ਸੰਘ ਪਰਿਵਾਰ ਦੇ ‘ਮਰਜੀਵੜਿਆਂ’ ਦਾ ਹੈ ਮੋਦੀ ਮੰਤਰੀ ਮੰਡਲ

06/05/2019 5:48:02 AM

ਵਿਜੇ ਵਿਦਰੋਹੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਨਵੇਂ ਮੰਤਰੀ ਮੰਡਲ ਦੀ ਸਭ ਤੋਂ ਵੱਡੀ ਖਾਸੀਅਤ ਇਹੋ ਹੈ ਕਿ ਇਸ ’ਚ ਸ਼ਾਮਲ ਸਾਰੇ ਮੰਤਰੀ ਸੰਘ ਪਰਿਵਾਰ ਦੇ ਘਾਗ ਵਰਕਰ ਰਹੇ ਹਨ। ਹਰਿਆਣਾ ਦੇ ਰਾਓ ਇੰਦਰਜੀਤ ਸਿੰਘ ਨੂੰ ਛੱਡ ਕੇ ਕੋਈ ਵੀ ਬਾਹਰੋਂ ਭਾਜਪਾ ’ਚ ਨਹੀਂ ਆਇਆ ਹੈ। ਇਥੇ ਕੋਈ ਭਾਰਤੀ ਜਨਸੰਘ ਦੇ ਸਮੇਂ ਤੋਂ ਆਪਣੀਆਂ ਸੇਵਾਵਾਂ ਦਿੰਦਾ ਰਿਹਾ ਹੈ, ਕੋਈ ਆਰ. ਐੈੱਸ. ਐੱਸ. ਦੀ ਸ਼ਾਖਾ ’ਚ ਬਚਪਨ ਤੋਂ ਹੀ ਜਾ ਰਿਹਾ ਸੀ, ਕੋਈ ਕੁਲ ਹਿੰਦ ਵਿਦਿਆਰਥੀ ਪ੍ਰੀਸ਼ਦ ਨਾਲ ਜੁੜਿਆ ਰਿਹਾ ਹੈ, ਕੋਈ ਬਜਰੰਗ ਦਲ ਨਾਲ ਤਾਂ ਕੋਈ ਵਿਸ਼ਵ ਹਿੰਦੂ ਪ੍ਰੀਸ਼ਦ ਨਾਲ, ਭਾਵ ਜੋ ਲੋਕ ਦਰੀਆਂ ਵਿਛਾਉਂਦੇ ਰਹੇ, ਕੁਰਸੀਆਂ ਟਿਕਾਉਂਦੇ ਰਹੇ, ਚਾਹ-ਪਾਣੀ ਦਾ ਪ੍ਰਬੰਧ ਕਰਦੇ ਰਹੇ, ਅਜਿਹੇ ਵਰਕਰਾ ਤੋਂ ਸੰਸਦ ਮੈਂਬਰ ਬਣੇ ਨੇਤਾਵਾਂ ਨੂੰ ਭਾਜਪਾ ਨੇ ਤਰਜੀਹ ਦਿੱਤੀ।

ਚੋਣਾਂ ਤੋਂ ਪਹਿਲਾਂ ਦੂਜੀਆਂ ਪਾਰਟੀਆਂ ਤੋਂ ਆਏ ਨੇਤਾਵਾਂ ਦਾ ਮਾਣ-ਸਨਮਾਨ ਤਾਂ ਹੋਇਆ ਪਰ ਜਦੋਂ ਲਾਲ ਬੱਤੀ ਵਾਲੀ ਗੱਡੀ ਦੇਣ (ਮੰਤਰੀ ਬਣਾਉਣ) ਦੀ ਗੱਲ ਆਈ ਤਾਂ ਉਨ੍ਹਾਂ ਲੋਕਾਂ ਨੂੰ ਨਿਵਾਜਿਆ ਗਿਆ, ਜੋ ਵਰ੍ਹਿਆਂ ਤਕ ਪਾਰਟੀ ਜਾਂ ਫਿਰ ਸੰਘ ਪਰਿਵਾਰ ਦੇ ਕਿਸੇ ਨਾ ਕਿਸੇ ਧੜੇ ਨਾਲ ਜੁੜੇ ਰਹੇ ਅਤੇ ਸੇਵਾ ਕਰਦੇ ਰਹੇ। ਹਾਂ ਐੈੱਸ. ਜੈਸ਼ੰਕਰ, ਹਰਦੀਪ ਪੁਰੀ, ਆਰ. ਕੇ. ਸਿੰਘ, ਅਰਜੁਨ ਰਾਮ ਮੇਘਵਾਲ ਵਰਗੇ ਅਫਸਰਾਂ ਨੂੰ ਜ਼ਰੂਰ ਉਨ੍ਹਾਂ ਦੀ ਯੋਗਤਾ ਦੇ ਆਧਾਰ ’ਤੇ ਮੰਤਰੀ ਅਹੁਦੇ ਦਿੱਤੇ ਗਏ।

ਸਮਾਂ ਆਉਣ ’ਤੇ ਆਪਣਿਆਂ ਨੂੰ ਅੱਗੇ ਵਧਾਉਣਾ ਅਤੇ ਪੈਰਾਸ਼ੂਟ ਰਾਹੀਂ ਆਏ ਨੇਤਾਵਾਂ ਨੂੰ ਅਣਡਿੱਠ ਕਰਨਾ–ਅਜਿਹਾ ਆਮ ਤੌਰ ’ਤੇ ਹੁੰਦਾ ਨਹੀਂ ਹੈ। ਕੁਝ ਮੰਤਰੀਆਂ ਦਾ ਪਿਛੋਕੜ ਦੇਖਦੇ ਹਾਂ, ਇਸ ਨਾਲ ਗੱਲ ਹੋਰ ਜ਼ਿਆਦਾ ਸਾਫ ਹੋ ਜਾਏਗੀ : ਨਵੇਂ ਮੰਤਰਾਲੇ ਜਲ ਸ਼ਕਤੀ ਦੀ ਕਮਾਨ ਸੰਭਾਲਣ ਵਾਲੇ ਗਜੇਂਦਰ ਸਿੰਘ ਸ਼ੇਖਾਵਤ ਜੋਧਪੁਰ ’ਚ ਯੂਨੀਵਰਸਿਟੀ ਵਿਦਿਆਰਥੀ ਸੰਘ ਦੀ ਚੋਣ ਏ. ਬੀ. ਵੀ. ਪੀ. ਦੀ ਟਿਕਟ ’ਤੇ ਜਿੱਤੇ ਸਨ, ਫਿਰ ਸਵਦੇਸ਼ੀ ਜਾਗਰਣ ਮੰਚ ਨਾਲ ਜੁੜੇ ਸੰਘ ਪਰਿਵਾਰ ਦੀ ‘ਸੀਮਾ ਜਨ ਕਲਿਆਣ ਸਮਿਤੀ’ (ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਬਾੜਮੇਰ, ਜੈਸਲਮੇਰ ਵਿਚ ਸਰਗਰਮ) ਦੇ ਮੈਂਬਰ ਰਹੇ। ਪਹਿਲੀ ਵਾਰ ਉਹ ਪਿਛਲੀਆਂ ਚੋਣਾਂ ’ਚ ਜੋਧਪੁਰ ਤੋਂ ਜਿੱਤੇ ਸਨ ਤਾਂ ਖੇਤੀਬਾੜੀ ਰਾਜ ਮੰਤਰੀ ਬਣਾਏ ਗਏ। ਇਸ ਵਾਰ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਬੇਟੇ ਵੈਭਵ ਗਹਿਲੋਤ ਨੂੰ ਪੌਣੇ 3 ਲੱਖ ਵੋਟਾਂ ਨਾਲ ਹਰਾ ਕੇ ਸੰਸਦ ਪਹੁੰਚੇ ਤਾਂ ਉਥੇ ਕੈਬਨਿਟ ਮੰਤਰੀ ਬਣਾਏ ਗਏ।

ਓਡਿਸ਼ਾ ਦੇ ਮੋਦੀ ਕਹੇ ਜਾਣ ਵਾਲੇ ਪ੍ਰਤਾਪ ਚੰਦਰ ਸਾਰੰਗੀ ਬਜਰੰਗ ਦਲ ਦੇ ਸੂਬਾ ਪ੍ਰਧਾਨ ਰਹਿ ਚੁੱਕੇ ਹਨ। ਬੇਸ਼ੱਕ ਹੀ ਪਾਦਰੀ ਗ੍ਰਾਹਮ ਸਟੇਨਜ਼ ਹੱਤਿਆਕਾਂਡ ਦੇ ਦੋਸ਼ੀ ਦਾਰਾ ਸਿੰਘ ਨੂੰ ਬਚਾਉਣ ’ਚ ਉਨ੍ਹਾਂ ਦੇ ਬਿਆਨ ਨੂੰ ਅਹਿਮ ਦੱਸਿਆ ਜਾ ਰਿਹਾ ਹੋਵੇ ਪਰ ਭਾਜਪਾ ਨੇ ਇਸ ਨੂੰ ਅਣਡਿੱਠ ਕਰਦਿਆਂ ਉਨ੍ਹਾਂ ਨੂੰ ਮੰਤਰੀ ਬਣਾਇਆ। ਹਰਿਆਣਾ ਦੇ ਦਲਿਤ ਨੇਤਾ ਰਤਨ ਲਾਲ ਕਟਾਰੀਆ ਹੋਣ ਜਾਂ ਬਾੜਮੇਰ ਦੇ ਕੈਲਾਸ਼ ਚੌਧਰੀ, ਆਸਾਮ ਦੇ ਡਿਬਰੂਗੜ੍ਹ ਤੋਂ ਰਾਮਸ਼ੇਵਰ ਤੇਲੀ ਹੋਣ ਜਾਂ ਕੋਲਕਾਤਾ ਦੀ ਦੇਬਾਸ਼੍ਰੀ ਚੌਧਰੀ, ਸਭ ਦੀ ਕਹਾਣੀ ਗਜੇਂਦਰ ਸਿੰਘ ਸ਼ੇਖਾਵਤ ਵਰਗੀ ਰਹੀ ਹੈ।

ਜ਼ਮੀਨ ਨਾਲ ਜੁੜੇ ਵਰਕਰਾਂ ਨੂੰ ਮੰਤਰੀ ਬਣਾਉਣਾ ਕਿਸੇ ਵੀ ਪਾਰਟੀ ਲਈ ਸਿਆਸੀ ਅੰਮ੍ਰਿਤ ਦਾ ਕੰਮ ਕਰਦਾ ਹੈ। ਇਸ ਨਾਲ ਪਾਰਟੀ ਨਾਲ ਜੁੜਨ ਵਾਲੇ ਨਵੇਂ ਲੋਕਾਂ ’ਚ ਉਤਸ਼ਾਹ ਜਾਗਦਾ ਹੈ। ਇਸ ਦਾ ਸੰਦੇਸ਼ ਹੇਠਲੇ ਪੱਧਰ ’ਤੇ ਦੂਰ-ਦੁਰਾਡੇ ਦੇ ਪਿੰਡਾਂ ਤਕ ਬੈਠੇ ਵਰਕਰਾਂ ਤਕ ਵੀ ਪਹੁੰਚਦਾ ਹੈ ਅਤੇ ਉਹ ਦੁੱਗਣੀ ਮਿਹਨਤ ਨਾਲ ਆਪਣੀ ਸਰਕਾਰ ਦੇ ਚੰਗੇ ਕੰਮਾਂ ਦੇ ਪ੍ਰਚਾਰ ਤੇ ਪ੍ਰਸਾਰ ’ਚ ਜੁੱਟ ਜਾਂਦੇ ਹਨ। ਤੁਸੀਂ ਕਹਿਣ ਨੂੰ ਕਹਿ ਸਕਦੇ ਹੋ ਕਿ ਭਾਜਪਾ ਕੋਲ ਆਪਣੇ ਦਮ ’ਤੇ ਬਹੁਮਤ ਸੀ, ਲਿਹਾਜ਼ਾ ਉਸ ਕੋਲ ਅਜਿਹਾ ਕਰਨ ਦਾ ਜ਼ਰੂਰੀ ਆਧਾਰ ਸੀ ਪਰ ਜੇ ਤੁਸੀਂ ਕਿਸੇ ਹੋਰ ਪਾਰਟੀ ਦੇ ਨੇਤਾ ਨੂੰ ਉਸ ਦੇ ਜੇਤੂ ਬਣਨ ਦੀ ਗਾਰੰਟੀ ਨੂੰ ਦੇਖਦਿਆਂ ਪਾਰਟੀ ’ਚ ਲੈਂਦੇ ਹੋ ਅਤੇ ਚੋਣਾਂ ਜਿੱਤਣ ਤੋਂ ਬਾਅਦ ਆਪਣੇ ਕਿਸੇ ਜੇਤੂ ਵਰਕਰ ਨੂੰ ਮੰਤਰੀ ਬਣਾ ਦਿੰਦੇ ਹੋ ਤਾਂ ਕਿਤੇ ਨਾ ਕਿਤੇ ਤੁਸੀਂ ਆਪਣੀ ਹੀ ਪਾਰਟੀ ਦਾ ਵਿਸਤਾਰ ਕਰ ਰਹੇ ਹੋ ਤਾਂ ਕਿ ਅੱਗੇ ਚੱਲ ਕੇ ਤੁਹਾਨੂੰ ਬਾਹਰੋਂ ਕਿਸੇ ਹੋਰ ਪਾਰਟੀ ਦੇ ਜਿਤਾਊ ਉਮੀਦਵਾਰ ਵੱਲ ਦੇਖਣਾ ਹੀ ਨਾ ਪਵੇ।

ਦੱਸਿਆ ਜਾ ਰਿਹਾ ਹੈ ਕਿ ਭਾਜਪਾ ਪ੍ਰਧਾਨ ਅਮਿਤ ਸ਼ਾਹ ਸੂਬਿਆਂ ਦੇ ਦੌਰੇ ਦੌਰਾਨ ਪਾਰਟੀ ਦੇ ਚੋਟੀ ਦੇ ਨੇਤਾਵਾਂ ਦੇ ਨਾਲ-ਨਾਲ ਹੋਰਨਾਂ ਨੇਤਾਵਾਂ ਅਤੇ ਵਰਕਰਾਂ ਨੂੰ ਵੀ ਮਿਲਦੇ ਸਨ। ਆਮ ਤੌਰ ’ਤੇ ਉਨ੍ਹਾਂ ਨੂੰ ਪਾਰਟੀ ਨੇਤਾ ਭਾਜਪਾ ’ਚ ਬਾਹਰੋਂ ਲਿਆਂਦੇ ਜਾ ਰਹੇ ਨੇਤਾਵਾਂ, ਉਨ੍ਹਾਂ ਨੂੰ ਮਿਲ ਰਹੀਆਂ ਟਿਕਟਾਂ ਜਾਂ ਪਾਰਟੀ ’ਚ ਅਹੁਦੇ ਮਿਲਣ ਦੀ ਸ਼ਿਕਾਇਤ ਕਰਦੇ ਸਨ। ਇਹ ਸਭ ਦੱਬੇ ਸ਼ਬਦਾਂ ’ਚ ਹੁੰਦਾ ਸੀ ਪਰ ਅਮਿਤ ਸ਼ਾਹ ਤਾੜ ਗਏ ਸਨ ਕਿ ਪਾਰਟੀ ਦੇ ਕੋਰ ਵਰਕਰ ਨੂੰ ਇਹ ਸਭ ਪਸੰਦ ਨਹੀਂ ਆ ਰਿਹਾ ਜਾਂ ਉਸ ਨੂੰ ਲੱਗਦਾ ਹੈ ਕਿ ਉਸ ਨੂੰ ਟਿਕਟ ਮਿਲਣ ਦੀ ਸੰਭਾਵਨਾ ਘਟ ਗਈ ਹੈ ਜਾਂ ਉਸ ਨੂੰ ਲੱਗਣ ਲੱਗਾ ਹੈ ਕਿ ਜੇ ਇਹੋ ਸਭ ਹੋਣਾ ਤਾਂ ਫਿਰ ਕੁਰਸੀਆਂ ਚੁੱਕਣ ਤੇ ਦਰੀਆਂ ਵਿਛਾਉਣ ਦਾ ਕੀ ਫਾਇਦਾ।

ਇਸ ਫੀਡਬੈਕ ਦਾ ਹੀ ਅਸਰ ਹੈ ਕਿ ਅਮਿਤ ਸ਼ਾਹ ਨੇ ਤੈਅ ਕੀਤਾ ਕਿ ਚੋਣਾਂ ਜਿੱਤਣ ’ਤੇ ਆਪਣਿਆਂ ਨੂੰ ਹੀ ਤਰਜੀਹ ਦਿੱਤੀ ਜਾਵੇਗੀ। ਉਂਝ ਵੀ ਬਾਹਰੋਂ ਆਉਣ ਵਾਲਾ ਕੋਈ ਵਿਧਾਇਕ ਜਾਂ ਸੰਸਦ ਮੈਂਬਰ ਬਣ ਜਾਵੇ ਇਹੋ ਬਹੁਤ ਹੈ। ਇਸ ਤੋਂ ਅੱਗੇ ਦੀ ਗਾਰੰਟੀ ਪਾਰਟੀ ਨੇ ਨਾ ਤਾਂ ਲਈ ਹੈ ਅਤੇ ਨਾ ਹੀ ਲਵੇਗੀ। ਇਹੋ ਵਜ੍ਹਾ ਹੈ ਕਿ ਦੁਬਾਰਾ ਬਣੀ ਮੋਦੀ ਸਰਕਾਰ ’ਚ ਸੰਘ ਪਰਿਵਾਰ ਦੇ ਹੰਢੇ ਹੋਏ ਚਿਹਰੇ ਹੀ ਨਜ਼ਰ ਆ ਰਹੇ ਹਨ, ਜਿਨ੍ਹਾਂ ਨੇ ਉਲਟ ਸਥਿਤੀਆਂ ’ਚ ਵੀ ਪਾਰਟੀ ਦਾ ਸਾਥ ਨਹੀਂ ਛੱਡਿਆ ਅਤੇ ਆਪਣੇ ਵਲੋਂ ਦਿਨ-ਰਾਤ ਲੱਗੇ ਰਹੇ।

ਕੁਲ ਮਿਲਾ ਕੇ ਮੋਦੀ ਸਰਕਾਰ ਦਾ ਇਹ ਮੰਤਰੀ ਮੰਡਲ ਸੰਘ ਪਰਿਵਾਰ ਦੇ ‘ਮਰਜੀਵੜਿਆਂ’ ਦਾ ਮੰਤਰੀ ਮੰਡਲ ਹੈ। ਇਕ ਅਜਿਹਾ ਮੰਤਰੀ ਮੰਡਲ, ਜੋ ਵਿਚਾਰਧਾਰਾ ਦੇ ਨਾਂ ’ਤੇ ਇਕੋ ਜਿਹੀ ਸੋਚ ਰੱਖਦਾ ਹੈ, ਜਿਸ ਦਾ ਰਾਸ਼ਟਰਵਾਦ ਤੋਂ ਲੈ ਕੇ ਜਾਤਵਾਦ ਤਕ ਸਪੱਸ਼ਟ ਰੁਖ਼ ਹੈ। ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੇ ਇਸ਼ਾਰਿਆਂ ਨੂੰ ਸਮਝਦਾ ਹੈ ਅਤੇ ਜਾਣਦਾ ਹੈ ਕਿ ਅਗਲੇ ਪੰਜ ਸਾਲ ਕੰਮ ਕਰਨਾ ਪੈਣਾ ਹੈ ਤਾਂ ਕਿ ਦੁਬਾਰਾ ਜੇ ਸਰਕਾਰ ਬਣੀ ਤਾਂ ਉਨ੍ਹਾਂ ਵਰਗੇ ਕੁਝ ਨਵੇਂ ਵਰਕਰ ਉਨ੍ਹਾਂ ਦੀ ਥਾਂ ਮੰਤਰੀ ਮੰਡਲ ’ਚ ਨਜ਼ਰ ਆ ਸਕਣ।

ਉਂਝ ਵੀ ਕੁਝ ਮੰਤਰਾਲਿਆਂ ਨੂੰ ਇਕੱਠੇ ਕਰ ਕੇ ਕੰਮ ਕੁਝ ਸੌਖਾ ਬਣਾਉਣ ਅਤੇ ਰੁਕਾਵਟਾਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਅਜਿਹੇ ਮਾਹੌਲ ’ਚ ਜੇ ਰਾਜ ਮੰਤਰੀਆਂ ਨੂੰ ਉਨ੍ਹਾਂ ਦੇ ਕੈਬਨਿਟ ਮੰਤਰੀਆਂ ਨੇ ਕੰਮ ਕਰਨ ਦੇ ਮੌਕੇ ਦਿੱਤੇ ਅਤੇ ਖੁਦ ਸੱਤਾ ਦੇ ਨਸ਼ੇ ’ਚ ਹੰਕਾਰੇ ਨਾ ਗਏ ਤਾਂ ਸਾਨੂੰ ਬਹੁਤ ਕੁਝ ਬਦਲਦਾ ਹੋਇਆ ਨਜ਼ਰ ਆ ਸਕਦਾ ਹੈ।
 

Bharat Thapa

This news is Content Editor Bharat Thapa