ਉੱਤਰ ਪ੍ਰਦੇਸ਼ ''ਚ ਸਪਾ-ਬਸਪਾ ਬਨਾਮ ਭਾਜਪਾ ਗੱਠਜੋੜ

03/25/2019 5:56:09 AM

ਉੱਤਰ ਪ੍ਰਦੇਸ਼ 'ਚ ਸਪਾ-ਬਸਪਾ ਗੱਠਜੋੜ ਨੇ ਇਨ੍ਹਾਂ ਚੋਣਾਂ 'ਚ 73 ਸੀਟਾਂ ਜਿੱਤਣ ਦਾ ਟੀਚਾ  ਮਿੱਥਿਆ ਹੈ, ਜਦਕਿ ਪਿਛਲੀਆਂ ਲੋਕ ਸਭਾ ਚੋਣਾਂ 'ਚ ਭਾਜਪਾ ਨੇ ਇੰਨੀਆਂ ਸੀਟਾਂ ਜਿੱਤੀਆਂ  ਸਨ। ਇਸ ਦੇ ਸਿੱਟੇ ਵਜੋਂ ਯੂ. ਪੀ. 'ਚ ਹਰੇਕ ਲੋਕ ਸਭਾ ਹਲਕੇ ਲਈ ਭਾਜਪਾ ਨੂੰ ਢੁੱਕਵਾਂ  ਉਮੀਦਵਾਰ ਚੁਣਨ 'ਚ ਮੁਸ਼ਕਿਲ ਆ ਰਹੀ ਹੈ। 
ਪਿਛਲੀਆਂ ਚੋਣਾਂ 'ਚ ਭਾਜਪਾ ਨੂੰ 42 ਫੀਸਦੀ ਵੋਟਾਂ ਮਿਲੀਆਂ ਸਨ ਤੇ ਉਸ ਨੇ 80 'ਚੋਂ 73 ਲੋਕ ਸਭਾ ਸੀਟਾਂ ਜਿੱਤੀਆਂ ਸਨ।  ਭਾਜਪਾ ਨੂੰ ਸਿਰਫ 16 ਸੀਟਾਂ 'ਤੇ 50 ਫੀਸਦੀ ਤੋਂ ਜ਼ਿਆਦਾ ਵੋਟਾਂ ਪਈਆਂ ਸਨ ਤੇ ਪਿਛਲੀਆਂ ਚੋਣਾਂ 'ਚ ਸਪਾ-ਬਸਪਾ ਦੋਹਾਂ ਦੀਆਂ ਵੋਟਾਂ ਮਿਲਾ ਕੇ ਭਾਜਪਾ ਦੀਆਂ ਵੋਟਾਂ ਨਾਲੋਂ  ਜ਼ਿਆਦਾ ਸਨ। ਇਸ ਨੂੰ ਦੇਖਦਿਆਂ ਸਪਾ-ਬਸਪਾ ਨੇ ਹੱਥ ਮਿਲਾ ਲਿਆ ਅਤੇ ਕੈਰਾਨਾ, ਫੂਲਪੁਰ ਤੇ  ਗੋਰਖਪੁਰ ਉਪ-ਚੋਣਾਂ 'ਚ ਜਿੱਤ ਪ੍ਰਾਪਤ ਕੀਤੀ। 
2014 'ਚ ਕੈਰਾਨਾ ਵਿਚ ਸਪਾ-ਬਸਪਾ ਨੂੰ ਮਿਲਾ ਕੇ 42 ਫੀਸਦੀ ਵੋਟਾਂ ਮਿਲੀਆਂ ਸਨ, ਜਦਕਿ ਉਪ-ਚੋਣਾਂ 'ਚ 52 ਫੀਸਦੀ  ਵੋਟਾਂ ਮਿਲੀਆਂ। ਹੁਣ ਭਾਜਪਾ ਇਸ ਗੱਲ 'ਤੇ ਨਿਰਭਰ ਹੈ ਕਿ ਸਪਾ ਅਤੇ ਬਸਪਾ ਇਕ-ਦੂਜੀ ਨੂੰ  ਕਿੰਨੇ ਫੀਸਦੀ ਵੋਟਾਂ ਟਰਾਂਸਫਰ ਕਰਨ 'ਚ ਸਫਲ ਹੁੰਦੀਆਂ ਹਨ ਅਤੇ ਭਾਜਪਾ ਇਸ ਗੱਠਜੋੜ ਨੂੰ  ਟਰਾਂਸਫਰ ਹੋਣ ਵਾਲੀਆਂ ਵੋਟਾਂ ਨੂੰ ਕਿਵੇਂ ਘਟਾ ਸਕਦੀ ਹੈ। ਇਸ ਸਥਿਤੀ ਦਾ ਮੁਕਾਬਲਾ ਕਰਨ ਲਈ ਭਾਜਪਾ ਨੇ ਅਜਿਹੇ ਉਮੀਦਵਾਰਾਂ ਨੂੰ ਚੁਣਨ ਦਾ ਮਨ ਬਣਾਇਆ ਹੈ, ਜਿਨ੍ਹਾਂ ਦਾ ਮਜ਼ਬੂਤ ਪਿਛੋਕੜ ਹੋਵੇ ਤੇ ਸਥਾਨਕ ਜਾਤੀ ਸਮੀਕਰਨ ਮੁਤਾਬਿਕ ਵੀ ਉਹ ਆਪਣੀ ਚੰਗੀ ਪੈਠ ਰੱਖਦੇ ਹੋਣ।  
ਇਸ ਦਰਮਿਆਨ ਸ਼ਿਵਪਾਲ ਯਾਦਵ ਵਲੋਂ ਕਾਨਪੁਰ, ਅਕਬਰਪੁਰ ਅਤੇ ਮਿਸ਼ਰਿਕ ਸੀਟਾਂ  ਲਈ ਉਮੀਦਵਾਰਾਂ ਦੀ ਕੀਤੀ ਚੋਣ ਦਰਸਾਉਂਦੀ ਹੈ ਕਿ ਉਨ੍ਹਾਂ ਦਾ ਮਕਸਦ ਸਪਾ-ਬਸਪਾ ਗੱਠਜੋੜ  ਨੂੰ ਠੇਸ ਪਹੁੰਚਾਉਣਾ ਹੈ। ਅਕਬਰਪੁਰ 'ਚ ਸ਼ਿਵਪਾਲ ਯਾਦਵ ਦੀ ਪਾਰਟੀ  'ਪ੍ਰਗਤੀਸ਼ੀਲ ਸਮਾਜਵਾਦੀ ਪਾਰਟੀ ਲੋਹੀਆ' (ਪੀ. ਐੱਸ. ਪੀ. ਐੱਲ.) ਨੇ ਸਵ. ਮਥੁਰਾ ਪਾਲ ਦੇ ਬੇਟੇ ਕੈਪਟਨ ਇੰਦਰਪਾਲ ਸਿੰਘ ਨੂੰ ਮੈਦਾਨ 'ਚ ਉਤਾਰਿਆ ਹੈ। ਮਥੁਰਾ ਪਾਲ ਲੰਮੇ ਸਮੇਂ ਤਕ ਬਸਪਾ ਦੇ ਨੇਤਾ ਰਹੇ ਹਨ। ਮਿਸ਼ਰਿਕ 'ਚ ਪਾਰਟੀ ਨੇ ਸਾਬਕਾ ਸਪਾ ਮੰਤਰੀ ਅਰੁਣਾ ਕੋਰੀ ਨੂੰ ਟਿਕਟ ਦਿੱਤੀ ਹੈ, ਜੋ ਮੁਲਾਇਮ ਸਿੰਘ ਯਾਦਵ ਦੇ ਵਫ਼ਾਦਾਰ ਪਰਿਵਾਰ ਤੋਂ ਹੈ। 
ਅਪ੍ਰੈਲ 'ਚ ਆਏਗਾ ਕਾਂਗਰਸ ਦਾ ਚੋਣ ਮਨੋਰਥ ਪੱਤਰ 
ਕਾਂਗਰਸ  ਦਾ ਚੋਣ ਮਨੋਰਥ ਪੱਤਰ ਅਪ੍ਰੈਲ ਦੇ ਪਹਿਲੇ ਹਫਤੇ 'ਚ ਜਾਰੀ ਕੀਤਾ ਜਾਵੇਗਾ। ਇਸ 'ਚ ਕਾਂਗਰਸ ਘੱਟੋ-ਘੱਟ ਯਕੀਨੀ ਆਮਦਨ, ਕਿਸਾਨ ਕਰਜ਼ਾ ਮੁਆਫੀ ਅਤੇ ਮਹਿਲਾ ਰਾਖਵੇਂਕਰਨ ਨੂੰ ਸ਼ਾਮਿਲ ਕਰ ਸਕਦੀ ਹੈ। ਪਾਰਟੀ ਦਾ ਚੋਣ ਪ੍ਰਚਾਰ ਕਿਸਾਨਾਂ, ਨੌਜਵਾਨਾਂ ਅਤੇ ਔਰਤਾਂ 'ਤੇ ਕੇਂਦ੍ਰਿਤ ਹੋਵੇਗਾ। 
ਕਾਂਗਰਸ ਨੇ ਜਨਤਕ ਤੇ ਨਿੱਜੀ ਖੇਤਰ 'ਚ ਰੋਜ਼ਗਾਰ  ਸਿਰਜਣ ਦਾ ਵੀ ਵਾਅਦਾ ਕੀਤਾ ਹੈ ਤੇ ਇਸ ਦੇ ਲਈ ਨੀਤੀਆਂ 'ਚ ਤਬਦੀਲੀ ਅਤੇ ਇੰਸੈਂਟਿਵ ਦੇ  ਕੇ ਰੋਜ਼ਗਾਰ ਨੂੰ ਉਤਸ਼ਾਹਿਤ ਕਰਨ ਦੀ ਗੱਲ ਚੋਣ ਮਨੋਰਥ ਪੱਤਰ 'ਚ ਕੀਤੀ ਜਾਵੇਗੀ। ਅਜਿਹਾ  ਕਰਕੇ ਕਾਂਗਰਸ ਇਹ ਸਿੱਧ  ਕਰਨ ਦੀ ਕੋਸ਼ਿਸ਼ ਕਰੇਗੀ ਕਿ ਪਿਛਲੇ 5 ਸਾਲਾਂ 'ਚ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੌਜਵਾਨਾਂ ਨੂੰ ਕਾਫੀ ਰੋਜ਼ਗਾਰ ਦੇਣ 'ਚ ਅਸਫਲ ਰਹੀ ਹੈ। 
ਮਹਿਲਾ ਵੋਟਰਾਂ ਨੂੰ ਲੁਭਾਉਣ ਲਈ ਕਾਂਗਰਸ ਸਰਕਾਰੀ ਨੌਕਰੀਆਂ 'ਚ ਔਰਤਾਂ ਵਾਸਤੇ 33 ਫੀਸਦੀ ਰਾਖਵੇਂਕਰਨ ਦੀ ਪੇਸ਼ਕਸ਼ ਵੀ ਕਰ ਸਕਦੀ ਹੈ। ਪਾਰਟੀ ਦੇ ਮਨੋਰਥ ਪੱਤਰ 'ਚ ਬਰਾਮਦ ਖੇਤਰ, ਕੱਪੜਾ ਤੇ ਚਮੜਾ ਉਦਯੋਗਾਂ 'ਤੇ ਵੀ ਧਿਆਨ ਦਿੱਤਾ ਜਾਵੇਗਾ, ਜਿਸ ਦੇ ਤਹਿਤ ਇਨ੍ਹਾਂ  ਖੇਤਰਾਂ 'ਚ ਰੋਜ਼ਗਾਰ ਵਧਾਉਣ ਲਈ ਵਿਸ਼ੇਸ਼ ਤਜਵੀਜ਼ਾਂ ਦਾ ਐਲਾਨ ਕੀਤਾ ਜਾ ਸਕਦਾ ਹੈ। 
ਇਸ ਤੋਂ ਇਲਾਵਾ ਕਾਂਗਰਸ ਸਰਕਾਰੀ ਖੇਤਰ 'ਚ ਵੀ ਅਹੁਦੇ ਭਰਨ ਦਾ ਐਲਾਨ ਕਰ ਸਕਦੀ ਹੈ, ਜੋ ਉਸ  ਦੇ ਮੁਤਾਬਿਕ ਲੱਖਾਂ ਦੀ ਗਿਣਤੀ 'ਚ ਖਾਲੀ ਪਏ ਹਨ। ਅਜਿਹਾ ਕਰਕੇ ਕਾਂਗਰਸ ਭਾਜਪਾ ਦੀ  ਅਗਵਾਈ ਵਾਲੇ ਗੱਠਜੋੜ ਦੇ ਉਸ ਕਥਨ ਨੂੰ ਗਲਤ ਸਿੱਧ  ਕਰਨਾ ਚਾਹੁੰਦੀ ਹੈ ਕਿ ਸਵੈ-ਰੋਜ਼ਗਾਰ ਅਤੇ ਗੈਰ-ਸੰਗਠਿਤ ਖੇਤਰ 'ਚ ਨੌਕਰੀਆਂ ਵਿਚ ਵਾਧਾ ਹੋਇਆ ਹੈ। 
ਰਾਜਸਥਾਨ 'ਚ ਕਾਂਗਰਸ ਨੇ ਰੱਖਿਆ 20 ਸੀਟਾਂ ਦਾ ਟੀਚਾ
ਰਾਜਸਥਾਨ 'ਚ ਕਾਂਗਰਸ ਭਾਜਪਾ ਦੇ ਮੁਕਾਬਲੇ ਜ਼ਿਆਦਾ ਲੋਕ ਸਭਾ ਸੀਟਾਂ ਜਿੱਤਣਾ ਚਾਹੁੰਦੀ ਹੈ। ਪਿਛਲੀਆਂ ਲੋਕ ਸਭਾ ਚੋਣਾਂ 'ਚ ਭਾਜਪਾ ਨੇ ਇਥੇ ਸਾਰੀਆਂ 25 ਸੀਟਾਂ ਜਿੱਤੀਆਂ ਸਨ ਪਰ ਇਸ ਵਾਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸੂਬਾਈ ਲੀਡਰਸ਼ਿਪ ਨੂੰ 20 ਸੀਟਾਂ ਦਾ ਟੀਚਾ ਦਿੱਤਾ ਹੈ। ਇਸੇ ਕਰਕੇ ਸੂਬੇ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਪ੍ਰਧਾਨਗੀ ਹੇਠ ਪਾਰਟੀ  ਇਥੇ ਮਜ਼ਬੂਤ ਉਮੀਦਵਾਰਾਂ ਦੀ ਭਾਲ 'ਚ ਹੈ। 
ਅਸ਼ੋਕ ਗਹਿਲੋਤ ਨੇ ਪਹਿਲਾਂ ਐਲਾਨ  ਕੀਤਾ ਸੀ ਕਿ ਸੂਬੇ ਦੇ ਮੌਜੂਦਾ ਮੰਤਰੀਆਂ ਜਾਂ ਵਿਧਾਇਕਾਂ ਨੂੰ ਲੋਕ ਸਭਾ ਦੀ ਟਿਕਟ ਨਹੀਂ  ਦਿੱਤੀ ਜਾਵੇਗੀ ਪਰ ਹੁਣ ਟੀਚਾ ਪੂਰਾ ਕਰਨ ਲਈ ਗਹਿਲੋਤ ਅਤੇ ਸੂਬਾ ਇਕਾਈ ਲੋਕ ਸਭਾ ਚੋਣਾਂ ਲਈ ਕਈ ਮੰਤਰੀਆਂ ਅਤੇ ਵਿਧਾਇਕਾਂ ਨੂੰ ਟਿਕਟ ਦੇਣ ਲਈ ਰਾਜ਼ੀ ਹੋ ਗਏ ਹਨ। ਹਾਲਾਂਕਿ ਕਾਂਗਰਸ ਨੂੰ ਵਿਧਾਨ ਸਭਾ ਚੋਣਾਂ 'ਚ ਪੂਰਨ ਬਹੁਮਤ ਨਹੀਂ ਮਿਲਿਆ ਹੈ, ਫਿਰ ਵੀ ਪਾਰਟੀ ਸਿਹਤ ਮੰਤਰੀ ਰਘੂ ਸ਼ਰਮਾ ਨੂੰ ਅਜਮੇਰ ਤੋਂ ਅਤੇ ਖੇਤੀਬਾੜੀ ਮੰਤਰੀ ਲਾਲਚੰਦ ਕਟਾਰੀਆ ਨੂੰ ਜੈਪੁਰ ਦਿਹਾਤੀ ਸੀਟ ਤੋਂ ਟਿਕਟ ਦੇਣ ਦੀ ਯੋਜਨਾ ਬਣਾ ਰਹੀ ਹੈ। ਪਿਛਲੀਆਂ ਚੋਣਾਂ 'ਚ ਭਾਜਪਾ ਦੇ ਕਰਨਲ ਰਾਜਵਰਧਨ ਸਿੰਘ ਰਾਠੌਰ ਜੈਪੁਰ ਦਿਹਾਤੀ ਸੀਟ ਤੋਂ ਜਿੱਤੇ ਸਨ।
ਕਾਂਗਰਸ  ਰਾਜ ਮੰਤਰੀ ਪ੍ਰਮੋਦ ਜੈਨ ਨੂੰ ਝਾਲਾਵਾੜ ਤੋਂ ਟਿਕਟ ਦੇਣਾ ਚਾਹੁੰਦੀ ਹੈ, ਜਿਥੋਂ  ਵਸੁੰਧਰਾ ਰਾਜੇ ਦਾ ਬੇਟਾ ਦੁਸ਼ਯੰਤ ਸਿੰਘ ਸੰਸਦ ਮੈਂਬਰ ਹੈ, ਜਦਕਿ ਪ੍ਰਮੋਦ ਇਸ ਸੀਟ ਤੋਂ ਆਪਣੀ ਪਤਨੀ ਨੂੰ ਟਿਕਟ ਦਿਵਾਉਣਾ ਚਾਹੁੰਦੇ ਹਨ। ਪਾਰਟੀ ਹਾਈਕਮਾਨ ਜੈਪੁਰ ਤੋਂ ਮਹੇਸ਼  ਜੋਸ਼ੀ ਤੇ ਬਾੜਮੇਰ ਤੋਂ ਮਾਲ ਮੰਤਰੀ ਹਰੀਸ਼ ਚੌਧਰੀ ਨੂੰ ਟਿਕਟ ਦੇਣਾ ਚਾਹੁੰਦੀ ਹੈ ਪਰ ਸਾਰੇ ਮੰਤਰੀਆਂ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਜੇ ਉਹ ਸੰਸਦ ਮੈਂਬਰ ਚੁਣੇ ਗਏ ਤਾਂ ਉਨ੍ਹਾਂ ਨੂੰ ਮੰਤਰੀ ਅਹੁਦੇ ਤੋਂ ਹੱਥ ਧੋਣੇ ਪੈਣਗੇ। ਇਸ ਲਈ ਉਹ ਆਪਣੀ ਬਜਾਏ ਆਪਣੇ ਪਰਿਵਾਰਕ ਮੈਂਬਰਾਂ ਨੂੰ ਟਿਕਟ ਦਿਵਾਉਣਾ ਚਾਹੁੰਦੇ ਹਨ। 
ਦੇਵੇਗੌੜਾ-ਦਿੱਗਵਿਜੇ ਸਿੰਘ, ਸ਼ਤਰੂਘਨ ਲੜਨਗੇ ਚੋਣਾਂ 
ਸੀਨੀਅਰ ਕਾਂਗਰਸੀ ਨੇਤਾ ਦਿੱਗਵਿਜੇ ਸਿੰਘ ਭੋਪਾਲ ਲੋਕ ਸਭਾ ਸੀਟ ਤੋਂ ਉਮੀਦਵਾਰ ਐਲਾਨੇ ਗਏ ਹਨ।  ਇਹ ਸੀਟ ਪਿਛਲੇ 3 ਦਹਾਕਿਆਂ ਤੋਂ ਭਾਜਪਾ ਦਾ ਮਜ਼ਬੂਤ ਗੜ੍ਹ ਰਹੀ ਹੈ। ਇਹ ਐਲਾਨ ਕਮਲਨਾਥ  ਦੇ ਇਸ ਬਿਆਨ ਤੋਂ ਇਕ ਹਫਤੇ ਬਾਅਦ ਹੋਇਆ ਹੈ, ਜਦੋਂ ਉਨ੍ਹਾਂ ਨੇ ਕਿਹਾ ਸੀ ਕਿ ਜੇ  ਦਿੱਗਵਿਜੇ ਲੋਕ ਸਭਾ ਦੀ ਚੋਣ ਲੜਨਾ ਚਾਹੁੰਦੇ ਹਨ ਤਾਂ ਉਹ ਸੂਬੇ 'ਚ ਕੋਈ ਮੁਸ਼ਕਿਲ ਸੀਟ ਲੱਭ ਲੈਣ। 
ਸਾਬਕਾ ਮੁੱਖ ਮੰਤਰੀ ਦਿੱਗਵਿਜੇ ਸਿੰਘ ਨੇ ਕਮਲਨਾਥ ਦੀ ਇਹ  ਚੁਣੌਤੀ ਅਗਲੇ ਹੀ ਦਿਨ ਕਬੂਲ ਕਰ ਲਈ। ਜ਼ਿਕਰਯੋਗ ਹੈ ਕਿ ਭੋਪਾਲ ਲੋਕ ਸਭਾ ਹਲਕੇ ਦੀ ਨੁਮਾਇੰਦਗੀ 1971 ਤੋਂ 1977 ਤਕ ਸ਼ੰਕਰ ਦਿਆਲ ਸ਼ਰਮਾ ਕਰ ਚੁੱਕੇ ਹਨ ਤੇ 1980 ਤੋਂ 84 ਤਕ ਇਹ ਸੀਟ ਭਾਜਪਾ ਕੋਲ ਰਹੀ ਹੈ। ਕਾਂਗਰਸ ਨੇ ਪਿਛਲੀ ਵਾਰ 1984 'ਚ ਇਹ ਸੀਟ ਜਿੱਤੀ ਸੀ। 
ਇਸੇ ਤਰ੍ਹਾਂ ਸਾਬਕਾ ਪ੍ਰਧਾਨ ਮੰਤਰੀ ਐੱਚ. ਡੀ. ਦੇਵੇਗੌੜਾ ਕਰਨਾਟਕ ਦੀ ਤੁਮਕੁਰ ਸੀਟ ਤੋਂ ਲੋਕ ਸਭਾ ਚੋਣ ਲੜਨਗੇ। ਫਿਲਹਾਲ ਇਹ ਸੀਟ ਕਾਂਗਰਸ ਦੇ ਸੰਸਦ ਮੈਂਬਰ ਐੱਸ. ਪੀ. ਮੁਦਾਹਨੁਮੇ  ਗੌੜਾ ਕੋਲ ਸੀ, ਜਿਨ੍ਹਾਂ ਨੇ ਆਪਣੀ ਸੀਟ ਛੱਡਣ ਦਾ ਐਲਾਨ ਕੀਤਾ ਹੈ। ਜਨਤਾ ਦਲ (ਐੱਸ) ਅਤੇ ਕਾਂਗਰਸ ਨੇ ਕਰਨਾਟਕ 'ਚ ਗੱਠਜੋੜ ਦਾ ਐਲਾਨ ਕੀਤਾ ਹੈ, ਜਿਥੇ ਕਾਂਗਰਸ 28 'ਚੋਂ 20  ਅਤੇ ਜਨਤਾ ਦਲ (ਐੱਸ) ਤੁਮਕੁਰ ਸਮੇਤ 8 ਸੀਟਾਂ 'ਤੇ ਚੋਣਾਂ ਲੜੇਗੀ। 
ਕਾਂਗਰਸੀ ਸੂਤਰਾਂ ਮੁਤਾਬਿਕ ਸ਼ਤਰੂਘਨ ਸਿਨ੍ਹਾ ਕਾਂਗਰਸ 'ਚ ਸ਼ਾਮਿਲ ਹੋ ਕੇ ਪਟਨਾ ਸਾਹਿਬ ਤੋਂ ਲੋਕ ਸਭਾ ਚੋਣ ਲੜਨਗੇ। 
ਬੰਗਾਲ 'ਚ ਪਕੜ ਗੁਆ ਰਿਹੈ ਖੱਬੇਪੱਖੀ ਫਰੰਟ 
ਪੱਛਮੀ  ਬੰਗਾਲ 'ਚ 40 ਸਾਲ ਰਾਜ ਕਰਨ ਵਾਲੇ ਖੱਬੇਪੱਖੀ ਫਰੰਟ ਦੀ ਸਥਿਤੀ ਇਸ ਸਮੇਂ ਤਰਸਯੋਗ ਬਣ  ਚੁੱਕੀ ਹੈ ਤੇ ਅਜਿਹਾ ਲੱਗਦਾ ਹੈ ਕਿ ਖੱਬੇਪੱਖੀ ਲੋਕ ਸਭਾ ਚੋਣਾਂ 'ਚ ਇਕ ਵੀ ਸੀਟ ਨਹੀਂ  ਜਿੱਤ ਸਕਣਗੇ। ਹਾਲਾਂਕਿ ਪੋਲਿਟ ਬਿਊਰੋ ਦੇ ਮੈਂਬਰ ਹੱਨਾਨ ਮੋਲਾਹ ਨੂੰ ਭਰੋਸਾ ਹੈ ਕਿ ਇਸ ਵਾਰ ਉਹ ਜ਼ਿਆਦਾ ਸੀਟਾਂ ਜਿੱਤਣਗੇ। ਹਾਲਾਂਕਿ ਕਾਂਗਰਸ ਤੇ ਖੱਬੇਪੱਖੀ ਮੋਰਚੇ ਨੇ ਇਥੇ ਗੱਠਜੋੜ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਗੱਲ ਨਹੀਂ ਬਣ ਸਕੀ। 
ਕਿਸੇ ਸਮੇਂ  ਖੱਬੇਪੱਖੀਆਂ ਦੀ ਘੱਟਗਿਣਤੀਆਂ 'ਚ ਕਾਫੀ ਪੈਠ ਸੀ ਪਰ ਹੁਣ ਘੱਟਗਿਣਤੀ ਭਾਈਚਾਰੇ ਤ੍ਰਿਣਮੂਲ ਕਾਂਗਰਸ ਵੱਲ ਹੋ ਗਏ ਹਨ, ਇਸ ਲਈ ਇਸ ਵਾਰ ਖੱਬੇਪੱਖੀਆਂ ਵਾਸਤੇ ਰਾਜਗੰਜ ਅਤੇ  ਮੁਰਸ਼ਿਦਾਬਾਦ ਸੀਟਾਂ ਨੂੰ ਜਿੱਤਣਾ ਕਾਫੀ ਮੁਸ਼ਕਿਲ ਹੋਵੇਗਾ, ਜੋ ਕਿ ਉਨ੍ਹਾਂ ਨੇ ਪਿਛਲੀਆਂ  ਚੋਣਾਂ 'ਚ ਜਿੱਤੀਆਂ ਸਨ। 
ਜ਼ਿਕਰਯੋਗ ਹੈ ਕਿ 1980 'ਚ ਖੱਬੇਪੱਖੀਆਂ ਨੇ 42 'ਚੋਂ 38 ਸੀਟਾਂ ਜਿੱਤੀਆਂ ਸਨ ਤੇ ਇਹ ਸਿਲਸਿਲਾ 1998 ਤਕ ਜਾਰੀ ਰਿਹਾ। ਫਿਰ 2009 'ਚ ਸਿੰਗੂਰ ਅਤੇ ਨੰਦੀਗ੍ਰਾਮ ਅੰਦੋਲਨ ਤੋਂ ਬਾਅਦ ਪੱਛਮੀ ਬੰਗਾਲ ਤੋਂ ਖੱਬੇਪੱਖੀ ਮੋਰਚੇ ਨੇ ਆਪਣੀ ਪਕੜ ਗੁਆ ਲਈ ਤੇ ਉਸ ਨੂੰ ਸਿਰਫ 15 ਲੋਕ ਸਭਾ ਸੀਟਾਂ ਮਿਲੀਆਂ ਤੇ 2011 'ਚ ਪੱਛਮੀ ਬੰਗਾਲ ਦੀ ਸੱਤਾ ਤੋਂ ਖੱਬੇਪੱਖੀ ਬਾਹਰ ਹੋ ਗਏ।     -ਰਾਹਿਲ ਨੋਰਾ ਚੋਪੜਾ
nora_chopra@yahoo.com

Bharat Thapa

This news is Content Editor Bharat Thapa