ਸੁਸ਼ਮਾ ਸਵਰਾਜ ਹੋ ਸਕਦੀ ਹੈ ਦੇਸ਼ ਦੀ ਅਗਲੀ ਰਾਸ਼ਟਰਪਤੀ

06/18/2017 1:27:20 AM

ਸਭ ਕੁਝ ਜੇਕਰ ਇਸੇ ਤਰ੍ਹਾਂ ਹੀ ਯੋਜਨਾਬੱਧ ਢੰਗ ਨਾਲ ਅੱਗੇ ਵਧਿਆ ਤਾਂ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਇਸ ਵਾਰ ਰਾਏਸਿਨਾ ਹਿੱਲਜ਼ 'ਤੇ ਕਾਬਜ਼ ਹੋ ਸਕਦੀ ਹੈ। ਇਕ ਪਾਸੇ ਉਹ ਪ੍ਰਧਾਨ ਮੰਤਰੀ ਮੋਦੀ ਦੀ ਨਿੱਜੀ ਪਸੰਦ ਦੱਸੀ ਜਾਂਦੀ ਹੈ ਤਾਂ ਸੰਘ ਵੀ ਉਸ ਦੇ ਨਾਂ ਦੀ ਪੁਰਜ਼ੋਰ ਵਕਾਲਤ ਕਰਦਾ ਨਜ਼ਰ ਆ ਰਿਹਾ ਹੈ। ਸੰਘ 'ਚ ਨੰਬਰ ਦੋ ਦੀ ਹੈਸੀਅਤ ਰੱਖਣ ਵਾਲੇ ਭਈਆ ਜੀ ਜੋਸ਼ੀ ਪਿਛਲੇ ਕਾਫੀ ਸਮੇਂ ਤੋਂ ਸੁਸ਼ਮਾ ਦਾ ਨਾਂ ਅੱਗੇ ਵਧਾਉਂਦੇ ਰਹੇ ਹਨ। ਭਰੋਸੇਯੋਗ ਸੂਤਰ ਖੁਲਾਸਾ ਕਰਦੇ ਹਨ ਕਿ ਇਸ ਸ਼ੁੱਕਰਵਾਰ ਨੂੰ ਜਦੋਂ ਵੈਂਕੱਈਆ ਨਾਇਡੂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਤਾਂ ਰਾਸ਼ਟਰਪਤੀ ਅਹੁਦੇ ਦੇ ਇਕ ਸਰਬਸੰਮਤ ਉਮੀਦਵਾਰ ਦੇ ਤੌਰ 'ਤੇ ਸੁਸ਼ਮਾ ਦਾ ਨਾਂ ਉੱਭਰ ਕੇ ਸਾਹਮਣੇ ਆਇਆ। ਹਾਲਾਂਕਿ ਅਧਿਕਾਰਤ ਤੌਰ 'ਤੇ ਕਾਂਗਰਸ ਇਸ ਬਾਰੇ ਕੁਝ ਵੀ ਬੋਲਣ ਤੋਂ ਬਚ ਰਹੀ ਹੈ ਪਰ 10-ਜਨਪਥ ਨਾਲ ਜੁੜੇ ਭਰੋਸੇਯੋਗ ਸੂਤਰ ਦੱਸਦੇ ਹਨ ਕਿ ਵੈਂਕੱਈਆ ਜਿੰਨੇ ਨਾਵਾਂ ਦੀ ਲਿਸਟ ਲੈ ਕੇ ਗਏ ਸਨ, ਉਨ੍ਹਾਂ ਵਿਚ ਬਸ ਸੁਸ਼ਮਾ ਦੇ ਨਾਂ 'ਤੇ ਹੀ ਸੋਨੀਆ ਨੂੰ ਕੋਈ ਇਤਰਾਜ਼ ਨਹੀਂ ਸੀ।
ਹਾਲਾਂਕਿ ਭਾਜਪਾ ਦੇ ਅੰਦਰ ਰਾਏਸਿਨਾ ਹਿੱਲਜ਼ 'ਤੇ ਨਜ਼ਰਾਂ ਗੱਡੀ ਰੱਖਣ ਵਾਲੇ ਪੁਰਸ਼ ਅਤੇ ਮਹਿਲਾ ਨੇਤਾਵਾਂ ਦੀ ਇਕ ਲੰਮੀ ਫੌਜ ਹੈ। ਇਸ ਸੂਚੀ ਵਿਚ ਭਾਜਪਾ ਦੇ ਭੁਲਾ ਦਿੱਤੇ ਗਏ ਭੀਸ਼ਮ ਪਿਤਾਮਾ ਲਾਲ ਕ੍ਰਿਸ਼ਨ ਅਡਵਾਨੀ ਤੋਂ ਇਲਾਵਾ ਮੁਰਲੀ ਮਨੋਹਰ ਜੋਸ਼ੀ, ਵੈਂਕੱਈਆ ਨਾਇਡੂ, ਰਾਜਨਾਥ ਸਿੰਘ, ਸੁਮਿੱਤਰਾ ਮਹਾਜਨ, ਅਰੁਣ ਜੇਤਲੀ ਵਰਗੇ ਨੇਤਾ ਵੀ ਸ਼ਾਮਿਲ ਹਨ।
ਇਸ ਤੋਂ ਇਲਾਵਾ ਭਾਜਪਾ ਦੇ ਹੀ ਕੁਝ ਸੀਨੀਅਰ ਨੇਤਾ ਮੈਟਰੋਮੈਨ ਈ. ਸ਼੍ਰੀਧਰਨ ਦਾ ਨਾਂ ਵੀ ਚਲਾ ਰਹੇ ਹਨ। ਨਾਂ ਤਾਂ ਗਵਰਨਰ ਵਿੱਦਿਆ ਸਾਗਰ ਰਾਓ ਅਤੇ ਦ੍ਰੋਪਦੀ ਮੁਰਮੂ ਦੇ ਵੀ ਚੱਲ ਰਹੇ ਹਨ। ਸ਼ਿਵ ਸੈਨਾ ਨੇ ਤਾਂ ਸੰਘ ਮੁਖੀ ਮੋਹਨ ਭਾਗਵਤ ਅਤੇ ਐੱਮ. ਐੱਸ. ਸਵਾਮੀਨਾਥਨ ਦੇ ਨਾਂ ਦਾ ਵੀ ਸ਼ਗੂਫਾ ਉਛਾਲਿਆ ਪਰ ਮੌਜੂਦਾ ਸਮੇਂ ਸੁਸ਼ਮਾ ਇਸ ਰੇਸ 'ਚ ਸਭ ਤੋਂ ਅੱਗੇ ਦਿਖਾਈ ਦੇ ਰਹੀ ਹੈ।
ਸੂਤਰ ਦੱਸਦੇ ਹਨ ਕਿ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਨੂੰ ਲੈ ਕੇ ਪ੍ਰਧਾਨ ਮੰਤਰੀ, ਅਮਿਤ ਸ਼ਾਹ ਅਤੇ ਰਾਮ ਮਾਧਵ ਵਿਚਾਲੇ ਇਕ ਲੰਮੀ ਮੁਲਾਕਾਤ ਚੱਲੀ, ਜਿਸ 'ਚ ਵੀ ਸੁਸ਼ਮਾ ਸਵਰਾਜ ਦੇ ਨਾਂ 'ਤੇ ਚਰਚਾ ਹੋਈ ਅਤੇ ਇਹ ਮੰਨਿਆ ਗਿਆ ਕਿ ਸੁਸ਼ਮਾ ਦੀ ਨਾ ਸਿਰਫ ਇਕ ਨਿਰਵਿਵਾਦ ਦਿੱਖ ਹੈ, ਸਗੋਂ ਹੋਰਨਾਂ ਪਾਰਟੀਆਂ ਵਿਚ ਵੀ ਉਸ ਦੀ ਮਨਜ਼ੂਰੀ ਸਭ ਤੋਂ ਵੱਧ ਹੈ। ਸ਼ਾਇਦ ਇਹੀ ਕਾਰਨ ਹੈ ਕਿ ਰਾਸ਼ਟਰਪਤੀ ਅਹੁਦੇ ਦੀ ਦੌੜ ਵਿਚ ਫਿਲਹਾਲ ਸੁਸ਼ਮਾ ਸਭ ਤੋਂ ਅੱਗੇ ਦਿਖਾਈ ਦੇ ਰਹੀ ਹੈ।
ਇਸ ਤਰ੍ਹਾਂ ਕੱਟਿਆ ਵੈਂਕੱਈਆ ਦਾ ਪੱਤਾ
ਇਹ ਪਿਛਲੇ ਹਫਤੇ ਦੀ ਗੱਲ ਹੈ ਕਿ ਵੈਂਕੱਈਆ ਨਾਇਡੂ ਪੀ. ਐੱਮ. ਮੋਦੀ ਨੂੰ ਮਿਲਣ ਪਹੁੰਚੇ। ਸੂਤਰ ਦੱਸਦੇ ਹਨ ਕਿ ਚੁਸਤ-ਚਲਾਕ ਵੈਂਕੱਈਆ ਨੇ ਮੋਦੀ ਨੂੰ ਅਪੀਲ ਕੀਤੀ ਕਿ ''ਮੈਂ ਤੁਹਾਡਾ 'ਬਲਾਈਂਡ ਫਾਲੋਅਰ' ਰਿਹਾ ਹਾਂ। ਇਨ੍ਹੀਂ ਦਿਨੀਂ ਮੇਰੀ ਸਿਹਤ ਵੀ ਠੀਕ ਨਹੀਂ ਚੱਲ ਰਹੀ ਹੈ। ਜੇਕਰ ਅਜਿਹੇ ਵਿਚ ਤੁਸੀਂ ਮੈਨੂੰ ਕੋਈ ਵੱਡੀ ਜ਼ਿੰਮੇਵਾਰੀ (ਰਾਸ਼ਟਰਪਤੀ) ਦਿੰਦੇ ਹੋ ਤਾਂ ਮੈਂ ਸੇਵਾਦਾਰ ਵਾਂਗ ਆਪਣਾ ਫਰਜ਼ ਨਿਭਾਵਾਂਗਾ।''
ਪ੍ਰਧਾਨ ਮੰਤਰੀ ਨੇ ਇਸ 'ਤੇ ਇਕ ਸੋਚੀ-ਸਮਝੀ ਚੁੱਪ ਧਾਰ ਲਈ, ਕਹਿੰਦੇ ਹਨ ਕਿ ਉਦੋਂ ਤਕ ਉਥੇ ਮੁਰਲੀ ਮਨੋਹਰ ਜੋਸ਼ੀ ਵੀ ਪਹੁੰਚ ਜਾਂਦੇ ਹਨ। ਪੀ. ਐੱਮ. ਨੇ ਉਨ੍ਹਾਂ ਨੂੰ ਵੀ ਮਿਲਣ ਦਾ ਸਮਾਂ ਦਿੱਤਾ ਹੋਇਆ ਸੀ। ਜੋਸ਼ੀ ਅਤੇ ਵੈਂਕੱਈਆ ਇਕ-ਦੂਜੇ ਨੂੰ ਉਥੇ ਦੇਖ ਕੇ ਇਕਦਮ ਹੈਰਾਨ ਰਹਿ ਗਏ। ਸੂਤਰਾਂ ਦੀ ਮੰਨੀਏ ਤਾਂ ਫਿਰ ਜੋਸ਼ੀ ਨੇ ਪੀ. ਐੱਮ. ਨੂੰ ਕਿਹਾ, ''ਤੁਹਾਡੇ ਨਾਲ ਇਕੱਲਿਆਂ 2 ਮਿੰਟ ਗੱਲ ਕਰਨੀ ਹੈ।''
ਕਹਿੰਦੇ ਹਨ ਇਸ 'ਤੇ ਪੀ. ਐੱਮ. ਨੇ ਕਿਹਾ ਕਿ ''ਵੈਂਕੱਈਆ ਜੀ ਵੀ ਆਪਣੇ ਹਨ, ਤੁਸੀਂ ਆਪਣੀ ਗੱਲ ਇਥੇ ਹੀ ਕਹਿ ਸਕਦੇ ਹੋ।'' ਜੋਸ਼ੀ ਨੇ ਖ਼ੁਦ ਨੂੰ ਠੱਗਿਆ ਜਿਹਾ ਮਹਿਸੂਸ ਕੀਤਾ ਤੇ ਬਸ ਇੰਨਾ ਹੀ ਕਹਿ ਸਕੇ, ''ਮੈਂ ਆਪਣਾ ਪੂਰਾ ਜੀਵਨ ਪਾਰਟੀ ਦੀ ਸੇਵਾ ਵਿਚ ਲਾਇਆ ਹੈ। ਮੇਰੇ ਨਾਲ ਨਿਆਂ ਹੋਣਾ ਚਾਹੀਦਾ ਹੈ।'' ਪ੍ਰਧਾਨ ਮੰਤਰੀ ਮੁਸਕਰਾ ਪਏ ਅਤੇ ਉਨ੍ਹਾਂ ਦਾ ਸਿਆਸੀ ਸ਼ੱਕ ਸਹੀ ਸੀ। ਇਕ ਸੰਦੇਸ਼ ਵੈਂਕੱਈਆ ਲਈ ਵੀ ਸੀ, ਸੋ ਉਨ੍ਹਾਂ ਨੂੰ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਤੈਅ ਕਰਨ ਵਾਲੀ ਕਮੇਟੀ ਵਿਚ ਪਾ ਦਿੱਤਾ ਗਿਆ, ਰਾਜਨਾਥ ਅਤੇ ਜੇਤਲੀ ਦਾ ਵੀ ਇਹੀ ਹਸ਼ਰ ਹੋਇਆ। ਹੌਲੀ-ਹੌਲੀ ਰਾਏਸਿਨਾ ਹਿੱਲਜ਼ ਦੇ ਭੇਦਾਂ ਤੋਂ ਧੁੰਦ ਹਟਣ ਲੱਗੀ ਹੈ।
ਰਾਹੁਲ ਤਾਂ ਬੱਚਾ ਹੈ ਜੀ!
ਪਰ ਰਾਹੁਲ ਗਾਂਧੀ ਲਈ ਪ੍ਰਧਾਨ ਦੇ ਅਹੁਦੇ ਦਾ ਤਾਜ ਕੰਡਿਆਂ ਦਾ ਤਾਜ ਸਾਬਿਤ ਹੋ ਸਕਦਾ ਹੈ। ਆਪਣੀ ਤਮਾਮ ਨੇਕ-ਨੀਅਤੀ ਅਤੇ ਮਿਹਨਤ ਤੋਂ ਬਾਅਦ ਵੀ ਉਹ ਆਪਣੇ ਲਈ ਉਹ ਸਿਆਸੀ ਜਗ੍ਹਾ ਨਹੀਂ ਬਣਾ ਸਕੇ ਹਨ। ਸਹਿਯੋਗੀ ਪਾਰਟੀਆਂ ਵਿਚ ਵੀ ਉਨ੍ਹਾਂ ਨੂੰ ਲੈ ਕੇ ਬਹੁਤ ਚੰਗੀ ਸਮਝ ਨਹੀਂ ਬਣ ਸਕੀ ਹੈ, ਜਿਵੇਂ ਪਿਛਲੇ ਦਿਨੀਂ ਜਦੋਂ ਤ੍ਰਿਣਮੂਲ ਨੇਤਾ ਮਮਤਾ ਬੈਨਰਜੀ ਨਵੀਂ ਦਿੱਲੀ ਆਈ ਤਾਂ ਰਾਸ਼ਟਰਪਤੀ ਉਮੀਦਵਾਰ ਨੂੰ ਲੈ ਕੇ ਰਣਨੀਤੀਆਂ ਬੁਣਨ ਦੇ ਲਿਹਾਜ਼ ਨਾਲ ਦੀਦੀ ਨੂੰ ਆਪਣੇ ਤੁਗਲਕ ਲੇਨ ਸਥਿਤ ਸਰਕਾਰੀ ਨਿਵਾਸ 'ਤੇ ਖਾਣੇ ਲਈ ਸੱਦਾ ਦਿੱਤਾ। ਹਾਲਾਂਕਿ ਮਮਤਾ ਨੇ ਰਾਹੁਲ ਦਾ ਇਹ ਸੱਦਾ ਸਵੀਕਾਰ ਕਰ ਲਿਆ ਪਰ ਉਨ੍ਹਾਂ ਨੇ ਆਪਣੇ ਵਲੋਂ ਇਕ ਸ਼ਰਤ ਵੀ ਰੱਖ ਦਿੱਤੀ ਕਿ ਇਸ ਦਾਅਵਤ ਦਾ ਆਯੋਜਨ 10-ਜਨਪਥ ਉੱਤੇ ਹੋਵੇ ਤਾਂ ਕਿ ਉਸ ਵਿਚ ਸੋਨੀਆ ਵੀ ਹਾਜ਼ਰ ਰਹਿ ਸਕੇ।
ਸੂਤਰਾਂ ਦੀ ਮੰਨੀਏ ਤਾਂ ਮਮਤਾ ਨੇ ਰਾਹੁਲ ਦੇ ਸਾਹਮਣੇ ਇਹ ਦਲੀਲ ਵੀ ਰੱਖੀ ਕਿ ਉਨ੍ਹਾਂ ਦੇ ਪਿਤਾ, ਭਾਵ ਸਵ. ਰਾਜੀਵ ਗਾਂਧੀ ਦੀ ਉਹ ਸਭ ਤੋਂ ਜ਼ਿਆਦਾ ਇੱਜ਼ਤ ਕਰਦੀ ਹੈ। ਇਸ ਨਾਤੇ 10-ਜਨਪਥ ਨਾਲ ਉਨ੍ਹਾਂ ਦਾ ਇਕ ਬੇਹੱਦ ਭਾਵਨਾਤਮਕ ਰਿਸ਼ਤਾ ਜੁੜਿਆ ਹੈ। ਇਸੇ ਲਈ ਉਹ ਉਥੇ ਆਉਣਾ ਚਾਹੁੰਦੀ ਹੈ। ਸ਼ਾਇਦ ਰਾਹੁਲ ਨੇੜ-ਭਵਿੱਖ ਵਿਚ ਅਜਿਹੇ ਸਿਆਸੀ ਸੰਦੇਸ਼ਾਂ ਨੂੰ ਪੜ੍ਹਨ ਤੇ ਸਮਝਣ ਦੀ ਆਦਤ ਪਾ ਲੈਣ।
...ਤੇ ਅਖੀਰ ਵਿਚ
ਪਾਰਟੀ ਦੇ ਅੰਦਰ ਅਤੇ ਬਾਹਰ ਚਾਰੇ ਪਾਸਿਓਂ ਹਮਲਿਆਂ ਨਾਲ ਘਿਰੀ 'ਆਮ ਆਦਮੀ ਪਾਰਟੀ' ਨੂੰ ਇਕ ਨਵਾਂ ਆਤਮ-ਗਿਆਨ ਪ੍ਰਾਪਤ ਹੋਇਆ ਹੈ। ਇਹ ਆਤਮ-ਗਿਆਨ ਡਿਪਟੀ ਸੀ. ਐੱਮ. ਮਨੀਸ਼ ਸਿਸੋਦੀਆ ਤੋਂ ਸੀ. ਬੀ. ਆਈ. ਦੀ ਪੁੱਛਗਿੱਛ ਤੋਂ ਬਾਅਦ ਹੋਰ ਨਿੱਖਰਿਆ ਹੈ। ਪਾਰਟੀ ਨੇ ਆਪਣੇ ਕੋਰ ਗਰੁੱਪ ਵਿਚ ਆਤਮ-ਮੰਥਨ ਤੋਂ ਬਾਅਦ ਇਹ ਫੈਸਲਾ ਲਿਆ ਕਿ ਇਸ ਵਾਰ ਦੀਆਂ ਗੁਜਰਾਤ ਅਤੇ ਹਿਮਾਚਲ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਆਪਣੇ ਉਮੀਦਵਾਰ ਨਹੀਂ ਉਤਾਰੇਗੀ, ਖਾਸ ਕਰਕੇ ਗੁਜਰਾਤ ਨੂੰ ਲੈ ਕੇ 'ਆਪ' ਨੇ ਕਾਫੀ ਪਹਿਲਾਂ ਤੋਂ ਤਿਆਰੀਆਂ ਕੀਤੀਆਂ ਸਨ।
ਖ਼ੁਦ ਕੇਜਰੀਵਾਲ ਗੁਜਰਾਤ ਨੂੰ ਲੈ ਕੇ ਕਾਫੀ ਉਤਸ਼ਾਹਿਤ ਸਨ ਪਰ 'ਆਪ' ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਫਿਲਹਾਲ ਪਾਰਟੀ ਆਪਣਾ ਸਾਰਾ ਫੋਕਸ ਦਿੱਲੀ 'ਤੇ ਰੱਖੇਗੀ ਤਾਂ ਕਿ ਉਥੇ ਸਰਕਾਰ ਵਧੀਆ ਤੋਂ ਵਧੀਆ ਕੰਮ ਕਰ ਸਕੇ। ਪਹਿਲਾਂ ਖ਼ੁਦ ਕੇਜਰੀਵਾਲ ਚਾਹੁੰਦੇ ਸਨ ਕਿ ਇਨ੍ਹਾਂ ਸੂਬਿਆਂ 'ਚ ਜੇਕਰ ਪਾਰਟੀ ਨੂੰ 6 ਫੀਸਦੀ ਵੋਟਾਂ ਵੀ ਮਿਲ ਜਾਂਦੀਆਂ ਹਨ ਤਾਂ ਇਸ ਨੂੰ ਰਾਸ਼ਟਰੀ ਪਾਰਟੀ ਦਾ ਦਰਜਾ ਹਾਸਿਲ ਹੋ ਸਕਦਾ ਹੈ।
(gossipguru.in)