ਬ੍ਰਿਟਿਸ਼ ਸੰਸਦ ''ਤੇ ਅੱਤਵਾਦੀ ਹਮਲਾ : ਕੀ ਸਾਡੇ ਨੇਤਾ ਇਸ ਤੋਂ ਕੋਈ ਸਬਕ ਸਿੱਖਣਗੇ

03/25/2017 7:59:59 AM

ਬੁੱਧਵਾਰ 22 ਮਾਰਚ ਨੂੰ ਬ੍ਰਿਟਿਸ਼ ਸੰਸਦ ''ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਬ੍ਰਿਟੇਨ ਦੀਆਂ ਸਾਰੀਆਂ ਸਿਆਸੀ ਪਾਰਟੀਆਂ, ਵੱਖ-ਵੱਖ ਵਰਗਾਂ ਦੀਆਂ ਵੱਕਾਰੀ ਸ਼ਖਸੀਅਤਾਂ ਅਤੇ ਸਾਰੇ ਰਾਸ਼ਟਰ ਨੇ ਏਕਤਾ ਦਾ ਸਬੂਤ ਦਿੱਤਾ ਹੈ ਤੇ ਇਕਸੁਰ ਹੋ ਕੇ ਜ਼ੋਰਦਾਰ ਢੰਗ ਨਾਲ ਅੱਤਵਾਦ ਦਾ ਡਟ ਕੇ ਮੁਕਾਬਲਾ ਕਰਨ ਦਾ ਜੋ ਦ੍ਰਿੜ੍ਹ ਇਰਾਦਾ ਦਿਖਾਇਆ ਹੈ, ਉਹ ਜਿਥੇ ਬਹੁਤ ਪ੍ਰੇਰਨਾਦਾਇਕ ਹੈ, ਉਥੇ ਹੀ ਇਹ ਸਿੱਖਿਆ/ਸਬਕ ਵੀ ਦਿੰਦਾ ਹੈ ਕਿ ਕਿਸੇ ਵੀ ਰਾਸ਼ਟਰ ''ਤੇ ਜਦੋਂ ਕੋਈ ਸੰਕਟ ਹੋਵੇ ਤਾਂ ਸਾਰੇ ਰਾਸ਼ਟਰਵਾਸੀਆਂ ਨੂੰ ਹਰ ਤਰ੍ਹਾਂ ਦੇ ਮੱਤਭੇਦ ਭੁਲਾ ਕੇ ਇਕ ਹੋ ਜਾਣਾ ਚਾਹੀਦਾ ਹੈ ਤੇ ਸੰਕਟ ਅੱਗੇ ਜ਼ਬਰਦਸਤ ਚੱਟਾਨ ਬਣ ਕੇ ਖੜ੍ਹੇ ਹੋ ਜਾਣਾ ਚਾਹੀਦਾ ਹੈ। ਇਸ ਔਖੀ ਘੜੀ ਵਿਚ ਬ੍ਰਿਟਿਸ਼ ਲੋਕਾਂ ਅਤੇ ਸਿਆਸੀ ਨੁਮਾਇੰਦਿਆਂ ਦੀ ਬੇਮਿਸਾਲ ਇਕਜੁੱਟਤਾ ਨਾਲ ਵਿਦੇਸ਼ ਵਿਚ ਬੈਠੇ ਪ੍ਰਵਾਸੀ ਭਾਰਤੀਆਂ ਦੇ ਦਿਲਾਂ ਵਿਚ ਇਕ ਸਵਾਲ ਉੱਠਦਾ ਹੈ ਕਿ ''''ਕੀ ਸਾਡੇ ਨੇਤਾ ਵੀ ਇਸ ਤੋਂ ਕੁਝ ਸਿੱਖਣਗੇ?'''' ਹੁਣੇ-ਹੁਣੇ ਭਾਰਤ ਨੂੰ ਜਿਹੜੀਆਂ ਕੁਝ ਸੰਕਟਮਈ ਘੜੀਆਂ ''ਚੋਂ ਲੰਘਣਾ ਪਿਆ, ਉਨ੍ਹਾਂ ''ਚ ਸਾਡੇ ਨੇਤਾਵਾਂ ਦੇ ਇਕ ਵਿਸ਼ੇਸ਼ ਵਰਗ ਦੀ ਭੂਮਿਕਾ ਬਹੁਤ ਨਿਰਾਸ਼ਾਜਨਕ ਰਹੀ ਹੈ। ਉਦੋਂ ਉਹ ਜਿਸ ਤਰ੍ਹਾਂ ਦੀ ਭਾਸ਼ਾ ਬੋਲ ਰਹੇ ਸਨ, ਉਸ ਨੂੰ ਸੁਣ ਕੇ ਤਾਂ ਹੈਰਾਨੀ ਹੁੰਦੀ ਸੀ ਕਿ ਇਨ੍ਹਾਂ ਨੇਤਾਵਾਂ ਨੂੰ ਆਪਣੇ ਦੇਸ਼ ਦਾ ਹਿੱਤ ਪਿਆਰਾ ਹੈ ਜਾਂ ਦੁਸ਼ਮਣ ਦੇਸ਼ ਦਾ?
ਪਠਾਨਕੋਟ, ਊਧਮਪੁਰ ਤੇ ਜੰਮੂ-ਕਸ਼ਮੀਰ ਦੇ ਹੋਰਨਾਂ ਹਿੱਸਿਆਂ ਵਿਚ ਪਾਕਿਸਤਾਨੀ ਅੱਤਵਾਦੀਆਂ ਵਲੋਂ ਕੀਤੀਆਂ ਜਾਂਦੀਆਂ ਕਾਰਵਾਈਆਂ ਤੋਂ ਬਾਅਦ ਅੱਤਵਾਦੀ ਅੱਡਿਆਂ ਨੂੰ ਤਬਾਹ ਕਰਨ ਲਈ ਭਾਰਤੀ ਫੌਜ ਨੇ ਪਾਕਿਸਤਾਨ ਦੀ ਸਰਹੱਦ ਵਿਚ ਦਾਖਲ ਹੋ ਕੇ ਜਦੋਂ ਸਰਜੀਕਲ ਸਟ੍ਰਾਈਕ ਕੀਤਾ ਤਾਂ ਉਸ ਨਾਲ ਪੈਦਾ ਹੋਈ ਸਥਿਤੀ ''ਤੇ ਇਨ੍ਹਾਂ ਭਾਰਤੀ ਨੇਤਾਵਾਂ ਨੇ ਦੇਸ਼ ਵਿਰੋਧੀ ਗੱਲਾਂ ਕੀਤੀਆਂ, ਭਾਵ ਇਸ ਗੱਲ ਨੂੰ ਮੰਨਣ ਤੋਂ ਹੀ ਇਨਕਾਰ ਕਰ ਦਿੱਤਾ ਕਿ ਸਰਜੀਕਲ ਸਟ੍ਰਾਈਕ ਵਰਗੀ ਕੋਈ ਘਟਨਾ ਹੋਈ ਹੈ। ਸਾਡੀ ਬਹਾਦਰ ਫੌਜ ਨੇ ਦੁਸ਼ਮਣ ਦੇਸ਼ ਦੀ ਸਰਹੱਦ ਅੰਦਰ ਚੱਲ ਰਹੇ ਅੱਤਵਾਦੀ ਅੱਡਿਆਂ ਨੂੰ ਤਬਾਹ ਕਰਨ ਦੀ ਜੋ ਦਲੇਰੀ ਦਿਖਾਈ, ਉਸ ''ਤੇ ਵੀ ਸ਼ੱਕ ਪ੍ਰਗਟਾਇਆ ਗਿਆ, ਇਸ ਦਾ ਸਬੂਤ ਮੰਗਿਆ ਗਿਆ।
ਇਸ ਦੇ ਉਲਟ ਬ੍ਰਿਟਿਸ਼ ਸੰਸਦ ''ਤੇ ਹੋਏ ਅੱਤਵਾਦੀ ਹਮਲੇ ਦੀ ਸਭ ਤੋਂ ਪਹਿਲਾਂ ਜਿਸ ਨੇਤਾ ਨੇ ਸਖ਼ਤ ਨਿੰਦਾ ਕੀਤੀ ਅਤੇ ਇਸ ਸੰਕਟ ਵਿਚ ਰਾਸ਼ਟਰ ਨਾਲ ਡਟ ਕੇ ਖੜ੍ਹੇ ਹੋਣ ਦਾ ਭਰੋਸਾ ਦਿਵਾਇਆ, ਉਹ ਸੀ ਸਕਾਟਲੈਂਡ ਦੀ ਪ੍ਰਧਾਨ ਮੰਤਰੀ ਨਿਕਲਾ ਸਟਰਜਨ, ਜੋ ਆਪਣੇ ਦੇਸ਼ ਨੂੰ ਇੰਗਲੈਂਡ ਨਾਲੋਂ ਅੱਡ ਕਰਨਾ ਚਾਹੁੰਦੀ ਹੈ ਅਤੇ ਆਜ਼ਾਦੀ ਲਈ ਰਾਇਸ਼ੁਮਾਰੀ ਦੀ ਮੰਗ ਕਰ ਰਹੀ ਹੈ ਪਰ ਸੰਕਟ ਦੀ ਇਸ ਘੜੀ ''ਚ ਉਨ੍ਹਾਂ ਨੇ ਆਪਣਾ ਹਿੱਤ ਭੁੱਲ ਕੇ ਰਾਸ਼ਟਰ ਦੇ ਹਿੱਤ ਨੂੰ ਸਭ ਤੋਂ ਉਪਰ ਰੱਖਿਆ।
ਸਾਡੇ ਮਹਾਨ ਦੇਸ਼ਭਗਤ ਨੇਤਾਵਾਂ ਵਰਗਾ ਕੋਈ ਇਥੇ ਹੁੰਦਾ ਤਾਂ ਸ਼ਾਇਦ ਇਹ ਮੰਨਦਾ ਹੀ ਨਾ ਕਿ ਬ੍ਰਿਟਿਸ਼ ਸੰਸਦ ''ਤੇ ਖਾਲਿਦ ਮਸੂਦ ਨਾਂ ਦੇ ਕਿਸੇ ਮੁਸਲਮਾਨ ਨੇ ਹਮਲਾ ਕੀਤਾ ਹੈ।
ਇਸ ਸਮੇਂ ਬ੍ਰਿਟੇਨ ਦੇ ਹਰ ਹਿੱਸੇ ਤੋਂ ਇਹੋ ਆਵਾਜ਼ ਸੁਣਨ ਨੂੰ ਮਿਲ ਰਹੀ ਹੈ ਕਿ ''''ਅਸੀਂ ਡਰਨ ਵਾਲੇ ਨਹੀਂ, ਅਸੀਂ ਵੰਡ ਹੋਣ ਵਾਲੇ ਨਹੀਂ।'''' ਹਮਲੇ ਦੀ ਘਟਨਾ ਦਾ ਪੂਰਾ ਬਿਰਤਾਂਤ ਸਰਕਾਰ ਨੇ ਅਜੇ ਜਾਰੀ ਵੀ ਨਹੀਂ ਕੀਤਾ ਸੀ ਕਿ ਸੰਸਦ ਭਵਨ ਵਿਚ ਜਿਸ ਜਗ੍ਹਾ ਅੱਤਵਾਦੀ ਨੇ ਪੁਲਸ ਕਾਂਸਟੇਬਲ ਕੀਥ ਪਾਮਰ ਦੀ ਹੱਤਿਆ ਕੀਤੀ ਅਤੇ ਆਪਣੀ ਕਾਰ ਹੇਠਾਂ 4 ਹੋਰ ਵਿਅਕਤੀਆਂ ਨੂੰ ਕੁਚਲ ਦਿੱਤਾ, ਉਥੇ ਸੋਗ ਵਿਚ ਡੁੱਬੇ ਲੋਕ ਫੁੱਲਾਂ ਦੇ ਹਾਰ ਲੈ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨਾ ਚਾਹੁੰਦੇ ਸਨ ਪਰ ਪੁਲਸ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕ ਰਹੀ ਸੀ। ਉਹ ਬਹੁਤ ਹੀ ਭਾਵੁਕ ਤੇ ਦਿਲ-ਕੰਬਾਊ ਦ੍ਰਿਸ਼ ਸੀ। ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਜਿਥੇ ਵੀ ਕਿਸੇ ਨੂੰ ਜਗ੍ਹਾ ਮਿਲੀ, ਲੋਕਾਂ ਨੇ ਉਥੇ ਰਾਤ ਭਰ ਮੋਮਬੱਤੀਆਂ ਜਗਾਈਆਂ। ਅਗਲੇ ਦਿਨ ਸੰਸਦ ਤੋਂ ਸਿਰਫ ਅੱਧਾ ਮੀਲ ਦੂਰ ਟ੍ਰਾਫਲਗਰ ਸਕਵਾਇਰ ਵਿਚ ਹਜ਼ਾਰਾਂ ਲੋਕ ਇਕੱਠੇ ਹੋਏ, ਜਿਥੇ ਲੰਡਨ ਦੇ ਮੇਅਰ ਸਾਦਿਕ ਖਾਨ ਨੇ ਐਲਾਨ ਕੀਤਾ ਕਿ ''''ਅੱਜ ਅਸੀਂ ਇਥੇ ਇਹ ਸਪੱਸ਼ਟ ਸੰਦੇਸ਼ ਦੇਣ ਲਈ ਇਕੱਠੇ ਹੋਏ ਹਾਂ ਕਿ ਲੰਡਨ ਕਦੇ ਵੀ ਅੱਤਵਾਦ ਅੱਗੇ ਝੁਕੇਗਾ ਨਹੀਂ।'''' ਲੋਕਾਂ ਨੇ ਜ਼ੋਰਦਾਰ ਨਾਅਰਿਆਂ ਨਾਲ ਅੱਤਵਾਦ ਵਿਰੁੱਧ ਲੜਨ ਦਾ ਸੰਕਲਪ ਲਿਆ।
ਪੈਰਿਸ, ਬ੍ਰਸੇਲਜ਼ ਆਦਿ ਥਾਵਾਂ ''ਤੇ ਪਿੱਛੇ ਜਿਹੇ ਹੋਏ ਅੱਤਵਾਦੀ ਹਮਲਿਆਂ ਤੋਂ ਬਾਅਦ ਇਹ ਖਦਸ਼ਾ ਬਣਿਆ ਹੋਇਆ ਸੀ ਕਿ ਅੱਤਵਾਦੀ ਲੰਡਨ ਨੂੰ ਵੀ ਛੇਤੀ ਹੀ ਆਪਣਾ ਨਿਸ਼ਾਨਾ ਬਣਾਉਣਗੇ ਪਰ ਪੁਲਸ ਨੇ ਜਿਸ ਫੁਰਤੀ ਤੇ ਦ੍ਰਿੜ੍ਹਤਾ ਨਾਲ ਸਥਿਤੀ ਨੂੰ ਸੰਭਾਲਿਆ, ਉਹ ਸ਼ਲਾਘਾਯੋਗ ਹੈ। ਇਸ ਦੇਸ਼ ਦੀਆਂ ਸੁਰੱਖਿਆ ਫੋਰਸਾਂ ਉਂਝ ਵੀ ਇਸ ਗੱਲ ਲਈ ਜਾਣੀਆਂ ਜਾਂਦੀਆਂ ਹਨ ਕਿ ਉਹ ਕਿਸੇ ਛੋਟੀ ਤੋਂ ਛੋਟੀ ਘਟਨਾ ਨੂੰ ਵੀ ਗੰਭੀਰਤਾ ਨਾਲ ਲੈਂਦੀਆਂ ਹਨ ਪਰ ਸੰਸਦ ''ਤੇ ਹੋਏ ਇਸ ਅੱਤਵਾਦੀ ਹਮਲੇ ਤੋਂ ਬਾਅਦ ਆਲੋਚਨਾ ਹੋ ਰਹੀ ਹੈ ਕਿ ਜਿਸ ਅੱਤਵਾਦੀ ਨੇ ਪੁਲਸ ਕਾਂਸਟੇਬਲ ਨੂੰ ਮਾਰਿਆ, ਉਸ ਦਾ ਅਤੀਤ ਅਪਰਾਧੀ ਤੇ ਖੁਫੀਆ ਏਜੰਸੀਆਂ ਦੀ ਉਸ ''ਤੇ ਨਜ਼ਰ ਹੋਣ ਦੇ ਬਾਵਜੂਦ ਉਹ ਹਮਲਾ ਕਰਨ ਵਿਚ ਸਫਲ ਕਿਵੇਂ ਹੋ ਗਿਆ। ਭਾਰਤ ''ਤੇ ਵੀ ਅੱਤਵਾਦੀ ਹਮਲਿਆਂ ਦੇ ਬੱਦਲ ਮੰਡਰਾ ਰਹੇ ਹਨ। ਮੱਧ ਪ੍ਰਦੇਸ਼ ਤੇ ਲਖਨਊ ਵਿਚ ਪਿਛਲੇ ਦਿਨੀਂ ਫੜੇ ਗਏ ਅੱਤਵਾਦੀ ਗਿਰੋਹ ਇਸ ਸੰਕਟ ਦਾ ਸਬੂਤ ਹਨ। ਦੇਸ਼ ਦੇ ਸੁਰੱਖਿਆ ਬਲਾਂ ਵਲੋਂ ਜਿਥੇ ਬਹੁਤ ਜ਼ਿਆਦਾ ਚੌਕਸੀ ਵਰਤਣ ਦੀ ਲੋੜ ਹੈ, ਉਥੇ ਹੀ ਰਾਸ਼ਟਰ ਦਾ ਮਨੋਬਲ ਵਧਾਉਣਾ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਤੇ ਇਸ ਦੀ ਸਭ ਤੋਂ ਜ਼ਿਆਦਾ ਜ਼ਿੰਮੇਵਾਰੀ ਨੇਤਾਵਾਂ ਦੀ ਹੈ।
ਵਿਦੇਸ਼ਾਂ ਵਿਚ ਇਸ ਸਮੇਂ ਭਾਰਤ ਦਾ ਜਿੰਨਾ ਸਨਮਾਨ ਹੈ, ਓਨਾ ਪਹਿਲਾਂ ਕਦੇ ਨਹੀਂ ਦੇਖਿਆ ਗਿਆ ਪਰ ਜਦੋਂ ਕਦੇ ਸਾਡੇ ਕੁਝ ਭਾਰਤੀ ਨੇਤਾ ਊਲ-ਜਲੂਲ ਗੱਲਾਂ ਕਰਦੇ ਹਨ ਤਾਂ ਵਿਦੇਸ਼ਾਂ ਵਿਚ ਬੈਠੇ ਭਾਰਤੀ ਵੀ ਮਜ਼ਾਕ ਦਾ ਪਾਤਰ ਬਣ ਜਾਂਦੇ ਹਨ। ਬ੍ਰਿਟੇਨ ''ਤੇ ਇਸ ਤੋਂ ਪਹਿਲਾਂ ਵੀ ਕਈ ਅੱਤਵਾਦੀ ਸੰਕਟ ਆਏ ਹਨ ਪਰ ਉਨ੍ਹਾਂ ਸਾਰਿਆਂ ਦਾ ਮੁਕਾਬਲਾ ਇਥੋਂ ਦੇ ਆਮ ਲੋਕਾਂ ਤੇ ਸਿਆਸੀ ਪਾਰਟੀਆਂ ਨੇ ਮਿਲ ਕੇ ਕੀਤਾ ਹੈ। ਕਿੰਨਾ ਮਹਾਨ ਬਣੇਗਾ ਭਾਰਤ, ਜਦੋਂ ਅਸੀਂ ਵੀ ਉਸੇ ਤਰ੍ਹਾਂ ਦੀ ਇਕਜੁੱਟਤਾ ਦਾ ਸਬੂਤ ਦੇਵਾਂਗੇ, ਜਿਸ ਤਰ੍ਹਾਂ ਦੀ ਇਸ ਸਮੇਂ ਬ੍ਰਿਟੇਨ ''ਚ ਦੇਖਣ ਨੂੰ ਮਿਲ ਰਹੀ ਹੈ।
                                (krishanbhatia@btconnect.com)