ਨੰਗੇ ਪੈਰਾਂ ਤੋਂ ਬੁੱਧੀਜੀਵੀ ਤੱਕ : ਵੰਡ ਦੇ ਪੀੜਤਾਂ ਦਾ ਪ੍ਰੇਰਨਾਦਾਇਕ ਸਫ਼ਰ

05/27/2022 4:50:53 PM

ਦਰਅਸਲ ਗੱਲ 1988 ਦੇ ਅਕਤੂਬਰ ਮਹੀਨੇ ਦੀ ਹੈ। ਮੈਂ ਐਜ਼ਵਾਲ ਤੋਂ ਸ਼ਿਲੌਂਗ ਉੱਤਰ-ਪੂਰਬੀ ਪਹਾੜੀ ਯੂਨੀਵਰਸਿਟੀ ਵਿਚ ਇਕ ਮੀਟਿੰਗ ਦੇ ਸਿਲਸਿਲੇ ਵਿਚ ਆਇਆ ਸੀ। ਮੈਂ ਮੀਟਿੰਗ ਲਈ ਕੁਝ ਕਾਗਜ਼ ਫੋਟੋਸਟੈਟ ਕਰਵਾਉਣ ਲਈ ਸ਼ਿਲੌਂਗ ਦੇ ਲੈਤੁਮਖਰਾਹ ਇਲਾਕੇ ਵਿਚ ਗਿਆ। ਉੱਥੇ ਮੈਂ ਝੁਰੜੀਆਂ ਭਰੇ ਮੂੰਹ ਵਾਲੇ 80 ਸਾਲਾਂ ਦੇ ਇਕ ਬਜ਼ੁਰਗ ਦੁਕਾਨਦਾਰ ਨੂੰ ਦੇਖਿਆ।
ਉਸਨੇ ਮੈਥੋਂ ਫੋਟੋਸਟੈਟ ਕਰਨ ਲਈ ਕਾਗਜ਼ ਫੜ ਲਏ। ਤਰਸ ਭਰੀ ਹਮਦਰਦੀ ਨਾਲ ਮੈਂ ਉਸਨੂੰ ਪੁੱਛਿਆ, ‘‘ਦਾਦਾ, ਤੁਸੀਂ ਆਰਾਮ ਕਰਨ ਦੀ ਬਜਾਏ ਐਨੀ ਉਮਰ ਵਿਚ ਕੰਮ ਕਿਉਂ ਕਰ ਰਹੇ ਹੋ? ਕੀ ਇਸ ਕੰਮ ਨੂੰ ਕਰਨ ਲਈ ਤੁਹਾਡੇ ਪੋਤੇ-ਪੋਤੀਆਂ ਨਹੀਂ ਹਨ?’’ ਮੇਰੀ ਬਿਨ-ਮੰਗੀ ਸਲਾਹ ’ਤੇ ਉਸਨੇ ਗੁੱਸੇ ਵਿਚ ਜਵਾਬ ਦਿੰਦਿਆਂ ਪੁੱਛਿਆ, ਤੂੰ ਵੰਡ ਦਾ ਸਦਮਾ ਤੇ ਸੰਤਾਪ ਹੰਢਾਇਆ ਹੈ? ਉਹ ਆਪਣੀ ਦਰਦਨਾਕ ਕਹਾਣੀ ਦੱਸਣ ਲੱਗਿਆ ਕਿ ਕਿਵੇਂ ਉਨ੍ਹਾਂ ਨੂੰ ਖੂਨ-ਪਸੀਨੇ ਨਾਲ ਜੋੜੀ ਚੱਲ-ਅਚੱਲ ਸੰਪਤੀ ਪਿੱਛੇ ਛੱਡ ਕੇ ਆਪਣੀਆਂ ਜਾਨਾਂ ਬਚਾਉਣ ਲਈ ਪੂਰਬੀ ਬੰਗਾਲ (ਹੁਣ ਬੰਗਲਾਦੇਸ਼) ਤੋਂ ਮੇਘਾਲਿਆ ਭੱਜਣਾ ਪਿਆ। ਉਸ ਨੇ ਮੈਨੂੰ ਦੱਸਿਆ ਕਿ ਕਿਸ ਤਰ੍ਹਾਂ ਉਸਦੇ ਪਰਿਵਾਰ ਦੇ ਮੈਂਬਰ ਅਤੇ ਉਨ੍ਹਾਂ ਵਰਗੇ ਹੋਰ ਹਜ਼ਾਰਾਂ ਲੋਕ, ਦੂਜੀ ਥਾਂ ’ਤੇ ਆ ਕੇ ਆਪਣੇ ਪੈਰ ਲਾਉਣ ਲਈ ਲਗਾਤਾਰ ਸੰਘਰਸ਼ ਕਰ ਰਹੇ ਹਨ।
ਉਸਨੇ ਅੱਗੇ ਦੱਸਿਆ ਕਿ ਆਪਣੇ ਮੁੜ-ਵਸੇਬੇ ਲਈ ਉਨ੍ਹਾਂ ਦੇ ਪਰਿਵਾਰ ਦੇ ਹਰ ਛੋਟੇ-ਵੱਡੇ ਜੀਅ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਇਹ ਕਹਾਣੀ ਸੁਣਾਉਂਦਿਆਂ ਹੋਇਆਂ ਉਸਦੇ ਚਿਹਰੇ ’ਤੇ ਆ ਰਹੀ ਪੀੜ ਅਤੇ ਬੇਬਸੀ ਨੂੰ ਮੈਂ ਮਹਿਸੂਸ ਕਰ ਸਕਦਾ ਸੀ। ਉਸਦੇ ਜਵਾਬ ਤੋਂ ਨਿਰਾਸ਼ ਹੋ ਕੇ ਮੈਂ ਉਸ ਨਾਲ ਗੱਲਬਾਤ ਅੱਗੇ ਜਾਰੀ ਰੱਖਣ ਦਾ ਹੌਸਲਾ ਨਾ ਕਰ ਸਕਿਆ। ਮੱਧ-ਭਾਰਤ (ਮੱਧ ਪ੍ਰਦੇਸ਼ ਦੇ ਰੇਵਾ ਜ਼ਿਲੇ ਵਿਚ) ਦੇ ਇਕ ਛੋਟੇ ਜਿਹੇ ਪਿੰਡ ਵਿਚ ਜੰਮੇ-ਪਲੇ ਹੋਣ ਕਾਰਨ ਅਤੇ ਆਪਣੇ ਸਾਥੀ ਨਾਗਰਿਕਾਂ ਦੇ ਇਸ ਤਰ੍ਹਾਂ ਦੇ ਦੁੱਖਾਂ-ਦਰਦਾਂ ਤੋਂ ਪੂਰੀ ਤਰ੍ਹਾਂ ਅਣਜਾਣ ਹੋਣ ਕਰਕੇ, ਮੈਨੂੰ ਇਸ ਵਾਰਤਾਲਾਪ ਨੇ ਬੜਾ ਵੱਡਾ ਝਟਕਾ ਦਿੱਤਾ ਅਤੇ ਮੈਨੂੰ ਇਹ ਮਸਲਾ ਉਠਾਉਣ ਦਾ ਬੜਾ ਦੁੱਖ ਹੋਇਆ।
ਇਹ ਘਟਨਾ ਅਗਸਤ 2020 ਵਿਚ ਮੇਰੇ ਪੰਜਾਬ ਆਉਣ ਤੱਕ ਮੇਰੇ ਅਵਚੇਤਨ ਵਿਚ ਵਸੀ ਰਹੀ। ਮੈਨੂੰ ਅਣਵੰਡੇ ਭਾਰਤ ਤੋਂ ਬਟਵਾਰੇ ਬਾਅਦ ਇਧਰ ਵਾਪਸ ਆਏ ਕਈ ਪਰਿਵਾਰਾਂ ਨਾਲ ਮਿਲਣ ਦਾ ਮੌਕਾ ਮਿਲਿਆ ਅਤੇ ਮੈਨੂੰ ਹੈਰਾਨੀ ਹੋਈ ਕਿ ਉਹ ਪਾਕਿਸਤਾਨ ਤੋਂ ਆਏ ਹੋਏ ਸ਼ਰਨਾਰਥੀ ਹਨ। ਅਸਲ ਵਿਚ ਉਹ ਅਣਵੰਡੇ ਭਾਰਤ ਤੋਂ ਆਏ ਸਨ ਅਤੇ ਇਸ ਲਈ ਉਨ੍ਹਾਂ ਨੂੰ ਨਾ ਤਾਂ ਰਿਫਿਊਜ਼ੀ ਕਹਿਣਾ ਚਾਹੀਦਾ ਹੈ ਅਤੇ ਨਾ ਹੀ ਕਿਹਾ ਜਾ ਸਕਦਾ ਹੈ।
ਮੇਰੀ ਉਤਸੁਕਤਾ ਵਿਚ ਹੋਰ ਵਾਧਾ ਹੋਇਆ ਜਦੋਂ ਮੈਂ ਬ੍ਰਿਗੇਡੀਅਰ (ਰਿਟਾ.) ਐੱਚ. ਐੱਸ. ਸੰਧੂ ਦਾ 8 ਮਈ ਦੇ ਇਕ ਅੰਗਰੇਜ਼ੀ ਅਖਬਾਰ ਵਿਚ ‘ਸਭ ਕੁਝ ਦੇ ਬਾਵਜੂਦ, ਕੋਈ ਗਿਲਾ ਨਹੀਂ’ ਸਿਰਲੇਖ ਵਾਲਾ ਲੇਖ ਪੜ੍ਹਿਆ। ਇਹ ਇਕ ਚਸ਼ਮਦੀਦ ਵੱਲੋਂ ਪੇਸ਼ ਕੀਤੀ ਅੱਖਾਂ ਖੋਲ੍ਹਣ ਵਾਲੀ ਸੱਚਾਈ ਸੀ। ਮੈਂ ਬ੍ਰਿਗੇਡੀਅਰ ਸੰਧੂ ਦੀ ਆਪਣੇ ਪਰਿਵਾਰਕ ਮੈਂਬਰਾਂ ਅਤੇ ਹੋਰਨਾਂ ਦੀ ਇਸ ਦੁੱਖ-ਭਰੀ ਦਾਸਤਾਂ ਨੂੰ ਇੰਨੇ ਸਹਿਜ ਅਤੇ ਬਿਨਾਂ ਕਿਸੇ ਮੰਦ-ਭਾਵਨਾ ਦੇ ਸੁਣਾਉਣ ਤੋਂ ਬਹੁਤ ਪ੍ਰਭਾਵਿਤ ਹੋਇਆ।
ਬ੍ਰਿਗੇਡੀਅਰ ਸੰਧੂ ਦੀ ਇਸ ਖੁੱਲ੍ਹਦਿਲੀ ਦੇ ਬਾਵਜੂਦ ਅਣਵੰਡੇ ਭਾਰਤ ਦੇ ਪੂਰਬੀ ਅਤੇ ਪੱਛਮੀ ਖੇਤਰਾਂ ਵਿਚ ਬਟਵਾਰੇ ਦਾ ਸੰਤਾਪ ਹੰਢਾਉਣ ਵਾਲੇ ਸਾਡੇ ਸਾਥੀ ਨਾਗਰਿਕਾਂ ਦੇ ਦੁੱਖ-ਦਰਦਾਂ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ। ਸਭ ਸਹਿਣ ਦੇ ਬਾਵਜੂਦ, ਉਨ੍ਹਾਂ ਦੀ ਸੰਘਰਸ਼ ਕਰਨ ਦੀ, ਆਪਣੇ ਆਪ ਨੂੰ ਪੁਨਰ-ਸਥਾਪਤ ਕਰਨ ਦੀ ਅਤੇ ਸਫ਼ਲ ਹੋ ਕੇ ਮਨੁੱਖੀ ਗਿਆਨ ਦੇ ਹਰ ਖੇਤਰ ਵਿਚ ਯੋਗਦਾਨ ਪਾਉਣ ਦੀ ਉਨ੍ਹਾਂ ਦੀ ਸਮਰੱਥਾ ਸਚਮੁੱਚ ਅਦਭੁੱਤ ਅਤੇ ਪ੍ਰੇਰਨਾਦਾਇਕ ਹੈ। ਪੱਛਮੀ ਪੰਜਾਬ ਅਤੇ ਹੋਰ ਇਲਾਕੇ ਜਿਨ੍ਹਾਂ ਨੂੰ ਹੁਣ ਪਾਕਿਸਤਾਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਨੂੰ ਛੱਡ ਕੇ ਆਉਣ ਵਾਲੇ ਲੋਕਾਂ ਦੀ ਉਦਾਹਰਣ ਦੇਖਣ ਯੋਗ ਹੈ। ਸਮਾਜਿਕ-ਰਾਜਨੀਤਿਕ, ਆਰਥਿਕ ਅਤੇ ਜੀਵਨ ਦੇ ਹੋਰ ਖੇਤਰਾਂ ਜਿਵੇਂ ਚਿਕਤਿਸਾ, ਸੁਰੱਖਿਆ, ਕਾਨੂੰਨ, ਸਾਹਿਤ, ਸਿਨੇਮਾ, ਵਪਾਰ ਆਦਿ ਖੇਤਰਾਂ ਵਿਚ ਉਨ੍ਹਾਂ ਦਾ ਦਬਦਬਾ ਸਪੱਸ਼ਟ ਦਿਖਾਈ ਦਿੰਦਾ ਹੈ। ਇਸੇ ਤਰ੍ਹਾਂ ਦੀ ਹੀ ਉਦਾਹਰਣ ਪੂਰਬੀ ਬੰਗਾਲ, ਹੁਣ ਬੰਗਲਾਦੇਸ਼ ਤੋਂ ਆਉਣ ਵਾਲੇ ਲੋਕਾਂ ਦੀ ਹੈ। ਉਨ੍ਹਾਂ ਦੀ ਹੁਣ ਦੇਸ਼ ਦੇ ਬੁੱਧੀਜੀਵੀ ਵਰਗ ਵਿਚ ਵੱਡੀ ਹਿੱਸੇਦਾਰੀ ਹੈ। ਕਲਪਨਾ ਕਰੋ ਕਿ ਕਿਵੇਂ 75 ਸਾਲ ਪਹਿਲਾਂ ਉਹ ਨੰਗੇ ਪੈਰੀਂ ਦੇਸ਼ ਦੇ ਵੱਖੋ-ਵੱਖ ਇਲਾਕਿਆਂ ਵਿਚ ਇਕ ਤੋਂ ਦੂਜੀ ਜਗ੍ਹਾ ਭੁੱਖੇ-ਭਾਣੇ, ਬੇ-ਘਰ ਹੋਏ, ਭਵਿੱਖ ਬਾਰੇ ਸ਼ੰਕਾਵਾਂ ਮਨਾਂ ਵਿਚ ਲੈ ਕੇ ਇੱਧਰ-ਓਧਰ ਭਟਕ ਰਹੇ ਸਨ ਅਤੇ ਫਿਰ ਓਪਰੀਆਂ ਥਾਵਾਂ ’ਤੇ ਟਿਕ ਗਏ ਸਨ।
ਪਰ ਉਨ੍ਹਾਂ ਵਲੋਂ ਆਪਣੀ ਧੁਨ, ਪੱਕੇ ਇਰਾਦੇ, ਔਖੇ ਹਾਲਾਤ ਨਾਲ ਜੂਝਣ ਦੇ ਢੰਗ-ਤਰੀਕਿਆਂ, ਮਾਣ-ਮੱਤੀ ਜ਼ਿੰਦਗੀ ਜਿਊਣ ਅਤੇ ਦੇਸ਼ ਦੇ ਵਿਕਾਸ ਵਿਚ ਯੋਗਦਾਨ ਪਾਉਣ ਦੇ ਦ੍ਰਿੜ੍ਹ ਫੈਸਲੇ ਨੇ ਉਨ੍ਹਾਂ ਨੂੰ ਜੇਤੂ ਬਣਾਇਆ ਹੈ ਅਤੇ ਉਹ ਜ਼ਿੰਦਗੀ ਦੇ ਹਰ ਖੇਤਰ ਵਿਚ ਮਹੱਤਵਪੂਰਨ ਯੋਗਦਾਨ ਪਾਉਣ ਦੇ ਸਮਰੱਥ ਹੋਏ ਹਨ। ਉਹ ਹਿਜਰਤ ਦੀਆਂ ਚੁਣੌਤੀਆਂ ਨੂੰ ਸੰਭਾਵਨਾਵਾਂ ਦੇ ਰੂਪ ਵਿਚ ਪਰਿਵਰਤਨ ਕਰ ਕੇ ਸਫ਼ਲ ਹੋਣ ਦੇ ਸਮਰੱਥ ਹੋਏ ਹਨ।
ਇਸ ਲੇਖ ਨੂੰ ਲਿਖਣ ਦਾ ਮੰਤਵ ਉਨ੍ਹਾਂ ਦੇ ਜ਼ਖ਼ਮਾਂ ਨੂੰ ਦੁਬਾਰਾ ਖੋਲ੍ਹਣਾ ਅਤੇ ਭੈੜੀਆਂ ਯਾਦਾਂ ਨੂੰ ਤਾਜ਼ਾ ਕਰਨਾ ਨਹੀਂ, ਸਗੋਂ ਇਤਿਹਾਸ ਤੋਂ ਸਬਕ ਸਿੱਖਣਾ ਹੈ ਤਾਂ ਜੋ ਅਸੀਂ ਇੰਨੇ ਕੁ ਸਿਆਣੇ ਹੋ ਸਕੀਏ ਕਿ ਇਸ ਤਰ੍ਹਾਂ ਦੀਆਂ ਗਲਤੀਆਂ ਨਾ ਦੁਹਰਾਈਏ। ਮੇਰਾ ਦ੍ਰਿੜ੍ਹ ਵਿਸ਼ਵਾਸ ਹੈ ਕਿ ਅਜਿਹੇ ਲੋਕਾਂ ਦੀਆਂ ਸਫਲਤਾਵਾਂ ਦੀਆਂ ਕਹਾਣੀਆਂ ਦਾ ਵਿਸਤ੍ਰਿਤ ਅਧਿਐਨ ਹੋਣਾ ਚਾਹੀਦਾ ਹੈ ਅਤੇ ਇਹ ਸਕੂਲਾਂ ਵਿਚ ਪੜ੍ਹਾਈਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਦੇਸ਼ ਦੇ ਨੌਜਵਾਨ ਜ਼ਿੰਦਗੀ ਦੀਆਂ ਮੁਸ਼ਕਲਾਂ ਨਾਲ ਲੜਨ ਅਤੇ ਮੁਸੀਬਤਾਂ ’ਤੇ ਕਾਬੂ ਪਾਉਣ ਲਈ ਲੋੜੀਂਦੇ ਗੁਰ ਸਿੱਖਣ ਲਈ ਉਤਸ਼ਾਹਿਤ ਹੋ ਸਕਣ।

ਰਾਘਵੇਂਦਰ ਪੀ. ਤਿਵਾਰੀ
ਵਾਈਸ-ਚਾਂਸਲਰ, ਪੰਜਾਬ ਕੇਂਦਰੀ ਯੂਨੀਵਰਸਿਟੀ,
ਬਠਿੰਡਾ

 

 

Aarti dhillon

This news is Content Editor Aarti dhillon