗ ਗਏ ਹਨ ਕਿ ਕੋਲਡ ਸਟੋਰਾਂ ਵਾਲਿਆਂ ਨੂੰ ਦੇਣ ਲਈ ਵੀ ਪੈਸੇ ਉਨ੍ਹਾਂ ਕੋਲ ਨਹੀਂ ਬਚੇ।
ਆਗਰਾ, ਇਟਾਵਾ, ਮੈਨਪੁਰੀ, ਫਿਰੋਜ਼ਾਬਾਦ ਵਰਗੇ ਜ਼ਿਲਿਆਂ ਤੋਂ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦੀਆਂ ਖ਼ਬਰਾਂ ਆਈਆਂ। ਕਿਸਾਨ ਆਲੂਆਂ ਦੇ ਬੋਰੇ ਭਰ-ਭਰ ਕੇ ਸੜਕਾਂ 'ਤੇ ਸੁੱਟ ਰਹੇ ਹਨ। ਯੂ. ਪੀ. ਸਰਕਾਰ ਨੇ ਆਲੂ ਖਰੀਦਣ ਦੀ ਯੋਜਨਾ ਬਣਾਈ ਪਰ ਇਕ ਫੀਸਦੀ ਵੀ ਆਲੂ ਨਹੀਂ ਖਰੀਦੇ। ਹੁਣ ਪਾਣੀ ਕਿਸਾਨ ਦੇ ਸਿਰੋਂ ਲੰਘਦਾ ਜਾ ਰਿਹਾ ਹੈ। 
ਜੋ ਕਹਾਣੀ ਯੂ. ਪੀ. ਦੇ ਆਲੂ ਉਤਪਾਦਕਾਂ ਦੀ ਹੈ, ਉਹੀ ਕਹਾਣੀ ਤੇਲੰਗਾਨਾ ਦੇ ਮਿਰਚ ਉਤਪਾਦਕ ਕਿਸਾਨਾਂ ਤੇ ਦੇਸ਼ ਭਰ ਦੇ ਪਿਆਜ਼ ਉਤਪਾਦਕ ਕਿਸਾਨਾਂ ਦੀ ਵੀ ਹੈ। 
ਪਰ ਜੰਤਰ-ਮੰਤਰ ਦੀ ਅਸਲੀ ਝਾਕੀ ਮਹਾਰਾਸ਼ਟਰ ਤੋਂ ਆਏ ਬੱਚਿਆਂ ਨੇ ਦਿਖਾਈ। ਨਾਸਿਕ ਜ਼ਿਲੇ ਦੇ ਆਧਾਰ ਤੀਰਥ ਆਸ਼ਰਮ ਵਿਚ ਰਹਿਣ ਵਾਲੇ ਇਨ੍ਹਾਂ ਬੱਚਿਆਂ ਨਾਲ ਮੇਰੀ ਮੁਲਾਕਾਤ 'ਕਿਸਾਨ ਮੁਕਤੀ ਯਾਤਰਾ' ਦੌਰਾਨ ਹੋਈ ਸੀ। ਇਸ ਆਸ਼ਰਮ ਵਿਚ ਸਿਰਫ ਉਹ ਬੱਚੇ ਰਹਿੰਦੇ ਹਨ, ਜਿਨ੍ਹਾਂ ਦੇ ਕਿਸਾਨ ਬਾਪ ਜਾਂ ਮਾਂ-ਪਿਓ ਦੋਹਾਂ ਨੇ ਖ਼ੁਦਕੁਸ਼ੀ ਕਰ ਲਈ ਹੈ। ਇਨ੍ਹਾਂ ਬੱਚਿਆਂ ਦੀ ਨਾਟਕ ਪੇਸ਼ਕਾਰੀ ਕਿਸਾਨ ਦੀ ਪੀੜਾ ਨੂੰ ਬਿਆਨ ਕਰ ਰਹੀ ਸੀ। 
ਉਨ੍ਹਾਂ ਦੀ ਸਾਦੀ ਪੇਸ਼ਕਾਰੀ ਵਿਚ ਇਕ ਗੀਤ ਸੀ—'ਜ਼ਹਿਰ ਖਾਓ ਨੱਕਾ' ਜੋ ਮੈਨੂੰ ਅੰਦਰ ਤਕ ਝੰਜੋੜ ਰਿਹਾ ਸੀ।  ਅਸਲ ਵਿਚ ਉਨ੍ਹਾਂ ਨੂੰ ਕੁਝ ਬੋਲਣ ਦੀ ਲੋੜ ਹੀ ਨਹੀਂ ਸੀ। ਉਨ੍ਹਾਂ ਦਾ ਹੋਣਾ ਆਪਣੇ ਆਪ ਵਿਚ ਸਾਡੇ ਦੇਸ਼ ਅੰਦਰ ਕਿਸਾਨਾਂ ਦੀ ਸਥਿਤੀ ਨੂੰ ਬਿਆਨ ਕਰਦਾ ਸੀ। ਮੈਂ ਡੌਰ-ਭੌਰ ਹੋਇਆ ਕਿਸਾਨ ਅਤੇ ਦੇਸ਼ ਦਾ ਭਵਿੱਖ ਦੇਖ ਰਿਹਾ ਸੀ, ਜੰਤਰ-ਮੰਤਰ ਦੀਆਂ ਤਸਵੀਰਾਂ ਮੇਰੀਆਂ ਨਜ਼ਰਾਂ ਸਾਹਮਣੇ ਘੁੰਮ ਰਹੀਆਂ ਸਨ। 
ਕਦੇ ਮੇਰੀ ਨਜ਼ਰ ਮੰਚ 'ਤੇ ਜਾਂਦੀ ਸੀ ਤਾਂ ਕਦੇ ਸਾਹਮਣੇ ਬੈਠੇ ਕਿਸਾਨਾਂ 'ਤੇ। ਖਚਾਖਚ ਭਰੇ ਮੰਚ 'ਤੇ ਨਵੀਂ ਤੇ ਪੁਰਾਣੀ ਦੋ ਪੀੜ੍ਹੀਆਂ ਦਾ ਸੰਗਮ ਨਜ਼ਰ ਆ ਰਿਹਾ ਸੀ। ਕੁਝ ਕਿਸਾਨ ਆਗੂ ਮਹਿੰਦਰ ਸਿੰਘ ਟਿਕੈਤ, ਸ਼ਰਦ ਜੋਸ਼ੀ ਆਦਿ ਨਾਲ ਕੰਮ ਕਰ ਚੁੱਕੇ ਸਨ। ਨਵੀਂ ਪੀੜ੍ਹੀ ਤੇ ਨਵੀਂ ਸਿਆਸਤ ਦੇ ਨੁਮਾਇੰਦੇ ਵੀ ਨਜ਼ਰ ਆਏ, ਜ਼ਮੀਨਾਂ ਦੇ ਪੁਰਾਣੇ ਮਾਲਕ ਕਿਸਾਨ ਆਗੂਆਂ ਦੇ ਨਾਲ-ਨਾਲ ਖੇਤ ਮਜ਼ਦੂਰ ਅਤੇ ਆਦੀਵਾਸੀਆਂ ਦੇ ਨੇਤਾ ਵੀ ਮੌਜੂਦ ਸਨ। 
ਮੰਚ 'ਤੇ ਔਰਤਾਂ ਘੱਟ ਸਨ ਪਰ ਪੁਰਾਣੇ ਕਿਸਾਨ ਅੰਦੋਲਨਾਂ ਵਾਂਗ ਔਰਤਾਂ ਲੀਡਰਸ਼ਿਪ 'ਚੋਂ ਗਾਇਬ ਨਹੀਂ ਸਨ। ਮੰਚ 'ਤੇ ਕਿਸਾਨ-ਮਜ਼ਦੂਰ ਏਕਤਾ ਦੇ ਨਾਅਰੇ ਲੱਗ ਰਹੇ ਸਨ,ਦਲਿਤ-ਆਦੀਵਾਸੀ ਮੁੱਦਿਆਂ ਦੀ ਗੱਲ ਹੋ ਰਹੀ ਸੀ, ਬੈਂਕਾਂ ਦੇ ਕਰਜ਼ਿਆਂ ਤੋਂ ਇਲਾਵਾ ਸ਼ਾਹੂਕਾਰਾਂ ਦੇ ਕਰਜ਼ਿਆਂ ਤੋਂ ਮੁਕਤੀ ਦੀ ਗੱਲ ਵੀ ਹੋ ਰਹੀ ਸੀ। ਫਸਲ ਦੇ ਪੂਰੇ ਭਾਅ ਦੀ ਮੰਗ ਸਿਰਫ ਸਵਾਮੀਨਾਥਨ ਕਮਿਸ਼ਨ ਦੇ ਮੁਹਾਵਰੇ ਤਕ ਸੀਮਤ ਨਹੀਂ ਸੀ। ਇਥੇ ਬਾਰੀਕੀ ਨਾਲ ਸਮਝਾਇਆ ਜਾ ਰਿਹਾ ਸੀ ਕਿ ਸਰਕਾਰ ਕਿਸ ਤਰ੍ਹਾਂ ਲਾਗਤ ਦਾ ਡਿਓਢਾ ਭਾਅ ਤੈਅ ਕਰ ਸਕਦੀ ਹੈ। 
ਬਿਹਤਰ ਖਰੀਦ ਹੀ ਨਹੀਂ, ਜਿੱਥੇ ਖਰੀਦ ਨਾ ਹੋ ਸਕੇ, ਉਥੇ ਕਮੀ ਦੀ ਪੂਰਤੀ (ਮੁਆਵਜ਼ੇ) ਦੀ ਵਿਵਸਥਾ ਵੀ ਸਮਝਾਈ ਜਾ ਰਹੀ ਸੀ। ਮੈਨੂੰ ਲੱਗਾ ਕਿ ਕਿਸਾਨ ਅੰਦੋਲਨ ਹੁਣ ਸਰਕਾਰੀ ਭਾਸ਼ਾ ਸਮਝਣ ਲੱਗ ਪਿਆ ਹੈ, ਨਾਅਰੇਬਾਜ਼ੀ ਤੋਂ ਅੱਗੇ ਵਧ ਕੇ ਹੁਣ ਨੀਤੀ ਪਰਿਵਰਤਨ ਵੱਲ ਵਧਣ ਲੱਗਾ ਹੈ। 
ਦੂਜੇ ਪਾਸੇ ਮੰਚ ਦੇ ਸਾਹਮਣੇ ਬੈਠੇ ਕਿਸਾਨਾਂ ਵਿਚ ਵੀ ਇਕ ਤਬਦੀਲੀ ਨਜ਼ਰ ਆ ਰਹੀ ਸੀ। ਵੱਡੀ ਗਿਣਤੀ ਵਿਚ ਪੰਜਾਬ ਦੇ ਜੱਟ ਕਿਸਾਨ ਤਾਂ ਸਨ ਹੀ, ਉਨ੍ਹਾਂ ਦੇ ਨਾਲ-ਨਾਲ ਮੱਧ ਪ੍ਰਦੇਸ਼, ਮਹਾਰਾਸ਼ਟਰ ਤੇ ਗੁਜਰਾਤ ਦੇ ਕਿਸਾਨ ਤੇ ਆਦੀਵਾਸੀ ਵੀ ਆਏ ਹੋਏ ਸਨ, ਜੋ ਆਪਣੇ ਨਾਲ ਜ਼ਮੀਨ ਦੇ ਅਧਿਕਾਰ, ਭੋਂ ਪ੍ਰਾਪਤੀ ਅਤੇ ਵਣ ਉਪਜ ਦੇ ਮੁੱਦੇ ਲੈ ਕੇ ਆਏ ਸਨ। ਹਰੀਆਂ ਟੋਪੀਆਂ ਤੇ ਹਰੇ ਝੰਡਿਆਂ ਦੇ ਨਾਲ-ਨਾਲ ਲਾਲ ਝੰਡੇ ਵੀ ਉੱਠ ਰਹੇ ਸਨ। 
ਜੰਤਰ-ਮੰਤਰ ਵਿਖੇ ਤਾਂ ਦਲਿਤ ਅੰਦੋਲਨ ਦੇ ਨੀਲੇ ਝੰਡੇ ਨਹੀਂ ਦਿਸੇ ਪਰ ਪਿਛਲੇ ਹਫਤੇ ਮਹਿਸਾਣਾ ਵਿਚ ਹਰੇ ਅਤੇ ਨੀਲੇ ਝੰਡੇ ਇਕੱਠੇ ਲਹਿਰਾਉਂਦੇ ਨਜ਼ਰ ਆਏ। ਮੈਨੂੰ ਸਭ ਤੋਂ ਜ਼ਿਆਦਾ ਸਕੂਨ ਇਸ ਕਿਸਾਨ ਅੰਦੋਲਨ ਵਿਚ ਔਰਤਾਂ ਦੀ ਮੌਜੂਦਗੀ ਨਾਲ ਮਿਲਿਆ।
ਸੱਚ ਇਹ ਹੈ ਕਿ ਖੇਤੀਬਾੜੀ-ਕਿਸਾਨੀ ਵਿਚ ਮਿਹਨਤ ਦਾ ਲੱਗਭਗ 70 ਫੀਸਦੀ ਕੰਮ ਔਰਤਾਂ ਕਰਦੀਆਂ ਹਨ ਪਰ ਕਿਸਾਨ ਅੰਦੋਲਨਾਂ ਵਿਚ ਔਰਤਾਂ ਕਦੇ-ਕਦੇ ਹੀ ਨਜ਼ਰ ਆਉਂਦੀਆਂ ਹਨ। ਇਥੇ ਰਾਜਸਥਾਨ, ਹਰਿਆਣਾ, ਯੂ. ਪੀ., ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਗੁਜਰਾਤ ਤੋਂ ਆਈਆਂ ਮਹਿਲਾ ਕਿਸਾਨ ਬੈਠੀਆਂ ਹੋਈਆਂ ਸਨ, ਨਾਅਰਿਆਂ ਦੀ ਗੂੰਜ ਵਿਚ ਤਣੀਆਂ ਬਾਹਾਂ ਵਿਚ ਚੂੜੀਆਂ ਵੀ ਚਮਕ ਰਹੀਆਂ ਸਨ। 
ਬਰਸਾਤ ਦਾ ਮੌਸਮ ਸੀ। ਸਾਡੀ ਕਿਸਮਤ ਚੰਗੀ ਸੀ ਕਿ ਉਸ ਦਿਨ ਦਿੱਲੀ ਵਿਚ ਮੀਂਹ ਨਹੀਂ ਪਿਆ ਪਰ ਬਹੁਤ ਜ਼ਿਆਦਾ ਹੁੰਮਸ ਸੀ। ਹਰ ਕੋਈ ਪਸੀਨੇ ਵਿਚ ਭਿੱਜਿਆ ਹੋਇਆ ਸੀ ਪਰ ਗਲਾ ਸੁੱਕਾ ਹੋਇਆ ਸੀ। ਮਾਹੌਲ ਵਿਚ ਕੁਝ ਅਜਿਹਾ ਉਤਸ਼ਾਹ ਸੀ ਕਿ ਆਤਮਾ ਤਰ ਹੋ ਗਈ।
ਮੈਂ ਲਾਊਡ ਸਪੀਕਰ ਤੋਂ ਆਪਣੀ ਹੀ ਆਵਾਜ਼ ਸੁਣੀ, ''ਇਹ ਤਾਂ ਅਜੇ ਟ੍ਰੇਲਰ ਹੈ, ਪੂਰੀ ਫਿਲਮ ਦਿਖਾਉਣ ਅਸੀਂ ਫਿਰ ਦਿੱਲੀ ਆਵਾਂਗੇ।''