‘ਗੈਸਟ ਹਾਊਸ ਕਾਂਡ’ ਅਤੇ ਉਸ ਤੋਂ ਬਾਅਦ ਦੀ ਕਹਾਣੀ

01/19/2019 7:37:03 AM

1 ਜੂਨ 1995 ਨੂੰ ਜਦੋਂ ਯੂ. ਪੀ. ਦੇ ਤੱਤਕਾਲੀ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਸੂਬੇ ਭਰ ਤੋਂ ਆਏ ਸਪਾ ਆਗੂਅਾਂ ਨੂੰ ਮਿਲ ਰਹੇ ਸਨ ਤਾਂ ਕਾਂਗਰਸ ਦੇ ਰਾਜ ਸਭਾ ਮੈਂਬਰ ਪੀ. ਐੱਲ. ਪੂਨੀਆ ਬਿਨ ਬੁਲਾਏ ਮੀਟਿੰਗ ’ਚ ਚਲੇ ਆਏ, ਜੋ ਉਦੋਂ ਮੁੱਖ ਮੰਤਰੀ ਦਫਤਰ ’ਚ ਇਕ ਪ੍ਰਭਾਵਸ਼ਾਲੀ ਆਈ. ਏ. ਐੱਸ. ਅਧਿਕਾਰੀ ਸਨ। 
ਉਦੋਂ ਮੀਟਿੰਗ ’ਚ ਜੋ ਲੋਕ ਸ਼ਾਮਿਲ ਸਨ, ਉਹ ਯਾਦ ਕਰ ਕੇ ਦੱਸਦੇ ਹਨ ਕਿ ਜਦੋਂ ਮੁਲਾਇਮ ਸਿੰਘ ਨੇ ਪੂਨੀਆ ਵਲੋਂ ਦਿੱਤਾ ਗਿਆ ਨੋਟ ਪੜ੍ਹਿਆ ਤਾਂ ਉਨ੍ਹਾਂ ਦੇ ਹਾਵ-ਭਾਵ ਬਦਲ ਗਏ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਪਾਰਟੀ ਵਰਕਰਾਂ ਨੂੰ ਚੋਣਾਂ ਲਈ ਤਿਆਰ ਰਹਿਣਾ ਚਾਹੀਦਾ ਹੈ ਅਤੇ ਵਿਚਾਲੇ ਹੀ ਮੀਟਿੰਗ ਨੂੰ ਖਤਮ ਕਰ ਦਿੱਤਾ। ਸਪਾ ਦੀਅਾਂ ਜ਼ਿਲਾ ਇਕਾਈਅਾਂ ਦੇ ਇਕੱਠੇ ਹੋਏ ਮੁਖੀਅਾਂ ਨੂੰ ਬਾਅਦ ’ਚ ਪਤਾ ਲੱਗਾ ਕਿ ਪੂਨੀਆ ਮੁਲਾਇਮ ਸਿੰਘ ਨੂੰ ਇਹ ਦੱਸਣ ਲਈ ਆਏ ਸਨ ਕਿ ਬਸਪਾ ਉਨ੍ਹਾਂ ਦੀ ਗੱਠਜੋੜ ਸਰਕਾਰ ਤੋਂ ਹਮਾਇਤ ਵਾਪਿਸ ਲੈਣ ਹੀ ਵਾਲੀ ਹੈ। 
ਹਾਲਾਂਕਿ ਸਬੰਧਾਂ ’ਚ ਤਣਾਅ ਕੁਝ ਮਹੀਨਿਅਾਂ ਤੋਂ ਨਜ਼ਰ ਆ  ਹੀ ਰਹੇ ਸਨ ਪਰ ਮੁਲਾਇਮ ਸਿੰਘ ਇਹ ਸੂੂਚਨਾ ਮਿਲਣ ’ਤੇ ਹੱਕੇ-ਬੱਕੇ ਰਹਿ ਗਏ। ਕੁਝ ਦਿਨ ਪਹਿਲਾਂ ਉਨ੍ਹਾਂ ਦੀ ਮੀਟਿੰਗ ’ਚ ਬਸਪਾ ਮੁਖੀ ਕਾਂਸ਼ੀ ਰਾਮ ਨੇ ਆਪਣੀ ਯੋਜਨਾ ਬਾਰੇ ਇਸ਼ਾਰਾ ਨਹੀਂ ਦਿੱਤਾ ਸੀ। ਉਦੋਂ ਉਨ੍ਹਾਂ ਦੀ ਗੱਠਜੋੜ ਸਰਕਾਰ ਨੂੰ ਬਣਿਅਾਂ ਅਜੇ ਡੇਢ ਸਾਲ ਹੀ ਹੋਇਆ ਸੀ। 
2 ਜੂਨ 1995
ਕਈ ਸਪਾ ਆਗੂਅਾਂ ਦਾ ਵਿਚਾਰ ਸੀ ਕਿ ਸਰਕਾਰ ਬਚਾਉਣ ਲਈ ਬਸਪਾ ’ਚ ਫੁੱਟ ਪਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਪਾਰਟੀ ਲੀਡਰਸ਼ਿਪ ਵਲੋਂ ਕੋਈ ਇਤਰਾਜ਼ ਨਾ ਪ੍ਰਗਟਾਉਣ ’ਤੇ 2 ਜੂਨ ਦੀ ਸ਼ਾਮ ਨੂੰ ਕੁਝ ਸਪਾ ਵਿਧਾਇਕ ਅਤੇ ਜ਼ਿਲਾ ਪੱਧਰ ਦੇ ਨੇਤਾ ਲਖਨਊ ’ਚ ਸਥਿਤ ਸਟੇਟ ਗੈਸਟ ਹਾਊਸ ’ਚ ਪਹੁੰਚੇ, ਜਿਥੇ ਕਾਂਸ਼ੀ ਰਾਮ ਦੀ ਨੇੜਲੀ ਸਹਿਯੋਗੀ ਤੇ ਬਸਪਾ ਦੀ ਤੱਤਕਾਲੀ ਜਨਰਲ ਸਕੱਤਰ ਮਾਇਆਵਤੀ ਆਪਣੇ ਅਗਲੇ ਕਦਮ ਬਾਰੇ ਵਿਧਾਇਕਾਂ ਨਾਲ ਚਰਚਾ ਕਰਨ ਲਈ ਮੀਟਿੰਗ ਕਰ ਰਹੀ ਸੀ। 
ਉਸ ਤੋਂ ਬਾਅਦ ਜੋ ਕੁਝ ਵੀ ਹੋਇਆ, ਉਸ ਨੂੰ ਬਦਨਾਮ ‘ਗੈਸਟ ਹਾਊਸ ਕਾਂਡ’ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਸਪਾ ਵਿਧਾਇਕਾਂ ਤੇ ਵਰਕਰਾਂ ਨੇ ਗੈਸਟ ਹਾਊਸ ਨੂੰ ਘੇਰ ਲਿਆ ਤੇ ਉਥੇ ਭੰਨ-ਤੋੜ ਸ਼ੁਰੂ ਕਰ ਦਿੱਤੀ, ਜਿਸ ਕਾਰਨ ਮਾਇਆਵਤੀ ਨੂੰ ਮਜਬੂਰੀ ’ਚ ਖ਼ੁਦ ਨੂੰ ਇਕ ਕਮਰੇ ’ਚ ਬੰਦ ਕਰਨਾ ਪਿਆ, ਜਦਕਿ ਭੜਕੇ ਵਰਕਰਾਂ ਨੇ ਉਨ੍ਹਾਂ ਦੇ ਕਈ ਵਿਧਾਇਕਾਂ ਨੂੰ ਇਹ ਦਾਅਵਾ ਕਰਦਿਅਾਂ ਬੰਧਕ ਬਣਾ ਲਿਆ ਕਿ ਉਹ ਸਪਾ ’ਚ ਸ਼ਾਮਿਲ ਹੋ ਗਏ ਹਨ। 
ਉਦੋਂ ਉਥੇ ਮੌਜੂਦ ਭਾਜਪਾ ਵਿਧਾਇਕ ਬ੍ਰਹਮਦੱਤ ਦਿਵੇਦੀ ਬਾਰੇ ਇਹ ਮੰਨਿਆ ਜਾਂਦਾ ਹੈ ਕਿ ਉਹ ਮਾਇਆਵਤੀ ਨੂੰ ਸਪਾ ਆਗੂਅਾਂ ਤੇ ਵਰਕਰਾਂ ਦੇ ਕਿਸੇ ਵੀ ਸੰਭਾਵੀ ਸਰੀਰਕ ਹਮਲੇ ਤੋਂ ਬਚਾਉਣ ਲਈ ਵਿਚ ਆਏ। ਉਦੋਂ ਲਖਨਊ ਦੇ ਐੱਸ. ਐੱਸ.  ਪੀ. ਸ਼੍ਰੀ ਓ. ਪੀ. ਸਿੰਘ, ਜੋ ਹੁਣ ਸੂਬੇ ਦੇ ਪੁਲਸ ਮਹਾਨਿਰਦੇਸ਼ਕ ਹਨ, ਦੀ ਹਿੰਸਾ ਰੋਕਣ ਲਈ ਕਾਫੀ ਕਦਮ ਨਾ ਚੁੱਕਣ ਕਰਕੇ ਕਾਫੀ ਆਲੋਚਨਾ ਹੋਈ ਸੀ। 
3 ਜੂਨ ਨੂੰ ਅੰਗਰੇਜ਼ੀ ਦੇ ਇਕ ਅਖ਼ਬਾਰ ’ਚ ਇਸ ਬਾਰੇ ਛਪੀ ਰਿਪੋਰਟ ’ਚ ਕਿਹਾ ਗਿਆ ਸੀ ਕਿ ਸਪਾ ਦੇ ਹਥਿਆਰਾਂ ਨਾਲ ਲੈਸ ਵਰਕਰ ਬਸਪਾ ਵਰਕਰਾਂ ਦੇ ਮੀਟਿੰਗ ਹਾਲ ’ਚ ਜਾ ਵੜੇ ਤੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ’ਚੋਂ ਕੁਝ ਨੂੰ ‘ਅਗਵਾ’ ਕਰ ਲਿਆ। ਮਾਇਆਵਤੀ ਸਮੇਤ ਕਈ ਸੀਨੀਅਰ ਬਸਪਾ ਆਗੂ ਇਕ ਹੋਟਲ ਦੇ ਕਮਰੇ ’ਚ ਚਲੇ ਗਏ, ਜੋ ਮਾਇਆਵਤੀ ਲਈ ਰਿਜ਼ਰਵ ਸੀ। 
‘ਲਖਨਊ ਦੇ ਐੱਸ. ਐੱਸ. ਪੀ. ਓ. ਪੀ. ਸਿੰਘ ਅਤੇ ਉਨ੍ਹਾਂ ਦੇ ਜਵਾਨ ਖਾਮੋਸ਼ ਦਰਸ਼ਕ ਬਣੇ ਹੋਏ ਸਨ, ਜਦਕਿ ਸਪਾ ਵਾਲਿਅਾਂ ਨੇ ਬਿਜਲੀ ਤੇ ਟੈਲੀਫੋਨ ਦੀਅਾਂ ਤਾਰਾਂ ਉਖਾੜ ਦਿੱਤੀਅਾਂ ਅਤੇ ਲਾਠੀਅਾਂ ਨਾਲ (ਬਸਪਾ ਵਿਧਾਇਕਾਂ ਨੂੰ) ਕੁੱਟਣਾ ਸ਼ੁਰੂ ਕਰ ਦਿੱਤਾ। ਲੱਗਭਗ 300 ਸਪਾ ਦੰਗਾਕਾਰੀਅਾਂ ਦੀ ਅਗਵਾਈ ਇਕ ਦਰਜਨ ਤੋਂ ਜ਼ਿਆਦਾ ਪਾਰਟੀ ਵਿਧਾਇਕ ਕਰ ਰਹੇ ਸਨ, ਜਿਨ੍ਹਾਂ ’ਚੋਂ ਬਹੁਤੇ ਅਪਰਾਧਿਕ ਪਿਛੋਕੜ ਵਾਲੇ ਸਨ।’
ਨਤੀਜਾ ਕੀ ਨਿਕਲਿਆ? ਯੂ. ਪੀ. ਦੇ ਕਾਂਗਰਸੀ ਨੇਤਾਵਾਂ ਦੇ ਦਬਾਅ ਕਾਰਨ ਪੀ. ਵੀ. ਨਰਸਿਮ੍ਹਾ ਰਾਓ ਦੀ ਸਰਕਾਰ ਨੇ ਰਾਜਪਾਲ ਮੋਤੀਲਾਲ ਵੋਹਰਾ ਦੇ ਸੁਝਾਅ ’ਤੇ ਅਮਲ ਕਰਦਿਅਾਂ ਵਿਧਾਨ ਸਭਾ ’ਚ ਬਹੁਮਤ ਸਿੱਧ ਕਰਨ ਦਾ ਮੌਕਾ ਦਿੱਤੇ ਬਿਨਾਂ 3 ਜੂਨ ਨੂੰ ਮੁਲਾਇਮ ਸਿੰਘ ਨੂੰ ਬਰਖਾਸਤ ਕਰ ਦਿੱਤਾ। ਬਾਅਦ ’ਚ ਉਸੇ ਸ਼ਾਮ ਨੂੰ ਭਾਜਪਾ ਅਤੇ ਜਨਤਾ ਦਲ ਦੇ ਬਾਹਰੋਂ ਦਿੱਤੇ ਸਮਰਥਨ ਨਾਲ ਮਾਇਆਵਤੀ ਨੇ ਸੂਬੇ ਦੀ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। 
‘ਗੈਸਟ ਹਾਊਸ ਕਾਂਡ’ ਦਾ ਨਤੀਜਾ ਇਹ ਨਿਕਲਿਆ  ਕਿ ਸਪਾ ਅਤੇ ਬਸਪਾ ਦੇ ਸਬੰਧ ਪੱਕੇ ਤੌਰ ’ਤੇ ਟੁੱਟ ਗਏ ਅਤੇ ਮੁਲਾਇਮ ਸਿੰਘ ਪ੍ਰਤੀ ਮਾਇਆਵਤੀ ਦਾ ਨਜ਼ਰੀਆ ਬਦਲ ਗਿਆ, ਜਿਨ੍ਹਾਂ ਨੂੰ ਯੂ. ਪੀ. ’ਚ ਸਮਾਜਿਕ ਨਿਅਾਂ ਦੀ ਸਿਆਸਤ ਦੇ ਮੋਹਰੀ ਆਗੂ ਮੰਨਿਆ ਜਾਂਦਾ ਸੀ। 
ਇਸ ਨਾਲ ਉੱਭਰੀ ਭਾਰਤ ਦੀ ਪਹਿਲੀ ਦਲਿਤ ਮਹਿਲਾ ਮੁੱਖ ਮੰਤਰੀ ਅਤੇ ਸਪਾ ਤੇ ਬਸਪਾ ਸਮਾਨਾਂਤਰ ਪਟੜੀਅਾਂ ’ਤੇ ਆ ਗਈਅਾਂ, ਜੋ ਕਦੇ ਵੀ ਇਕ-ਦੂਜੀ ਨਾਲ ਨਹੀਂ ਮਿਲ ਸਕਦੀਅਾਂ ਸਨ। ਉਸ ਤੋਂ ਬਾਅਦ ਬਸਪਾ ਨੇ ਦੋ ਵਾਰ ‘ਮਨੂਵਾਦੀ’ ਭਾਜਪਾ ਨਾਲ ਗੱਠਜੋੜ ਕੀਤਾ, ਜਿਸ ਨੂੰ ਬੁਨਿਆਦੀ ਤੌਰ ’ਤੇ ਹਮੇਸ਼ਾ ਬਹੁਜਨ ਹਿੱਤਾਂ ਦੀ ਵਿਰੋਧੀ ਮੰਨਿਆ ਜਾਂਦਾ ਹੈ। 
ਪਹਿਲਾ ਸਮਝੌਤਾ
ਪਿਛਲੇ ਹਫਤੇ ਸਪਾ ਅਤੇ ਬਸਪਾ ਵਿਚਾਲੇ ਗੱਠਜੋੜ ਦਾ ਐਲਾਨ ਦੋਹਾਂ ਪਾਰਟੀਅਾਂ ਵਲੋਂ ਭਾਜਪਾ ਨਾਲ ਲੜਾਈ ’ਚ ਆਪਣੀ ਹੋਂਦ ਬਚਾਉਣ ਲਈ ਕੀਤਾ ਗਿਆ। ਆਖਰੀ ਵਾਰ ਇਹ ਦੋਵੇਂ 26 ਸਾਲ ਪਹਿਲਾਂ ਇਕੱਠੀਅਾਂ ਹੋਈਅਾਂ ਸਨ, ਜਦੋਂ ਦਸੰਬਰ 1992 ’ਚ ਬਾਬਰੀ ਮਸਜਿਦ ਕਾਂਡ ਤੋਂ ਬਾਅਦ ਲਾਏ ਗਏ ਰਾਸ਼ਟਰਪਤੀ ਸ਼ਾਸਨ ਦੇ ਖਤਮ  ਹੋਣ ਮਗਰੋਂ 1993 ਦੀਅਾਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁਲਾਇਮ ਸਿੰਘ ਨੇ ਪਹਿਲ ਕੀਤੀ ਸੀ। 
1989 ’ਚ ਮੁੱਖ ਮੰਤਰੀ ਬਣਨ ’ਤੇ ਬਾਬਰੀ ਮਸਜਿਦ ਦੀ ਰੱਖਿਆ ਕਰਨ ਦਾ ਵਾਅਦਾ ਕਰ ਕੇ ਮੁਲਾਇਮ ਸਿੰਘ ਨੇ ਕੌਮੀ ਪੱਧਰ ’ਤੇ ਆਪਣੇ ਸਖਤ ਰੁਖ਼ ਵਾਲਾ ਅਕਸ ਬਣਾ ਲਿਆ ਸੀ। 30 ਅਕਤੂਬਰ ਅਤੇ 2 ਨਵੰਬਰ 1990 ਨੂੰ ਕਾਰਸੇਵਕਾਂ ’ਤੇ ਫਾਇਰਿੰਗ ਨੇ ਉਨ੍ਹਾਂ ਦੇ ਧਰਮ ਨਿਰਪੱਖਤਾ ਵਾਲੇ ਅਕਸ ਨੂੰ ਹੋਰ ਮਜ਼ਬੂਤ ਕਰ ਦਿੱਤਾ, ਜਿਸ ਨਾਲ ਅਜਿਹਾ ਮੰਨਿਆ ਜਾਂਦਾ ਸੀ ਕਿ ਮੁਸਲਮਾਨਾਂ ’ਚ ਉਨ੍ਹਾਂ ਦੀ ਖਿੱਚ ਹੋਰ ਵਧੀ ਹੈ। 
ਹਾਲਾਂਕਿ ਜਨਤਾ ਦਲ ਨਾਲੋਂ ਆਪਣਾ ਰਾਹ ਵੱਖਰਾ ਕਰ ਕੇ ਮੁਲਾਇਮ ਸਿੰਘ ਨੂੰ 1991 ਦੀਅਾਂ ਵਿਧਾਨ ਸਭਾ ਚੋਣਾਂ ’ਚ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ’ਚ ਉਨ੍ਹਾਂ ਦੀ ਪਾਰਟੀ ਨੇ 425 ਮੈਂਬਰੀ ਸਦਨ ’ਚ ਸਿਰਫ 34 ਸੀਟਾਂ (12.5 ਫੀਸਦੀ ਵੋਟਾਂ) ਜਿੱਤੀਅਾਂ ਸਨ। ਕਮੰਡਲ (ਰਾਮ ਮੰਦਰ ਅੰਦੋਲਨ) ਨੇ ਮੰਡਲ (ਸਮਾਜਿਕ ਨਿਅਾਂ ਅੰਦੋਲਨ) ਨੂੰ ਮਾਤ ਦਿੱਤੀ ਤੇ ਭਾਜਪਾ ਨੇ 221 ਸੀਟਾਂ ਜਿੱਤੀਅਾਂ, ਜਦਕਿ ਬਸਪਾ ਨੂੰ 9.5 ਫੀਸਦੀ ਵੋਟਾਂ ਨਾਲ ਸਿਰਫ 12 ਸੀਟਾਂ ਮਿਲੀਅਾਂ।
ਮੁਲਾਇਮ ਸਿੰਘ ਯਾਦਵ ਕਈ ਸਾਲ ਇਹ ਯਾਦ ਦਿਵਾਉਂਦੇ ਰਹੇ ਕਿ ਬਸਪਾ ਨਾਲ ਮਿੱਤਰਤਾ ਕਰਨ ਦਾ ਫੈਸਲਾ ਉਨ੍ਹਾਂ ਨੇ ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਦੇ ਉਕਸਾਵੇ ਦੀ ਪ੍ਰਤੀਕਿਰਿਆ ’ਚ ਲਿਆ ਸੀ। ਮੁਲਾਇਮ ਅਨੁਸਾਰ ਜਦੋਂ ਰਾਮ ਮੰਦਰ ਅੰਦੋਲਨ ਤੇਜ਼ੀ ਫੜ ਰਿਹਾ ਸੀ ਤਾਂ ਕੌਮੀ ਏਕਤਾ ਪ੍ਰੀਸ਼ਦ ਦੀ ਮੀਟਿੰਗ ਦੌਰਾਨ ਅਡਵਾਨੀ  ਨੇ ਉਨ੍ਹਾਂ ਦੀ ਕਥਿਤ ‘ਮਿੱਥਕ ਧਰਮ ਨਿਰਪੱਖਤਾ’ ਨੂੰ ਚੁਣੌਤੀ ਦਿੱਤੀ, ਜਿਸ ਦੀ ਪ੍ਰਤੀਕਿਰਿਆ ਵਜੋਂ ਮੁਲਾਇਮ ਨੇ ਮੰਡਲ ਅਤੇ ਬਹੁਜਨ ਨੂੰ ਭਾਜਪਾ ਵਿਰੁੱਧ ਇਕਜੁੱਟ ਕਰਨ ਲਈ ਕਾਂਸ਼ੀ ਰਾਮ ਨਾਲ ਸੰਪਰਕ ਕੀਤਾ। 
1993 ’ਚ ਸਪਾ-ਬਸਪਾ ਗੱਠਜੋੜ ਨੂੰ 29 ਫੀਸਦੀ ਤੋਂ ਜ਼ਿਆਦਾ ਵੋਟਾਂ ਪਈਅਾਂ ਤੇ ਇਨ੍ਹਾਂ ਨੇ 176 ਸੀਟਾਂ ਜਿੱਤੀਅਾਂ। ਸਪਾ ਨੇ 256 ਸੀਟਾਂ ’ਤੇ ਉਮੀਦਵਾਰ ਖੜ੍ਹੇ ਕੀਤੇ ਸਨ ਤੇ 109 ਸੀਟਾਂ ਜਿੱਤੀਅਾਂ, ਜਦਕਿ ਬਸਪਾ ਨੇ 164 ਸੀਟਾਂ ’ਤੇ ਚੋਣਾਂ ਲੜ ਕੇ 67 ਸੀਟਾਂ ਜਿੱਤੀਅਾਂ। ਭਾਜਪਾ ਨੂੰ 33 ਫੀਸਦੀ ਵੋਟਾਂ ਪਈਅਾਂ ਸਨ ਤੇ ਉਸ ਨੇ 177 ਸੀਟਾਂ ਜਿੱਤੀਅਾਂ। ਭਗਵਾ ਪਾਰਟੀ ਕਿਉਂਕਿ ਵਾਧੂ ਸਮਰਥਨ ਜੁਟਾਉਣ ’ਚ ਅਸਫਲ ਰਹੀ, ਜਿਸ ਕਾਰਨ ਮੁਲਾਇਮ ਸਿੰਘ ਸਪਾ-ਬਸਪਾ ਗੱਠਜੋੜ ਦੇ ਮੁੱਖ ਮੰਤਰੀ ਬਣੇ।
ਦੁਬਾਰਾ ਇਕੱਠੇ ਹੋਣਾ 
ਕਲਿਆਣ ਸਿੰਘ ਦੀ ਬਗਾਵਤ ਤੋਂ ਬਾਅਦ ਭਾਜਪਾ ਦੇ ਸੁੰਗੜਦੇ ਜਨ-ਆਧਾਰ ਨੂੰ ਦੇਖਦਿਅਾਂ ਸਪਾ ਅਤੇ ਬਸਪਾ ਸੰਨ 2000 ਤੋਂ ਬਾਅਦ ਯੂ. ਪੀ. ਦੀ ਸਿਆਸਤ ’ਚ ਦੋ ਧੁਰੀਅਾਂ ਵਜੋਂ ਉੱਭਰੀਅਾਂ। ਸਪਾ ਤੋਂ ਅੱਕ ਕੇ ਵੋਟਰਾਂ ਨੇ 2007 ’ਚ ਬਸਪਾ ਨੂੰ ਪੂਰਨ ਬਹੁਮਤ ਨਾਲ ਜਿਤਾਇਆ ਅਤੇ 5 ਸਾਲਾਂ ਬਾਅਦ ਮਾਇਆਵਤੀ ਦੇ ਸ਼ਾਸਨ ਤੋਂ ਅੱਕ ਕੇ ਉਹ ਫਿਰ ਸਪਾ ਵੱਲ ਮੁੜੇ  ਤੇ ਅਖਿਲੇਸ਼ ਯਾਦਵ ਸੂਬੇ ਦੇ ਮੁੱਖ ਮੰਤਰੀ ਬਣੇ। 
ਨਾ ਮਾਇਆਵਤੀ (2009) ਅਤੇ ਨਾ ਹੀ ਅਖਿਲੇਸ਼ ਯਾਦਵ (2014) ਵਿਧਾਨ ਸਭਾ ਚੋਣਾਂ ’ਚ ਲੋਕਾਂ ਤੋਂ ਮਿਲੇ ਫਤਵੇ ਨੂੰ ਲੋਕ ਸਭਾ ਚੋਣਾਂ ’ਚ ਆਪਣੇ ਲਾਭ ਲਈ ਇਸਤੇਮਾਲ ਕਰ ਸਕੇ। ਭਾਜਪਾ, ਜੋ 1991 ’ਚ 33 ਫੀਸਦੀ ਵੋਟਾਂ ਤੇ 2012 ਦੀਅਾਂ ਵਿਧਾਨ ਸਭਾ ਚੋਣਾਂ ’ਚ 16 ਫੀਸਦੀ ਤੋਂ ਵੀ ਘੱਟ ਵੋਟਾਂ ’ਤੇ ਸਿਮਟ ਗਈ ਸੀ, ਨੇ ‘ਮੋਦੀ ਲਹਿਰ’ ਉੱਤੇ ਸਵਾਰ ਹੋ ਕੇ 2014 ਦੀਅਾਂ ਲੋਕ ਸਭਾ ਚੋਣਾਂ ਅਤੇ 2017 ਦੀਅਾਂ ਵਿਧਾਨ ਸਭਾ ਚੋਣਾਂ ’ਚ ਯੂ. ਪੀ. ’ਚੋਂ ਵਿਰੋਧੀ ਧਿਰ ਦਾ ਸਫਾਇਆ ਕਰ ਦਿੱਤਾ। 
ਇਸ ਦੇ ਸਿੱਟੇ ਵਜੋਂ 2 ਵਾਰ ਸ਼ਰਮਿੰਦਾ ਹੋਈਅਾਂ ਸਪਾ ਤੇ ਬਸਪਾ ਇਕੱਠੀਅਾਂ ਹੋਣ ਲਈ ਮਜਬੂਰ ਹੋ ਗਈਅਾਂ। ਅਖਿਲੇਸ਼ ਨੇ ਆਪਣੇ ਪਿਤਾ ਦੇ ਨਕਸ਼ੇ-ਕਦਮਾਂ ’ਤੇ ਚੱਲਦਿਅਾਂ ਪਹਿਲ ਕੀਤੀ ਅਤੇ ਗੋਰਖਪੁਰ, ਫੂਲਪੁਰ ਦੀਅਾਂ ਲੋਕ ਸਭਾ ਉਪ-ਚੋਣਾਂ ’ਚ ਬਸਪਾ ਦੇ ਸਮਰਥਨ ਨਾਲ ਸਪਾ ਉਮੀਦਵਾਰਾਂ ਵਲੋਂ ਭਾਜਪਾ ਨੂੰ ਹਰਾਉਣ ਤੋਂ ਬਾਅਦ ਉਹ ਪਿਛਲੇ ਸਾਲ ਮਾਰਚ ’ਚ ਮਾਇਆਵਤੀ ਨੂੰ ਮਿਲਣ ਉਨ੍ਹਾਂ ਦੇ ਘਰ ਗਏ। ਹੁਣ 4 ਜਨਵਰੀ  ਨੂੰ ਅਖਿਲੇਸ਼ ਨੇ ਫਿਰ ਉਹੋ ਜਿਹਾ ਹੀ ਦੌਰਾ ਕੀਤਾ ਤੇ ਇਸ ਵਾਰ ਦੋਹਾਂ ਪਾਰਟੀਅਾਂ ਨੇ ਭਾਜਪਾ ਵਿਰੁੱਧ ਇਕਜੁੱਟ ਹੋਣ ਦਾ ਰਸਮੀ ਫੈਸਲਾ ਕਰ ਲਿਆ।
ਸਪਾ-ਬਸਪਾ ਗੱਠਜੋੜ ਦੇ ਐਲਾਨ, ਜੋ ਨਾ ਸਿਰਫ ਲੋਕ ਸਭਾ ਚੋਣਾਂ ਸਗੋਂ 2022 ਦੀਅਾਂ ਵਿਧਾਨ ਸਭਾ ਚੋਣਾਂ ਲਈ ਵੀ, ਤੋਂ ਅਜਿਹਾ ਲੱਗਦਾ ਹੈ ਕਿ ਉਸ ਦਾਨਵ ਨੂੰ ਖਤਮ ਕਰ ਦਿੱਤਾ ਗਿਆ ਹੈ, ਜੋ 2 ਜੂਨ 1995 ਨੂੰ ਪੈਦਾ ਹੋਇਆ ਸੀ, ਘੱਟੋ-ਘੱਟ ਹੁਣ ਲਈ।                                             (‘ਇੰ. ਐ.’)