ਵਾਤਾਵਰਣ ਦਿਵਸ ’ਤੇ ਵਿਸ਼ੇਸ਼ : ਆਉਣ ਵਾਲੀ ਪੀੜ੍ਹੀ ਲਈ ਸਾਨੂੰ ਇਕ ਸੁੰਦਰ, ਸਵੱਛ, ਕਾਰਬਨ ਨਿਊਟਰਲ ਵਾਤਾਵਰਣ ਛੱਡ ਕੇ ਜਾਣਾ ਹੋਵੇਗਾ

06/05/2023 11:24:29 AM

ਅਸੀਂ ਹਰ ਸਾਲ 5 ਜੂਨ ਨੂੰ ‘ਵਿਸ਼ਵ ਵਾਤਾਵਰਣ ਦਿਵਸ’ ਮਨਾਵਾਂਗੇ ਪਰ ਯੋਗ ਦੀ ਲੋੜ ਕੀ ਇਕ ਦਿਨ ਹੀ ਹੁੰਦੀ ਹੈ? ਤੰਦਰੁਸਤ ਰਹਿਣ ਲਈ ਤਾਂ ਨਿਯਮਿਤ ਰੋਜ਼ ਯੋਗਾ ਅਭਿਆਸ ਕਰਨਾ ਚਾਹੀਦਾ ਹੈ। ਇਸੇ ਤਰ੍ਹਾਂ ਵਾਤਾਵਰਣ ਦਿਵਸ ਇਕ ਦਿਨ ਮਨਾ ਕੇ ਸਾਡੀ ਜ਼ਿੰਮੇਵਾਰੀ ਪੂਰੀ ਨਹੀਂ ਹੁੰਦੀ ਸਗੋਂ ਅਸੀਂ ਆਪਣੇ ਰੋਜ਼ਾਨਾ ਦੇ ਜੀਵਨ ’ਚ ਵਾਤਾਵਰਣ ਦਾ ਮਹੱਤਵ ਸਮਝੀਏ ਤੇ ਵਾਤਾਵਰਣ ਸੁਰੱਖਿਆ ਦੀ ਪੂਰੀ ਕੋਸ਼ਿਸ਼ ਕਰੀਏ। ਸਿਰਫ ਰਸਮੀ ਤੌਰ ’ਤੇ ਅਸੀਂ ਆਪਣਾ ਟੀਚਾ ਹਾਸਲ ਨਹੀਂ ਕਰ ਸਕਦੇ ਅਤੇ ਟੀਚਾ ਹੈ ਕੀ? ਜਿੱਥੋਂ ਤੱਕ ਵਾਤਾਵਰਣ ਸੁਰੱਖਿਆ ਦੀ ਗੱਲ ਹੈ ਤਾਂ ਇਹ ਟੀਚਾ ਹੈ ਕਿ ਇਹ ਬ੍ਰਹਿਮੰਡ ਸਾਨੂੰ ਜਿਸ ਸੁੰਦਰ ਹਾਲਤ ’ਚ ਮਿਲਿਆ ਸੀ, ਉਸ ਨਾਲੋਂ ਵੱਧ ਸੁੰਦਰ ਬਣਾ ਕੇ ਅਸੀਂ ਇਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਛੱਡ ਕੇ ਜਾਈਏ। ਜੇਕਰ ਜ਼ਿਆਦਾ ਸੁੰਦਰ ਨਾ ਬਣਾ ਸਕੀਏ ਤਾਂ ਘੱਟੋ-ਘੱਟ ਇਸ ਨੂੰ ਖਰਾਬ ਤਾਂ ਨਾ ਕਰੀਏ। ਇਸ ਲਈ ਹਰੇਕ ਨਾਗਰਿਕ ਨੂੰ ਦੇਸ਼, ਵਿਸ਼ਵ ਅਤੇ ਆਉਣ ਵਾਲੀਆਂ ਪੀੜ੍ਹੀਆਂ ਪ੍ਰਤੀ ਆਪਣਾ ਯੋਗਦਾਨ ਕਿਰਿਆਤਮਕ ਰੂਪ ’ਚ ਦੇਣਾ ਪਵੇਗਾ। ਉਦਾਹਰਣ ਵਜੋਂ ਹਰ ਕੋਈ ਮੰਨਦਾ ਹੈ ਕਿ ਪਾਲੀਥੀਨ ਅਤੇ ਪਲਾਸਟਿਕ ਵਾਤਾਵਰਣ ਲਈ ਬੜੇ ਘਾਤਕ ਹਨ। ਸਰਕਾਰਾਂ ਕਾਨੂੰਨ ਤਾਂ ਬਣਾ ਸਕਦੀਆਂ ਹਨ ਪਰ ਉਨ੍ਹਾਂ ਨੂੰ ਲਾਗੂ ਕਰਨ ’ਚ ਵਿਅਕਤੀ ਅਤੇ ਸਮਾਜ ਦਾ ਯੋਗਦਾਨ ਅਤਿ ਜ਼ਰੂਰੀ ਹੈ। ਅਸੀਂ ਅਕਸਰ ਇਹ ਚਰਚਾ ਕਰਦੇ ਤੇ ਸੁਣਦੇ ਹਾਂ ਕਿ ਆਉਣ ਵਾਲੇ ਸਮੇਂ ’ਚ ਸ਼ੁੱਧ ਪਾਣੀ ਦੀ ਗੰਭੀਰ ਸਮੱਸਿਆ ਹੋਵੇਗੀ ਤੇ ਕਈ ਵਾਰ ਤਾਂ ਇਹ ਕਿਹਾ ਜਾਂਦਾ ਹੈ ਕਿ ਤੀਜੀ ਵਿਸ਼ਵ ਜੰਗ ਪਾਣੀ ਲਈ ਹੋਵੇਗੀ ਪਰ ਕੀ ਅਸੀਂ ਆਪਣੇ ਰੋਜ਼ਾਨਾ ਦੇ ਜੀਵਨ ’ਚ ਪਾਣੀ ਬਚਾਉਣ ਦਾ ਯਤਨ ਕਰਦੇ ਹਾਂ। ਕੀ ਸਵੇਰੇ ਬਰੱਸ਼ ਕਰਦੇ ਸਮੇਂ ਜਾਂ ਸ਼ੇਵ ਕਰਦੇ ਹੋਏ ਅਸੀਂ ਪਾਣੀ ਦੀ ਟੂਟੀ ਫਜ਼ੂਲ ’ਚ ਚੱਲਦੀ ਤਾਂ ਨਹੀਂ ਰਹਿਣ ਦਿੰਦੇ? ਨਹਾਉਣ ’ਚ ਜਾਂ ਹੋਰ ਵਰਤੋਂ ’ਚ ਥੋੜ੍ਹਾ-ਥੋੜ੍ਹਾ ਪਾਣੀ ਬਚਾਉਣਾ ਜਲ ਸੁਰੱਖਿਆ ਪ੍ਰਤੀ ਸਾਡਾ ਯੋਗਦਾਨ ਹੋ ਸਕਦਾ ਹੈ। ਜਲ ਸੁਰੱਖਿਆ ਲਈ ਮੀਂਹ ਦੇ ਪਾਣੀ ਨੂੰ ਸਿੰਜਣਾ ਲਾਜ਼ਮੀ ਹੋਣਾ ਚਾਹੀਦਾ ਹੈ। ਜਲ ਸੁਰੱਖਿਆ ਕੰਮਾਂ ਦਾ ਮੁਲਾਂਕਣ ਕਰਨ ਲਈ ਇਕ ਸੂਬਾ ਪੱਧਰੀ ਟਾਸਕ ਫੋਰਸ ਹੋਣੀ ਚਾਹੀਦੀ ਹੈ। ਸਰਕਾਰੀ ਤੇ ਗੈਰ-ਸਰਕਾਰੀ ਭਵਨਾਂ, ਹੋਟਲਾਂ, ਉਦਯੋਗਾਂ ’ਚ ਮੀਂਹ ਦੇ ਪਾਣੀ ਨੂੰ ਇਕੱਠਾ ਕਰਨ ਲਈ ਟੈਂਕ ਬਣਾਏ ਜਾਣੇ ਚਾਹੀਦੇ ਹਨ, ਇਹ ਜ਼ਰੂਰੀ ਹੋਵੇ। ਇਸ ਤੋਂ ਬਿਨਾਂ ਕਿਸੇ ਸਰਕਾਰੀ ਜਾਂ ਗੈਰ-ਸਰਕਾਰੀ ਭਵਨ ਦਾ ਨਕਸ਼ਾ ਮਨਜ਼ੂਰ ਨਹੀਂ ਹੋਣਾ ਚਾਹੀਦਾ। ਪਣਬਿਜਲੀ ਪ੍ਰਾਜੈਕਟਾਂ ਲਈ ਜਦੋਂ ਪਾਣੀ ਡਾਇਵਰਟ ਕੀਤਾ ਜਾਂਦਾ ਹੈ ਉਦੋਂ ਵੀ ਮੁੱਖ ਨਦੀ ਨੂੰ ਈਕੋ-ਸਿਸਟਮ ਦਾ ਰੱਖ-ਰਖਾਅ ਠੀਕ ਤਰ੍ਹਾਂ ਕਰਨ ਲਈ 15 ਫੀਸਦੀ ਪਾਣੀ ਦਾ ਵਹਾਅ ਮੁੱਖ ਨਦੀ ’ਚ ਜ਼ਰੂਰ ਹੋਵੇ।

ਜਿੱਥੇ ਵੀ ਪ੍ਰਾਜੈਕਟ ਨਿਰਮਾਣ ਹੋਵੇ, ਭਵਨ ਨਿਰਮਾਣ ਹੋਵੇ ਜਾਂ ਸੜਕ ਨਿਰਮਾਣ ਹੋਵੇ ਉੱਥੇ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਲਈ ਡੰਪਿੰਗ ਸਾਈਟ ਦੀ ਚੋਣ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਹੋਵੇ ਅਤੇ ਵਾਤਾਵਰਣ ਸੁਰੱਖਿਆ ਲਈ ਦੱਸੇ ਗਏ ਕਦਮਾਂ ਨੂੰ ਲਾਗੂ ਕਰਵਾਉਣ ਦੀ ਜ਼ਿੰਮੇਵਾਰੀ ਸਥਾਨਕ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਹੋਵੇ ਅਤੇ ਲਾਪ੍ਰਵਾਹੀ ਦੇ ਮਾਮਲੇ ’ਚ ਉਨ੍ਹਾਂ ਦੀ ਨਿੱਜੀ ਜ਼ਿੰਮੇਵਾਰੀ ਮੰਨੀ ਜਾਵੇ। ਗ੍ਰੀਨ ਹਾਊਸ ਗੈਸਾਂ ਦੇ ਰਿਸਾਅ ’ਚ ਕਮੀ ਲਿਆਉਣ ਲਈ ਕੋਲੇ ਅਤੇ ਹੋਰ ਈਂਧਨ, ਜੀਵਾਸ਼ਮ ਈਂਧਨ ਦੇ ਸਾੜਨ ’ਤੇ ਮੁਕੰਮਲ ਪਾਬੰਦੀ ਹੋਵੇ। ਕੁਝ ਛੋਟੇ-ਛੋਟੇ ਸੁਝਾਅ ਹਨ, ਜੋ ਅਸੀਂ ਨਿੱਜੀ, ਪਰਿਵਾਰਕ ਅਤੇ ਸਮਾਜਿਕ ਤੌਰ ’ਤੇ ਸਹਿਯੋਗ ਕਰ ਕੇ ਵਾਤਾਵਰਣ ਸੁਰੱਖਿਆ ’ਚ ਮਹੱਤਵਪੂਰਨ ਯੋਗਦਾਨ ਦੇ ਸਕਦੇ ਹਾਂ। ਜਿਵੇਂ ਅਸੀਂ ਖੁਦ ਪਾਲੀਥੀਨ ਅਤੇ ਪਲਾਸਟਿਕ ਦੇ ਕੈਰੀਬੈਗਜ਼ ਦੀ ਵਰਤੋਂ ਮੁਕੰਮਲ ਤੌਰ ’ਤੇ ਬੰਦ ਕਰ ਦੇਈਏ। ਪਾਲੀਥੀਨ ਹਟਾਓ, ਵਾਤਾਵਰਣ ਬਚਾਓ ਮੁਹਿੰਮ ਨੂੰ ਕੌਮੀ ਪੱਧਰ ਤੱਕ ਗੰਭੀਰਤਾ ਨਾਲ ਲਾਗੂ ਕਰ ਕੇ ਅਸੀਂ ਵੱਡਾ ਯੋਗਦਾਨ ਪਾ ਸਕਦੇ ਹਾਂ। ਵੱਧ ਤੋਂ ਵੱਧ ਦਰੱਖਤ ਲਗਾਉਣੇ ਚਾਹੀਦੇ ਹਨ ਕਿਉਂਕਿ ਕਾਰਬਨਡਾਈਆਕਸਾਈਡ ਨੂੰ ਖਤਮ ਕਰਨ ਲਈ ਜੰਗਲ ਸਭ ਤੋਂ ਵੱਡਾ ਸਾਧਨ ਹਨ। ਉਂਝ ਤਾਂ ਪੇਪਰਲੈੱਸ ਦਫਤਰ ਦੀ ਚਰਚਾ ਅਤੇ ਯਤਨ ਹਰ ਪਾਸੇ ਹਨ। ਫਿਰ ਵੀ ਜਦੋਂ ਤੱਕ 100 ਫੀਸਦੀ ਇਹ ਯਤਨ ਲਾਗੂ ਨਹੀਂ ਹੁੰਦਾ ਉਦੋਂ ਤੱਕ ਵੇਸਟ ਪੇਪਰ (ਫਜ਼ੂਲ ਕਾਗਜ਼) ਨੂੰ ਰੀਸਾਈਕਲ ਕਰ ਕੇ ਦਫਤਰਾਂ ’ਚ ਮੁੜ ਵਰਤਿਆ ਜਾ ਸਕਦਾ ਹੈ। ਵਾਤਾਵਰਣ ਸੁਰੱਖਿਆ ਦੇ ਖੇਤਰ ’ਚ ਵਿਸ਼ੇਸ਼ ਯੋਗਦਾਨ ਦੇਣ ਵਾਲੇ ਪੱਤਰਕਾਰਾਂ, ਲੇਖਕਾਂ, ਮੈਗਜ਼ੀਨਾਂ, ਅਖਬਾਰਾਂ ਨੂੰ ਵਾਤਾਵਰਣ ਸੁਰੱਖਿਆ ਲਈ ਸਰਕਾਰ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ। ਸੈਰ-ਸਪਾਟਾ ਖੇਤਰਾਂ ’ਚ ਆਉਣ ਵਾਲੇ ਸੈਲਾਨੀਆਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕਰਨ ਲਈ ਇਕ ਸੈਲਾਨੀ ਜ਼ਾਬਤਾ ਲਾਗੂ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦਾ ਯੋਗਦਾਨ ਵੀ ਯਕੀਨੀ ਹੋਵੇ। ਜਿਸ ਤਰ੍ਹਾਂ ਵਾਤਾਵਰਣ ਦੂਸ਼ਿਤ ਹੋ ਰਿਹਾ ਹੈ, ਗ੍ਰੀਨ ਹਾਊਸ ਗੈਸਾਂ ਦਾ ਰਿਸਾਅ ਵਧ ਰਿਹਾ ਹੈ, ਗਲੇਸ਼ੀਅਰ ਪਿਘਲ ਰਹੇ ਹਨ, ਵਿਕਸਿਤ ਦੇਸ਼ ਪ੍ਰਦੂਸ਼ਣ ਫੈਲਾਅ ਰਹੇ ਹਨ, ਉਨ੍ਹਾਂ ਹਾਲਾਤ ਨੂੰ ਦੇਖਦੇ ਹੋਏ ਆਉਣ ਵਾਲੀ ਪੀੜ੍ਹੀ ਲਈ ਸਾਡੀ ਸਭ ਤੋਂ ਵੱਡੀ ਵਿਰਾਸਤ ਇਕ ਸੁੰਦਰ, ਸਵੱਛ, ਕਾਰਬਨ ਨਿਊਟਰਲ ਵਾਤਾਵਰਣ ਛੱਡ ਕੇ ਜਾਣ ਦੀ ਹੋਵੇਗੀ। ਮਹਾਤਮਾ ਗਾਂਧੀ ਨੇ ਕਿਹਾ ਸੀ ਕਿ ਕੁਦਰਤ ਨੇ ਸਾਡੀ ਲੋੜ ਮੁਤਾਬਕ ਵਰਤੋਂ ਲਈ ਲੋੜੀਂਦਾ ਦਿੱਤਾ ਹੈ ਪਰ ਲੋਭ ਲਈ ਨਹੀਂ। ਇਸ ਲਈ ਜ਼ਰੂਰਤ ਮੁਤਾਬਕ ਕੁਦਰਤੀ ਸਾਧਨਾਂ ਦੀ ਵਰਤੋਂ ਕਰੋ, ਸ਼ੋਸ਼ਣ ਨਹੀਂ।

ਪ੍ਰੇਮ ਕੁਮਾਰ ਧੂਮਲ, ਸਾਬਕਾ ਮੁੱਖ ਮੰਤਰੀ ਹਿਮਾਚਲ ਪ੍ਰਦੇਸ਼

Anuradha

This news is Content Editor Anuradha