ਮਾਨਚੈਸਟਰ ''ਚ ਅੱਤਵਾਦੀ ਹਮਲਾ : ਫਿਰ ਦਿਸ਼ਾਹੀਣ ਹੋਈ ਅੱਤਵਾਦ ਵਿਰੋਧੀ ਮੁਹਿੰਮ

05/26/2017 7:25:19 AM

ਹੁਣੇ-ਹੁਣੇ ਦੋ ਵੱਡੀਆਂ ਘਟਨਾਵਾਂ ਅੱਗੜ-ਪਿੱਛੜ ਸਾਹਮਣੇ ਆਈਆਂ। ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਊਦੀ ਅਰਬ ਦਾ ਦੌਰਾ ਕੀਤਾ ਤੇ ਉਸ ਤੋਂ ਤਿੰਨ ਦਿਨਾਂ ਬਾਅਦ 6478 ਕਿਲੋਮੀਟਰ ਦੂਰ ਬ੍ਰਿਟੇਨ ਦੇ ਮਾਨਚੈਸਟਰ ਸ਼ਹਿਰ ''ਚ ਵੱਡਾ ਅੱਤਵਾਦੀ ਹਮਲਾ ਹੋਇਆ। ਬੇਸ਼ੱਕ ਇਹ ਘਟਨਾਵਾਂ ਦੇਖਣ ਨੂੰ ਦੁਨੀਆ ਦੇ ਵੱਖ-ਵੱਖ ਕੋਨਿਆਂ ''ਚ ਵਾਪਰੀਆਂ ਪਰ ਇਨ੍ਹਾਂ ਦੋਹਾਂ ਦਾ ਆਪਸ ''ਚ ਬਹੁਤ ਹੀ ਗੂੜ੍ਹਾ ਸੰਬੰਧ ਹੈ।
ਮਾਨਚੈਸਟਰ ''ਚ ਅੱਤਵਾਦੀ ਹਮਲਾ ਉਦੋਂ ਹੋਇਆ ਜਦੋਂ ਉਥੋਂ ਦੇ ਇਕ ਪ੍ਰਸਿੱਧ ਏਰੀਨਾ ''ਚ ਲੋਕ ਅਮਰੀਕੀ ਗਾਇਕਾ ਏਰੀਆਨਾ ਗ੍ਰੈਂਡੇ ਦੇ ਸੰਗੀਤ ਸਮਾਰੋਹ ਦਾ ਆਨੰਦ ਮਾਣ ਰਹੇ ਸਨ। ਇਸ ਅੱਤਵਾਦੀ ਹਮਲੇ ''ਚ 22 ਬੇਕਸੂਰ ਲੋਕਾਂ ਦੀਆਂ ਜਾਨਾਂ ਗਈਆਂ ਤੇ 60 ਜ਼ਖ਼ਮੀ ਹੋ ਗਏ।
ਮੀਡੀਆ ਰਿਪੋਰਟਾਂ ਅਨੁਸਾਰ ਇਸ ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਆਈ. ਐੱਸ. ਨੇ ਲਈ ਹੈ ਅਤੇ ਉਸ ਦੇ ਇਕ ਆਤਮਘਾਤੀ ਲੜਾਕੇ ਲੀਬੀਆਈ ਮੂਲ ਦੇ ਬਰਤਾਨਵੀ ਨਾਗਰਿਕ ਸਲਮਾਨ ਆਬਦੀ ਦੀ ਪਛਾਣ ਵੀ ਹੋ ਗਈ ਹੈ। 
ਕੀ ਮਾਨਚੈਸਟਰ ''ਚ ਹੋਏ ਅੱਤਵਾਦੀ ਹਮਲੇ ਤੋਂ ਇਲਾਵਾ ਪਿਛਲੇ ਦਿਨੀਂ ਹੋਏ ਹੋਰ ਅਜਿਹੇ ਹਮਲਿਆਂ ਤੋਂ ਸੱਭਿਅਕ ਸਮਾਜ ਨੇ ਕੋਈ ਸਬਕ ਲਿਆ? ਦੁਨੀਆ ਦੇ ਸਭ ਤੋਂ ਤਾਕਤਵਰ ਰਾਸ਼ਟਰ ਦੇ ਮੁਖੀ ਡੋਨਾਲਡ ਟਰੰਪ ਅਕਸਰ ਆਪਣੇ ਭਾਸ਼ਣਾਂ ਅਤੇ ਬਿਆਨਾਂ ''ਚ ਕੱਟੜਪੰਥੀ ਇਸਲਾਮਿਕ ਅੱਤਵਾਦ ਸ਼ਬਦ ਦੀ ਵਰਤੋਂ ਕਰਦੇ ਰਹੇ ਹਨ। ਪਿਛਲੇ ਸਾਲ 9 ਮਾਰਚ ਨੂੰ ਇਕ ਇੰਟਰਵਿਊ ''ਚ ਰਿਪਬਲਿਕਨ ਉਮੀਦਵਾਰ ਵਜੋਂ ਉਨ੍ਹਾਂ ਕਿਹਾ ਸੀ ਕਿ ''''ਇਸਲਾਮ ਸਾਡੇ ਨਾਲ ਨਫਰਤ ਕਰਦਾ ਹੈ।''''
ਪਰ ਪਿਛਲੇ ਹਫਤੇ ਬਤੌਰ ਰਾਸ਼ਟਰਪਤੀ ਆਪਣੇ ਪਹਿਲੇ ਰਸਮੀ ਵਿਦੇਸ਼ ਦੌਰੇ ''ਤੇ ਰਿਆਦ ਪਹੁੰਚੇ ਟਰੰਪ ਨੇ ਨਾ ਸਿਰਫ ਸਾਊਦੀ ਅਰਬ ਨਾਲ 350 ਅਰਬ ਡਾਲਰਾਂ ਦਾ ਰਣਨੀਤਿਕ ਤੇ ਵਪਾਰਕ ਸਮਝੌਤਾ ਕੀਤਾ ਸਗੋਂ ਇਸ ਪੂਰੇ ਦੌਰੇ ''ਚ ''ਕੱਟੜਪੰਥੀ ਇਸਲਾਮੀ ਅੱਤਵਾਦ'' ਸ਼ਬਦ ਦੀ ਵਰਤੋਂ ਕਰਨ ਤੋਂ ਵੀ ਝਿਜਕੇ। 
ਉਨ੍ਹਾਂ ਨੇ ਅੱਤਵਾਦ ਦਾ ਕਿਸੇ ਮਜ਼੍ਹਬ ਨਾਲ ਸੰਬੰਧ ਹੋਣ ਦੀ ਗੱਲ ਤੋਂ ਵੀ ਕਿਨਾਰਾ ਕਰ ਲਿਆ। ਰਿਆਦ ''ਚ ਅਰਬ-ਇਸਲਾਮੀ ਅਮਰੀਕੀ ਸੰਮੇਲਨ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਕਿਹਾ ਸੀ : ''''ਅੱਤਵਾਦ ਵਿਰੁੱਧ ਲੜਾਈ ਵੱਖ-ਵੱਖ ਧਰਮਾਂ, ਫਿਰਕਿਆਂ ਤੇ ਸੱਭਿਅਤਾਵਾਂ ਦਰਮਿਆਨ ਨਹੀਂ ਹੈ ਸਗੋਂ ਉਨ੍ਹਾਂ ਅਸੱਭਿਅਕ ਅਤੇ ਜ਼ਾਲਿਮ ਅਪਰਾਧੀਆਂ ਨਾਲ ਹੈ ਜੋ ਧਰਮ ਦੇ ਨਾਂ ''ਤੇ ਸਮੁੱਚੀ ਮਨੁੱਖਤਾ ਨੂੰ ਖਤਮ ਕਰਨਾ ਚਾਹੁੰਦੇ ਹਨ। ਇਹ ਚੰਗਿਆਈ ਤੇ ਬੁਰਾਈ ਦਰਮਿਆਨ ਲੜਾਈ ਹੈ।''''
ਕੀ ਸਾਊਦੀ ਅਰਬ ''ਚ ਟਰੰਪ ਦੇ ਇਸ ਬਦਲੇ ਹੋਏ ਰੁਖ ਨੇ ਅੱਤਵਾਦ ਵਿਰੁੱਧ ਜੰਗ ਨੂੰ ਮੁੜ ਅਰਥਹੀਣ ਨਹੀਂ ਬਣਾ ਦਿੱਤਾ ਹੈ? ਕੀ ਜੇਹਾਦ ਦੀਆਂ ਫੈਕਟਰੀਆਂ ''ਚੋਂ ਪੱਛਮੀ ਦੇਸ਼ਾਂ ਦੇ ਕਾਰੋਬਾਰੀ ਹਿੱਤਾਂ ਨਾਲ ਜਨਮੇ ਪ੍ਰੇਮ-ਮਿਲਾਪ ਕਾਰਨ ਸਥਿਤੀ ਹੋਰ ਜ਼ਿਆਦਾ ਗੰਭੀਰ ਅਤੇ ਗੁੰਝਲਦਾਰ ਨਹੀਂ ਹੋ ਗਈ ਹੈ?
ਦੁਨੀਆ ਦਾ ਸੱਭਿਅਕ ਸਮਾਜ ਅੱਜ ਜਿਸ ਜੇਹਾਦੀ ਜ਼ਹਿਰੀਲੀ ਵੇਲ ਦੀ ਜਕੜ ''ਚ ਹੈ, ਉਸ ਨੂੰ ਪਾਣੀ ਪਾਉਣ ਵਾਲਿਆਂ ''ਚ ਸਾਊਦੀ ਅਰਬ ਸਭ ਤੋਂ ਅੱਗੇ ਹੈ। ਦੁਨੀਆ ''ਚ ਇਸ ਦੇਸ਼ ਦੀ ਪਛਾਣ ਸਿਰਫ ਇਕ ਅਮੀਰ ਇਸਲਾਮੀ ਰਾਸ਼ਟਰ ਤੇ ਕੱਚੇ ਤੇਲ ਦੇ ਵੱਡੇ ਬਰਾਮਦਕਾਰ ਤਕ ਸੀਮਿਤ ਨਹੀਂ ਹੈ, ਸਗੋਂ ਇਸੇ ਧਰਤੀ ''ਤੇ ਮੁਹੰਮਦ ਪੈਗੰਬਰ ਸਾਹਿਬ ਅਤੇ ਇਸਲਾਮ ਦਾ ਜਨਮ ਹੋਇਆ। ਕੁਰਾਨ ਦਾ ਸੰਦੇਸ਼ ਵੀ ਬਾਕੀ ਦੁਨੀਆ ਤਕ ਸਾਊਦੀ ਅਰਬ ਤੋਂ ਗਿਆ ਤੇ ਮੁਸਲਮਾਨਾਂ ਦਾ ਸਭ ਤੋਂ ਵੱਡਾ ਧਾਰਮਿਕ ਸਥਾਨ ਮੱਕਾ-ਮਦੀਨਾ ਵੀ ਇਸੇ ਖੇਤਰ ''ਚ ਸਥਿਤ ਹੈ।
ਸਾਊਦੀ ਅਰਬ ''ਚ ਸ਼ਾਹੀ ਪਰਿਵਾਰ ਦਾ ਰਾਜ ਹੈ ਅਤੇ ਇਸਲਾਮੀ ਕਾਨੂੰਨ ਸ਼ਰੀਅਤ ਉਸ ਦਾ ਸੰਵਿਧਾਨ ਹੈ। ਇਥੋਂ ਦਾ ਹਰ ਫੈਸਲਾ ਕੁਰਾਨ ਦੇ ਆਧਾਰ ''ਤੇ ਲੈਣ ਦਾ ਦਾਅਵਾ ਕੀਤਾ ਜਾਂਦਾ ਹੈ। ਗੈਰ-ਮੁਸਲਿਮ ਰਵਾਇਤਾਂ ਅਤੇ ਪੂਜਾ ਪ੍ਰਣਾਲੀ ਇਸ ਦੇਸ਼ ''ਚ ਪੂਰੀ ਤਰ੍ਹਾਂ ਮਨ੍ਹਾ ਹੈ। ਕੀ ਇਹ ਸੱਚ ਨਹੀਂ ਕਿ ਦੁਨੀਆ ''ਚ ਹਰ ਅੱਤਵਾਦੀ ਘਟਨਾ ਅਤੇ ਜੇਹਾਦ ਨੂੰ ਅੰਜਾਮ ਦੇਣ ਵਾਲਿਆਂ ਦਾ ਐਲਾਨਿਆ ਉਦੇਸ਼ ਦਾਰੁਲ-ਹਰਬ ਦੁਨੀਆ ਨੂੰ ਦਾਰੁਲ-ਇਸਲਾਮ ''ਚ ਬਦਲ ਕੇ ਸ਼ਰੀਅਤ ਨੂੰ ਸਥਾਪਿਤ ਕਰਨਾ ਹੈ?
ਅਮਰੀਕਾ-ਸਾਊਦੀ ਅਰਬ ਦਰਮਿਆਨ ਹੋਇਆ ਰੱਖਿਆ ਸੌਦਾ ਅਤੇ ਅੱਤਵਾਦ ''ਤੇ  ਟਰੰਪ ਦਾ ਬਦਲਿਆ ਸੁਰ ਸਪੱਸ਼ਟ ਕਰਦਾ ਹੈ ਕਿ ਇਸਲਾਮੀ ਜੇਹਾਦ ਵਿਰੁੱਧ ਸੰਸਾਰਕ ਲੜਾਈ ਨੂੰ ਲੈ ਕੇ ਪੱਛਮੀ ਦੇਸ਼ਾਂ ਦੀ ਕਹਿਣੀ ਅਤੇ ਕਰਨੀ ''ਚ ਭਾਰੀ ਫਰਕ ਹੈ। 
ਇਕ ਪਾਸੇ ਅਮਰੀਕਾ ਅਤੇ ਯੂਰਪੀ ਦੇਸ਼ ਅੱਤਵਾਦ ਦੀ ਜੜ੍ਹ ਨੂੰ ਉਖਾੜਨ ਦੀ ਵਚਨਬੱਧਤਾ ਨੂੰ ਦੁਹਰਾਉਣ ਤੋਂ ਨਹੀਂ ਥੱਕਦੇ, ਤਾਂ ਦੂਜੇ ਪਾਸੇ ਇਸਲਾਮੀ ਕੱਟੜਤਾ ਦੀ ਸਿੱਖਿਆ ਦੇ ਕੇਂਦਰ ਸਾਊਦੀ ਅਰਬ ਨੂੰ ਅੱਤਵਾਦ ਵਿਰੁੱਧ ਸੰਸਾਰਕ ਮੁਹਿੰਮ ''ਚ ਆਪਣਾ ਰਣਨੀਤਿਕ ਹਿੱਸੇਦਾਰ ਵੀ ਬਣਾਇਆ ਹੋਇਆ ਹੈ।
ਸਾਊਦੀ ਅਰਬ ਪਿਛਲੇ ਕਈ ਸਾਲਾਂ ਤੋਂ ਉਸ ਜ਼ਹਿਰੀਲੀ ਮਾਨਸਿਕਤਾ ਦਾ ਵਿੱਤ-ਪੋਸ਼ਣ ਕਰ ਰਿਹਾ ਹੈ, ਜੋ ਇਸਲਾਮੀ ਅੱਤਵਾਦ ਅਤੇ ਕੱਟੜਤਾ ਦੇ ਪ੍ਰਜਨਨ ਦਾ ਮੁੱਖ ਕਾਰਨ ਹੈ। ਵੱਖ-ਵੱਖ ਸੰਸਾਰਕ ਰਿਪੋਰਟਾਂ ਤੋਂ ਸਪੱਸ਼ਟ ਹੈ ਕਿ ਦੁਨੀਆ ਭਰ ਦੇ ਮਦਰੱਸਿਆਂ ਸਮੇਤ ਸਾਰੇ ਮੁਸਲਿਮ ਮਜ਼੍ਹਬੀ ਵਿੱਦਿਅਕ ਅਦਾਰਿਆਂ ਨੂੰ ਸਾਊਦੀ ਅਰਬ ਵਰਗੇ ਇਸਲਾਮੀ ਰਾਸ਼ਟਰਾਂ ਵਲੋਂ ਆਰਥਿਕ ਸਹਾਇਤਾ ਭੇਜੀ ਜਾਂਦੀ ਹੈ। ਦਲੀਲ ਦਿੱਤੀ ਜਾਂਦੀ ਹੈ ਕਿ ਮਦਰੱਸਿਆਂ ''ਚ ਗਰੀਬ ਮੁਸਲਮਾਨਾਂ ਦੇ ਬੱਚੇ ਪੜ੍ਹਦੇ ਹਨ।
ਪਰ ਕੌੜਾ ਸੱਚ ਇਹ ਹੈ ਕਿ ਜ਼ਿਆਦਾਤਰ ਇਨ੍ਹਾਂ ਥਾਵਾਂ ''ਤੇ ਉਨ੍ਹਾਂ ਨੂੰ ਦੱਸਿਆ ਜਾਂਦਾ ਹੈ ਕਿ ਮੁਸਲਿਮ ਸਮਾਜ ''ਚ ਕੋਈ ਵੀ ਤਬਦੀਲੀ ਅੱਲ੍ਹਾ ਦੀ ਤੌਹੀਨ ਹੈ ਅਤੇ ਇਸ ਦੀ ਇਜਾਜ਼ਤ ਕਿਸੇ ਨੂੰ ਵੀ ਨਹੀਂ ਹੈ। ਜੇਕਰ ਕੋਈ ਅਜਿਹੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦੇ ਵਿਰੁੱਧ ਹਿੰਸਕ ਜੇਹਾਦ ਚਲਾਉਣਾ ਹਰੇਕ ਮੁਸਲਮਾਨ ਦਾ ਫਰਜ਼ ਹੈ। 
ਅਜਿਹੀ ਮਜ਼੍ਹਬੀ ਸਿੱਖਿਆ ਹੀ ਲੋਕਾਂ ਨੂੰ ਦੂਜੇ ਧਰਮਾਂ ਪ੍ਰਤੀ ਨਫਰਤ ਦਾ ਪਾਠ ਪੜ੍ਹਾਉਂਦੀ ਹੈ ਅਤੇ ਹੱਤਿਆਵਾਂ ਕਰਨ ਲਈ ਪ੍ਰੇਰਿਤ ਕਰਦੀ ਹੈ। ਬਹੁਤੇ ਮਦਰੱਸਿਆਂ ਦੇ ਜ਼ਰੀਏ ਮੁਸਲਿਮ ਬੱਚਿਆਂ/ਨੌਜਵਾਨਾਂ ਦੇ ਦਿਮਾਗ ''ਚ ਕੱਟੜਪੰਥੀਆਂ ਵਲੋਂ ਇੰਨਾ ਜ਼ਹਿਰ ਭਰ ਦਿੱਤਾ ਜਾਂਦਾ ਹੈ ਕਿ ਉਹ ਇਸਲਾਮ ਵਲੋਂ ਨਿਰਧਾਰਿਤ ਰਵਾਇਤਾਂ ਤੇ ਨਿਯਮਾਂ ਤੋਂ ਇਲਾਵਾ ਹੋਰ ਹਰੇਕ ਧਰਮ ਨੂੰ ਇਕ ਬੁਰਾਈ ਦੇ ਰੂਪ ''ਚ ਦੇਖਣ ਲੱਗਦੇ ਹਨ।
ਇਸ ਦੀ ਪ੍ਰਤੱਖ ਮਿਸਾਲ ਪਾਕਿਸਤਾਨ ਹੈ ਜਿਥੋਂ ਦੇ ਲੋਕਾਂ ਨੂੰ ਬਚਪਨ ਤੋਂ ਹੀ ਮਜ਼੍ਹਬੀ ਗੁੜ੍ਹਤੀ ਪਿਲਾਈ ਜਾਂਦੀ ਹੈ ਕਿ ਸਨਾਤਨੀ ਅਤੇ ਬਹੁਲਤਾਵਾਦੀ ਸੱਭਿਅਤਾ ਦੇ ਪ੍ਰਤੀਕ ਭਾਰਤ ਅਤੇ ਹਿੰਦੂ ਅੱਲ੍ਹਾ ਦੇ ਦੁਸ਼ਮਣ ਹਨ। 
ਕੀ ਅਮਰੀਕਾ ਵਲੋਂ ਸਾਊਦੀ ਅਰਬ ਨੂੰ ਵੇਚੇ ਗਏ ਮਾਰੂ ਹਥਿਆਰ ਦੁਨੀਆ ''ਚ ਇਸਲਾਮੀ ਕੱਟੜਵਾਦ ਦੀਆਂ ਜੜ੍ਹਾਂ ਹੋਰ ਮਜ਼ਬੂਤ ਨਹੀਂ ਕਰਨਗੇ? ਇਸਲਾਮੀ ਕੱਟੜਤਾ ਇਕ ਨਾ ਮੁੱਕਣ ਵਾਲਾ ਘਟਨਾਚੱਕਰ ਹੈ, ਜਿਸ ਨੂੰ ਸਾਊਦੀ ਅਰਬ ਵਰਗੇ ਮੁਸਲਿਮ ਰਾਸ਼ਟਰ ਲਗਾਤਾਰ ਮਜ਼ਬੂਤ ਕਰ ਰਹੇ ਹਨ। 
ਹਾਲਾਂਕਿ ਅੱਤਵਾਦੀ ਸੰਗਠਨ ਆਈ. ਐੱਸ. ਲਈ ਸਾਊਦੀ ਅਰਬ ਦਾ ਇਸਲਾਮੀ ਬ੍ਰਾਂਡ ਉਸ ਦੇ ਮੁਤਾਬਕ ਇਸਲਾਮ ਦੇ ਅਨੁਕੂਲ ਨਹੀਂ ਹੈ, ਇਸ ਲਈ ਭਾਰਤ ਵਰਗੇ ਦੇਸ਼ਾਂ ਦੇ ਨਾਲ-ਨਾਲ ਸਾਊਦੀ ਅਰਬ ਅਤੇ ਉਸ ਦਾ ਸ਼ਾਹੀ ਖਾਨਦਾਨ ਵੀ ਆਈ. ਐੱਸ. ਦੇ ਨਿਸ਼ਾਨੇ ''ਤੇ ਹੈ।
ਇਸਲਾਮੀ ਅੱਤਵਾਦ ਦਾ ਸਭ ਤੋਂ ਵੱਡਾ ਤੇ ਪਹਿਲਾ ਸ਼ਿਕਾਰ ਭਾਰਤ ਹੈ। ਇਸਲਾਮ ਦੇ ਜਨਮ ਤੋਂ ਬਾਅਦ ਜਿਸ ਮਾਨਸਿਕਤਾ ਨੇ 712 ਈ. ''ਚ ਮੁਹੰਮਦ ਬਿਨ ਕਾਸਿਮ ਨੂੰ ਭਾਰਤ ''ਤੇ ਹਮਲੇ ਲਈ ਪ੍ਰੇਰਿਤ ਕੀਤਾ, ਉਸੇ ਜ਼ਹਿਰੀਲੀ ਮਾਨਸਿਕਤਾ ਅਤੇ ਚਿੰਤਨ ਨੇ ਮੱਧਕਾਲ ''ਚ ਔਰੰਗਜ਼ੇਬ ਅਤੇ ਹੋਰ ਕਈ ਮੁਸਲਿਮ ਸ਼ਾਸਕਾਂ ਤੋਂ ਤਲਵਾਰ ਦੇ ਦਮ ''ਤੇ ਧਰਮ ਪਰਿਵਰਤਨ ਦੀ ਮੁਹਿੰਮ ਚਲਾਈ, ਹਿੰਦੂਆਂ ਦੇ ਮਾਣ-ਬਿੰਦੂਆਂ ਤੇ ਪੂਜਾ ਅਸਥਾਨਾਂ ਨੂੰ ਤਬਾਹ ਕਰਵਾਇਆ। 
1947 ''ਚ ਮੁਹੰਮਦ ਅਲੀ ਜਿੱਨਾਹ ਨੇ ਅੰਗਰੇਜ਼ਾਂ ਦੀ ਛਤਰ-ਛਾਇਆ ਅਤੇ ਖੱਬੇਪੱਖੀਆਂ ਦੇ ਸਮਰਥਨ ਨਾਲ ਮਜ਼੍ਹਬ ਦੇ ਆਧਾਰ ''ਤੇ ਭਾਰਤ ਦੀ ਖੂਨੀ ਵੰਡ ਕਰਵਾਈ, 2001 ''ਚ ਓਸਾਮਾ-ਬਿਨ-ਲਾਦੇਨ ਨੇ ਨਿਊਯਾਰਕ ''ਤੇ ਹਮਲਾ ਕੀਤਾ,  2008 ''ਚ ਹਾਫਿਜ਼ ਸਈਦ ਨੇ ਮੁੰਬਈ ''ਚ ਅੱਤਵਾਦੀ ਹਮਲਾ ਕਰਵਾਇਆ। ਯੂਰਪ ਦੇ ਕਈ ਸ਼ਹਿਰ ਪਿਛਲੇ ਸਾਲਾਂ ਦੌਰਾਨ ਲਗਾਤਾਰ ਅੱਤਵਾਦ ਦਾ ਸ਼ਿਕਾਰ ਹੋਏ ਹਨ। 
ਕੀ ਇਹ ਸੱਚ ਨਹੀਂ ਕਿ ਇਨ੍ਹਾਂ ਸਾਰੀਆਂ ਕਰਤੂਤਾਂ ਲਈ ਜ਼ਿੰਮੇਵਾਰ ਲੋਕਾਂ ਨੇ ਇਸਲਾਮ ਅਤੇ ਕੁਰਾਨ ਦੀਆਂ ਆਇਤਾਂ ਨੂੰ ਹੀ ਆਪਣਾ ਪ੍ਰੇਰਣਾਸਰੋਤ ਦੱਸਿਆ ਹੈ।
ਇਸਲਾਮ ਦੇ ਨਾਂ ''ਤੇ ਜਿਹੜੇ ਖਲੀਫਿਆਂ ਨੇ ਸਦੀਆਂ ਪਹਿਲਾਂ ਭਾਰਤੀ ਉਪ-ਮਹਾਦੀਪ ਸਮੇਤ ਬਾਕੀ ਦੁਨੀਆ ''ਚ ਲੱਖਾਂ ਗੈਰ-ਮੁਸਲਮਾਨਾਂ ਨੂੰ ਮੌਤ ਦੇ ਘਾਟ ਉਤਾਰਿਆ, ਅੱਜ ਉਸੇ ਮਜ਼੍ਹਬੀ ਜ਼ਿੰਮੇਵਾਰੀ ਨੂੰ ਆਈ. ਐੱਸ. ਵਰਗੇ ਅੱਤਵਾਦੀ ਸੰਗਠਨ ਅੱਗੇ ਵਧਾ ਰਹੇ ਹਨ, ਜਿਨ੍ਹਾਂ ਨੂੰ ਇਸ ਖੂਨ-ਖਰਾਬੇ ''ਚ ਆਪਣੀ ਬਲੀ ਦੇਣ ਤੋਂ ਵੀ ਝਿਜਕ ਨਹੀਂ ਹੈ।
ਤ੍ਰਾਸਦੀ ਹੈ ਕਿ ਸੱਭਿਅਕ ਸਮਾਜ ਇਸ ਘਿਨੌਣੀ ਮਾਨਸਿਕਤਾ ਨੂੰ ਪੈਦਾ ਕਰਨ ਵਾਲੇ ਦਰਸ਼ਨ ਅਤੇ ਉਸ ਦੇ ਸਾਹਿਤ ''ਤੇ  ਚਰਚਾ ਕਰਨ ਤੋਂ ਅੱਜ ਤਕ ਬਚਦਾ ਆ ਰਿਹਾ ਹੈ। ਅੱਤਵਾਦ ਵਿਰੁੱਧ ਲੜਾਈ ''ਚ ਸਭ ਤੋਂ ਵੱਡੀ ਰੁਕਾਵਟ ਇਹ ਦਲੀਲ ਵੀ ਹੈ ਕਿ ਸਾਰੇ ਮਜ਼੍ਹਬ ਬਰਾਬਰ ਹਨ। 
ਸਾਡਾ ਸੱਭਿਅਕ ਸਮਾਜ ਉਦੋਂ ਤਕ ਖੂਨ ਨਾਲ ਲੱਥਪਥ ਹੁੰਦਾ ਰਹੇਗਾ ਜਦੋਂ ਤਕ ਉਸ ਦਰਸ਼ਨ, ਚਿੰਤਨ ਅਤੇ ਪਵਿੱਤਰ ਗ੍ਰੰਥਾਂ ਦੀ ਈਮਾਨਦਾਰੀ ਨਾਲ ਵਿਆਖਿਆ ਨਹੀਂ ਕੀਤੀ ਜਾਂਦੀ, ਜਿਸ ਨੂੰ ਆਧਾਰ ਬਣਾ ਕੇ ਅੱਤਵਾਦੀ ਘਿਨੌਣੀਆਂ ਕਰਤੂਤਾਂ ਨੂੰ ਅੰਜਾਮ ਦੇ ਰਹੇ ਹਨ। 
ਕੀ ਦੁਨੀਆ ਅੱਤਵਾਦ ਦੇ ਡੰਗ ਤੋਂ ਮੁਕਤੀ ਪਾ ਸਕਦੀ ਹੈ? ਜਿਸ ਤਰ੍ਹਾਂ ਇਸ ਸਮੱਸਿਆ ਦੇ ਕਾਰਨਾਂ ''ਤੇ ਚਰਚਾ ਦੇ ਨਾਂ ''ਤੇ ਹੁਣ ਤਕ ਢਕਵੰਜ ਹੁੰਦਾ ਰਿਹਾ ਹੈ, ਉਸ ਤੋਂ ਲੱਗਦਾ ਹੈ ਕਿ ਮਾਨਚੈਸਟਰ ਵਾਂਗ ਹੋਰ ਵੀ ਜ਼ਿਆਦਾ ਅਤੇ ਘਾਤਕ ਅੱਤਵਾਦੀ ਹਮਲੇ ਭਵਿੱਖ ''ਚ ਹੁੰਦੇ ਰਹਿਣਗੇ।
ਵਿਸ਼ਵ ਸ਼ਾਂਤੀ ਲਈ ਜ਼ਰੂਰੀ ਹੈ ਕਿ ਸਾਰੇ ਮਜ਼੍ਹਬਾਂ ਦੇ ਮੂਲ ਵਿਚਾਰਾਂ, ਦਰਸ਼ਨ ਅਤੇ ਪਵਿੱਤਰ ਗੰ੍ਰਥਾਂ ਦੀ ਈਮਾਨਦਾਰੀ ਨਾਲ ਵਿਆਖਿਆ ਹੋਵੇ ਤੇ ਜੋ ਰਾਏ ਮਨੁੱਖੀ ਕਦਰਾਂ-ਕੀਮਤਾਂ ਦੇ ਵਿਰੁੱਧ ਹੋਵੇ, ਉਸ ਦੀ ਨਿੰਦਾ ਕਰਕੇ ਸਿਰਫ ਖਾਨਾਪੂਰਤੀ ਨਾ ਕੀਤੀ ਜਾਵੇ, ਸਗੋਂ ਉਸ ਦੇ ਫੈਸਲਾਕੁੰਨ ਅਤੇ ਸੱਚਮੁੱਚ ਖਾਤਮੇ ਦੇ ਯਤਨ ਵੀ ਕੀਤੇ ਜਾਣ।